ਜ਼ਿੰਦਗੀ ਵਿਚ ਸਾਡਾ ਸਾਹਮਣਾ ਅਜਿਹੇ ਹਜ਼ਾਰਾਂ ਲੋਕਾਂ ਨਾਲ ਹੁੰਦਾ ਹੈ ਜੋ ਕਿ ਕਿਸੇ ਨਾ ਕਿਸੇ ਗੱਲ ਨੂੰ ਆਧਾਰ ਬਣਾ ਕੇ ਸਾਡੀ ਆਲੋਚਨਾ ਕਰਦੇ ਹਨ। ਸਾਫ਼ ਜਿਹੀ ਗੱਲ ਹੈ ਕਿ ਆਪਣੀ ਆਲੋਚਨਾ ਸੁਣਨੀ ਕਿਸੇ ਵੀ ਇਨਸਾਨ ਨੂੰ ਪਸੰਦ ਨਹੀਂ ਹੁੰਦੀ ਅਤੇ ਆਲੋਚਨਾ ਹੋਣ 'ਤੇ ਬਹੁਗਿਣਤੀ ਲੋਕਾਂ ਨੂੰ ਗੁੱਸਾ ਆਉਂਦਾ ਹੈ ਅਤੇ ਉਨ੍ਹਾਂ ਦਾ ਮਨ ਦੁਖੀ ਹੁੰਦਾ ਹੈ। ਅਜਿਹੀ ਸਥਿਤੀ ਵਿਚ ਇਨਸਾਨ ਇਹ ਗੱਲ ਮਹਿਸੂਸ ਕਰਦਾ ਹੈ ਕਿ ਬਿਨਾਂ ਕਿਸੇ ਖ਼ਾਸ ਅਧਿਕਾਰ ਤੋਂ ਇਹ ਇਨਸਾਨ ਉਸ ਦੀ ਸ਼ਖ਼ਸੀਅਤ ਬਾਰੇ ਵਿਚਾਰ ਪੇਸ਼ ਕਰ ਕੇ ਉਸ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਆਲੋਚਨਾ ਦਾ ਅਸਰ ਇਨਸਾਨ ਦੀ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਵੀ ਪੈਂਦਾ ਹੈ। ਇਹ ਅਟੱਲ ਸੱਚਾਈ ਹੈ ਕਿ ਆਲੋਚਨਾ ਸੁਣਨ ਵਾਲਾ ਵਿਅਕਤੀ ਕਿਸੇ ਕਾਰਨ ਭਾਵੇਂ ਆਲੋਚਨਾ ਕਰਨ ਵਾਲੇ ਦੇ ਸਾਹਮਣੇ ਕੁਝ ਨਹੀਂ ਕਹਿੰਦਾ ਪਰ ਅੰਦਰੋ ਅੰਦਰੀ ਇਨਸਾਨ ਦਾ ਮਨ ਬੁਰੀ ਤਰ੍ਹਾਂ ਸੜਦਾ ਹੈ।

ਜ਼ਿਆਦਾਤਰ ਇਨਸਾਨਾਂ ਦੀ ਆਦਤ ਹੁੰਦੀ ਹੈ ਕਿ ਉਹ ਆਲੋਚਨਾ ਕਰਨ ਵਾਲੇ ਇਨਸਾਨ ਬਾਰੇ ਬੁਰਾ ਚੰਗਾ ਬੋਲ ਕੇ ਆਪਣੇ ਮਨ ਦੀ ਭੜਾਸ ਕੱਢ ਲੈਂਦੇ ਹਨ ਅਤੇ ਇਸ ਪ੍ਰਕਾਰ ਕਰਨ ਨਾਲ ਉਨ੍ਹਾਂ ਨੂੰ ਸੰਤੁਸ਼ਟੀ ਮਿਲਦੀ ਹੈ। ਆਲੋਚਨਾ ਕਰਨ ਦਾ ਮਕਸਦ ਹਰ ਵੇਲੇ ਨਕਾਰਾਤਮਕ ਨਹੀਂ ਹੁੰਦਾ ਕਈ ਵਾਰ ਗ਼ਲਤੀ ਵਿਚ ਸੁਧਾਰ ਕਰਨ ਲਈ ਵੀ ਆਲੋਚਨਾ ਕੀਤੀ ਜਾਂਦੀ ਹੈ।

ਇਹ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣੀ ਆਲੋਚਨਾ ਨੂੰ ਕਿਸ ਪ੍ਰਕਾਰ ਲੈਂਦੇ ਹਾਂ। ਮਹਾਤਮਾ ਗਾਂਧੀ ਜੀ ਨੇ ਕਿਹਾ ਸੀ ਕਿ ਆਲੋਚਨਾ ਕਰਨ ਨਾਲੋਂ ਵੱਧ ਮਹੱਤਵਪੂਰਣ ਹੈ, ਆਪਣੀ ਆਲੋਚਨਾ ਸੁਣ ਕੇ ਆਤਮ ਸੁਧਾਰ ਕਰਨਾ। ਹਰ ਇਨਸਾਨ ਇਕ ਵੱਖਰੀ ਸ਼ਖ਼ਸੀਅਤ ਦਾ ਮਾਲਿਕ ਹੁੰਦਾ ਹੈ ਇਸ ਲਈ ਇਹ ਇਨਸਾਨ ਉੱਤੇ ਨਿਰਭਰ ਕਰਦਾ ਹੈ ਕਿ ਉਹ ਆਪਣੀ ਆਲੋਚਨਾ ਨੂੰ ਨਕਾਰਾਤਮਕ ਲੈਂਦਾ ਹੈ ਜਾਂ ਫਿਰ ਸਕਾਰਾਤਮਕ। ਆਪਣੀ ਆਲੋਚਨਾ ਸੁਣਨ ਤੋਂ ਬਾਅਦ ਇਨਸਾਨ ਕਿਸ ਪ੍ਰਕਾਰ ਦੀ ਪ੍ਰਤੀਕਿਰਿਆ ਦਿੰਦਾ ਹੈ? ਜ਼ਿਆਦਾਤਰ ਆਲੋਚਨਾ ਨੂੰ ਨਕਾਰਾਤਮਕ ਤੌਰ 'ਤੇ ਦੇਖਿਆ ਜਾਂਦਾ ਹੈ ਕਿਉਂਕਿ ਆਲੋਚਨਾ ਦਾ ਕਾਰਨ ਕਮੀ, ਗ਼ਲਤੀ ਜਾਂ ਲਾਪਰਵਾਹੀ ਹੁੰਦਾ ਹੈ ਪ੍ਰੰਤੂ ਜੇ ਕਿਸੇ ਕਮੀ ਜਾਂ ਗ਼ਲਤੀ ਹੋਣ ਤੇ ਇਨਸਾਨ ਨੂੰ ਦੱਸਿਆ ਹੀ ਨਹੀਂ ਜਾਏਗਾ ਤਾਂ ਉਸ ਗ਼ਲਤੀ ਵਿਚ ਸੁਧਾਰ ਕਿਵੇਂ ਸੰਭਵ ਹੋ ਸਕੇਗਾ? ਕਹਿਣ ਦਾ ਭਾਵ ਇਹ ਹੈ ਕਿ ਕੀਤੀ ਗਈ ਹਰ ਆਲੋਚਨਾ ਉਸ ਗ਼ਲਤੀ ਦੇ ਸੁਧਾਰ ਦਾ ਹਿੱਸਾ ਹੀ ਹੁੰਦੀ ਹੈ। ਫਾਈਨ ਆਰਟਸ ਨੂੰ ਹਮੇਸ਼ਾ ਹੀ ਆਲੋਚਕਾਂ ਦੀ ਜ਼ਰੂਰਤ ਪੈਂਦੀ ਹੈ ਕਿਉਂ ਜੋ ਦਰਸ਼ਕ ਸਮਝ ਸਕਣ ਕਿ ਕਿਸ ਕਲਾਕ੍ਰਿਤੀ ਵਿਚ ਕੀ ਕੀ ਹੋ ਸਕਦਾ ਸੀ ਅਤੇ ਕਿੱਥੇ-ਕਿੱਥੇ ਕਮੀ ਰਹਿ ਗਈ ਹੈ ਜੇ ਆਲੋਚਨਾ ਕਰਨ ਵਾਲਾ ਇਹ ਗੱਲ ਸਮਝ ਲਵੇ ਕਿ ਮੈਂ ਇਹ ਆਲੋਚਨਾ ਇਸ ਨੂੰ ਨੀਵਾਂ ਦਿਖਾਉਣ ਲਈ ਨਹੀਂ ਬਲਕਿ ਇਸਦੀ ਗ਼ਲਤੀ ਵਿਚ ਸੁਧਾਰ ਕਰਨ ਲਈ ਕਰਨੀ ਹੈ ਤਾਂ ਕਾਫ਼ੀ ਹੱਦ ਤਕ ਮੁਸ਼ਕਿਲਾਂ ਦਾ ਹੱਲ ਹੋ ਸਕਦਾ ਹੈ।

ਆਲੋਚਨਾ ਕਰਦੇ ਸਮੇਂ ਨਾਲੋ ਨਾਲ ਸੁਝਾਅ ਦੇਣਾ ਅਤਿਅੰਤ ਜ਼ਰੂਰੀ ਹੈ। ਇਕ ਖ਼ਾਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਨਸਾਨ ਦੁਆਰਾ ਕੀਤੀ ਗਈ ਗ਼ਲਤੀ ਦੀ ਆਲੋਚਨਾ ਕਰੋ ਨਾ ਕਿ ਉਸ ਇਨਸਾਨ ਦੀ, ਜੇ ਅਸੀਂ ਕਿਸੇ ਇਨਸਾਨ ਦੀ ਨਿੱਜੀ ਆਲੋਚਨਾ ਕਰਦੇ ਹਾਂ ਤਾਂ ਉਸ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਕਿਸੇ ਵੀ ਇਨਸਾਨ ਦੇ ਕੰਮ ਦੀ ਆਲੋਚਨਾ ਕਰਨ ਦਾ ਮੁੱਖ ਮਕਸਦ ਉਸ ਦੀ ਮਦਦ ਕਰਨਾ ਹੋਣਾ ਚਾਹੀਦਾ ਹੈ। ਇਕ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਗ਼ਲਤ ਕੰਮ ਦੀ ਆਲੋਚਨਾ ਕਰ ਕੇ ਉਨ੍ਹਾਂ ਵਿਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਦਾ ਹੈ।

ਆਲੋਚਨਾ ਕਰਨ ਵੇਲੇ ਆਪਣੇ ਸ਼ਬਦਾਂ ਦਾ ਅਤੇ ਆਪਣੇ ਦਾਇਰੇ ਦਾ ਖ਼ਾਸ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ। ਆਲੋਚਨਾ ਕਰਨਾ ਇਕ ਬਿਮਾਰ ਮਰੀਜ਼ ਨੂੰ ਦਵਾਈ ਦੇਣ ਦੇ ਬਰਾਬਰ ਹੈ। ਲੋੜ ਤੋਂ ਜ਼ਿਆਦਾ ਦਵਾਈ ਦੇਣ ਤੇ ਨੁਕਸਾਨ ਹੋਵੇਗਾ ਅਤੇ ਘੱਟ ਮਾਤਰਾ ਵਿਚ ਦਵਾਈ ਦੇਣ ਦਾ ਕੋਈ ਲਾਭ ਨਹੀਂ ਹੋਵੇਗਾ ਇਸ ਲਈ ਸਹੀ ਮਾਤਰਾ ਵਿਚ ਕੀਤੀ ਗਈ ਸਕਾਰਾਤਮਕ ਆਲੋਚਨਾ ਭਵਿੱਖ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ। ਇਨਸਾਨ ਨੂੰ ਹਰ ਹਾਲ ਵਿਚ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਆਲੋਚਨਾ ਹੋਣ 'ਤੇ ਕਿਸੇ ਵੀ ਹਾਲਤ ਵਿਚ ਬਿਲਕੁਲ ਘਬਰਾਉਣਾ ਨਹੀਂ ਹੈ, ਨਾ ਹੀ ਆਪਣੇ ਉਦੇਸ਼ ਤੋਂ ਪਿੱਛੇ ਹਟ ਜਾਣਾ ਹੈ ਸਗੋਂ ਆਲੋਚਨਾ ਤੋਂ ਬਾਅਦ ਕਹੀਆਂ ਗਈਆਂ ਗੱਲਾਂ ਨੂੰ ਆਪਣੇ ਲਈ ਇਕ ਮਿਸ਼ਨ ਲੈ ਕੇ ਆਪਣਾ ਨਜ਼ਰੀਆ ਹਾਂ ਪੱਖੀ ਰੱਖਦੇ ਹੋਏ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਉਦੇਸ਼ ਦੀ ਪ੍ਰਾਪਤੀ ਕੀਤੀ ਜਾ ਸਕੇ।

ਹੁਣ ਇਹ ਸਾਡੇ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਆਲੋਚਨਾ ਤੋਂ ਡਰ ਕੇ ਪਿੱਛੇ ਹਟ ਜਾਂਦੇ ਹਾਂ ਜਾਂ ਫਿਰ ਆਪਣੀ ਮੰਜ਼ਿਲ ਪ੍ਰਾਪਤ ਕਰਕੇ ਦਿਖਾਉਂਦੇ ਹਾਂ।

- ਪ੍ਰਿੰਸ ਅਰੋੜਾ

Posted By: Harjinder Sodhi