ਕਿਰਲੀਆਂ ਆਮ ਹੀ ਘਰਾਂ 'ਚ ਦੇਖਣ ਨੂੰ ਮਿਲਦੀਆਂ ਹਨ। ਰਸੋਈ 'ਚ ਅਕਸਰ ਰਾਤ ਸਮੇਂ ਇਹ ਦਿਖਾਈ ਦਿੰਦੀਆਂ ਹਨ। ਇਹ ਕਿਸੇ ਖਾਣ-ਪੀਣ ਵਾਲੀ ਚੀਜ਼ 'ਚ ਡਿੱਗ ਜਾਣ ਤਾਂ ਬੜਾ ਖ਼ਤਰਨਾਕ ਸਾਬਤ ਹੋ ਸਕਦੀਆਂ ਹਨ। ਅੱਜ ਅਸੀਂ ਦੇ ਰਹੇ ਹਾਂ ਕੁਝ ਕਾਮਯਾਬ ਨੁਕਤੇ, ਜਿਨ੍ਹਾਂ ਨਾਲ ਕਿਰਲੀਆਂ ਨੂੰ ਭਜਾਇਆ ਜਾ ਸਕਦਾ ਹੈ।

-ਕੰਧ 'ਤੇ 5-6 ਮੋਰ ਦੇ ਖੰਭ ਚਿਪਕਾ ਦਿਓ। ਕਿਰਲੀਆਂ ਮੋਰ ਦੇ ਖੰਭ ਦੇਖਦਿਆਂ ਹੀ ਭੱਜ ਜਾਂਦੀਆਂ ਹਨ।

-ਆਂਡੇ ਦੇ ਖ਼ਾਲੀ ਛਿਲਕਿਆਂ ਨੂੰ ਘਰ 'ਚ ਉੱਚਾਈ 'ਤੇ ਰੱਖ ਦਿਓ। ਇਸ ਦੀ ਗੰਧ ਤੋਂ ਕਿਰਲੀਆਂ ਦੂਰ ਭੱਜਦੀਆਂ ਹਨ।

-ਤੰਬਾਕੂ ਤੇ ਕੌਫੀ ਪਾਊਡਰ ਨੂੰ ਮਿਲਾ ਕੇ ਗੋਲ਼ੀਆਂ ਬਣਾ ਲਓ। ਇਨ੍ਹਾਂ ਨੂੰ ਘਰ ਦੇ ਹਰ ਕੋਨੇ ਤੇ ਉਨ੍ਹਾਂ ਥਾਵਾਂ 'ਤੇ ਰੱਖੋ, ਜਿੱਥੇ ਕਿਰਲੀਆਂ ਸਭ ਤੋਂ ਜ਼ਿਆਦਾ ਲੁਕਦੀਆਂ ਹਨ। ਇਨ੍ਹਾਂ ਗੋਲ਼ੀਆਂ ਨੂੰ ਖਾਣ ਨਾਲ ਜਾਂ ਤਾਂ ਕਿਰਲੀਆਂ ਮਰ ਜਾਣਗੀਆਂ ਜਾਂ ਭੱਜ ਜਾਣਗੀਆਂ।

-ਕਿਰਲੀਆਂ ਲਸਣ ਦੀ ਗੰਧ ਨੂੰ ਬਰਦਾਸ਼ਤ ਨਹੀਂ ਕਰ ਸਕਦੀਆਂ। ਇਸ ਲਈ ਕਮਰੇ ਦੀਆਂ ਖਿੜਕੀਆਂ ਤੇ ਦਰਵਾਜ਼ਿਆਂ 'ਤੇ ਲਸਣ ਬੰਨ੍ਹ ਕੇ ਲਟਕਾ ਦਿਓ।

-ਨੈਪਥਲੀਨ ਦੀਆਂ ਗੋਲੀਆਂ ਵਾਰਡਰੋਬ, ਪਾਣੀ ਦੇ ਸਿੰਕ, ਦਰਵਾਜ਼ਿਆਂ ਤੇ ਖਿੜਕੀਆਂ ਕੋਲ ਰੱਖੋ। ਇਹ ਕਿਰਲੀਆਂ ਨੂੰ ਭਜਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ।

-ਕਿਰਲੀਆਂ 'ਤੇ ਬਰਫ਼ ਵਾਲਾ ਠੰਢਾ ਪਾਣੀ ਸਪਰੇਅ ਕਰੋ। ਠੰਢਾ ਪਾਣੀ ਉਨ੍ਹਾਂ ਨੂੰ ਕੁਝ ਦੇਰ ਲਈ ਬੇਹੋਸ਼ ਕਰ ਦੇਵੇਗਾ, ਜਿਸ ਤੋਂ ਬਾਅਦ ਤੁਸੀਂ ਉਨ੍ਹਾਂ ਨੂੰ ਚੁੱਕ ਕੇ ਸੁੱਟ ਸਕੋਗੇ।

-ਘਰ ਦੇ ਸਾਰੇ ਦਰਵਾਜ਼ਿਆਂ ਕੋਲ ਫਿਨਾਇਲ ਦੀਆਂ ਗੋਲ਼ੀਆਂ ਰੱਖੋ। ਫਿਨਾਇਲ ਦੀ ਗੰਧ ਕਿਰਲੀਆਂ ਨੂੰ ਤੁਹਾਡੇ ਘਰ ਤੋਂ ਦੂਰ ਰੱਖਦੀ ਹੈ।

Posted By: Harjinder Sodhi