ਖ਼ੁਸ਼ੀਆਂ ਦੇਣਾ ਅਤੇ ਦੂਸਰਿਆਂ ਨੂੰ ਜਾਂ ਸਾਰਿਆਂ ਨੂੰ ਖ਼ੁਸ਼ ਕਰਨਾ ਅਲੱਗ-ਅਲੱਗ ਵਿਸ਼ੇ ਹਨ। ਜਦੋਂ ਅਸੀਂ ਖ਼ੁਸ਼ੀਆਂ ਵੰਡਦੇ ਹਾਂ ਤਾਂ ਖ਼ੁਸ਼ ਹੁੰਦੇ ਹਾਂ ਪਰ ਜਦੋਂ ਅਸੀਂ ਖ਼ੁਸ਼ ਕਰਨ ਲੱਗਦੇ ਹਾਂ ਤਾਂ ਆਪ ਦੁੱਖੀ ਹੋ ਜਾਂਦੇ ਹਾਂ। ਸਿਆਣੇ ਕਹਿੰਦੇ ਹਨ,“ਦਾਤੀ ਦੇ ਇੱਕ ਬੰਨੇ ਦੰਦੇ ਹੁੰਦੇ ਹਨ, ਦੁਨੀਆ ਦੇ ਦੋਨੋਂ ਪਾਸੇ।’’ ਅਸਲ ਵਿੱਚ ਹਰ ਕਿਸੇ ਦਾ ਆਪਣਾ-ਆਪਣਾ ਸੁਭਾਅ ਅਤੇ ਆਦਤਾਂ ਹੁੰਦੀਆਂ ਹਨ। ਕਈ ਛੋਟੀਆਂ-ਛੋਟੀਆਂ ਗੱਲਾਂ ਤੇ ਚੀਜ਼ਾਂ ਵਿੱਚੋਂ ਖ਼ੁਸ਼ੀਆਂ ਲੱਭ ਲੈਂਦੇ ਹਨ ਅਤੇ ਖ਼ੁਸ਼ ਹੋ ਜਾਂਦੇ ਹਨ ਪਰ ਕਈਆਂ ਨੂੰ ਖ਼ੁਸ਼ ਕਰਨਾ ਬਹੁਤ ਔਖਾ ਹੁੰਦਾ ਹੈ।
ਅਸਲ ਵਿੱਚ ਹਰ ਕਿਸੇ ਦੇ ਖ਼ੁਸ਼ ਹੋਣ ਦੇ ਕਾਰਨ ਵੀ ਅਲੱਗ-ਅਲੱਗ ਹੁੰਦੇ ਹਨ। ਚਾਣਕਿਆ ਨੇ ਲਿਖਿਆ ਹੈ,“ਪੁਜਾਰੀ ਭੋਜਨ ਨਾਲ ਖ਼ੁਸ਼ ਹੁੰਦੇ ਹਨ। ਨੇਕ ਬੰਦੇ ਦੂਸਰਿਆਂ ਦੀ ਖ਼ੁਸ਼ੀ ਨੂੰ ਵੇਖ ਕੇ ਖ਼ੁਸ਼ ਹੁੰਦੇ ਹਨ। ਮਾੜਾ ਬੰਦਾ ਦੂਸਰੇ ਨੂੰ ਬਿਪਤਾ ਵਿੱਚ ਫਸੇ ਦੇਖ ਕੇ ਖ਼ੁਸ਼ ਹੁੰਦਾ ਹੈ।’’ ਇਸ ਕਰਕੇ ਕਿਸੇ ਨੂੰ ਅਸੀਂ ਖ਼ੁਸ਼ ਨਹੀਂ ਕਰ ਸਕਦੇ। ਖ਼ੁਸ਼ ਹੋਣਾ ਜਾਂ ਰਹਿਣਾ ਹਰ ਕਿਸੇ ਦੇ ਆਪਣੇ ’ਤੇ ਨਿਰਭਰ ਕਰਦਾ ਹੈ। ਆਪਣੇ ਵੱਲੋਂ ਖ਼ੁਸ਼ੀਆਂ ਵੰਡੋ ਪਰ ਇਹ ਆਸ ਨਾ ਕਰੋ ਕਿ ਸਾਰੇ ਖ਼ੁਸ਼ ਹੋ ਜਾਣਗੇ।

ਅਸੀਂ ਆਮ ਹੀ ਵੇਖਿਆ ਹੈ ਕਿ ਜਿਸਦੀ ਤੁਸੀਂ ਬਹੁਤੀ ਫ਼ਿਕਰ ਕਰਦੇ ਹੋ, ਧਿਆਨ ਰੱਖਦੇ ਹੋ,ਉਸ ਨੂੰ ਵਧੇਰੇ ਖ਼ੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਹੋ,ਉਹ ਹੀ ਖ਼ੁਸ਼ ਨਹੀਂ ਹੁੰਦਾ। ਜਦੋਂ ਉਹ ਮੂੰਹ ਖੋਲ੍ਹਦਾ ਹੈ ਤਾਂ ਅਜਿਹੀ ਗੱਲ ਕਹੇਗਾ ਕਿ ਦਿਲ ਦੁੱਖੀ ਹੋ ਜਾਂਦਾ ਹੈ। ਜੇ ਮਾਪਿਆਂ ਦੀ ਗੱਲ ਕਰੀਏ ਤਾਂ ਤਕਰੀਬਨ ਸਾਰੇ ਆਪਣੇ ਬੱਚਿਆਂ ਲਈ ਸਾਰੀ ਜ਼ਿੰਦਗੀ ਲਗਾ ਦਿੰਦੇ ਹਨ। ਪਰ ਔਲਾਦ ਜਦੋਂ ਇਹ ਕਹਿਣ ਲੱਗੇ ਕਿ ‘ਤੁਸੀਂ ਮੇਰੇ ਲਈ ਕੀ ਕੀਤਾ’ ਤਾਂ ਮਾਪਿਆਂ ਨੂੰ ਜੋ ਤਕਲੀਫ਼ ਹੁੰਦੀ ਹੈ,ਉਹ ਹੀ ਜਾਣਦੇ ਹਨ। ਅਸਲ ਵਿੱਚ ਅਜਿਹੀ ਔਲਾਦ ਨੂੰ ਇਹ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਜੋ ਕੀਤਾ ਸੋ ਕੀਤਾ, ਤੂੰ ਦੱਸ ਤੂੰ ਆਪਣੇ ਮਾਪਿਆਂ ਲਈ ਕੀ ਕੀਤਾ।
ਜਦੋਂ ਅਜਿਹੇ ਹਾਲਾਤ ਬਣ ਜਾਣ ਤਾਂ ਮਾਪਿਆਂ ਨੂੰ ਲੱਗਦਾ ਹੈ ਕਿ ਇੰਨਾ ਕੁੱਝ ਕਰਨ ਤੇ ਇਹ ਸੁਣਨਾ ਪੈ ਰਿਹਾ ਹੈ, ਜੇਕਰ ਹੁਣ ਵੀ ਇਸ ਲਈ ਕੁੱਝ ਕੀਤਾ ਤਾਂ ਕਿਹੜਾ ਖ਼ੁਸ਼ ਹੋਣਾ ਹੈ ਇਸ ਨੇ। ਸਿਆਣਿਆਂ ਨੇ ਠੀਕ ਹੀ ਕਿਹਾ ਹੈ, “ਬੱਕਰੇ ਦੀ ਜਾਨ ਗਈ,ਖਾਣ ਵਾਲੇ ਨੂੰ ਸਵਾਦ ਹੀ ਨਹੀਂ ਆਇਆ’’। ਇੱਥੇ ਸਿਆਣੇ ਮਾਪੇ ਆਪਣੇ ਬਣਦੇ ਫ਼ਰਜ਼ ਪੂਰੇ ਕਰਨ ਲੱਗਦੇ ਹਨ, ਔਲਾਦ ਨੂੰ ਖ਼ੁਸ਼ ਕਰਨ ਲਈ ਕੰਮ ਕਰਨਾ ਬੰਦ ਕਰ ਦਿੰਦੇ ਹਨ। ਮੇਰਾ ਖ਼ਿਆਲ ਹੈ ਇਹ ਬਹੁਤ ਵਧੀਆ ਕਦਮ ਹੈ।
ਅਸੀਂ ਆਪਣੇ ਆਪ ਨੂੰ ਦੁੱਖੀ ਕਰਦੇ ਹਾਂ ਕਿ ਫਲਾਣਾ ਸਾਡੇ ਤੋਂ ਖ਼ੁਸ਼ ਨਹੀਂ, ਉਹ ਰਿਸ਼ਤੇਦਾਰ ਘੁੱਟਿਆ ਵੱਟਿਆ ਹੈ। ਹਕੀਕਤ ਇਹ ਹੈ ਕਿ ਜਿਸ ਨੇ ਤੁਹਾਡੇ ਨਾਲ ਖ਼ੁਸ਼ ਰਹਿਣਾ ਹੈ ਉਹ ਹਰ ਤਰ੍ਹਾਂ ਅਤੇ ਹਰ ਹਾਲਾਤ ਵਿੱਚ ਖ਼ੁਸ਼ ਰਹੇਗਾ। ਜਿਸ ਨੇ ਖ਼ੁਸ਼ ਨਹੀਂ ਹੋਣਾ, ਉਹ ਕਦੇ ਵੀ ਖ਼ੁਸ਼ ਨਹੀਂ ਹੋਏਗਾ। ਸਿਆਣਿਆਂ ਨੇ ਅਜਿਹੇ ਲੋਕਾਂ ਲਈ ਸ਼ਾਇਦ ਕਿਹਾ ਹੈ,“ਮੈਂ ਤੇਰੇ ਘਰ ਨਹੀਂ ਵਸਣਾ, ਰੋਟੀ ਖਾਂਦਿਆਂ ਤੇਰੀ ਦਾੜੀ ਹਿਲਦੀ ਹੈ।’’ ਇਹ ਉਹ ਲੋਕ ਨੇ ਜਿਨ੍ਹਾਂ ਨੇ ਨੁਕਸ ਕੱਢਣਾ ਹੀ ਹੁੰਦਾ ਹੈ। ਜਦੋਂ ਅਜਿਹੇ ਲੋਕਾਂ ਦੀ ਅਸੀਂ ਪਰਵਾਹ ਕਰਦੇ ਹਾਂ ਤਾਂ ਹਮੇਸ਼ਾ ਦੁੱਖੀ ਹੁੰਦੇ ਹਾਂ। ਅਜਿਹੇ ਲੋਕਾਂ ਦੀ ਪਰਵਾਹ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡ ਦਿਉ। ਅਸਲ ’ਚ ਜਿਹੜੇ ਹਰ ਚੀਜ਼, ਹਰ ਬੰਦੇ,ਹਰੇਕ ਦੇ ਕੰਮ ’ਚ ਨੁਕਸ ਹੀ ਕੱਢਣ ਦਾ ਕੰਮ ਕਰਦੇ ਹਨ,ਅਸਲ ’ਚ ਉਸਦੀ ਆਪਣੀ ਮਾਨਸਿਕ ਹਾਲਤ ’ਚ ਨੁਕਸ ਪਿਆ ਹੁੰਦਾ ਹੈ।
ਆਪਣੀ ਸੋਚ ਮੁਤਾਬਿਕ ਅਤੇ ਸਮਝ ਮੁਤਾਬਿਕ ਦੂਸਰਿਆਂ ਨੂੰ ਖ਼ੁਸ਼ੀਆਂ ਦੇਵੋ, ਪਰ ਖ਼ੁਸ਼ ਕਰਨ ਦੀ ਕੋਸ਼ਿਸ਼ ਨਾ ਕਰੋ। ਇਸ ਵਿੱਚ ਚਾਹੇ ਭੈਣ ਭਰਾ ਹਨ, ਚਾਹੇ ਔਲਾਦ ਹੈ ਜਾਂ ਆਂਢੀ ਗੁਆਂਢੀ ਤੇ ਦੋਸਤ ਮਿੱਤਰ। ਬਹੁਤ ਵਾਰ ਅਸੀਂ ਵੇਖਦੇ ਹਾਂ ਕਿ ਤੋਹਫਿਆਂ ਦੇ ਆਦਾਨ ਪ੍ਰਦਾਨ ’ਤੇ ਹੀ ਲੜਾਈਆਂ ਹੋ ਜਾਂਦੀਆਂ ਹਨ।
ਇਹ ਤਾਂ ਪੱਕਾ ਹੈ ਕਿ ਹਰ ਕਿਸੇ ਦੀ ਪਸੰਦ ਅਲੱਗ ਹੁੰਦੀ ਹੈ। ਤੋਹਫ਼ੇ ਵਿੱਚ ਨੁਕਸ ਕੱਢਕੇ ਮੋੜਨ ਵਾਲਾ ਜਾਂ ਤੋਹਫ਼ੇ ਦੀ ਕੀਮਤ ਲਗਾਉਣ ਵਾਲਾ, ਮਾਨਸਿਕ ਤੌਰ ’ਤੇ ਬਿਮਾਰ ਹੀ ਹੈ। ਅਜਿਹੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਤੋਹਫ਼ੇ ਦੇਣੇ ਬੰਦ ਕਰ ਦੇਣੇ ਚਾਹੀਦੇ ਹਨ। ਖ਼ੁਸ਼ੀ ਨਾਲ ਦਿੱਤਾ ਤੋਹਫ਼ਾ, ਸਿਰਫ਼ ਤੋਹਫ਼ਾ ਹੁੰਦਾ ਹੈ। ਜੇਕਰ ਤੋਹਫ਼ੇ ਦੀ ਕੀਮਤ ਹੀ ਲੱਗਣ ਲੱਗ ਜਾਏ ਤਾਂ ਇਹ ਵਪਾਰ ਹੈ।
ਭਗਵਾਨ ਕਿ੍ਰਸ਼ਨ ਨੇ ਸੁਦਾਮਾ ਦਾ ਲਿਆਂਦਾ ਤੋਹਫ਼ਾ, ਬੜੇ ਸਤਿਕਾਰ ਨਾਲ ਲਿਆ। ਖ਼ੁਸ਼ੀਆਂ ਪੈਸਿਆਂ ਨਾਲ ਮਿਲਦੀਆਂ ਹੋਣ ਤਾਂ ਅਮੀਰ ਕਦੇ ਨੀਂਦ ਦੀਆਂ ਗੋਲੀਆਂ ਲੈ ਕੇ ਨਾ ਸੌਂਦੇ। ਖ਼ੁਸ਼ ਉਹ ਹੀ ਹੋ ਸਕਦਾ ਹੈ ਜਿਹੜਾ ਅੰਦਰੋਂ
ਭਰਿਆ ਹੋਇਆ ਹੋਵੇ, ਮਤਲਬ ਸੰਤੁਸ਼ਟ ਹੋਵੇ।
ਜੇਕਰ ਤੁਸੀਂ ਆਪ ਸੰਤੁਸ਼ਟ ਹੋ ਤਾਂ ਹੀ ਖ਼ੁਸ਼ ਹੋ ਅਤੇ ਖੁਸ਼ੀਆਂ ਦੇ ਸਕਦੇ ਹੋ। ਗੁਲਾਬ ਦੇ ਫੁੱਲ ਵੇਚਣ ਵਾਲੇ ਦੇ ਹੱਥਾਂ ਵਿੱਚੋਂ ਗੁਲਾਬ ਦੀ ਖ਼ੁਸ਼ਬੂ ਆਉਣ ਲੱਗ ਜਾਂਦੀ। ਦੁੱਖੀ ਰਹਿਣ ਵਾਲਾ ਆਪ ਵੀ ਦੁੱਖੀ ਰਹਿੰਦਾ ਹੈ, ਦੂਸਰਿਆਂ ਨੂੰ ਵੀ ਦੁੱਖੀ ਕਰਦਾ ਹੈ ਅਤੇ ਮਾਹੌਲ ਵੀ ਖ਼ਰਾਬ ਹੀ ਕਰ ਦਿੰਦਾ ਹੈ। ਇਸ ਕਰਕੇ ਚੁੜਚੁੜ ਕਰਨ ਵਾਲਿਆਂ ਦੀ ਪਰਵਾਹ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ ਜਾਂ ਘੱਟ ਕਰ ਦਿਉ। ਅਜਿਹੇ ਬੰਦੇ ਕਦੇ ਵੀ ਖ਼ੁਸ਼ ਨਹੀਂ ਹੋ ਸਕਦੇ।
ਆਪਣੇ ਆਪ ਨੂੰ ਖ਼ੁਸ਼ ਰੱਖੋ ਅਤੇ ਖ਼ੁਸ਼ ਰਹੋ। ਬਹੁਤੀਆਂ ਰੋਂਦੀਆਂ ਸੂਰਤਾਂ ਨੂੰ ਹੱਸਦੇ ਚਿਹਰੇ ਬਣਾਉਣ ਦੀ ਕੋਸ਼ਿਸ਼ ਵਿੱਚ ਆਪ ਦੁੱਖੀ ਚਿਹਰੇ ਵਾਲੇ ਨਾ ਬਣ ਜਾਈਏ। ਆਪਣੇ ਵੱਲੋਂ ਵਧੀਆ ਕਰੋ ਅਤੇ ਨਤੀਜੇ ਵਧੀਆ ਹੀ ਨਿਕਲਣ, ਇਸਦੀ ਸੌ ਫ਼ੀਸਦੀ ਦੀ ਆਸ ਨਾ ਕਰੀਏ। ਮੈਨੂੰ ਇਹ ਲੱਗਦਾ ਹੈ ਕਿ ਦੁਨੀਆਂ ਨੂੰ ਖ਼ੁਸ਼ ਕਰਨਾ ਅਤੇ ਸਾਰੇ ਤੁਹਾਡੇ ਕੁੱਝ ਕੀਤੇ ਖ਼ੁਸ਼ ਹੋਣ, ਆਪਣੇ ਆਪ ਨੂੰ ਦੁਖੀ ਕਰਨਾ ਹੈ।
- ਪ੍ਰਭਜੋਤ ਕੌਰ ਢਿੱਲੋਂ
Posted By: Harjinder Sodhi