ਜੇਐੱਨਐੱਨ, ਗ੍ਰੇਟਰ ਨੋਇਡਾ : ਨੋਟਬੰਦੀ ਦੇ ਤਿੰਨ ਸਾਲ ਬਾਅਦ ਵੀ ਪੁਰਾਣੀ ਕਰੰਸੀ ਨੂੰ ਬਦਲਣ ਦੀ ਖੇਡ ਜਾਰੀ ਹੈ। ਉੱਤਰ ਪ੍ਰਦੇਸ਼ 'ਚ ਪੁਰਾਣੇ ਨੋਟ ਬਦਲਣ ਦੇ ਕੰਮ 'ਚ ਸ਼ਾਮਲ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤਿੰਨ ਮੁਲਜ਼ਮ ਹਾਲੇ ਫਰਾਰ ਹਨ, ਜਿਸ 'ਚ ਇਕ ਸਿਪਾਹੀ ਵੀ ਹੈ। ਮੁਲਜ਼ਮਾਂ ਕੋਲੋਂ ਪੁਲਿਸ ਨੇ ਚਾਰ ਲੱਖ 55 ਹਜ਼ਾਰ ਰੁਪਏ ਦੀ ਪੁਰਾਣੀ ਕਰੰਸੀ (ਬੰਦ ਹੋ ਚੁੱਕੀ) ਬਰਾਮਦ ਕੀਤੀ ਹੈ। ਨੋਟ 100 ਤੇ 500 ਦੇ ਹਨ। ਨਾਲ ਹੀ ਪੁਲਿਸ ਨੇ ਮੁਲਜ਼ਮਾਂ ਕੋਲੋਂ ਦੋ ਕਾਰਾਂ ਵੀ ਬਰਾਮਦ ਕੀਤੀਆਂ ਹਨ।

ਗੌਤਮ ਬੁੱਧ ਨਗਰ ਦੇ ਗ੍ਰੇਟਰ ਨੋਇਡਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪੁਰਾਣੀ ਕਰੰਸੀ ਨੂੰ ਬਦਲਣ ਦਾ ਕੰਮ ਜ਼ਿਲ੍ਹੇ 'ਚ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਪੁਲਿਸ ਸਰਗਰਮ ਹੋ ਗਈ। ਪੁਲਿਸ ਨੇ ਸੰਜੇ, ਸਚਿਨ, ਸੋਨੂੰ, ਜਨਕਰਾਜ, ਰਵਿੰਦਰ, ਮਨੀਸ਼ ਦੀਪਕ, ਦੇਵੇਂਦਰ, ਵਿਵੇਕ, ਮਨੋਜ ਤੇ ਰਮੇਸ਼ ਨੂੰ ਗਿ੍ਫ਼ਤਾਰ ਕੀਤਾ ਹੈ। ਗਿ੍ਫ਼ਤਾਰ ਮੁਲਜ਼ਮਾਂ 'ਚੋਂ ਰਵਿੰਦਰ ਗ੍ਰੇਟਰ ਨੋਇਡਾ ਅਥਾਰਿਟੀ 'ਚ ਬਾਬੂ ਤਾਇਨਾਤ ਹੈ। ਸਚਿਨ ਬੈਂਸਲਾ ਬੀਟਾ ਦੋ ਕੋਤਵਾਲੀ ਗ੍ਰੇਟਰ ਨੋਇਡਾ 'ਚ ਸਿਪਾਹੀ ਤਾਇਨਾਤ ਹੈ। ਸਚਿਨ ਹਾਲੇ ਫਰਾਰ ਹੈ। ਪੈਸਾ ਬਦਲਣ ਦਾ ਕੰਮ ਕਰਨ ਵਾਲੇ ਮੁੱਖ ਮੁਲਜ਼ਮ ਦਿੱਲੀ ਵਾਸੀ ਬਿਜੇਂਦਰ ਸਿੰਘ ਉਰਫ ਛਾਂਗਾ ਤੇ ਸਰਕਾਰ ਹਾਲੇ ਫਰਾਰ ਹੈ। ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਪੁਰਾਣੇ ਨੋਟ ਇਕੱਠੇ ਕਰਨ ਦੇ ਬਦਲੇ 15 ਤੋਂ 20 ਫ਼ੀਸਦੀ ਤਕ ਕਮਿਸ਼ਨ ਮਿਲਦੀ ਸੀ। ਡੀਸੀਪੀ ਜ਼ੋਨ ਤਿੰਨ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪੈਸਾ ਬਦਲਣ ਦਾ ਮੁੱਖ ਕੰਮ ਫਰਾਰ ਮੁਲਜ਼ਮ ਵਿਜੇਂਦਰ ਤੇ ਸਰਕਾਰ ਕਰਦੇ ਹਨ। ਦੋਵੇਂ ਦੀ ਗਿ੍ਫ਼ਤਾਰੀ ਤੋਂ ਬਾਅਦ ਇਹ ਪਤਾ ਲੱਗੇਗਾ ਕਿ ਪੁਰਾਣੇ ਨੋਟ ਕਿਥੇ ਤੇ ਕਿਸ ਤਰ੍ਹਾਂ ਬਦਲਦੇ ਹਨ।