ਨੇ ਪਾਈ ਤਾਅ (ਏਜੰਸੀਆਂ) : ਮਿਆਂਮਾਰ 'ਚ ਤਖ਼ਤਾਪਲਟ ਖ਼ਿਲਾਫ਼ ਵਿਰੋਧ-ਮੁਜ਼ਾਹਰਿਆਂ ਦਾ ਦੌਰ ਰੁਕਦਾ ਨਹੀਂ ਦਿਖਾਈ ਦੇ ਰਿਹਾ। ਵੀਰਵਾਰ ਨੂੰ ਦੇਸ਼ ਦੇ ਉੱਤਰ-ਪੱਛਮੀ 'ਚ ਸਥਿਤ ਇਕ ਸ਼ਹਿਰ 'ਚ ਸੁਰੱਖਿਆ ਬਲਾਂ ਤੇ ਮੁਜ਼ਾਹਰਾਕਾਰੀਆਂ ਵਿਚਕਾਰ ਝੜਪ ਹੋ ਗਈ। ਅੰਦੋਲਨਕਾਰੀਆਂ ਨੂੰ ਤਿਤਰ-ਬਿਤਰ ਕਰਨ ਲਈ ਫ਼ੌਜ ਨੇ ਫਾਇਰਿੰਗ ਕੀਤੀ ਤਾਂ ਮੁਜ਼ਾਹਰਾਕਾਰੀ ਨੌਜਵਾਨਾਂ ਨੇ ਦੇਸੀ ਕੱਟੇ ਤੇ ਬੰਬਾਂ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਫ਼ੌਜੀ ਕਾਰਵਾਈ 'ਚ 11 ਮੁਜ਼ਾਹਰਾਕਾਰੀਆਂ ਦੀ ਮੌਤ ਹੋਈ ਹੈ। ਓਧਰ, ਅੰਦੋਲਨ 'ਚ ਜਾਨ ਗਵਾਉਣ ਵਾਲਿਆਂ ਦੀ ਯਾਦ 'ਚ ਯੰਗੂਨ ਮੁਜ਼ਾਹਰਾਕਾਰੀਆਂ ਨੇ ਸੜਕ 'ਤੇ ਬੂਟਾਂ 'ਚ ਫੁੱਲ ਰੱਖ ਕੇ ਮੁਜ਼ਾਹਰਾ ਕੀਤਾ।

ਤਾਜੇ 'ਚ ਜਦੋਂ ਵੀਰਵਾਰ ਸਵੇਰੇ ਮੁਜ਼ਾਹਰਾ ਸ਼ੁਰੂ ਹੋਇਆ ਤਾਂ ਛੇ ਟਰੱਕ ਸੁਰੱਖਿਆ ਬਲ ਮੌਕੇ 'ਤੇ ਭੇਜੇ ਗਏ ਸਨ। ਹਾਲਾਂਕਿ ਜਿਵੇਂ ਹੀ ਸੁਰੱਖਿਆ ਬਲਾਂ ਨੇ ਬਲ ਦੀ ਵਰਤੋਂ ਕੀਤੀ ਤਾਂ ਅੰਦੋਲਨਕਾਰੀਆਂ ਨੇ ਦੇਸੀ ਕੱਟੇ ਤੇ ਬੰਬ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਸੁਰੱਖਿਆ ਬਲਾਂ ਨੂੰ ਕਮਜ਼ੋਰ ਪੈਂਦਾ ਦੇਖ ਪੰਜ ਟਰੱਕ ਸੁਰੱਖਿਆ ਬਲ ਦੇ ਮੌਕੇ 'ਤੇ ਭੇਜੇ ਗਏ। ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਫਾਇਰਿੰਗ 'ਚ 11 ਮੁਜ਼ਾਹਰਾਕਾਰੀਆਂ ਦੀ ਜਿੱਥੇ ਮੌਤ ਹੋਈ ਹੈ ਉੱਥੇ ਹੀ 20 ਲੋਕ ਜ਼ਖ਼ਮੀ ਹੋਏ ਹਨ। ਸੁਰੱਖਿਆ ਬਲਾਂ ਨੂੰ ਸੱਟ ਲੱਗਣ ਦੀ ਕੋਈ ਸੂਚਨਾ ਨਹੀਂ ਹੈ। ਇਕ ਫਰਵਰੀ ਨੂੰ ਹੋਏ ਤਖ਼ਤਾਪਲਟ ਤੋਂ ਬਾਅਦ ਹੁਣ ਤਕ ਸੁਰੱਖਿਆ ਬਲਾਂ ਦੀ ਕਾਰਵਾਈ 600 ਤੋਂ ਵੱਧ ਲੋਕ ਮਾਰੇ ਗਏ ਹਨ। ਅਸਿਸਟੈਂਟ ਐਸੋਸੀਏਸ਼ਨ ਫਾਰ ਪਾਲਿਟੀਕਲ ਪਿ੍ਰਜ਼ਨਰਸ (ਏਏਪੀਪੀ) ਮੁਤਾਬਕ ਬੁੱਧਵਾਰ ਸ਼ਾਮ ਤਕ ਸੁਰੱਖਿਆ ਬਲਾਂ ਦੀ ਕਾਰਵਾਈ 'ਚ 598 ਲੋਕਾਂ ਦੀ ਮੌਤ ਹੋ ਚੁੱਕੀ ਸੀ।

ਹਟਾਏ ਗਏ ਰਾਜਦੂਤ ਨੇ ਕਿਹਾ, ਫ਼ੌਜ ਦੇ ਵਿਅਕਤੀ ਨੂੰ ਮਾਨਤਾ ਨਾ ਦੇਵੇ ਬਰਤਾਨੀਆ

ਬਰਤਾਨੀਆ 'ਚ ਮਿਆਂਮਾਰ ਦੇ ਹਟਾਏ ਗਏ ਰਾਜਦੂਤ ਕਿਆ ਜਵਾਰ ਮਿਨ ਨੇ ਵੀਰਵਾਰ ਨੂੰ ਬਰਤਾਨਵੀ ਸਰਕਾਰ ਨੂੰ ਫ਼ੌਜ ਵੱਲੋਂ ਭੇਜੇ ਗਏ ਰਾਜਦੂਤ ਨੂੰ ਮਾਨਤਾ ਨਾ ਦੇਣ ਦੀ ਅਪੀਲ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਅੰਬੈਸੀ ਦਾ ਕੰਮਕਾਜ ਸੰਭਾਲਣ ਵਾਲੇ ਚਿਟ ਵਿਨ ਨੂੰ ਫ਼ੌਰੀ ਮਿਆਂਮਾਰ ਭੇਜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੀ ਇਸ ਅਪੀਲ ਦਾ ਬਰਤਾਨਵੀ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ, ਪਰ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੇ ਮਿਨ ਦੀ ਹਿੰਮਤ ਦੀ ਸ਼ਲਾਘਾ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਮਿਆਂਮਾਰ 'ਚ ਲੋਕਤੰਤਰ ਬਹਾਲੀ ਦੀ ਮੰਗ ਫਿਰ ਦੁਹਰਾਈ ਹੈ। ਜ਼ਿਕਰਯੋਗ ਹੈ ਕਿ ਮਿਨ ਨੂੰ ਹਟਾਏ ਜਾਣ ਤੋਂ ਬਾਅਦ ਪੱਤਰ ਰਾਹੀਂ ਮਿਆਂਮਾਰ ਦੇ ਉਪ ਰਾਜਦੂਤ ਚਿਟ ਵਿਨ ਨੂੰ ਅੰਬੈਸੀ ਦਾ ਚਾਰਜ ਦੇਣ ਦੀ ਜਾਣਕਾਰੀ ਵਿਦੇਸ਼ ਮੰਤਰਾਲੇ ਨੂੰ ਦਿੱਤੀ ਸੀ।

ਰਾਜਦੂਤ ਨੇ ਕਿਹਾ, ਅੰਬਾਸੀ 'ਚ ਦਾਖ਼ਲ ਨਹੀਂ ਹੋਣ ਦਿੱਤਾ

ਬਰਤਾਨੀਆ 'ਚ ਮਿਆਂਮਾਰ ਦੇ ਹਟਾਏ ਗਏ ਰਾਜਦੂਤ ਕਿਆ ਜਵਾਰ ਮਿਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਸਹਿਕਰਮੀਆਂ ਨੇ ਉਨ੍ਹਾਂ ਨੂੰ ਲੰਡਨ ਸਥਿਤ ਦਫ਼ਤਰ 'ਚ ਦਾਖ਼ਲ ਨਹੀਂ ਹੋਣ ਦਿੱਤਾ। ਮਿਨ ਨੇ ਕਿਹਾ ਕਿ ਮਿਆਂਮਾਰ ਦੇ ਫ਼ੌਜੀ ਸ਼ਾਸਨ ਦੇ ਵਫ਼ਾਦਾਰ ਸਫ਼ਾਰਤਕਾਰਾਂ ਨੇ ਬੁੱਧਵਾਰ ਸ਼ਾਮ ਉਨ੍ਹਾਂ ਨੂੰ ਅੰਬੈਸੀ 'ਚ ਦਾਖ਼ਲ ਹੋਣ ਤੋਂ ਰੋਕ ਦਿੱਤਾ। ਰਾਜਦੂਤ ਨੇ ਪਿਛਲੇ ਮਹੀਨੇ ਮਿਆਂਮਾਰ ਦੀ ਲੋਕਤੰਤਰ ਸਮਰਥਕ ਨੇਤਾ ਆਂਗ ਸਾਨ ਸੂ ਕੀ ਦੀ ਰਿਹਾਈ ਦੀ ਅਪੀਲ ਕੀਤੀ ਸੀ।