ਤੁਸੀਂ ਜ਼ਿੰਦਗੀ ਵਿਚ ਕਿੰਨੇ ਵੀ ਕਾਮਯਾਬ ਕਿਉਂ ਨਾ ਹੋ ਜਾਵੋ ਜੇਕਰ ਤੁਹਾਡੇ ਆਪਣੇ ਤੁਹਾਡੇ ਨਾਲ ਨਹੀਂ ਤਾਂ ਤੁਸੀਂ ਸਭ ਕੁਝ ਹੁੰਦਿਆਂ ਹੋਇਆਂ ਵੀ ਖ਼ਾਲੀ ਹੋ। ਪਰਿਵਾਰ, ਰਿਸ਼ਤੇ ਨਾਤੇ, ਦੋਸਤ ਜ਼ਿੰਦਗੀ ਦੇ ਸਭ ਤੋਂ ਅਹਿਮ ਹਿੱਸੇ ਹਨ। ਨਾਮ, ਪੈਸਾ ਸ਼ੋਹਰਤ ਭਾਵੇਂ ਤੁਹਾਡੇ ਆਲੇ ਦੁਆਲੇ ਲੱਖਾਂ ਲੋਕਾਂ ਦੀ ਭੀੜ ਕਿਉਂ ਨਾ ਜਮ੍ਹਾਂ ਕਰਦੀ ਹੋਵੇ, ਹਜ਼ਾਰਾਂ ਲੋਕ ਭਾਵੇਂ ਤੁਹਾਡੇ ਨਾਲ ਗੱਲ ਕਰਨ ਜਾਂ ਫੋਟੋ ਕਰਵਾਉਣ ਨੂੰ ਤਰਸਦੇ ਹੋਣ, ਪਰ ਜੋ ਸਕੂਨ ਆਪਣਿਆਂ ਨਾਲ, ਪਰਿਵਾਰ ਨਾਲ, ਦੋਸਤਾਂ ਨਾਲ ਮਿਲਦਾ ਹੈ, ਉਹ ਹੋਰ ਕਿਧਰੇ ਨਹੀਂ ਮਿਲਦਾ। ਮੈਂ ਕਈ ਵਾਰ ਦੇਖ ਕੇ ਹੈਰਾਨ ਹੁੰਦੀ ਹਾਂ ਕਿ ਪੰਛੀਆਂ ਨੂੰ ਵੀ ਸਮਝ ਹੈ ਕਿ ਉਨ੍ਹਾਂ ਲਈ ਪਰਿਵਾਰ ਕਿੰਨਾ ਜ਼ਰੂਰੀ ਹੈ, ਤਰਕਾਲਾਂ ਪੈਂਦਿਆਂ ਹੀ, ਪੰਛੀਆਂ ਦੀਆਂ ਡਾਰਾਂ ਆਪਣੇ ਘਰਾਂ ਵੱਲ ਨੂੰ ਕੂਚ ਕਰਦੀਆਂ ਨੇ। ਪਰ ਮਨੁੱਖੀ ਰਿਸ਼ਤੇ ਬਹੁਤ ਨਾਜ਼ੁਕ ਹੁੰਦੇ ਹਨ, ਇਕ ਵਾਰ ਰਿਸ਼ਤਿਆਂ ਵਿਚ ਦਰਾੜ ਆ ਜਾਵੇ ਤਾਂ ਭਰਨੀ ਔਖੀ ਹੋ ਜਾਂਦੀ ਹੈ। ਪਰ ਕਦੇ ਸੋਚਿਆ ਕਿ ਇਨ੍ਹਾਂ ਤਰੇੜਾਂ ਦੇ ਆਉਣ ਦਾ ਅਸਲ ਕਾਰਣ ਕੀ ਹੁੰਦਾ, ਉਹ ਹੈ ਵਿਸ਼ਵਾਸ ਦਾ ਟੁੱਟਣਾ। ਕੱਲ੍ਹ ਤਕ ਇਕ ਪਿਤਾ ਤੇ ਭਰਾ ਨੂੰ ਆਪਣੀ ਧੀ ’ਤੇ ਵਿਸ਼ਵਾਸ ਸੀ ਕਿ ਉਹ ਸਕੂਲ, ਕਾਲਜ ਸਿਰਫ਼ ਪੜ੍ਹਾਈ ਲਈ ਜਾ ਰਹੀ ਹੈ, ਅੱਜ ਕੋਈ ਨਾ ਹਜ਼ਮ ਹੋਣ ਵਾਲੀ ਗੱਲ ਪਤਾ ਚੱਲ ਗਈ ਤਾਂ ਉਨ੍ਹਾਂ ਦੇ ਰਿਸ਼ਤੇ ਵਿਚ ਦਰਾੜ ਆਉਣੀ ਸੁਭਾਵਿਕ ਹੈ, ਕਿਉਂਕਿ ਕਿ ਸੱਟ ਵਿਸ਼ਵਾਸ ’ਤੇ ਲੱਗੀ ਸੀ। ਕੱਲ੍ਹ ਤਕ ਇਕ ਪਤਨੀ ਜਾਂ ਪਤੀ ਨੂੰ ਇਕ ਦੂਸਰੇ ’ਤੇ ਭਰੋਸਾ ਸੀ ਕਿ ਉਹ ਇਕ ਦੂਸਰੇ ਪ੍ਰਤੀ ਵਫ਼ਾਦਾਰ ਹਨ, ਪਰ ਦੋਨਾਂ ਵਿੱਚੋਂ ਇਕ ਨੂੰ ਕੁਝ ਅਣਸੁਖਾਵੀਂ ਗੱਲ ਪਤਾ ਲੱਗਦੀ ਹੈ ਤਾਂ ਰਿਸ਼ਤੇ ਦਾ ਤਿੜਕਣਾ ਸੁਭਾਵਿਕ ਹੈ ਕਿਉਂਕਿ ਰਿਸ਼ਤੇ ਦੀ ਬੁਨਿਆਦ ਵਿਸ਼ਵਾਸ ਡਗਮਗਾ ਗਿਆ। ਇਕ ਆਖ਼ਰੀ ਉਦਾਹਰਣ ਰੱਖਾਂਗੀ ਕਿ ਕੱਲ੍ਹ ਤਕ ਇਕ ਦਫ਼ਤਰ ਦੇ ਮਾਲਕ ਨੂੰ ਆਪਣੇ ਕਰਮਚਾਰੀ ਉੱਪਰ ਪੂਰਾ ਵਿਸ਼ਵਾਸ ਸੀ ਕਿ ਉਹ ਇਮਾਨਦਾਰ ਹੈ, ਪਰ ਅੱਜ ਉਸਨੂੰ ਚੋਰੀ ਕਰਦਿਆਂ ਫੜ ਲਿਆ ਗਿਆ, ਵਿਸ਼ਵਾਸ ਦਾ ਤਿੜਕਣਾ ਜਾਇਜ਼ ਹੈ। ਸੋ ਜਿੰਨੀਆਂ ਵੀ ਉਦਹਾਰਣਾਂ ਦਿੱਤੀਆਂ ਹਰ ਰਿਸ਼ਤੇ ਵਿਚ ਸੱਟ ਵਿਸ਼ਵਾਸ ਨੂੰ ਲੱਗਦੀ ਹੈ। ਵਿਸ਼ਵਾਸ ਟੁੱਟਿਆ ਤਾਂ ਰਿਸ਼ਤਾ ਟੁੱਟਿਆ, ਰਿਸ਼ਤਾ ਟੁੱਟਿਆ ਤਾਂ ਅਸੀਂ ਉਸ ਇਨਸਾਨ ਨੂੰ ਗਵਾ ਦਿੱਤਾ ਜੋ ਕਦੇ ਸਾਡੇ ਬਹੁਤ ਨਜ਼ਦੀਕ ਸੀ। ਕਹਿਣ ਤੋਂ ਭਾਵ ਕਿ ਹਰ ਚੀਜ਼ ਵਿਸ਼ਵਾਸ ਉੱਪਰ ਟਿਕੀ ਹੈ। ਪਰਮਾਤਮਾ ਦੇ ਆਮ ਲੋਕਾਂ ਨੇ ਦਰਸ਼ਨ ਨਹੀਂ ਕੀਤੇ, ਪਰ ਵਿਸ਼ਵਾਸ ਹੈ ਕਿ ਰੱਬ ਹੈ। ਬਸ ਇਸੇ ਆਸ ਉੱਪਰ ਹਰ ਰੋਜ਼ ਮੰਦਰ, ਮਸਜਿਦਾਂ, ਗੁਰਦੁਆਰਿਆਂ ਵਿਚ ਰੱਬ ਦਾ ਗੁਣਗਾਨ ਹੁੰਦਾ ਰਹਿੰਦਾ ਹੈ।

ਹੁਣ ਇੱਥੇ ਮੈਂ ਦੋ ਸਥਿਤੀਆਂ ਹੋਰ ਵਿਚਾਰਨਾ ਚਾਹਾਂਗੀ ਇਕ ਤਾਂ ਉਸ ਇਨਸਾਨ ਦੀ ਮਨੋਦਸ਼ਾ ਜੋ ਵਿਸ਼ਵਾਸਘਾਤ ਕਰਦਾ ਹੈ ਅਤੇ ਦੂਸਰੀ ਉਸਦੀ ਜਿਸਦਾ ਵਿਸ਼ਵਾਸ ਟੁੱਟਦਾ ਹੈ।

ਜੋ ਇਨਸਾਨ ਕਿਸੇ ਨਾਲ ਵਿਸ਼ਵਾਸਘਾਤ ਕਰਦਾ ਹੈ, ਅਸਲ ਵਿਚ ਉਸਨੂੰ ਲੱਗਦਾ ਹੈ ਕਿ ਉਹ ਬਹੁਤ ਚਲਾਕ ਹੈ, ਉਹ ਕਿਸੇ ਆਪਣੇ ਨਾਲ ਇਕ ਵਾਰ ਫਰੇਬ ਕਰਨ ਵਿਚ ਕਾਮਯਾਬ ਹੋ ਜਾਂਦਾ ਹੈ ਤਾਂ ਉਸਨੂੰ ਲੱਗਦਾ ਹੈ ਕਿ ਸਾਹਮਣੇ ਵਾਲੇ ਇਨਸਾਨ ਮੂਰਖ ਹਨ, ਉਸਨੂੰ ਝੂਠ ਬੋਲਣਾ ਬਾਖ਼ੂਬੀ ਆਉਂਦਾ ਹੁੰਦਾ ਹੈ ਅਤੇ ਝੂਠ, ਫਰੇਬ ਦਾ ਸਹਾਰਾ ਲੈ ਉਹ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦਾ ਰਹਿੰਦਾ ਹੈ। ਜੇਕਰ ਗੱਲ ਕਰੀਏ ਉਸ ਮਨੁੱਖ ਦੀ ਮਨੋਦਸ਼ਾ ਦੀ ਜਿਸ ਨਾਲ ਧੋਖਾ ਹੁੰਦਾ ਹੈ ਤਾਂ ਕਈ ਵਾਰ ਮਨੁੱਖ ਅਜਿਹੇ ਹਾਦਸਿਆਂ ਤੋਂ ਬਹੁਤ ਬੁਰੀ ਤਰ੍ਹਾਂ ਬਿਖਰ ਜਾਂਦਾ ਹੈ, ਜਦੋਂ ਵੀ ਕਿਸੇ ਆਪਣੇ ਵੱਲੋਂ ਕੀਤਾ ਵਿਸ਼ਵਾਸਘਾਤ ਯਾਦ ਆਉਂਦਾ ਤਾਂ ਰਾਤਾਂ ਨੂੰ ਸੁੱਤਾ ਪਿਆ ਵੀ ਉੱਭੜਵਾਹੇ ਉੱਠ ਪੈਂਦਾ ਹੈ। ਕਈ ਵਾਰ ਮਨੁੱਖ ਉੱਪਰ ਅਜਿਹਾ ਅਸਰ ਹੁੰਦਾ ਹੈ ਕਿ ਕਿਸੇ ਦੂਸਰੇ ਬੰਦੇ ਉੱਪਰ ਵੀ ਯਕੀਨ ਕਰਨ ਤੋਂ ਮੁਨਕਰ ਹੋ ਜਾਂਦਾ ਹੈ। ਕਿਸੇ ਇਕ ਦੀ ਮੂਰਖਤਾ ਦਾ ਅਸਰ ਬਹੁਤ ਸਾਰੇ ਜੀਆਂ ’ਤੇ ਪੈਂਦਾ ਹੈ। ਬਹੁਤ ਸਾਰੇ ਰਿਸ਼ਤੇ ਟੁੱਟ ਜਾਂਦੇ ਹਨ। ਕਈ ਟੁੱਟਣ ਤੋਂ ਬਾਅਦ ਜੁੜ ਵੀ ਜਾਂਦੇ ਹਨ, ਪਰ ਵਿਚ ਪਈ ਗੰਢ ਹਮੇਸ਼ਾ ਰੜਕਦੀ ਰਹਿੰਦੀ ਹੈ।

ਰਿਸ਼ਤਿਆਂ ਦੀ ਸਾਡੀ ਜ਼ਿੰਦਗੀ ਵਿਚ ਬਹੁਤ ਵੱਡੀ ਅਹਿਮੀਅਤ ਹੈ, ਜੋ ਦੁੱਖ-ਸੁੱਖ ਅਸੀਂ ਆਪਣਿਆਂ ਨਾਲ ਫਰੋਲ ਲੈਂਦੇ ਹਾਂ ਉਹ ਕਿਸੇ ਹੋਰ ਨਾਲ ਸਾਂਝਾ ਨਹੀਂ ਕਰ ਸਕਦੇ। ਰਿਸ਼ਤਿਆਂ ਨੂੰ ਬਚਾ ਕੇ ਰੱਖੋ ਬਿਲਕੁਲ ਉਵੇਂ ਹੀ ਜਿਵੇਂ ਕੱਚ ਦੇ ਸਾਮਾਨ ਨੂੰ ਸੰਭਾਲ-ਸੰਭਾਲ ਰੱਖੀਦਾ ਹੈ। ਵਿਸ਼ਵਾਸ ਰਿਸ਼ਤਿਆਂ ਦੀ ਬੁਨਿਆਦ ਹੈ, ਇਕ ਵਾਰ ਟੁੱਟਣ ’ਤੇ ਮੁੜ ਜੁੜਦਾ ਨਹੀਂ ਹੈ, ਕਦੇ ਅਜਿਹਾ ਕੰਮ ਨਾ ਕਰੋ ਜਿਸ ਨਾਲ ਆਪਣਿਆਂ ਤੋਂ ਦੂਰ ਹੋਣਾ ਪਵੇ। ਸਦਾ ਸਪਸ਼ਟ, ਵਫ਼ਾਦਾਰ, ਇਮਾਨਦਾਰ ਅਤੇ ਪਾਰਦਰਸ਼ੀ ਰਹੋ, ਜੇ ਇਹ ਗੁਣ ਆਪ ਅਪਣਾਓਗੇ ਤਾਂ ਯਕੀਨ ਮੰਨਣਾ ਤੁਸੀਂ ਕਦੇ ਵਿਸ਼ਵਾਸ਼ਘਾਤੀਆਂ ਦੀ ਕਤਾਰ ਵਿਚ ਖੜ੍ਹੇ ਨਹੀਂ ਹੋਵੋਗੇ।

- ਹਰਕੀਰਤ ਕੌਰ

Posted By: Harjinder Sodhi