ਦੇਸ਼ ਅੰਦਰ ਬੇਰੁਜ਼ਗਾਰੀ ਦਿਨੋ-ਦਿਨ ਵਧ ਰਹੀ ਹੈ। ਇਸੇ ਲਈ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਬਹੁਤ ਸਾਰੇ ਥੋੜ੍ਹੇ ਸਮੇਂ ਦੇ ਕੋਰਸ ਵੀ ਚਲਾਏ ਜਾ ਰਹੇ ਹਨ। ਦਸਵੀਂ ਪਾਸ ਕਰਨ ਤੋਂ ਬਾਅਦ ਕਈ ਵਾਰ ਬੱਚੇ ਸਹੀ ਕੌਂਸਲਿੰਗ ਨਾ ਮਿਲਣ ਕਾਰਨ ਅਗਲੀ ਪੜ੍ਹਾਈ ਸਹੀ ਤਰੀਕੇ ਨਾਲ ਨਹੀਂ ਕਰਦੇ। ਵੈਸੇ ਤਾਂ ਹੁਣ ਸਕੂਲ ਪੱਧਰ 'ਤੇ ਹੀ ਦਸਵੀਂ ਕਰ ਰਹੇ ਬੱਚਿਆਂ ਨੂੰ ਰੁਜ਼ਗਾਰ ਕੌਂਸਲਿੰਗ ਲਈ ਜਾਣਕਾਰੀ ਅਧਿਆਪਕਾਂ ਵੱਲੋਂ ਸਮੇਂ-ਸਮੇਂ ਸਿਰ ਦਿੱਤੀ ਜਾਂਦੀ ਹੈ, ਫਿਰ ਵੀ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਰੁਜ਼ਗਾਰ ਨੂੰ ਮੁੱਖ ਰੱਖ ਕੇ ਜੋ ਸਿੱਖਿਆ ਲੈਣ ਦੀ ਲੋੜ ਹੈ, ਉਸ ਦੀ ਗੱਲ ਕਰਨੀ ਬਣਦੀ ਹੈ। ਅਕਾਦਮਿਕ ਯੋਗਤਾ ਪ੍ਰਾਪਤ ਕਰ ਕੇ ਨੌਕਰੀ ਪ੍ਰਾਪਤ ਕਰਨ ਦੇ ਮੌਕੇ ਬਹੁਤ ਘੱਟ ਗਏ ਹਨ। ਇਸੇ ਕਰਕੇ ਕਿੱਤਾਮੁਖੀ ਸਿੱਖਿਆ ਦੇਣ ਲਈ ਇੰਡਸਟਰੀਅਲ ਟ੍ਰੇਨਿੰਗ ਸੰਸਥਾਵਾਂ ਤੇ ਬਹੁ-ਤਕਨੀਕੀ ਸੰਸਥਾਵਾਂ ਤੇਜ਼ੀ ਨਾਲ ਆਪਣਾ ਰੋਲ ਅਦਾ ਕਰ ਰਹੀਆਂ ਹਨ। ਇਨ੍ਹਾਂ ਸੰਸਥਾਵਾਂ ਵਿਚ ਦਸਵੀਂ ਤੋਂ ਬਾਅਦ ਬਹੁਤ ਸਾਰੇ ਕੋਰਸ ਕੀਤੇ ਜਾ ਸਕਦੇ ਹਨ ਜੋ ਰੁਜ਼ਗਾਰ ਦਾ ਸਾਧਨ ਬਣਦੇ ਹਨ।

ਆਈਟੀਆਈ ਕੋਰਸ

ਪਹਿਲਾਂ ਉਨ੍ਹਾਂ ਕੋਰਸਾਂ ਦੀ ਗੱਲ ਕੀਤੀ ਜਾਂਦੀ ਹੈ, ਜਿਹੜੇ ਆਈਟੀਆਈ ਵਿਚ ਦਸਵੀਂ ਪਾਸ ਕਰ ਕੇ ਕੀਤੇ ਜਾ ਸਕਦੇ ਹਨ। ਇਨ੍ਹਾਂ ਵਿਚ ਬਹੁਤੇ ਦੋ ਸਾਲ ਦੇ ਹਨ, ਜਿਵੇਂ ਮੋਟਰ ਮਕੈਨਿਕ, ਰੈਫਰੀਜਰੇਟਰ ਤੇ ਏਅਰ ਕੰਡੀਸ਼ਨਿੰਗ, ਮਕੈਨਿਸਟ, ਟਰਨਰ, ਰੇਡੀਓ ਟੀਵੀ ਮਕੈਨਿਕ, ਸਰਵੇਅਰ, ਡਰਾਫਟਸਮੈਨ ਸਿਵਲ, ਡਰਾਫਟਮੈਨ ਮਕੈਨੀਕਲ, ਫਿਟਰ, ਪਲੰਬਰ, ਡਿਲੈਕਟ੍ਰੀਸ਼ਨ, ਡੀਜ਼ਲ ਮਕੈਨਿਕ।

ਇਕ ਸਾਲਾ ਕੋਰਸ

ਇਨਾਂ ਤੋਂ ਇਲਾਵਾ ਇਕ ਸਾਲ ਦੇ ਕੋਰਸ ਕਟਿੰਗ ਟੇਲਰਿੰਗ, ਸਟੈਨੋ ਅੰਗਰੇਜ਼ੀ ਅਤੇ ਪੰਜਾਬੀ, ਵੈਲਡਰ, ਕੰਪਿਊਟਰ ਹਾਰਡਵੇਅਰ, ਕਾਰਪੇਂਟਰ ਅਤੇ ਟਰੈਕਟਰ ਮਕੈਨਿਕ ਆਦਿ ਹਨ। ਇਨ੍ਹਾਂ ਕੋਰਸਾਂ 'ਤੇ ਖ਼ਰਚਾ ਵੀ ਘੱਟ ਆਉਂਦਾ ਹੈ ਅਤੇ ਸਿਖਿਆਰਥੀ ਆਪਣੇ ਪੈਰਾਂ 'ਤੇ ਖੜ੍ਹਨਯੋਗ ਵੀ ਹੋ ਜਾਂਦਾ ਹੈ।

ਦਾਖ਼ਲਾ

ਇਨ੍ਹਾਂ ਕੋਰਸਾਂ ਦੇ ਦਾਖ਼ਲਿਆਂ ਲਈ ਜੂਨ ਮਹੀਨੇ ਵਿਭਾਗ ਵੱਲੋਂ ਵੱਖ-ਵੱਖ ਅਖ਼ਬਾਰਾਂ 'ਚ ਇਸ਼ਤਿਹਾਰ ਪ੍ਰਕਾਸ਼ਿਤ ਕਰਵਾਏ ਜਾਂਦੇ ਹਨ। ਦਾਖ਼ਲੇ ਦਸਵੀਂ ਦੇ ਅੰਕਾਂ ਦੇ ਆਧਾਰ 'ਤੇ ਸਰਕਾਰੀ ਨਿਯਮਾਂ ਅਨੁਸਾਰ ਕੀਤੇ ਜਾਂਦੇ ਹਨ। ਪੰਜਾਬ ਅੰਦਰ ਪਿਛਲੇ ਸਮੇਂ ਤੋਂ ਬਹੁਤ ਸਾਰੀਆਂ ਪ੍ਰਾਈਵੇਟ ਸੰਸਥਾਵਾਂ, ਜੋ ਸਰਕਾਰ ਤੋਂ ਮਾਨਤਾ ਪ੍ਰਾਪਤ ਹਨ, ਵੀ ਇਹ ਕੋਰਸ ਕਰਵਾ ਰਹੀਆਂ ਹਨ।

ਉਕਤ ਸਾਰੇ ਕੋਰਸ ਵੱਖ-ਵੱਖ ਸੰਸਥਾਵਾਂ ਵਿਚ ਵੱਖਰੇ-ਵੱਖਰੇ ਹੋ ਸਕਦੇ ਹਨ। ਸੀਟਾਂ ਦੀ ਗਿਣਤੀ ਵੀ ਵੱਖ-ਵੱਖ ਸੰਸਥਾਵਾਂ 'ਚ ਵੱਖ-ਵੱਖ ਹੋ ਸਕਦੀ ਹੈ। ਦਾਖ਼ਲਾ ਲੈਣ ਦੇ ਚਾਹਵਾਨ ਨੇੜਲੀ ਸੰਸਥਾ ਨਾਲ ਸੰਪਰਕ ਕਰ ਕੇ ਪਹਿਲਾਂ ਹੀ ਆਪਣੇ ਪਸੰਦੀਦਾ ਕੋਰਸ ਬਾਰੇ ਜਾਣਕਾਰੀ ਲੈ ਕੇ ਰੱਖਣ ਤਾਂ ਜੋ ਦਾਖ਼ਲਾ ਲੈਣ ਸਮੇਂ ਪਰੇਸ਼ਾਨੀ ਨਾ ਆਵੇ।

ਜੇਈਟੀ

ਇਸੇ ਤਰ੍ਹਾਂ ਦਸਵੀਂ ਤੋਂ ਬਾਅਦ ਬਹੁ-ਤਕਨੀਕੀ ਸੰਸਥਾਵਾਂ 'ਚ ਦਾਖ਼ਲਾ ਲੈਣ ਲਈ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਅਤੇ ਇੰਡਸਟਰੀਅਲ ਟ੍ਰੇਨਿੰਗ ਵੱਲੋਂ ਜਾਇੰਟ ਐਂਟਰੈਂਸ ਟੈਸਟ (ਜੇਈਟੀ) ਅਪ੍ਰੈਲ/ਮਈ/ਜੂਨ ਮਹੀਨੇ ਵਿਚ ਹਰ ਸਾਲ ਲਿਆ ਜਾਂਦਾ ਹੈ। ਇਹ ਦਾਖ਼ਲੇ ਜੇਈਟੀ ਦੇ ਟੈਸਟ ਦੀ ਮੈਰਿਟ ਅਨੁਸਾਰ ਕੀਤੇ ਜਾਂਦੇ ਹਨ। ਇਹ ਕੋਰਸ ਜ਼ਿਆਦਾਤਰ ਤਿੰਨ ਸਾਲ ਦੇ ਹੁੰਦੇ ਹਨ, ਜਿਵੇਂ ਇਲੈਕਟ੍ਰੀਕਲ ਇੰਜੀਨੀਅਰਿੰਗ, ਸਿਵਲ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ, ਪ੍ਰੋਡਕਸ਼ਨ ਇੰਜੀਨੀਅਰਿੰਗ, ਕੰਪਿਊਟਰ ਇੰਜੀਨੀਅਰਿੰਗ, ਇਨਫਰਮੇਸ਼ਨ ਤਕਨਾਲੋਜੀ, ਇਲੈਕਟ੍ਰਾਨਿਕ ਕਮਿਊਨੀਕੇਸ਼ਨ, ਇਲੈਕਟ੍ਰਾਨਿਕ ਟੈਲੀ ਕਮਿਊਨੀਕੇਸ਼ਨ ਇੰਜੀਨੀਅਰਿੰਗ, ਫੈਸ਼ਨ ਡਿਜ਼ਾਈਨ, ਗਾਰਮੈਂਟ, ਲੈਦਰ ਤਕਨਾਲੋਜੀ, ਮਾਡਰਨ ਆਫਿਸ ਪ੍ਰੈਕਟਿਸ, ਲਾਇਬ੍ਰੇਰੀ ਅਤੇ ਇਨਫਰਮੇਸ਼ਨ ਸਾਇੰਸ, ਮੈਡੀਕਲ ਲੈਬ ਤਕਨਾਲੋਜੀ, ਟੈਕਸਟਾਈਲ ਡਿਜ਼ਾਈਨ, ਟੈਕਸਟਾਈਲ ਤਕਨਾਲੋਜੀ, ਕੈਮੀਕਲ ਇੰਜੀਨੀਅਰਿੰਗ, ਪਲਾਸਟਿਕ ਤਕਨਾਲੋਜੀ, ਆਟੋਮੋਬਾਈਲ ਇੰਜੀਨੀਅਰਿੰਗ ਆਦਿ।

ਦਸਵੀਂ ਤੋਂ ਬਾਅਦ ਚਾਰ ਸਾਲ ਦਾ ਕੋਰਸ ਮਕੈਨੀਕਲ ਇੰਜੀਨੀਅਰਿੰਗ ਟੂਲ ਤੇ ਡਾਈ ਤਕਨਾਲੋਜੀ ਦਾ ਵੀ ਹੈ। ਇਨ੍ਹਾਂ ਕੋਰਸਾਂ ਵਿਚ 10+2 ਵੋਕੇਸ਼ਨ ਪਾਸ ਜਾਂ ਆਈਟੀਆਈ ਪਾਸ ਲੇਟਰਲ ਐਂਟਰੀ ਰਾਹੀਂ ਡਿਗਰੀ ਕੋਰਸ ਦੇ ਦੂਜੇ ਸਾਲ ਵਿਚ ਦਾਖ਼ਲਾ ਲਿਆ ਜਾ ਸਕਦਾ ਹੈ। ਕਲਾ ਨਾਲ ਰੁਚੀ ਰੱਖਣ ਵਾਲੇ ਬੱਚੇ ਦਸਵੀਂ ਤੋਂ ਬਾਅਦ ਦੋ ਸਾਲਾ ਆਰਟ ਐਂਡ ਕ੍ਰਾਫਟ ਟੀਚਰਜ਼ ਟ੍ਰੇਨਿੰਗ ਕੋਰਸ ਦਾ ਡਿਪਲੋਮਾ ਕਰ ਕੇ ਅਧਿਆਪਕ ਬਣਨ ਦੀ ਆਪਣੀ ਯੋਗਤਾ ਪ੍ਰਾਪਤ ਕਰ ਸਕਦੇ ਹਨ। ਇਸ ਕੋਰਸ 'ਚ ਦਾਖ਼ਲਾ ਲੈਣ ਲਈ ਪੰਜਾਬ ਵਿਚ ਨਾਭਾ, ਅੰਮ੍ਰਿਤਸਰ ਤੇ ਹੁਸ਼ਿਆਰਪੁਰ ਵਿਖੇ ਸਰਕਾਰੀ ਸੰਸਥਾਵਾਂ ਹਨ। ਇਸ ਤੋਂ ਇਲਾਵਾ ਬਹੁਤ ਸਾਰੀਆਂ ਪ੍ਰਾਈਵੇਟ ਸੰਸਥਾਵਾਂ ਵੀ ਹਨ।

ਛੇ ਸਾਲਾ ਕੋਰਸ

ਦਸਵੀਂ ਤੋਂ ਬਾਅਦ ਛੇ ਸਾਲਾ ਬੀਐੱਸਸੀ ਖੇਤੀਬਾੜੀ ਜਾਂ ਹੋਮ ਸਾਇੰਸ ਕੋਰਸ 'ਚ ਦਾਖ਼ਲਾ ਲਿਆ ਜਾ ਸਕਦਾ ਹੈ। ਇਨ੍ਹਾਂ ਕੋਰਸਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਵੈੱਬਸਾਈਟ ਤੋਂ ਲਈ ਜਾ ਸਕਦੀ ਹੈ। ਜੇ ਬੱਚੇ ਇਨ੍ਹਾਂ ਸਾਰੇ ਕੋਰਸਾਂ ਦਾ ਗਿਆਨ/ਜਾਣਕਾਰੀ ਰੱਖਦੇ ਹੋਣਗੇ ਤਾਂ ਉਹ ਆਪਣੀ ਰੁਚੀ/ਕਾਬਲੀਅਤ ਮੁਤਾਬਕ ਸਹੀ ਕੋਰਸ ਦੀ ਚੋਣ ਕਰ ਸਕਦੇ ਹਨ, ਜਿਸ ਨਾਲ ਉਨ੍ਹਾਂ ਦਾ ਭਵਿੱਖ ਵਧੀਆ ਬਣ ਸਕੇਗਾ।

ਮੇਜਰ ਸਿੰਘ ਨਾਭਾ

94635-53962

Posted By: Harjinder Sodhi