ਜਾਗਰਣ ਟੀਮ, ਨਵੀਂ ਦਿੱਲੀ : 72ਵੇਂ ਗਣਤੰਤਰ ਦਿਹਾੜੇ 'ਤੇ ਹੋਣ ਵਾਲੀ ਪਰੇਡ 'ਚ ਇਸ ਵਾਰੀ ਦੇਸ਼ ਦੀ ਧਰਮ ਸੰਸਕ੍ਰਿਤੀ ਦੀ ਝਲਕ ਦਿਖਾਈ ਦੇਵੇਗੀ। ਝਾਕੀ 'ਚ ਅਯੁੱਧਿਆ ਦਾ ਸ਼੍ਰੀ ਰਾਮ ਜਨਮਭੂਮੀ ਮੰਦਰ, ਉੱਤਰਾਖੰਡ ਦਾ ਕੇਦਾਰਨਾਥ ਮੰਦਰ, ਦਿੱਲੀ ਦਾ ਗੌਰੀਸ਼ੰਕਰ ਮੰਦਰ, ਸੀਸਗੰਜ ਗੁਰਦੁਆਰਾ, ਬੈਪਿਸਟ ਸੈਂਟਰਲ ਚਰਜ ਤੇ ਦਿਗੰਬਰ ਲਾਲ ਜੈਨ ਮੰਦਰ ਦੇ ਜ਼ਰੀਏ ਗੰਗਾ-ਜਮੁਨੀ ਤਹਿਜ਼ੀਬ ਪੇਸ਼ ਕੀਤੀ ਜਾਵੇਗੀ। ਗੁਜਰਾਤ ਦੇ ਮੋਢੇਰਾ ਦਾ ਸੂਰਜ ਮੰਦਰ, ਪੰਜਾਬ ਦੀ ਝਾਕੀ 'ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਪ੍ਰਦਰਸ਼ਿਤ ਕੀਤਾ ਜਾਵੇਗਾ। ਦੱਖਣੀ ਭਾਰਤ ਤੋਂ ਤਾਮਿਲਨਾਡੂ ਦਾ ਸ਼ੋਰ ਮੰਦਰ ਵੀ ਝਾਕੀ 'ਚ ਦਿਖਾਈ ਦੇਵੇਗਾ।

18 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਪਰੇਡ 'ਚ ਆਪਣੇ ਸੂਬੇ ਦੀ ਨੁਮਾਇੰਦਗੀ ਕਰਨ ਵਾਲੀਆਂ ਝਾਕੀਆਂ ਦਾ ਪ੍ਰਦਰਸ਼ਨ ਕੀਤਾ। ਇੱਥੇ ਤਿਆਰੀਆਂ 'ਚ ਲੱਗੇ ਉੱਤਰ ਪ੍ਰਦੇਸ਼ ਸਰਕਾਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਯੁੱਧਿਆ ਸਾਡੇ ਲਈ ਪਵਿੱਤਰ ਸ਼ਹਿਰ ਹੈ ਤੇ ਰਾਮ ਮੰਦਰ ਹਰ ਆਸਥਾਵਾਨ ਲਈ ਸ਼ਰਧਾ ਦਾ ਵਿਸ਼ਾ ਹੈ। ਇਸ ਪੁਰਾਤਨ ਸ਼ਹਿਰ ਦੀ ਪ੍ਰਰਾਚੀਨ ਵਿਰਾਸਤ ਦੀ ਝਾਕੀ ਦਾ ਪ੍ਰਦਰਸ਼ਨ ਹੋਵੇਗਾ। ਗਿਨੀਜ਼ ਬੁੱਕ ਆਫ ਰਿਕਾਰਡ 'ਚ ਦਰਜ ਅਯੁੱਧਿਆ ਦੇ ਦੀਪ ਉਤਸਵ ਨੂੰ ਵੀ ਰਾਜਪਥ 'ਤੇ ਦਿਖਾਇਆ ਜਾਵੇਗਾ। ਝਾਕੀ ਦੇ ਪਹਿਲੇ ਹਿੱਸੇ 'ਚ ਜਿੱਥੇ ਮਹਾਰਿਸ਼ੀ ਵਾਲਮੀਕਿ ਨੂੰ ਰਾਮਾਇਣ ਦੀ ਰਚਨਾ ਕਰਦੇ ਹੋਏ ਪ੍ਰਦਰਸ਼ਿਤ ਕੀਤਾ ਜਾਵੇਗਾ, ਉੱਥੇ ਹੇਠਲੇ ਹਿੱਸੇ 'ਚ ਭਗਵਾਨ ਰਾਮ ਦਾ ਨਿਸ਼ਾਦਰਾਜ ਨੂੰ ਗਲੇ ਲਾਉਣਾ, ਸ਼ਬਰੀ ਦੇ ਬੇਰ ਖਾਣਾ, ਸੰਜੀਵਨੀ ਬੂਟੀ ਲਿਆਉਣ ਆਦਿ ਦਿਖਾਇਆ ਗਿਆ ਹੈ। ਦਿੱਲੀ ਦੀ ਝਾਕੀ ਦੇ ਪਹਿਲੇ ਹਿੱਸੇ 'ਚ ਲਾਲ ਕਿਲ੍ਹੇ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਜਾਇਕਿਆਂ ਲਈ ਮਸ਼ਹੂਰ ਚਾਂਦਨੀ ਚੌਕ ਨੂੰ ਗੋਲਗੱਪੇ ਜ਼ਰੀਏ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।