ਮੈਂ ਕੌਣ ਹਾਂ? ਕਿਉਂ ਹਾਂ? ਕੀ ਹੈ ਮੇਰੀ ਔਕਾਤ? ਕਿਸਦੀ ਹੈ ਇਹ ਅਨਾਇਤ? ਮੈਂ ਕਿਸਦੀ ਸੁਗਾਤ? ਕਿਹੜਾ ਪਾਉਂਦਾ ਏ ਮੇਰੀ ਬਾਤ ਅਤੇ ਕੌਣ ਹੈ ਅਜਾਤ ਤੇ ਅਗਿਆਤ?

ਮੈਂ ਤਾਂ ਕੁਝ ਵੀ ਨਹੀਂ। ਪਾਣੀ ਦਾ ਬੁਲਬੁਲਾ। ਹਵਾ ਦਾ ਵਾਵਰੋਲਾ। ਪੌਣ ਦੀ ਨਿੱਕੀ ਜਿਹੀ ਰੁਮਕਣੀ। ਪਲ ਭਰ ਦਾ ਵਕਫ਼ਾ। ਹੌਕੇ ਭਰਦਾ ਦੀਵਾ। ਪਤਾ ਨਹੀਂ ਕਦ ਹਵਾ ਦੇ ਝੋਕੇ ’ਚ ਯਾਤਰਾ ਖ਼ਤਮ ਹੋ ਜਾਣੀ। ਪਲ ਦੀ ਵਿੱਥ ’ਤੇ ਖੜੀਆਂ ਨੇ ਹੋਂਦ ਤੇ ਅਣਹੋਂਦ। ਜਦ ਕੋਈ ਭਰੋਸਾ ਹੀ ਨਹੀਂ ਫਿਰ ਕਾਹਤੋਂ ਮੈਂ-ਮੈਂ ਲਾਈ ਆ?

ਮੈਂ ਕਦੇ ਬਾਪ ਦਾ ਆਗਿਆਕਾਰੀ ਪੁੱਤ। ਉਸਦੀ ਉਂਗਲ ਫੜ ਕੇ ਤੁਰਨਾ ਸਿਖਿਆ। ਕਦੇ ਉਸ ਦੀ ਛਾਂ ਵਿਚ ਤੁਰਨ ਦੀ ਕੋਸ਼ਿਸ਼। ਕਦੇ ਉਸਦੀਆਂ ਸਿਆਣਪਾਂ, ਨਿਆਮਤਾਂ ਨਾਲ ਖ਼ੁਦ ਨੂੰ ਭਿਉਂਦਾ। ਬਾਪ ਵਿੱਚੋਂ ਆਪਣਾ ਭਵਿੱਖ ਚਿਤਵਦਾ-ਚਿਤਵਦਾ, ਮੈਂ ਵੀ ਬਾਪ ਬਣ ਗਿਆ ਪਰ ਪੁੱਤ ਬਣ ਕੇ ਬਾਪ ਦੀ ਛਾਂ ਮਾਣਨਾ ਬਹੁਤ ਆਸਾਨ ਕਿਉਂਕਿ ਛਾਂ ਵੰਡਣ ਲਈ ਖ਼ੁਦ ਨੂੰ ਛਾਂ ਬਣਨ ਦਾ ਹੁਨਰ ਤੇ ਹਾਸਲ ਚਾਹੀਦਾ। ਮੈਂ ਇਸ ਕੋਸ਼ਿਸ਼ ਵਿਚ ਹਾਂ ਕਿ ਕਦੇ ਬਿਰਖ਼ ਬਣ ਕੇ ਮਨ ਦੀ ਇਹ ਤਮੰਨਾ ਵੀ ਪੂਰੀ ਕਰ ਸਕਾਂ।

ਕਦੇ ਮੈਂ ਮਿੱਤਰਾਂ ਦੀ ਢਾਣੀ ਵਿਚ ਮਨ ਦੀਆਂ ਬਾਤਾਂ ਪਾਉਂਦਾ। ਕੁਝ ਮਿੱਤਰਾਂ ਦੀ ਮੰਨਦਾ ਪਰ ਕਦੇ ਕਦਾਈਂ ਖ਼ੁਦ ਵੀ ਮਨਾਉਂਦਾ ਪਰ ਜ਼ਿਆਦਾਤਰ ਮੈਂ ਜੋ ਵੀ ਹਾਂ ਆਪਣੇ ਮਿੱਤਰਾਂ ਦੀ ਅੱਖ ਵਿਚ ਲਟਕਦਾ ਅਜਿਹਾ ਬਿੰਬ ਹਾਂ ਜੋ ਕਦੇ ਵੀ ਧੁੰਦਲਾ ਹੋ ਸਕਦਾ ਜਾਂ ਟੁੱਟਦੇ ਤਾਰੇ ਵਾਂਗ ਪਲ ਭਰ ਚਮਕ ਆਪਣਾ ਮਰਸੀਆ ਵੀ ਪੜ੍ਹ ਸਕਦਾ। ਕਦੇ ਮਿੱਤਰਾਂ ਲਈ ਮੋਢਾ ਬਣਦਾ ਅਤੇ ਕਦੇ ਮੇਰੇ ਮਿੱਤਰ ਮੇਰੇ ਵਾਸਤੇ ਰੋਣ ਲਈ ਆਪਣਾ ਮੋਢਾ ਦਿੰਦੇ। ਕਈ ਵਾਰ ਮਿੱਤਰ ਦੇ ਮੋਢੇ ’ਤੇ ਸਿਰ ਰੱਖ ਕੇ ਦਰਦਾਂ ਦੀ ਕਹਾਣੀ ਸੁਣਾਈ। ਇਸ ਦਰਦ ਵਿੱਚੋਂ ਆਪਣੇ ਆਪ ਨੂੰ ਪੀੜਤ ਹੋਇਆ ਦੇਖਣਾ ਅਤੇ ਫਿਰ ਖ਼ੁਦ ਹੀ ਮਰ੍ਹਮ ਬਣਨ ਦੀ ਕੋਸ਼ਿਸ਼ ਕਰਨਾ, ਇਹ ਮੈਂ ਤੋਂ ਮੈਂ ਦੇ ਸਫ਼ਰ ਦਾ ਆਰੰਭ ਬਣ ਜਾਂਦਾ।

ਮੈਂ ਸਦਾ ਅਧੂਰਾ ਕਦੇ ਨਹੀਂ ਵੀ ਪੂਰਾ। ਮੇਰਾ ਇਹ ਖ਼ਾਲੀਪਣ ਵੀ ਕਈ ਵਾਰ ਮੇਰੇ ਜਿਊਣ ਦਾ ਆਧਾਰ। ਵਿਰਲਾਂ ਤੇ ਵਿੱਥਾਂ ਹੀ ਹੁੰਦੀਆਂ ਜਿਹੜੀਆਂ ਕਈ ਵਾਰ ਰਾਹਤ ਵੀ ਬਣਦੀਆਂ ਅਤੇ ਇਨ੍ਹਾਂ ਰਾਹੀਂ ਚਾਨਣ-ਕਿਰਨਾਂ ਅੰਦਰ ਵਸਦੀ ਦਰਦ-ਨਗਰੀ ਲਈ ਚਾਨਣ ਦਾ ਤਰੌਂਕਾ ਵੀ ਦਿੰਦੀਆਂ। ਕਦੇ ਕਦਾਈਂ ਇਸ ਦੀ ਕੁਝ ਭਰਪਾਈ ਵੀ ਕਰਦਾ ਕਿਉਂਕਿ ਬਹੁਤ ਔਖਾ ਹੁੰਦਾ ਏ ਸਾਰੀ ਉਮਰ ਅਧੂਰੇਪਣ ਨੂੰ ਗਲੇ ਲਗਾ ਕੇ ਜਿਊਣ ਦਾ ਆਡੰਬਰ ਕਰਨਾ, ਹੌਕਾ ਵੀ ਨਾ ਭਰਨਾ ਅਤੇ ਸਾਹਾਂ ਨੂੰ ਸਿਉਂਕਣ ਤੋਂ ਵੀ ਬਚਾਉਣਾ। ਆਪਣੇ ਆਪ ਤੋਂ ਬੰਦਾ ਖ਼ੁਦ ਨੂੰ ਕਿਵੇਂ ਬਚਾਵੇ? ਕਿਹੜੇ ਕੋਠੇ ਚੜ੍ਹ ਕੇ ਰੌਲ਼ਾ ਪਾਵੇ, ਆਪਣਾ ਦੁੱਖੜਾ ਸੁਣਾਵੇ। ਖ਼ੁਦ ਦੀ ਆਵਾਜ਼ ਨੇ ਪੱਥਰਾਂ ਨਾਲ ਟਕਰਾ ਕੇ ਖ਼ੁਦ ਤੀਕ ਪਰਤ ਆਉਣਾ ਹੁੰਦਾ ਅਤੇ ਇਸ ਆਵਾਜ਼ ਨੇ ਆਵਾਜ਼ਾਰੀ ਦਾ ਅਜਿਹਾ ਮੰਜ਼ਰ ਸਿਰਜਣਾ ਹੁੰਦਾ ਕਿ ਜ਼ਿੰਦਗੀ ਦੀ ਤੌਹੀਨ ਵਿੱਚੋਂ ਵੀ ਜ਼ਿੰਦਗੀ ਨੂੰ ਸੂਹੇ ਅਰਥਾਂ ਦੀ ਤਸ਼ਬੀਹ ਦੇਣੀ ਪੈਂਦੀ।

ਮੈਂ ਬੜੀ ਕੌਸ਼ਿਸ਼ ਕਰਦਾਂ ਕਿ ਖ਼ੁਦ ਨੂੰ ਸ਼ਬਦਾਂ ਵਿਚ ਉਲਥਾਵਾਂ। ਅਰਥਾਂ ਵਿਚ ਸਮਾ ਜਾਵਾਂ। ਹਰਫ਼ਾਂ ਦੀ ਲੋਅ ਬਣ ਜਾਵਾਂ ਅਤੇ ਵਰਕਿਆਂ ’ਤੇ ਵਿਛ ਜਾਵਾਂ। ਪਰ ਕੀ ਕਰਾਂ ਮੇਰੀ ਜ਼ਿੰਦਗੀ ਦੀ ਬੇਰੁਖ਼ੀ ਹੀ ਮੇਰੇ ਹਰਫ਼ਾਂ ਦੇ ਮੇਚ ਨਹੀਂ ਆਉਂਦੀ ਅਤੇ ਮੈਂ ਖ਼ੁਦ ਵਿਚ ਖ਼ੁਦ ਨੂੰ ਮਨਫ਼ੀ ਕਰ ਕੇ ਹਰਫ਼ਾਂ ਦੀ ਦਰਗਾਹ ’ਤੇ ਚਿਰਾਗ਼ ਜਗਾਉਂਦਾ ਤੇ ਮੰਨਤਾਂ ਵੀ ਮੰਗਦਾਂ ਪਰ ਇਹ ਸਭ ਮੇਰੇ ਜੀਵਨ ਨੂੰ ਹੋਰ ਬੇਖ਼ੁਦੀ, ਬੇਗਾਨਗੀ, ਬੇਅਰਥਤਾ ਅਤੇ ਬੇਕਦਰੀ ਨਾਲ ਭਰ ਜਾਂਦੀਆਂ। ਤੇ ਆਪਣੇ ਊਣੇਪਣ ਤੋਂ ਅੱਕਿਆ ਖ਼ੁਦ ਵਿੱਚੋਂ ਖ਼ੁਦ ਨੂੰ ਹੀ ਸਮੇਟਣ ਦੀ ਅਦਨੀ ਜਿਹੀ ਕੋਸ਼ਿਸ਼ ਦਾ ਮਿਲਣ ਬਿੰਦੂ ਬਣ ਕੇ ਰਹਿ ਜਾਂਦਾ।

ਮੈਂਂ ਤਾਂ ਸਿਰਫ਼ ਮਨ ਦਾ ਭਾਰ ਹੀ ਢੋਂਦ੍ਹਾ ਜਦ ਖ਼ੁਦ ਨੂੰ ਕਦੇ ਅਧਿਆਪਕ, ਕਦੇ ਲੇਖਕ, ਕਦੇ ਬਾਪ ਜਾਂ ਪਤੀ ਸਮਝਦਾ। ਇਹ ਤਾਂ ਸਮਾਜਿਕ ਰੋਲ ਨੇ ਜਿਹੜੇ ਮਨੁੱਖ ਨੇ ਜਿਊਣ ਲਈ ਅਤੇ ਸਮਾਜ ਦਾ ਹਿੱਸਾ ਬਣਦਿਆਂ ਨਿਭਾਉਣੇ ਜ਼ਰੂਰੀ। ਅਸੀਂ ਇਨ੍ਹਾਂ ਰੋਲਾਂ ਵਿਚ ਇੰਨਾ ਗਵਾਚ ਜਾਂਦੇ ਕਿ ਸਾਨੂੰ ਖ਼ੁਦ ਦੀ ਹੀ ਕੋਈ ਸਾਰ ਨਾ ਰਹਿੰਦੀ ਅਤੇ ਆਪਣੇ ਤੋਂ ਹੀ ਦੂਰੀ ਬਣਾ ਕੇ ਅਸਾਵੀਂ ਜੀਵਨ ਜਾਚ ਰਾਹੀਂ ਆਪਣੇ ਅੰਤਰੀਵ ਨੂੰ ਕਦੇ ਗੰਧਲਾ ਕਰਦੇ, ਕਦੇ ਇਸ ਵਿਚ ਚਿੱਕੜ ਸੁੱਟਦੇ ਤੇ ਇਸ ਦੀ ਪਾਕੀਜ਼ਗੀ ਨੂੰ ਮਾਲੀਨ ਕਰਦੇ। ਕਦੇ ਇਸ ਵਿਚ ਆ ਰਹੀਆਂ ਚਾਨਣ ਕਿਰਨਾਂ ਨੂੰ ਰੋਕਣ ਲਈ ਝੀਤਾਂ ਬੰਦ ਕਰਨ ਲਈ ਅਹੁਲਦੇ। ਯਾਦ ਰੱਖਣਾ ਚਾਹੀਦਾ ਹੈ ਕਿ ਸਿਰਫ਼ ਕੰਧਾਂ ਤਾਂ ਜੇਲ੍ਹ ਬਣਾਉਂਦੀਆਂ ਜਦ ਕਿ ਕੰਧਾਂ ਵਿਚ ਰੱਖੀਆਂ ਖਿੜਕੀਆਂ ਅਤੇ ਰੌਸ਼ਨਦਾਨ ਇਸਨੂੰ ਕਮਰਾ ਬਣਾਉਂਦੇ ਜਿਹੜਾ ਜਾਗਦਾ, ਸੌਂਦਾ, ਹੱਸਦਾ, ਹਸਾਉਂਦਾ, ਖੇਡਦਾ, ਖਿਡਾਉਂਦਾ। ਇਸ ਵਿਚ ਧੜਕਦਾ ਏ ਜੀਵਨ ਅਤੇ ਇਸ ਵਿਚ ਰਾਂਗਲੀਆਂ ਬਹਾਰਾਂ, ਸੂਹੇ ਵਕਤ ਅਤੇ ਚਾਨਣੀਆਂ ਰਾਤਾਂ ਦਾ ਅਵਾਗਵਣ ਨਿਰੰਤਰ ਜਾਰੀ ਰਹਿੰਦਾ।

ਮੈਂ ਕਦੇ ਕਿਸੇ ਕਿਰਤ ਵਿੱਚੋਂ ਆਪਣਾ ਮੁਹਾਂਦਰਾ ਦੇਖਦਾਂ, ਕਦੇ ਕਿਸੇ ਚਿੱਤਰ ਵਿੱਚੋਂ ਆਪਣੇ ਨਕਸ਼ ਪਛਾਣਦਾਂ, ਕਦੇ ਕਿਸੇ ਜਾਣਕਾਰ ਵਿੱਚੋਂ ਖ਼ੁਦ ਨੂੰ ਕਿਆਸਦਾਂ, ਕਦੇ ਕਿਸੇ ਮਿੱਤਰ ’ਚੋਂ ਆਪਣੀ ਕਰਮਾਂ ਦੀ ਨਿਸ਼ਾਨਦੇਹੀ ਕਰਦਾਂ, ਕਦੇ ਆਪਣੇ ਵਡੇਰਿਆਂ ਦੀ ਸੁਪਨਸਾਜ਼ੀ ਦੀ ਚਿੱਤਰਕਾਰੀ ਕਰਦਾਂ, ਕਦੇ ਹਮਜੋਲੀਆਂ ਵਿੱਚੋਂ ਆਪਣੀ ਕੀਰਤੀ ਨੂੰ ਨਿਹਾਰਦਾਂ ਅਤੇ ਕਦੇ ਸਮਾਜਿਕ ਤਾਣੇ-ਬਾਣੇ ਵਿੱਚੋਂ ਰਿਸ਼ਤਿਆਂ ਦੀ ਪਛਾਣ ਕਰਦਾਂ ਅਤੇ ਕਦੇ ਸਬੰਧਾਂ ਦੀਆਂ ਮਹੀਨ ਤੰਦਾਂ ਦੀ ਤਿੜਕਣ ਕਾਰਨ ਅੰਦਰ ਵਿੱਚੋਂ ਉਠੀ ਚੀਸ ਮਾਣਦਾਂ। ਪਰ ਇਸ ਸਭ ਕੁਝ ਵਿਚ ਮੈਂ ਤਾਂ ਕਿਧਰੇ ਵੀ ਹਾਜ਼ਰ ਨਹੀਂ ਹੁੰਦਾ। ਕਿਸੇ ਦੂਸਰੇ ਦੇ ਨਕਸ਼ਾਂ ਵਿੱਚੋਂ ਖ਼ੁਦ ਦੀ ਪਛਾਣ ਨੂੰ ਸਿਰਜਣਾ, ਕਿਵੇਂ ਖ਼ੁਦ ਦਾ ਸੰਕਲਪ ਬਣ ਸਕਦਾ। ਇਸ ਲਈ ਮੈਂ ਅਕਸਰ ਹੀ ਗ਼ੈਰ-ਹਾਜ਼ਰ ਹੀ ਰਹਿੰਦਾਂ।

ਮੈਂ ਸਦਾ ਹੀ ਬਾਹਰਲੇ ਲੋਕਾਂ ਨੂੰ ਵਾਚਦਾਂ, ਉਨ੍ਹਾਂ ਦੇ ਵਰਤੋਂ ਵਿਵਹਾਰ ਵਿੱਚੋਂ ਸਿਰਫ਼ ਉਨ੍ਹਾਂ ਦੇ ਬੇਰੂਪ ਨੂੰ ਲੱਭਣ ਵਿਚ ਉਮਰ ਗਵਾ ਦਿੰਦਾ ਹਾਂ। ਕਿਸੇ ਦੀਆਂ ਨਕਾਮੀਆਂ ਤੋਂ ਖ਼ੁਸ਼ੀ, ਕਿਸੇ ਦੀ ਅਸਫ਼ਲਤਾ ਵਿੱਚੋਂ ਸਕੂਨ, ਕਿਸੇ ਦੇ ਸੁਪਨਿਆਂ ਦੀ ਅੱਖ ਵਿਚਲੇ ਖ਼ਾਰੇ ਪਾਣੀ ਤੋਂ ਤਸੱਲੀ ਅਤੇ ਕਦੇ ਕਿਸੇ ਦੇ ਤਿਲਕਣ ਵਿੱਚੋਂ ਖ਼ੁਦ ਨੂੰ ਅੰਬਰ ਦਾ ਹਾਣੀ ਸਮਝਣ ਲੱਗਦਾਂ। ਪਰ ਮੈਂ ਆਪਣੇ ਆਪ ਨੂੰ ਤਾਂ ਕਦੇ ਮਿਲਦਾ ਹੀ ਨਹੀਂ। ਖ਼ੁਦ ਨੂੰ ਤਾਂ ਕਦੇ ਦੇਖਦਾ ਹੀ ਨਹੀਂ, ਨਾ ਹੀ ਪੜਾਉਂਦਾ ਹਾਂ, ਨਾ ਹੀ ਸਮਝਦਾ ਹਾਂ ਅਤੇ ਨਾ ਹੀ ਨੀਝ ਨਾਲ ਨਿਹਾਰਦਾਂ। ਆਪਣੀਆਂ ਪਰਤਾਂ ਵਿੱਚੋਂ ਛੁਪੇ ਉਸ ਆਪੇ ਨੂੰ ਕਦੇ ਪਾਰਦਰਸ਼ੀ ਅੱਖ ਨਾਲ ਨਹੀਂ ਦੇਖਿਆ ਜਿਸ ਦੀਆਂ ਪਰਤਾਂ ਵਿਚ ਜੀਵਨ ਦੇ ਉਹ ਕਰੂਰ ਰੂਪ ਨੇ ਜਿਨ੍ਹਾਂ ਤੋਂ ਪਰਦਾਦਾਰੀ ਕਰਨ ਲਈ ਖ਼ੁਦ ਦੇ ਰੁਬਰੂ ਹੋਣਾ ਅਤੇ ਖ਼ੁਦ ਨੂੰ ਖ਼ੁਦ ਦੇ ਸਾਹਵੇਂ ਖੁੱਲ੍ਹੀਆਂ ਅੱਖਾਂ ਨਾਲ ਦੇਖਣਾ ਬਹੁਤ ਜ਼ਰੂਰੀ ਹੁੰਦਾ।

ਮੈਂ ਉਹ ਨਹੀਂ ਜੋ ਲੋਕ ਸਮਝਦੇ ਨੇ, ਜਿਹੜਾ ਅਕਸ ਮੇਰੇ ਜਾਣਕਾਰਾਂ ਵਿਚ ਹੈ, ਜਿਹੜੀ ਤਵੱਕੋਂ ਮੇਰੇ ਆਪਣੇ ਕਰਦੇ ਨੇ ਅਤੇ ਜਿਹੜੀ ਰੰਗਤਾ ਵਿਚ ਖ਼ੁਦ ਨੂੰ ਬਾਹਰੋਂ ਰੰਗਿਆ ਹੈ। ਮੈਂ ਤਾਂ ਬਹੁ ਛੋਟਾ ਤੇ ਅਦਨਾ ਜਿਹਾ ਸ਼ਖ਼ਸ ਹਾਂ ਜਿਹੜਾ ਖ਼ੁਦ ਵਿੱਚੋਂ ਖ਼ੁਦ ਨੂੰ ਹੀ ਲੱਭਦਾ ਲੱਭਦਾ ਗਵਾਚ ਗਿਆ। ਖ਼ੁਦ ਦੀ ਭਾਲ ਵਿਚ ਤੁਰਨਾ ਹੀ ਦਰਅਸਲ ਜੀਵਨ ਦਾ ਉਹ ਮਕਸਦ ਹੁੰਦਾ ਜਿਸ ਤੋਂ ਹਰ ਮਨੁੱਖ ਵੀ ਅਵੇਸਲਾ। ਇਸ ਨੂੰ ਆਪਣੀ ਤਰਜ਼ੀਹ ਬਣਾਉਣਾ ਹੀ ਮਨੁੱਖ ਦੀ ਅਸਲੀ ਅੰਤਰੀਵ ਯਾਤਰਾ ਦਾ ਸ਼ੁੱਭ ਆਰੰਭ ਅਤੇ ਇਸਨੂੰ ਜਿੰਨੀ ਜਲਦੀ ਸ਼ੁਰੂ ਕਰ ਲਿਆ ਜਾਵੇ ਓਨਾ ਹੀ ਚੰਗਾ।

ਮੈਂ ਤੋਂ ਮੈਂ ਤੀਕ ਦੇ ਸਫ਼ਰ ਦੌਰਾਨ ਸਭ ਤੋਂ ਅਹਿਮ ਹੁੰਦਾ ਖ਼ੁਦ ਹੀ ਖ਼ੁਦ ਸਮਰੂਪ ਬਣ ਜਾਣਾ। ਖ਼ੁਦ ਵਿੱਚੋਂ ਖ਼ੁਦ ਨੂੰ ਸਮੇਟਣਾ। ਖ਼ੁਦ ਹੀ ਆਪਣੀ ਜਾਮਾਤਲਾਸ਼ੀ ਕਰਨੀ। ਖ਼ੁਦ ਦੀਆਂ ਕਮੀਆਂ, ਕੁਤਾਹੀਆਂ, ਕਮੀਨਗੀਆਂ, ਕੁਰੀਤੀਆਂ ਨੂੰ ਮਿਟਾ ਕੇ ਕਿਰਨ-ਜੋਤ ਨੂੰ ਜਗਾਉਣਾ। ਆਪਣੇ ਉਸ ਰੂਪ ਨੂੰ ਉਜਿਆਰਾ ਕਰਨਾ ਜਿਸ ਤੋਂ ਅਸੀਂ ਵੀ ਬੇਮੁੱਖ ਹੁੰਦੇ। ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਕਿਹੜੀਆਂ ਕੁਦਰਤੀ ਨਿਆਮਤਾਂ ਨਾਲ ਵਰੋਸਾਏ ਹਾਂ? ਕਿਹੜੀਆਂ ਬਖਸ਼ਿਸ਼ਾਂ ਸਾਡਾ ਹਾਸਲ ਨੇ? ਕਿਹੜੀ ਅਮੀਰੀ ਜੱਗਜ਼ਾਹਰ ਹੋਣੀ ਬਾਕੀ ਏ? ਸਾਡੇ ਅੰਦਰ ਦਾ ਅਮੁੱਕ ਖ਼ਜ਼ਾਨਾ ਹੀ ਸਾਡੀ ਹਯਾਤੀ ਨੂੰ ਨਵਾਂ ਸਿਰਲੇਖ ਤੇ ਲਕਸ਼ ਦੇਣ ਦੇ ਕਾਬਲ ਹੋਵੇਗਾ।

ਮੈਂ ਸਦਾ ਖ਼ੁਦ ਤੋਂ ਹੀ ਬੇਖ਼ਬਰ ਰਿਹਾ। ਦਰਅਸਲ ਮੈਂ ਸਾਰੀ ਉਮਰ ਉਹ ਹੀ ਕਰਦਾ ਰਿਹਾ ਜੋ ਮੈਂ ਨਹੀਂ ਅਤੇ ਜੋ ਮੈਂ ਹਾਂ ਉਹ ਸਦਾ ਗੁਪਤ ਹੀ ਰਿਹਾ। ਇਸ ਲਈ ਜ਼ਰੂਰੀ ਹੈ ਕਿ ਹੁਣ ਮੈਂ ਉਸ ਰੂਪ ਨੂੰ ਹੀ ਉਜਾਗਰ ਕਰਾਂ ਜੋ ਮੈਂ ਹਾਂ। ਅੰਦਰੋਂ ਬਾਹਰੋਂ ਇਕਸੁਰ, ਇਕਸਾਰ ਇਕਸੀਰਤ ਅਤੇ ਇਕਸੁਰਤ। ਇਕਮਿਕਤਾ ਵਿਚ ਇਕਰੂਹਾ।

ਮੈਂ ਬਹੁਤੀ ਵਾਰ ਆਪਣੇ ਹਰਫ਼ਾਂ ਨੂੰ ਹੀ ਆਪਣੇ ਮੇਚ ਕਰਦਾ ਰਿਹਾ। ਪਰ ਜ਼ਰੂਰੀ ਸੀ ਕਿ ਮੈਂ ਖ਼ੁਦ ਆਪਣੇ ਹਰਫ਼ਾਂ ਦੇ ਹਾਣ ਦਾ ਹੁੰਦਾ ਅਤੇ ਇਨ੍ਹਾਂ ਦੇ ਅਰਥਾਂ ਰਾਹੀਂ ਖ਼ੁਦ ਨੂੰ ਵਿਕਸਿਤ ਕਰਦਾ ਅਤੇ ਨਵਾਂ ਵਿਸਥਾਰ ਦਿੰਦਾ। ਪਰ ਬੌਣਾ ਵਿਅਕਤੀ ਸ਼ਬਦਾਂ ਦੀ ਅਸੀਮਤਾ ਦੇ ਕਿਵੇਂ ਮੇਚ ਆ ਸਕਦਾ। ਫਿਰ ਹਰਫ਼ਾਂ ਦੀ ਤਰਾਸਦੀ ’ਤੇ ਬਹੁਤ ਦੁੱਖ ਹੁੰਦਾ ਕਿ ਉਹ ਅਜਿਹੇ ਅਰਥਾਂ ਲਈ ਆਪਣੀ ਅਸੀਮਤਾ ਨੂੰ ਸੀਮਤ ਕਰ ਰਹੇ ਨੇ ਜਿਨ੍ਹਾਂ ਦਾ ਕੋਈ ਵਜੂਦ ਹੀ ਨਹੀਂ।

ਮੈਂ ਤਾਂ ਐਵੇਂ ਹੀ ਆਪਣੀ ਕਮ-ਅਕਲੀ ਦਾ ਮੁਜ਼ਾਹਰਾ ਕਰਨ ਵਿਚ ਗਵਾਚਿਆ ਰਿਹਾ। ਕਦੇ ਸੋਚਿਆ ਹੀ ਨਹੀਂ ਕਿ ਕੁਦਰਤ ਦੀ ਅਸੀਮਤਾ, ਸੁੰਦਰਤਾ, ਵਿਲੱਖਣਤਾ ਅਤੇ ਵਿਕਲੋਤਰੇਪਣ ਨੂੰ ਮੇਰੇ ਵਰਗੇ ਦਾ ਸੀਮਤ ਗਿਆਨ ਕਿਵੇਂ ਸਮਝ ਸਕਦਾ? ਕਿਵੇਂ ਅਣਗਿਣਤ ਸੂਰਜਾਂ, ਤਾਰਿਆਂ, ਮੰਡਲਾਂ, ਗ੍ਰਹਿਆਂ, ਧਰਤੀਆਂ ਆਦਿ ਨੂੰ ਸੀਮਤ ਅਕਲ ਸਮਝ ਸਕਦੀ? ਸਮੁੰਦਰਾਂ, ਪਹਾੜਾਂ, ਦਰਿਆਵਾਂ, ਜੰਗਲ-ਬੇਲਿਆਂ ਵਿਚ ਵੱਸਦੇ ਸਮੂਹ ਜੀਵ-ਸੰਸਾਰ ਦਾ ਕੌਣ ਥਾਹ ਪਾ ਸਕਦਾ? ਕੌਣ ਮਨੁੱਖੀ ਸਰੀਰ ਦੇ ਬੇਅੰਤ ਸੈਲਾਂ ਅਤੇ ਉਨ੍ਹਾਂ ਵਿਚ ਹੋ ਰਹੀਆਂ ਕਿਰਿਆਵਾਂ ਨੂੰ ਪੂਰਨ ਰੂਪ ਵਿਚ ਸਮਝ ਕੇ ਖ਼ੁਦ ਨੂੰ ਕੁਦਰਤੀ ਗਿਆਨ ਦੇ ਬਰਾਬਰ ਕਰ ਸਕਦਾ? ਮਨੁੱਖ ਕਿੰਨਾ ਵੀ ਸਿਆਣਾ ਹੋ ਜਾਵੇ ਪਰ ਉਸਦੀ ਅਕਲ ਨੇ ਸੀਮਤ ਹੀ ਰਹਿਣਾ।

ਮੈਂ ਕਦੇ ਇਹ ਸੋਚਿਆ ਹੀ ਨਹੀਂ ਕਿ ਮੇਰੇ ਕਾਰ-ਵਿਹਾਰ, ਆਚਾਰ, ਗੁਫ਼ਤਾਰ, ਰਫ਼ਤਾਰ ਅਤੇ ਸਦਾਚਾਰ ਵਿਚ ਹਮੇਸ਼ਾ ਹੀ ਪਾਸਕੂੰ ਰਿਹਾ। ਇਸ ਵਿਚ ਕਦੇ ਆਪਣਿਆਂ ਦਾ ਮੋਹ, ਕਦੇ ਪਰਾਇਆਂ ਪ੍ਰਤੀ ਬੇਗ਼ਾਨਗੀ। ਕਦੇ ਕਿਸੇ ਨੂੰ ਲਾਹਾ ਦੇਣ ਦਾ ਖ਼ਿਆਲ ਅਤੇ ਕਦੇ ਕਿਸੇ ਨੂੰ ਨੁਕਸਾਨ ਪਹੁੰਚਾਣ ਦਾ ਭਰਮ। ਕਦੇ ਖ਼ੁਦ ਨੂੰ ਉੱਚਾ ਸਮਝਣਾ ਅਤੇ ਕਦੇ ਦੂਸਰੇ ਨੂੰ ਨੀਵਾਂ ਸਮਝਣ ਦੀ ਬੇਵਕੂਫ਼ੀ। ਕਦੇ ਆਪਣੀ ਸਿਆਣਪ ਨੂੰ ਵਡੇਰਾ ਅਤੇ ਕਿਸੇ ਦੀ ਘੱਟ ਅਕਲ ਦਾ ਮਜ਼ਾਕ। ਇਸ ਪਾਸਕੂੰ ਨੇ ਹੀ ਮੈਨੂੰ ਮੈਂ ਦੇ ਉਸ ਰੂਪ ਵਿਚ ਜੱਗ ਸਾਹਵੇਂ ਵਿਚਰਨ ਤੋਂ ਰੋਕਿਆ ਜੋ ਮੈਂ ਅਸਲੀਅਤ ਵਿਚ ਹਾਂ।

ਮੈਂ ਕਦੇ ਮੈਂ ਨਾਲ ਇਕਰਾਰ ਕਰਦਾ ਹਾਂ, ਕਦੇ ਇਨਕਾਰ ਕਰਦਾ ਹਾਂ। ਕਦੇ ਤਕਰਾਰ ਕਰਦਾ ਹਾਂ, ਕਦੇ ਵਿਚਾਰ ਕਰਦਾ ਹਾਂ। ਕਦੇ ਹਾਰ ਮੰਨਦਾ ਹਾਂ ਅਤੇ ਕਦੇ ਜਿੱਤ ਜਾਂਦਾ ਹਾਂ। ਕਦੇ ਪਿੱਛੇ ਰਹਿਨਾ ਵਾਂ, ਕਦੇ ਅੱਗੇ ਲੰਘਦਾ ਹਾਂ। ਕਦੇ ਮੈਂ ਪੈੜ੍ਹ ਬਣਦਾ ਹਾਂ ਕਦੇ ਪੜਾਅ ਬਣ ਜਾਂਦਾ। ਕਦੇ ਛਾਵਾਂ ਬਣਦਾ ਹਾਂ ਤੇ ਕਦੇ ਮੈਂ ਧੁੱਪਾਂ ਬਣਦਾ ਹਾਂ। ਕਦੇ ਮੱਸਿਆ ਦੀ ਰਾਤ ਬਣਦਾ ਤੇ ਕਦੇ ਪੁੰਨਿਆਂ ਦਾ ਚੰਨ ਹੁੰਦਾ ਹਾਂ। ਕਦੇ ਸਰਗੀ ਦਾ ਵੇਲਾ ਅਤੇ ਕਦੇ ਸ਼ਾਮ ਦਾ ਘੁੱਸਮੁਸਾ ਹੁੰਦਾ ਹਾਂ। ਕਦੇ ਮੈਂ ਫੁੱਲ ਬਣਦਾ ਹਾਂ ਤੇ ਕਦੇ ਮੈਂ ਖ਼ਾਰ ਬਣ ਜਾਂਦਾ। ਕਦੇ ਮੈਂ ਬਹਾਰਾਂ ਦਾ ਨਿਉਂਦਾ ਅਤੇ ਕਦੇ ਖ਼ਿਜ਼ਾਂ ਦਾ ਹਾਰ ਬਣ ਜਾਂਦਾ। ਕਦੇ ਮੈਂ ਸਾਹਾਂ ਦੀ ਉਸਤਤੀ ਹੁੰਦਾ ਅਤੇ ਕਦੇ ਸਾਹਾਂ ਦਾ ਸਰਾਪ ਹੁੰਦਾ ਹਾਂ। ਕਦੇ ਮੈਂ ਪੁੰਨ ਦੀ ਦਾਤ ਵਰਗਾ ਅਤੇ ਕਦੇ ਮੈਂ ਕਰਿਆ ਪਾਪ ਹੁੰਦਾ ਹਾਂ। ਕਦੇ ਮੈਂ ਅੱਖ ਦਾ ਉਨੀਂਦਰਾ ਬਣਾਂ ਅਤੇ ਕਦੇ ਨੀਂਦ ’ਚ ਖ਼ਾਬ ਹੁੰਦਾ। ਕਦੇ ਮੈਂ ਆਪਣੇ ਤੋਂ ਅਲਵਿਦਾ ਅਤੇ ਕਦੇ ਖ਼ੁਦ ਨਾਲ ਮਿਲਾਪ ਹੁੰਦਾ ਹਾਂ।

ਮੈਂ ਤਾਂ ਮੈਂ ਤੋਂ ਮੁਨਕਰੀ ਅਤੇ ਕਦੇ ਮੈਂ, ਮੈਂ ਦਾ ਮਾਣ ਹੁੰਦਾ ਹਾਂ। ਕਦੇ ਮੈਂ ਲਈ ਬੁਰਕੀ ਬਣਦਾ ਅਤੇ ਕਦੇ ਭੁੱਖ ਦੀ ਮਾਰ ਹੁੰਦਾ ਹਾਂ। ਕਦੇ ਮੈਂ, ਮੈਂ ਤੋਂ ਮੁਕਤੀ ਚਾਹੁੰਨਾਂ ਤੇ ਕਦੇ ‘ਮੈਂ’ ਦਾ ਗੁਲਾਮ ਬਣਦਾ ਹਾਂ। ਕਦੇ ਮੈਂ ਮੈਨੂੰ ਖਾ ਜਾਂਦੀ ਅਤੇ ਕਦੇ ਮੈਂ ਦਾ ਮੁਕਾਮ ਹੁੰਦਾ। ਕਦੇ ਮੈਂ ਮੋਹਣੀ ਹੁੰਦੀ ਅਤੇ ਕਦੇ ਮੈਂ ਮਰਨਹਾਰੀ ਦਾ ਸੋਗ ਹੁੰਦਾ ਹਾਂ। ਕਦੇ ਮੈਂ, ਮੈਂ ਦਾ ਰੋਗੀ ਹੁੰਨਾਂ, ਖ਼ੁਦ ਦਾ ਭੋਗੀ ਹੁੰਨਾਂ ਜਾਂ ਗਲੀਆਂ ਦਾ ਰਮਤਾ ਜੋਗੀ ਹੁੰਨਾਂ। ਪਰ ਮੈਂ ਕਦੇ ਵੀ ਮੈਂ ਨਹੀਂ ਹੁੰਦਾ।

ਮੈਂ ਤੋਂ ਮੈਂ ਵੱਲ ਨੂੰ ਤੁਰਨ ਵਾਲੇ ਆਪਣੇ ਆਪ ਦੇ ਸਭ ਤੋਂ ਕਰੀਬੀ ਮਿੱਤਰ। ਰੂਹ ਦੀਆਂ ਰਮਜ਼ਾਂ ਜਾਣਦੇ। ਖ਼ੁਦ ਦੇ ਜਾਣੂ ਅਤੇ ਗੁੱਝੇ ਭੇਤਾਂ ਦੇ ਜਾਣਕਾਰ। ਗੂੜ੍ਹ ਸਿਆਣਪਾਂ ਰਾਹੀਂ, ਉਹ ਜ਼ਿੰਦਗੀ ਨੂੰ ਜਿਊਣ ਜੋਗਾ ਕਰਦੇ। ਮੇਰੇ ਤੋਂ ਬਿਹਤਰ ਕੋਈ ਵੀ ਮੈਨੂੰ ਨਹੀਂ ਜਾਣ ਸਕਦਾ, ਸਮਝ ਸਕਦਾ, ਸਮਝਾ ਸਕਦਾ ਅਤੇ ਸੁਪਨਸ਼ੀਲਤਾ ਰਾਹੀਂ ਪਾ ਸਕਦਾ।

ਮੈਂ ਜਦ ਮੈਂ ਨਾਲ ਗੁਫ਼ਤਗੂ ਕਰਦਾਂ ਤਾਂ ਪਤਾ ਲੱਗਦਾ ਕਿ ਮੈਂ ਅਧੂਰਾ ਹਾਂ। ਪਰ ਮੈਂ ਇਮਾਨਦਾਰ, ਸੰਤੁਸ਼ਟ, ਪ੍ਰਤੀਬੱਧ ਤੇ ਪਾਕੀਜ਼ ਵਿਅਕਤੀ ਹਾਂ ਜੋ ਹਰਫ਼ਾਂ ਦਾ ਛੱਟਾ ਦਿੰਦਿਆਂ, ਅਰਥਾਂ ਦੀ ਰੁਸ਼ਨਾਈ ਨੂੰ ਆਪਣਾ ਧਰਮ ਸਮਝਦਾ ਹਾਂ। ਮੈਂ ਗ਼ਲਤੀਆਂ ਵੀ ਕੀਤੀਆਂ ਹੋਣਗੀਆਂ ਕਿਉਂਕਿ ਮੈਂ, ਮੈਂ ਜੁ ਹਾਂ ਅਤੇ ਇਨ੍ਹਾਂ ਤੋਂ ਸਿੱਖ ਕੇ ਹੀ ਆਪਣੇ ਆਪ ਨੂੰ ਨਵੇਂ ਮੈਂ ਦੇ ਰੂਪ ਵਿਚ ਦੁਨੀਆ ਵਿਚ ਵਿਚਰਨ ਦੀ ਕੋਸ਼ਿਸ਼ ਕਰਦਾ ਹਾਂ।

ਮੈਂ ਜੋ ਕੁਝ ਮੈਂ ਨਾਲ ਕਰਾਂ ਆਖ਼ਰ ਨੂੰ ਤਾਂ ਮੈਂ ਵਿੱਚੋਂ ਮੇਰੇ ਖ਼ੁਦ ਦੀ ਦੀਦਾਰੇ ਹੀ ਹੋਣੇ ਨੇ ਜੋ ਅਸਲ ਵਿਚ ਮੈਂ ਹੀ ਹਾਂ।

ਮੈਂ ਅਕਸਰ ਹੀ ਮੈਂ ਦੇ ਸਨਮੁੱਖ ਹੋ ਕੇ ਅੰਤਰੀਵ ਦੀ ਯਾਤਰਾ ਤੇ ਨਿਕਲਦਾ ਹਾਂ। ਮੈਂ ਤੋਂ ਮੈਂ ਤੀਕ ਦਾ ਸਫ਼ਰ, ਸੁਹਾਵਾ, ਸਹਿਜਮਈ, ਸੁਖ਼ਨਮਈ ਸਾਰਥਿਕ ਅਤੇ ਸੰਭਾਵਨਾਵਾਂ ਭਰਪੂਰ ਹੋਵੇ ਤਾਂ ਸੁਪਨਿਆਂ ਦਾ ਸੱਚ, ਸਮਿਆਂ ਦਾ ਦਸਤਾਵੇਜ਼ ਹੁੰਦਾ। ਅਜਿਹੇ ਦਸਤਾਵੇਜ਼ ਦੀ ਭਾਲ ਵਿਚ ਮੈਂ ਅਕਸਰ ਹੀ ਆਪਣੀ ਮੈਂ ਨਾਲ ਸੰਵਾਦ ਰਚਾਉਂਦਾ ਰਹਿੰਦਾ ਹਾਂ।ਕੀ ਤੁਸੀਂ ਵੀ ਕਦੇ ਆਪਣੀ ਮੈਂ ਨਾਲ ਸੰਵਾਦ ਰਚਾਇਆ ਹੈ?

ਬੇਭਰੋਸਗੀ

ਮੈਂ ਬਾਹਰ ਵੀ ਵਸਦਾ ਅਤੇ ਅੰਦਰਲੀ ਦੁਨੀਆਦਾਰੀ ਵਿਚ ਖ਼ੁਦ ਦੀ ਸੰਗਤਾ। ਰਿਸ਼ਤੇਦਾਰੀਆਂ ਦੀ ਕੜਵਾਹਟ ਅਤੇ ਸਬੰਧਾਂ ਵਿਚ ਪੈਦਾ ਹੋਈ ਬੇਭਰੋਸਗੀ ਦਾ ਸਬੱਬ ਵੀ। ਨੈਣਾਂ ਵਿਚ ਤੈਰਦੇ ਸੁਪਨਿਆਂ ਦਾ ਆਧਾਰ ਵੀ ਅਤੇ ਕਦੇ ਸੁਪਨਿਆਂ ਦੇ ਕਤਲ ਦਾ ਦੋਸ਼ੀ ਵੀ। ਕਦੇ ਸੁਪਨੇ ਵੀ ਉਣਦਾ ਪਰ ਕਦੇ ਇਨ੍ਹਾਂ ਦੀ ਉਧੇੜ-ਬੁਣ ਵਿਚ ਸਾਹਾਂ ਦੀ ਕੰਗਾਲੀ ਵੀ ਹੰਢਾਉਂਦਾ।

ਕਿਣਕੇ ਤੋਂ ਕਿਣਕੇ ਤੀਕ ਦਾ ਸਫ਼ਰ ਹੈ ਜ਼ਿੰਦਗੀ

ਮੈਂ ਸਮੁੱਚੀ ਕਾਨਿਤਾਤ ਦਾ ਕਿਣਕਾ ਵੀ ਨਹੀਂ। ਕੀ ਹੈ ਮੇਰੀ ਹਸਤੀ? ਮੈਂ ਕਿਵੇਂ ਚੌਗਿਰਦੇ ਨੂੰ ਪ੍ਰਭਾਵਤ ਕਰ ਸਕਦਾ? ਮੇਰੇ ਹਿੱਸੇ ਦਾ ਅਸਮਾਨ ਵੀ ਤਾਂ ਮੇਰਾ ਨਹੀਂ। ਮੇਰੇ ਹਿੱਸੇ ਤਾਂ ਸਾਢੇ ਤਿੰਨ ਹੱਥ ਜ਼ਮੀਨ ਹੀ ਆਵੇਗੀ। ਫਿਰ ਇਸ ਮਿੱਟੀ ਨੇ ਹਵਾ ਵਿਚ ਮਿਲ ਕੇ ਮਿੱਟੀ ਹੀ ਬਣ ਜਾਣਾ। ਕਾਹਦਾ ਹੰਕਾਰ? ਕਾਹਦਾ ਗ਼ਰੂਰ? ਕਿਉਂ ਫ਼ਤੂਰ? ਕਿਸ ਚੀਜ਼ ਦਾ ਸਰੂਰ? ਕੌਣ ਏ ਇਥੇ ਹਜ਼ੂਰ ਜਿਸਨੇ ਰਹਿਣੇ ਤਾਅ-ਕਾਇਨਾਤ ਵਿਚ ਜ਼ਰੂਰ? ਇਹ ਤਾਂ ਅਜਿਹਾ ਨੂਰ ਜੋ ਹਰ ਮਨੁੱਖ ਵਿਚ ਰੌਸ਼ਨੀ ਦਾ ਜਾਗ ਲਾਉਂਦਾ। ਜ਼ਿੰਦਗੀ ਤਾਂ ਕਿਣਕੇ ਤੋਂ ਕਿਣਕੇ ਤੀਕ ਦਾ ਸਫ਼ਰ ਅਤੇ ਇਸ ਸਫ਼ਰ ਵਿਚ ਵੀ ਜੇਕਰ ਅਸੀਂ ਸਿਰਫ਼ ਮੈਂ ਦਾ ਹੀ ਰਾਗ ਅਲਾਪਦੇ ਰਹੇ, ਖ਼ੁਦ ਨੂੰ ਨਿਹਾਰਦੇ ਰਹੇ ਅਤੇ ਖੁਦਦਾਰੀ ਨੂੰ ਨਾ ਵਿਸਾਰਦੇ ਰਹੇ ਜਾਂ ਆਪਣੀ ਹਾਊਮੈਂ ਨੂੰ ਨਾ ਨਕਾਰਦੇ ਰਹੇ ਤਾਂ ਇਹ ਸਫ਼ਰ ਵੀ ਸਿਰਫ਼ ਸਾਹਾਂ ਦੀ ਗਿਣਤੀ ਹੋਣਾ। ਜੇ ਸਾਹਾਂ ਦੀ ਸੌਗਾਤ ਨੂੰ ਮਨੁੱਖੀ ਸੌਗਾਤ ਤੇ ਸੁਗੰਧ ਦਾ ਸਿਰਨਾਵਾਂ ਬਣਾ ਲਵਾਂਗੇ ਤਾਂ ਹੀ ਮੈਂ ਨੇ ਮਨਫ਼ੀ ਹੋਣਾ। ਮੈਂ ਵਿੱਚੋਂ ਮੇਰਾ ਨਹੀਂ ਸਗੋਂ ਤੇਰਾ-ਤੇਰਾ ਦਾ ਨਾਦ ਗੂੰਜੇਗਾ।

- ਡਾ. ਗੁਰਬਖ਼ਸ਼ ਸਿੰਘ ਭੰਡਾਲ

Posted By: Harjinder Sodhi