ਜੇਕਰ ਤੁਸੀਂ ਵਿਗਿਆਨ ਦੀ ਦੁਨੀਆ ਵਿਚ ਦਿਲਚਸਪੀ ਰੱਖਦੇ ਓ ਤਾਂ ਹਥਲੀ ਤਸਵੀਰ ਨੂੰ ਝੱਟ ਪਛਾਣ ਗਏ ਹੋਵੋਂਗੇ। ਇਹ ਬਹੁ ਚਰਚਿਤ ਤਸਵੀਰ ਸਾਡੀ ਗਲੈਕਸੀ ਆਕਾਸ਼ ਗੰਗਾ ਦੀ ਗੁਆਂਢੀ MessierHG (MHG) ਗਲੈਕਸੀ ਦੇ ਕੇਂਦਰ ਬਿੰਦੂ, ਅਤਿ-ਭਾਰੇ ਬਲੈਕ ਹੋਲ ਦੀ ਹੈ। ਇਹ ਕਿਸੇ ਵੀ ਬਲੈਕ ਹੋਲ ਦੀ ਖਿੱਚੀ ਗਈ ਪਹਿਲੀ ਤਸਵੀਰ ਹੈ ਜੋ ਕਿ 10 ਅਪ੍ਰੈਲ 2019 ਨੂੰ ਜਾਰੀ ਕੀਤੀ ਗਈ। ਇਹ ਤਸਵੀਰ ਕੀ ਹੈ ਅਤੇ ਏਨੀ ਖ਼ਾਸ ਕਿਉਂ ਹੈ ਦੇ ਬਾਰੇ ਜਾਣਨ ਤੋਂ ਪਹਿਲਾਂ ਬਲੈਕ ਹੋਲ ਬਾਰੇ ਮੁੱਢਲਾ ਗਿਆਨ ਹੋਣਾ ਜ਼ਰੂਰੀ ਹੈ। ਬਲੈਕ ਹੋਲ ਇਕ ਅਜਿਹੀ ਅਤਿ ਭਾਰੀ ਪੁਲਾੜੀ ਸ਼ੈਅ ਹੈ ਜਿਸਦਾ ਗੁਰੂਤਾ ਬਲ ਇੰਨਾ ਤਾਕਤਵਰ ਹੁੰਦਾ ਹੈ ਕਿ ਕੁਝ ਵੀ ਇਸ ਦੀ ਖਿੱਚ ਤੋਂ ਬਚ ਨਹੀਂ ਸਕਦਾ। ਏਥੋਂ ਤਕ ਕਿ ਇਸਦੇ ਅੰਦਰ ਗਈ ਰੋਸ਼ਨੀ ਵੀ ਬਾਹਰ ਨਹੀਂ ਆ ਸਕਦੀ। ਇਸੇ ਲਈ ਇਸਨੂੰ ਬਲੈਕ ਹੋਲ ਕਿਹਾ ਜਾਂਦਾ ਹੈ। ਪੰਜਾਬੀ ਵਿਚ ਇਸਦਾ ਕੋਈ ਨਾਂ ਨਹੀਂ ਮਿਲਦਾ ਪਰ ਮੇਰੇ ਹਿਸਾਬ ਨਾਲ ਅੰਨ੍ਹਾ ਛੇਕ ਕਿਹਾ ਜਾ ਸਕਦਾ ਹੈ।

ਬਲੈਕ ਹੋਲ ਕਿਵੇਂ ਬਣਦੇ ਹਨ?

ਬਲੈਕ ਹੋਲ ਮੂਲ ਰੂਪ ਵਿਚ ਇਕ ਮਰਿਆ ਹੋਇਆ ਤਾਰਾ ਹੁੰਦਾ ਹੈ। ਕੋਈ ਵੀ ਤਾਰਾ ਆਪਣੇ ਜੀਵਨ ਕਾਲ ਵਿਚ ਦੋ ਬਲਾਂ ਦੇ ਸੰਤੁਲਨ ਨਾਲ ਸਥਿਰ ਰਹਿੰਦਾ ਹੈ। ਗੁਰੂਤਾ ਬਲ ਤਾਰੇ ਨੂੰ ਅੰਦਰ ਕੇਂਦਰ ਵੱਲ ਖਿੱਚਦਾ ਹੈ ਅਤੇ ਪਰਮਾਣੂ ਕਿਰਿਆਵਾਂ ਕਰਕੇ ਪੈਦਾ ਹੋਇਆ ਤਾਪ, ਦਬਾਅ ਪੈਦਾ ਕਰ ਕੇ ਇਸ ਨੂੰ ਬਾਹਰ ਵੱਲ ਧੱਕਦਾ ਹੈ। ਪਰ ਜਿਵੇਂ-ਜਿਵੇਂ ਤਾਰੇ ਦੀ ਉਮਰ ਵਧਦੀ ਹੈ, ਉਸਦਾ ਬਾਲਣ ਖ਼ਤਮ ਹੋਣ ਲਗਦਾ ਹੈ ਅਤੇ ਤਾਰਾ ਠੰਢਾ ਹੋਣ ਲਗਦਾ ਹੈ। ਪੂਰਾ ਬਾਲਣ ਖ਼ਤਮ ਹੋਣ 'ਤੇ ਤਾਰਾ ਗੁਰੂਤਾ ਦੇ ਅਸਰ ਹੇਠ ਅੰਦਰ ਵੱਲ ਨੂੰ ਸੁੰਗੜਣ ਲਗਦਾ ਹੈ। ਇਸੇ ਸੁੰਗੜਣ ਦੀ ਪ੍ਰਕਿਰਿਆ ਵਿਚ ਇਕ ਵੱਡਾ ਧਮਾਕਾ ਹੁੰਦਾ ਹੈ ਜਿਸ ਨੂੰ ਸੁਪਰਨੋਵਾ ਕਿਹਾ ਜਾਂਦਾ ਹੈ। ਸੁਪਰਨੋਵਾ ਧਮਾਕੇ ਤੋਂ ਬਾਅਦ, ਜੇਕਰ ਬਚਿਆ ਹੋਇਆ ਪੁੰਜ 3-4 ਸੂਰਜੀ ਪੁੰਜਾਂ ਤੋਂ ਵੱਡਾ ਹੋਵੇ ਤਾਂ ਇਹ ਬਲੈਕ ਹੋਲ ਵਿਚ ਬਦਲ ਜਾਂਦਾ ਹੈ। ਇਹ ਬਲੈਕ ਹੋਲ ਲਗਪਗ ਹਰ ਗਲੈਕਸੀ ਦੇ ਕੇਂਦਰ ਵਿਚ ਸਥਿਤ ਹਨ।

ਬਲੈਕ ਹੋਲ ਕਿੱਦਾਂ ਕੰਮ ਕਰਦਾ ਹੈ ਇਹ ਜਾਣਨ ਲਈ ਸਾਨੂੰ ਅਲਬਰਟ ਆਈਨਸਟਾਈਨ ਦੀ ਮਦਦ ਲੈਣੀ ਪਏਗੀ। ਭਾਵੇਂ ਕਿ ਬਲੈਕ ਹੋਲ ਵਰਗੀਆਂ ਚੀਜ਼ਾਂ ਦਾ ਜ਼ਿਕਰ ਅਮਰੀਕੀ ਦਾਰਸ਼ਨਿਕ ਜੌਹਨ ਮਾਈਕਲ ਅਤੇ ਮਸ਼ਹੂਰ ਫਰਾਂਸੀਸੀ ਹਿਸਾਬਦਾਨ ਪੈਰੀ ਸਾਈਮਨ ਡੀ ਲੈਪਲੈਸ ਨੇ ਵੀ ਕੀਤਾ ਸੀ ਪਰ ਇਸਦਾ ਅਸਲ ਸਫ਼ਰ ਅਲਬਰਟ ਆਈਨਸਟਾਈਨ ਦੇ ਸਾਪੇਖਤਾ ਦੇ ਸਿਧਾਂਤ ਤੋਂ 1915 ਵਿਚ ਸ਼ੁਰੂ ਹੋਇਆ। ਆਈਨਸਟਾਈਨ ਨੇ ਤਿੰਨ ਇਕਾਈਆਂ (ਲੰਬਾਈ, ਚੌੜਾਈ ਅਤੇ ਡੂੰਘਾਈ) ਦੇ ਨਾਲ-ਨਾਲ ਸਮੇਂ ਨੂੰ ਵੀ ਇਕ ਇਕਾਈ ਦਾ ਦਰਜਾ ਦਿੱਤਾ ਅਤੇ ਸਪੇਸ-ਟਾਈਮ ਫੈਬਰਿਕ ਦਾ ਸਿਧਾਂਤ ਦਿੱਤਾ।

ਇਸ ਦੇ ਅਨੁਸਾਰ ਪੂਰੇ ਬ੍ਰਹਿਮੰਡ ਵਿਚ ਸਪੇਸ-ਟਾਈਮ ਫੈਬਰਿਕ ਫੈਲਿਆ ਹੋਇਆ ਹੈ ਅਤੇ ਸਾਰੇ ਪਦਾਰਥ (ਤਾਰੇ, ਗ੍ਰਹਿ, ਉਪਗ੍ਰਹਿ, ਬਲੈਕ ਹੋਲ, ਪ੍ਰਕਾਸ਼ ਆਦਿ) ਇਸ ਉੱਪਰ ਚਲਦੇ ਹਨ ਅਤੇ ਆਪਣੇ ਪੁੰਜ ਅਨੁਸਾਰ ਸਪੇਸ-ਟਾਈਮ ਫੈਬਰਿਕ ਨੂੰ ਝੁਕਾਉਂਦੇ ਹਨ। ਇਸੇ ਝੁਕਾਅ ਨੂੰ ਗੁਰੂਤਾ ਖਿੱਚ ਕਿਹਾ ਜਾਂਦਾ ਹੈ। ਇਸ ਨੂੰ ਸੌਖਿਆਂ ਸਮਝਣ ਲਈ ਸਪੇਸ-ਟਾਈਮ ਫੈਬਰਿਕ ਨੂੰ ਇਕ ਚਾਦਰ ਦੀ ਤਰ੍ਹਾਂ ਮੰਨਿਆ ਜਾ ਸਦਕਾ ਹੈ ਜੋ ਚਾਰੇ ਪਾਸੇ ਤੋਂ ਖਿੱਚ ਕੇ ਤਾਣੀ ਹੋਈ ਹੋਵੇ। ਹੁਣ ਜੇ ਇਸ ਚਾਦਰ 'ਤੇ ਕੁਝ ਵੀ ਰੱਖਿਆ ਜਾਵੇ ਤਾਂ ਉਹ ਆਪਣੇ ਭਾਰ ਮੁਤਾਬਕ ਚਾਦਰ ਵਿਚ ਇਕ ਡੂੰਘਾਣ ਪੈਦਾ ਕਰੇਗਾ। ਏਹੋ ਕੰਮ ਸਪੇਸ-ਟਾਈਮ ਫੈਬਰਿਕ ਤੇ ਸਭ ਤਾਰੇ ਆਦਿਕ ਕਰਦੇ ਹਨ। ਜਿੰਨਾ ਜ਼ਿਆਦਾ ਪੁੰਜ, ਓਨੀ ਜ਼ਿਆਦਾ ਡੂੰਘ। ਹੁਣ ਜਦੋਂ ਗੱਲ ਬਲੈਕ ਹੋਲ 'ਤੇ ਆਉਂਦੀ ਹੈ ਤਾਂ ਬਲੈਕ ਹੋਲ ਆਪਣੇ ਬਹੁਤ ਜ਼ਿਆਦਾ ਪੁੰਜ ਅਤੇ ਘਣਤਾ ਕਰਕੇ ਏਨਾ ਡੂੰਘਾ ਚਲਾ ਜਾਂਦਾ ਹੈ ਕਿ ਉੱਥੋਂ ਕਿਸੇ ਵੀ ਚੀਜ਼ ਦਾ ਵਾਪਸ ਨਿਕਲਣਾ ਅਸੰਭਵ ਹੋ ਜਾਂਦਾ ਹੈ।

ਅਸਲ ਵਿਚ ਸਪੇਸ-ਟਾਈਮ ਫੈਬਰਿਕ ਤੇ ਸਾਰੀਆਂ ਚੀਜ਼ਾਂ ਸਿੱਧੀ ਰੇਖਾ ਵਿਚ ਚੱਲਦੀਆਂ ਹਨ, ਪਰ ਜਦੋਂ ਤਕ ਸਪੇਸ-ਟਾਈਮ ਫੈਬਰਿਕ ਖ਼ੁਦ ਪੱਧਰਾ ਰਹੇ। ਜਿਓਂ ਹੀ ਫੈਬਰਿਕ ਵਿਚ ਕਿਸੇ ਭਾਰੀ ਵਸਤ ਕਰਕੇ ਡੂੰਘਾਈ ਆਉਂਦੀ ਹੈ, ਤਾਂ ਚੱਲਦੀ ਚੀਜ਼ ਨੂੰ ਆਪਣਾ ਰਾਸਤਾ ਬਦਲਣਾ ਪੈਂਦਾ ਹੈ। ਹੁਣ ਇਹ ਉਸ ਚੀਜ਼ ਦੀ ਗਤੀ, ਡੂੰਘਾਈ ਅਤੇ ਮੂਲ ਵਸਤ ਤੋਂ ਦੂਰੀ 'ਤੇ ਨਿਰਭਰ ਕਰੇਗਾ ਕਿ ਚੱਲਦੀ ਚੀਜ਼ ਰਸਤਾ ਬਦਲ ਕੇ ਅੱਗੇ ਜਾਏਗੀ, ਮੂਲ ਵਸਤ ਨਾਲ ਟਕਰਾ ਜਾਏਗੀ ਜਾਂ ਉਸਦੀ ਪਰਿਕਰਮਾ ਕਰਨ ਲੱਗੇਗੀ।

ਪ੍ਰਕਾਸ਼ ਵੀ ਪੱਧਰੇ ਫੈਬਰਿਕ ਵਿਚ ਸਿੱਧੀ ਰੇਖਾ ਵਿਚ ਚੱਲਦਾ ਹੈ ਪਰ ਜਦੋਂ ਇਹ ਕਿਸੇ ਜ਼ਿਆਦਾ ਪੁੰਜ ਵਾਲੇ ਪਦਾਰਥ ਕੋਲ ਦੀ ਲੰਘਦਾ ਹੈ ਤਾਂ ਇਹ ਵੀ ਹੋਰ ਚੀਜ਼ਾਂ ਵਾਂਗੂ ਮੁੜ ਜਾਂਦਾ ਹੈ। ਇਸੇ ਕਰਕੇ ਅਸੀਂ ਸੂਰਜ ਦੇ ਬਿਲਕੁਲ ਪਿੱਛੇ ਵਾਲੇ ਤਾਰੇ ਵੇਖ ਸਕਦੇ ਹਾਂ। ਇਸ ਤਰ੍ਹਾਂ ਜ਼ਿਆਦਾ ਪੁੰਜ ਵਾਲੇ ਤਾਰੇ ਲੈਂਜ਼ ਦੀ ਤਰ੍ਹਾਂ ਕੰਮ ਕਰਦੇ ਹਨ। ਇਸ ਨੂੰ ਗੁਰੂਤਾ ਲੈਂਜ਼ਿੰਗ ਕਿਹਾ ਜਾਂਦਾ ਹੈ। ਆਇਨਸਟਾਇਨ ਨੇ ਇਸ ਉਦਾਹਰਣ ਨਾਲ਼ 1919 ਵਿਚ ਪੂਰੇ ਸੂਰਜ ਗ੍ਰਹਿਣ ਤੇ ਪਿਛਲੇ ਤਾਰੇ ਵੇਖ ਕੇ ਆਪਣੀ ਜਨਰਲ ਸਾਪੇਖਤਾ ਨੂੰ ਸਿੱਧ ਕੀਤਾ ਸੀ।

ਗੁਰੂਤਾ ਲੈਂਜ਼ਿੰਗ

ਬਲੈਕ ਹੋਲ ਦੀ ਬਣਤਰ : ਬਲੈਕ ਹੋਲ ਦੀ ਬਣਤਰ ਨੂੰ ਨਾਲ ਦਿੱਤੀ ਤਸਵੀਰ ਨਾਲ ਸਮਝਿਆ ਜਾ ਸਕਦਾ ਹੈ। ਬਲੈਕ ਹੋਲ ਦੇ ਕੇਂਦਰ ਵਿਚ ਅਸੀਮ ਗੁਰੂਤਾ ਖਿੱਚ ਨਾਲ ਸਾਰਾ ਮਾਦਾ ਇਕ ਥਾਂ 'ਤੇ ਸੁੰਗੜਿਆ ਹੁੰਦਾ ਹੈ। ਅਸੀਮ ਗੁਰੂਤਾ ਕਰਕੇ ਇੱਥੇ ਆ ਕੇ ਸਾਰੇ ਨਿਯਮ ਅਤੇ ਸਿਧਾਂਤ ਕੰਮ ਕਰਨਾ ਬੰਦ ਕਰ ਦਿੰਦੇ ਹਨ। ਇਸ ਨੂੰ ਸਿੰਗੁਲੈਰੀਟੀ ਕਿਹਾ ਜਾਂਦਾ ਹੈ। ਇਸ ਤੋਂ ਅੱਗੇ ਆਉਂਦਾ ਹੈ ਈਵੈਂਟ ਹੌਰਾਈਜ਼ਨ ਜੋ ਕਿ 1 ਸ਼ਵਾਜ਼ਚਾਈਲਡ ਅਰਧ-ਵਿਆਸ 'ਤੇ ਸਥਿਤ ਹੁੰਦਾ ਹੈ। ਜੇਕਰ ਤੁਸੀਂ ਬਲੈਕ ਹੋਲ ਦੇ ਨੇੜੇ ਜਾ ਰਹੇ ਹੋ ਤਾਂ ਵਾਪਸ ਮੁੜਨ ਦੀ ਇਹ ਤੁਹਾਡੀ ਆਖ਼ਰੀ ਹੱਦ ਹੈ, ਇਸ ਤੋਂ ਅੱਗੇ ਗਈ ਕੋਈ ਵੀ ਚੀਜ਼ ਏਥੋਂ ਤਕ ਕਿ ਪ੍ਰਕਾਸ਼ ਵੀ ਵਾਪਸ ਨਹੀਂ ਆ ਸਕਦਾ। ਸਭ ਤੋਂ ਬਾਹਰ ਹੈ 4 x ਸ਼ਵਾਜ਼ਚਾਈਲਡ ਅਰਧ ਵਿਆਸ ਜੋ ਕਿ ਕਿਸੇ ਵੀ ਪਦਾਰਥ ਲਈ ਆਖ਼ਰੀ ਸਥਿਰ ਪ੍ਰਕਰਮਾ ਪੰਧ ਹੈ। ਏਥੇ ਤਕ ਪਦਾਰਥ ਬਲੈਕ ਹੋਲ ਦੇ ਬਿਨਾਂ ਅੰਦਰ ਡਿਗੇ ਚੱਕਰ ਲਾ ਸਕਦਾ ਹੈ। 4 ਤੋਂ 1 ਸ਼ਵਾਜ਼ਚਾਈਲਡ ਅਰਧ ਵਿਆਸ, ਜੇਕਰ ਕੋਈ ਬਾਹਰੀ ਬਲ ਦੀ ਮਦਦ ਮਿਲ ਜਾਵੇ ਤਾਂ, ਬਚ ਕੇ ਨਿਕਲ ਸਕਦੇ ਹੋ। ਬਿਨਾਂ ਕਿਸੇ ਬਾਹਰੀ ਬਲ ਦੇ ਅੰਦਰ ਡਿੱਗਣਾ ਯਕੀਨੀ ਹੈ ਪਰ ਕੁਝ ਸਮਾਂ ਲੱਗ ਸਕਦਾ ਹੈ। ਪ੍ਰਕਾਸ਼ ਲਈ ਇਹ ਸੀਮਾ 2.6 ਸ਼ਵਾਜ਼ਚਾਈਲਡ ਅਰਧ ਵਿਆਸ ਹੈ।

ਬਲੈਕ ਹੋਲ ਦੀ ਤਸਵੀਰ ਅਤੇ ਈਵੈਂਟ ਹੌਰਾਈਜ਼ਨ ਦੂਰਬੀਨ ਬਾਰੇ : ਤਸਵੀਰ ਦੀ ਗੱਲ ਕਰੀਏ ਤਾਂ ਤਸਵੀਰ ਉਸ ਚੀਜ਼ ਦੀ ਖਿੱਚੀ ਜਾ ਸਕਦੀ ਹੈ ਜੋ ਚੀਜ਼ ਦਿਖਦੀ ਹੋਵੇ ਅਤੇ ਦਿਖਦੀ ਓਹ ਚੀਜ਼ ਹੈ ਜੋ ਜਾਂ ਤਾਂ ਪ੍ਰਕਾਸ਼ ਛੱਡੇ ਜਾਂ ਆਪਣੇ 'ਤੇ ਪੈ ਰਹੇ ਪ੍ਰਕਾਸ਼ ਨੂੰ ਵਾਪਸ ਭੇਜੇ ਪਰ ਬਲੈਕ ਹੋਲ ਤਾਂ ਇਨ੍ਹਾਂ 'ਚੋਂ ਕੁਝ ਵੀ ਨਹੀਂ ਕਰਦਾ। ਫ਼ਿਰ ਸਾਨੂੰ ਬਲੈਕ ਹੋਲ ਦਾ ਪਤਾ ਕਿਵੇਂ ਲਗਦਾ ਹੈ? ਅਸਲ 'ਚ ਬਲੈਕ ਹੋਲ ਨੂੰ ਸਿੱਧੇ ਤਰੀਕੇ ਨਾਲ ਨਹੀਂ ਦੇਖਿਆ ਜਾਂਦਾ ਸਗੋਂ ਇਸ ਦੇ ਆਸ ਪਾਸ ਦੇ ਤਾਰਿਆਂ ਦੇ ਪੰਧ ਦੇਖ ਕੇ ਅੰਦਾਜ਼ਾ ਲਗਾਇਆ ਜਾਂਦਾ ਹੈ। ਹੁਣ ਤਕ ਏਹੋ ਕੀਤਾ ਜਾਂਦਾ ਸੀ, ਪਰ 10 ਅਪ੍ਰੈਲ 2019 ਨੂੰ ਆਈ ਇਸ ਤਸਵੀਰ ਨੇ ਸਭ ਬਦਲ ਕੇ ਰੱਖ ਦਿੱਤਾ।

ਈਵੈਂਟ ਹੌਰਾਈਜ਼ਨ ਦੂਰਬੀਨ, ਬਲੈਕ ਹੋਲ ਦੀ ਤਸਵੀਰ ਲੈਣ ਲਈ ਬਣਿਆ ਪ੍ਰਾਜੈਕਟ ਹੈ। ਇਹ ਇਕ ਰੇਡੀਓ ਦੂਰਬੀਨ ਹੈ। ਬਲੈਕ ਹੋਲ ਤੋਂ ਆ ਰਹੀਆਂ ਰੇਡੀਓ ਤਰੰਗਾਂ ਦੀ ਲੰਬਾਈ ਬਹੁਤ ਜ਼ਿਆਦਾ ਹੁੰਦੀ ਹੈ। ਸੋ ਇਨ੍ਹਾਂ ਦਾ ਵਿਸ਼ਲੇਸ਼ਣ ਕਰਨ ਲਈ ਬਹੁਤ ਵੱਡੀ, ਅਸਲ 'ਚ ਧਰਤੀ ਦੇ ਆਕਾਰ ਜਿੱਡੀ, ਦੂਰਬੀਨ ਚਾਹੀਦੀ ਹੈ। ਅਜਿਹਾ ਨਾ ਹੀ ਹੋ ਸਕਦਾ ਹੈ ਤੇ ਨਾ ਹੀ ਕੀਤਾ ਗਿਆ। EHT ਪ੍ਰੋਜੈਕਟ ਨੂੰ ਕਈ ਹਿੱਸਿਆਂ ਵਿਚ ਵੰਡਿਆ ਗਿਆ ਹੈ। ਧਰਤੀ ਦੇ ਦੁਆਲੇ 6 ਦੇਸ਼ਾਂ ਵਿਚ ਰੇਡੀਓ ਡਿਸ਼ਾਂ ਲਗਾਈਆਂ ਗਈਆਂ ਜੋ ਕਿ ਬਲੈਕ ਹੋਲ ਤੋਂ ਆਉਂਦੀਆਂ ਤਰੰਗਾਂ ਨੂੰ ਫੜ ਕੇ ਇਕ ਦੂਜੇ ਨਾਲ ਸੰਤੁਲਨ ਵਿਚ ਕੰਮ ਕਰਦੀਆਂ ਹੋਈਆਂ ਸਾਰੇ ਡਾਟੇ ਨੂੰ ਇਕ ਥਾਂ 'ਤੇ ਇਕੱਠਾ ਕਰਦੀਆਂ ਗਈਆਂ। ਇਸ ਕੰਮ ਵਿਚ ਸਭ ਤੋਂ ਜ਼ਰੂਰੀ ਸੀ ਸਭ ਡਿਸ਼ਾਂ ਤੇ ਸਮੇਂ ਦਾ ਸਹੀ ਹੋਣਾ ਤੇ ਇੱਕੋ ਹੋਣਾ। ਇਸ ਦੇ ਲਈ ਪ੍ਰਮਾਣੂ ਘੜੀਆਂ ਨੂੰ ਵਰਤਿਆ ਗਿਆ ਹੈ। ਜੋ ਕਿ ਮਿਲੀਅਨ ਸਾਲਾਂ ਦੇ ਬਾਅਦ ਇਕ ਸੈਕਿੰਡ ਦਾ ਫ਼ਰਕ ਪਾਉਂਦੀਆਂ ਹਨ।

EHT ਵੱਲੋਂ 2006 ਵਿਚ ਕੰਮ ਸ਼ੁਰੂ ਕੀਤਾ ਗਿਆ ਸੀ ਤੇ 2017 ਤਕ ਇਹ ਪੂਰਾ ਹੋ ਗਿਆ। ਇਕੱਠਾ ਕੀਤਾ ਡਾਟਾ ਐਨਾ ਸੀ ਕਿ ਇਸ ਨੂੰ ਤਸਵੀਰ ਵਿਚ ਬਦਲਣ ਲਈ 2 ਸਾਲ ਦਾ ਸਮਾਂ ਲੱਗ ਗਿਆ। ਇਸ ਨੇ 2 ਬਲੈਕ ਹੋਲਾਂ ਦੀਆਂ ਤਸਵੀਰਾਂ ਲਈਆਂ, ਇਕ ਸਾਡੀ ਆਕਾਸ਼ ਗੰਗਾ ਗਲੈਕਸੀ ਦੇ ਕੇਂਦਰ ਦਾ Sagittarius 1* ਬਲੈਕ ਹੋਲ ਤੇ ਦੂਸਰਾ Messier 87 ਗਲੈਕਸੀ ਦੇ ਕੇਂਦਰ ਦਾ ਬਲੈਕ ਹੋਲ। ਸਭ ਨੂੰ ਹੀ ਆਕਾਸ਼ ਗੰਗਾ ਗਲੈਕਸੀ ਦੇ ਕੇਂਦਰ ਦੇ ਬਲੈਕ ਹੋਲ ਦੀ ਤਸਵੀਰ ਦਾ ਇੰਤਜ਼ਾਰ ਸੀ। ਪਰ ਜੋ ਤਸਵੀਰ ਯੂਰਪੀਅਨ ਕਮਿਸ਼ਨ ਨੇ ਜਾਰੀ ਕੀਤੀ ਹੈ ਉਹ MHG ਦੇ ਬਲੈਕ ਹੋਲ ਦੇ ਈਵੈਂਟ ਹੌਰਾਈਜ਼ਨ ਦੀ ਹੈ। Sagittarius 1* ਦੀ ਤਸਵੀਰ ਇਸ ਲਈ ਨਹੀਂ ਜਾਰੀ ਕੀਤੀ ਗਈ ਕਿਉਂਕਿ ਇਹ MHG ਗਲੈਕਸੀ ਦੇ ਬਲੈਕ ਹੋਲ ਮੁਕਾਬਲੇ ਬਹੁਤ ਛੋਟਾ ਹੈ।

ਤੁਹਾਨੂੰ ਉੱਪਰ ਪੜ੍ਹ ਕੇ ਇਹ ਸਪੱਸ਼ਟ ਹੋ ਗਿਆ ਹੋਵੇਗਾ ਕਿ ਬਲੈਕ ਹੋਲ ਦੀ ਤਸਵੀਰ ਨਹੀਂ ਲਈ ਜਾ ਸਕਦੀ ਪਰ EHT ਜੋ ਤਸਵੀਰ ਲਈ ਉਹ ਇਕ ਤਰ੍ਹਾਂ ਨਾਲ ਇਸਦੀ ਛਾਂ ਦੀ ਤਸਵੀਰ ਹੈ। ਤਸਵੀਰ ਦੇ ਕੇਂਦਰ ਵਿਚ ਕਾਲੀ ਥਾਂ ਬਲੈਕ ਹੋਲ ਹੈ ਜੋ ਬਿਲਕੁਲ ਕਾਲਾ ਦਿਖ ਰਿਹਾ ਹੈ। ਉਸਦੇ ਆਸ ਪਾਸ ਜੋ ਪ੍ਰਕਾਸ਼ ਦਿਖ ਰਿਹਾ ਹੈ ਓਹ ਸ਼ਵਾਜ਼ਚਾਈਲਡ ਅਰਧ ਵਿਆਸ ਤੋਂ ਚਾਰ ਗੁਣਾ ਬਾਹਰ ਘੁੰਮ ਰਿਹਾ ਮਾਦਾ ਅਤੇ ਪ੍ਰਕਾਸ਼ ਕਿਰਨਾਂ ਹਨ। ਜੇਕਰ ਤੁਸੀਂ ਦੇਖੋਗੇ ਤਾਂ ਇਹ ਪ੍ਰਕਾਸ਼ ਇਕ ਪਾਸੇ ਜ਼ਿਆਦਾ ਚਮਕਦਾਰ ਹੈ। ਇਹ ਵਿਸ਼ਲੇਸ਼ਣ ਵੀ ਆਈਨਸਟਾਈਨ ਦੇ ਸਾਪੇਖਤਾ ਦੇ ਸਿਧਾਂਤ ਦੇ ਬਿਲਕੁਲ ਫਿੱਟ ਬੈਠਦਾ ਹੈ। ਇਸ ਤਸਵੀਰ ਨਾਲ ਜੋ ਵੀ ਜਾਣਕਾਰੀ ਮਿਲੀ ਹੈ ਓਹ ਸਾਪੇਖਤਾ ਦੇ ਸਿਧਾਂਤਾਂ ਤੇ ਬਿਲਕੁਲ ਖਰੀ ਉੱਤਰੀ ਹੈ ਅਤੇ ਆਈਨਸਟਾਈਨ ਇਕ ਵਾਰ ਫ਼ਿਰ ਆਪਣੀ ਉੱਤਮਤਾ ਸਿੱਧ ਕਰਨ ਵਿਚ ਕਾਮਯਾਬ ਰਿਹਾ ਹੈ।

ਬਲੈਕ ਹੋਲ ਦੀ ਪਹਿਲੀ ਤਸਵੀਰ ਭਾਵੇਂ ਜ਼ਿਆਦਾ ਸਾਫ਼ ਨਹੀਂ ਹੈ ਪਰ ਵਿਗਿਆਨ ਦੇ ਖੇਤਰ ਵਿਚ ਬਹੁਤ ਵੱਡੀ ਪੁਲਾਂਘ ਹੈ। ਭਵਿੱਖ ਵਿਚ ਹੋਰ ਸਾਫ਼ ਤਸਵੀਰਾਂ ਆਉਣ ਦੀ ਉਮੀਦ ਹੈ ਅਤੇ ਨਾਲ ਹੀ ਨਾਲ ਇਹ ਉਮੀਦ ਵੀ ਹੈ ਕਿ ਇਹ ਪਹਿਲੀ ਤਸਵੀਰ ਵਿਗਿਆਨ ਦੀ ਦੁਨੀਆ ਵਿਚ ਇਕ ਨਵਾਂ ਚਾਨਣ ਮੁਨਾਰਾ ਬਣ ਕੇ ਸਾਨੂੰ ਨਵੇਂ ਰਾਹਾਂ 'ਤੇ ਲੈ ਕੇ ਜਾਏਗੀ।

- ਹਰਜੀਤ ਸਿੰਘ

99957-65095

Posted By: Harjinder Sodhi