ਸਦਾ ਚੱਲਦੇ ਰਹਿਣ ਤੇ ਪਲ-ਪਲ ਬਦਲਦੇ ਰਹਿਣ ਦਾ ਦੂਜਾ ਨਾਂ ਸਮਾਂ ਹੈ। ਭਾਈ ਵੀਰ ਸਿੰਘ ਸਮੇਂ ਦੀ ਨਿਰੰਤਰ ਚਾਲ ਸਬੰਧੀ ਆਪਣੀ ਕਵਿਤਾ ’ਚ ਆਖਦੇ ਹਨ, ‘‘ਰਹੀ ਵਾਸਤੇ ਘੱਤ, ਸਮੇਂ ਨੇ ਇਕ ਨਾ ਮੰਨੀ। ਫੜ ਫੜ ਰਹੀ ਧਰੀਕ, ਸਮੇਂ ਖਿਸਕਾਈ ਕੰਨੀ। ਕਿਵੇਂ ਨ ਸੱਕੀ ਰੋਕ, ਅਟਕ ਜੋ ਪਾਈ ਭੰਨੀ। ਤਿ੍ਰੱਖੇ ਅਪਣੇ ਵੇਗ ਗਿਆ ਟੱਪ ਬੰਨੇ ਬੰਨੀ।’’ ਭਾਰਤੀ ਮਿਥਿਹਾਸ ’ਚ ਮੰਨਿਆ ਜਾਂਦਾ ਹੈ ਕਿ ਰਾਵਣ ਨੇ ਕਾਲ ਨੂੰ ਗ਼ੁਲਾਮ ਬਣਾ ਕੇ ਮੰਜੇ ਦੇ ਪਾਵੇ ਨਾਲ ਬੰਨ੍ਹਿਆਂ ਹੋਇਆ ਸੀ ਪਰ ਅੰਤ ਉਸ ਨੂੰ ਵੀ ਕਾਲ ਦਾ ਗ੍ਰਾਸ ਬਣਨਾ ਪਿਆ। ਸਮੇਂ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ। ਇਸ ’ਤੇ ਕਾਬੂ ਪਾਉਣ ਦਾ ਇੱਕੋ ਜ਼ਰੀਆ ਹੈ ਕਿ ਸਮੇਂ ਦੇ ਨਾਲ-ਨਾਲ ਤੁਰਿਆ ਜਾਵੇ...

ਕਾਲ

ਸਮੇਂ ਨੂੰ ਕਾਲ ਵੀ ਆਖਦੇ ਹਨ। ਕਾਲ ਸ਼ਬਦ ਸਮੇਂ ਤੋਂ ਇਲਾਵਾ ‘ਮੌਤ’ ਲਈ ਵੀ ਵਰਤਿਆ ਜਾਂਦਾ ਹੈ। ਆਉਣ ਵਾਲੇ ਸਮੇਂ ’ਚ ਕੀ ਵਾਪਰਨਾ ਹੈ, ਜਿਵੇਂ ਇਸ ਗੱਲ ਨੂੰ ਜਾਣਿਆ ਨਹੀਂ ਜਾ ਸਕਦਾ ਉਸੇ ਤਰ੍ਹਾਂ ਮੌਤ ਨੂੰ ਵੀ ਨਹੀਂ ਜਾਣਿਆ ਜਾ ਸਕਦਾ। ਸ਼ਾਇਦ ਇਸੇ ਲਈ ਇਸ ਨੂੰ ‘ਕਾਲ’ ਕਿਹਾ ਜਾਂਦਾ ਹੈ। ਕਾਲ ਸ਼ਬਦ ਕਾਲਖ ਜਾਂ ਹਨੇਰੇ ਤੋਂ ਬਣਿਆ ਹੈ, ਭਾਵ ਜਿਸ ਨੂੰ ਵੇਖਿਆ ਜਾ ਜਾਣਿਆ ਨਾ ਜਾ ਸਕੇ। ਇਸ ਤੋਂ ਇਲਾਵਾ ਕਾਲ ਸ਼ਬਦ ਸ਼ਨੀ ਗ੍ਰਹਿ ਅਤੇ ਭਗਵਾਨ ਸ਼ਿਵ ਲਈ ਵੀ ਵਰਤਿਆ ਜਾਂਦਾ ਹੈ। ਇਸੇ ਲਈ ਸ਼ਿਵ ਨੂੰ ਕਾਲ ਦਾ ਦੇਵਤਾ ਵੀ ਕਿਹਾ ਜਾਂਦਾ ਹੈ।

ਤੈ੍ਰਕਾਲ

ਕਾਲ ਦਾ ਅਰਥ ਹੈ-ਸਮਾਂ। ਇਸ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਹੋਣ ਕਾਰਨ ਇਸ ਨੂੰ ਤ੍ਰੈਕਾਲ ਵੀ ਆਖਦੇ ਹਨ। ਜਿਹੜਾ ਸਮਾਂ ਬੀਤ ਚੁੱਕਾ ਹੈ ਉਸ ਨੂੰ ‘ਭੂਤਕਾਲ’ (ਪਾਸਟ) ਨਾਂ ਦਿੱਤਾ ਗਿਆ ਹੈ। ਜਿਹੜਾ ਸਮਾਂ ਅਜੇ ਆਉਣਾ ਹੈ, ਉਸ ਨੂੰ ‘ਭਵਿੱਖ ਕਾਲ’ (ਫਿਊਚਰ) ਅਤੇ ਜਿਹੜਾ ਸਮਾਂ ਬੀਤ ਰਿਹਾ ਹੈ, ਉਸ ਨੂੰ ‘ਵਰਤਮਾਨ ਕਾਲ’ (ਪਰੈਜ਼ੈਂਟ) ਆਖਦੇ ਹਨ।

ਘੜੀ ਜਾਂ ਘਟਿਕਾ

ਜੋਤਿਸ਼ ਦੇ ਗ੍ਰੰਥਾਂ ਵਿਚ ‘ਘੜੀ’ ਸ਼ਬਦ ਸਮੇਂ ਦੇ ਇਕ ਖੰਡ ਜਾਂ ਹਿੱਸੇ ਲਈ ਵਰਤਿਆ ਗਿਆ ਹੈ। ‘‘ਗੁਰਵ ਅਕਸ਼ਰੈ ਖੇਂਦੂਮਿਤੇ। ਛੜਭਿ ਰਲੰਸਿਆਦ ਘਟਿਕਾ ਖਛੜਤਿ।’’ ਭਾਵ, ਦੱਸ ਵੱਡੇ ਗੁਰੂ ਅੱਖਰਾਂ ਦੇ ਉਚਾਰਣ ਨੂੰ ਜਿੰਨਾ ਸਮਾਂ ਲਗਦਾ ਹੈ, ਉਹ ਇਕ ‘ਅਸੁ’ (ਪ੍ਰਾਣ ਜਾਂ ਸਾਹ ਲੈਣ) ਜਿੰਨਾ ਹੁੰਦਾ ਹੈ। ਛੇ ਸਾਹ ਜਾਂ ਪ੍ਰਾਣਾਂ ਦਾ ਇਕ ਪਲ ਅਤੇ ਸੱਠ ਪਲਾਂ ਦੀ ਇਕ ਘੜੀ ਹੁੰਦੀ ਹੈ। ਭਾਰਤ ਵਿਚ ਸਮਾਂ ਮਾਪਣ ਵਾਲੇ ਯੰਤਰ ਦਾ ਨਾਂ ਇਸੇ ਤੋਂ ਹੀ ਘੜੀ ਰੱਖਿਆ ਗਿਆ ਹੈ। ਅੰਗਰੇਜ਼ੀ ਵਿਚ ਇਸ ਨੂੰ ‘ਵਾਚ’ ਆਖਦੇ ਹਨ।

ਪੁਰਾਤਨ ਘੜੀਆਂ

ਭਾਰਤ ਵਿਚ ਪੁਰਾਤਨ ਵਿਦਵਾਨਾਂ ਤੇ ਵਿਗਿਆਨੀਆਂ ਨੇ ਸਭ ਤੋਂ ਪਹਿਲਾਂ ‘ਧੁੱਪ ਘੜੀਆਂ’ (ਸਨ ਡਾਇਲ) ਅਤੇ ‘ਜਲ ਘੜੀਆਂ’ (ਕਲੈਪਸੀਡਰ) ਕੀ ਕਾਢ ਕੱਢੀ ਸੀ। ਇਨ੍ਹਾਂ ਘੜੀਆਂ ਦਾ ਜ਼ਿਕਰ ‘ਗੋਲਾਧਿਆਇ’ ਆਦਿ ਜੋਤਿਸ਼ ਦੇ ਪ੍ਰਾਚੀਨ ਗ੍ਰੰਥਾਂ ਵਿਚ ਵੀ ਮਿਲਦਾ ਹੈ। ਬਾਲੂ ਜਾਂ ‘ਰੇਤ ਘੜੀਆਂ’ (ਸੈਂਡ ਗਲਾਸ) ਅਤੇ ਪਿੱਤਲ, ਲੋਹੇ ਆਦਿ ਧਾਤਾਂ ਦੇ ਚੱਕਰਾਂ ਤੇ ਕਮਾਨੀ ਵਾਲੀਆਂ ਘੜੀਆਂ (ਕਲਾਕ, ਵਾਚ, ਟਾਈਮ ਪੀਸ, ਰਿਸਟ ਵਾਚ, ਪਾਕੇਟ ਵਾਚ, ਵਾਲ ਕਲਾਕ ਆਦਿ) ਵਿਦੇਸ਼ੀ ਕਾਢਾਂ ਹਨ।

ਘੜੀ ਯੰਤਰ

ਭਾਈ ਕਾਨ੍ਹ ਸਿੰਘ ਨਾਭਾ ਰਚਿਤ ਗ੍ਰੰਥ ‘ਮਹਾਨਕੋਸ਼’ ਅਨੁਸਾਰ ਸਮਾਂ ਮਾਪਣ ਲਈ ਘੜੀ (ਵਾਚ) ਦੀ ਕਾਢ ਸਭ ਤੋਂ ਪਹਿਲਾਂ ਹੈਨਰੀ ਡਿਵਿਕ ਨਾਂ ਦੇ ਜਰਮਨ ਵਿਗਿਆਨੀ ਨੇ ਸੰਨ 1379 ਵਿਚ ਕੱਢੀ ਸੀ ਅਤੇ ਪੈਰਿਸ ਵਿਚ ਫਰਾਂਸ ਦੇ ਬਾਦਸ਼ਾਹ ਚਾਰਲਸ ਪੰਜਵੇਂ ਨੂੰ ਇਹ ਭੇਂਟ ਕੀਤੀ ਸੀ। ਇਸ ਆਦਿ ਘੜੀ ਵਿਚ ਉਦੋਂ ਤੋਂ ਲੈ ਕੇ ਹੁਣ ਤਕ ਸੁਧਾਰ ਅਤੇ ਤਬਦੀਲੀਆਂ ਹੁੰਦੀਆਂ ਆਈਆਂ ਹਨ ਪਰ ਸ਼ਲਾਘਾਯੋਗ ਤੇ ਵਿਸ਼ੇਸ਼ ਤਬਦੀਲੀਆਂ ਸੰਨ 1657 ਵਿਚ ਹਿਊਜਨਸ ਨੇ ਕੀਤੀਆਂ। ਉਸ ਤੋਂ ਬਾਅਦ 1666 ਵਿਚ ਰਾਬਰਟ ਹੁਕ ਨਾਂ ਦੇ ਵਿਗਿਆਨੀ ਅਤੇ ਸੰਨ 1715 ਵਿਚ ਗ੍ਰਾਹਮ ਨਾਂ ਦੇ ਵਿਗਿਆਨੀ ਨੇ ਇਸ ਵਿਚ ਕਈ ਅਹਿਮ ਸੁਧਾਰ ਕੀਤੇ। ਸੰਨ 1726 ਵਿਚ ਹੈਰੀਸਨ ਨਾਂ ਦੇ ਵਿਗਿਆਨੀ ਨੇ ਘੜੀ ਦੀ ਬਣਤਰ ਅਤੇ ਇਸ ਦੇ ਕੰਮ ਕਰਨ ਦੀ ਵਿਧੀ ਵਿਚ ਕਈ ਤਬਦੀਲੀਆਂ ਕੀਤੀਆਂ। 20ਵੀਂ ਸਦੀ ਦੇ ਅੱਧ ਤਕ ਮੁੱਖ ਤੌਰ ’ਤੇ ਜੇਬ ਘੜੀ (ਪਾਕੇਟ ਵਾਚ), ਕੰਧ ਘੜੀ (ਵਾਲ ਕਲਾਕ) ਅਤੇ ਮੁਨਾਰ ਘੜੀਆਂ (ਕਲਾਕ ਟਾਵਰ) ਪ੍ਰਮੁੱਖ ਤੌਰ ’ਤੇ ਆਕਰਸ਼ਣ ਦਾ ਕੇਂਦਰ ਰਹੀਆਂ। ਘੜੀਆਂ ਵਿਚ ਸੁਧਾਰ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਰਿਹਾ ਅਤੇ ਹੌਲੀ-ਹੌਲੀ ਜੇਬ ਘੜੀ ਦੀ ਥਾਂ ਗੁੱਟ ਘੜੀਆਂ (ਰਿਸਟ ਵਾਚ) ਨੇ ਲੈ ਲਈਸ਼ 1980 ਦੇ ਦਹਾਕੇ ਤਕ ਉਕਤ ਸਾਰੇ ਤਰ੍ਹਾਂ ਦੀਆਂ ਘੜੀਆਂ ਨੂੰ ਰੋਜ਼ਾਨਾ ਜਾਂ ਕੁਝ ਦਿਨਾਂ ਮਗਰੋਂ ਚਾਬੀ ਭਰਨੀ ਪੈਂਦੀ ਸੀ ਤਾਂ ਕਿ ਇਨ੍ਹਾਂ ਨੂੰ ਚੱਲਦੀਆਂ ਰੱਖਿਆ ਜਾ ਸਕੇ। ਅਜਿਹਾ ਕਰਨ ਨਾਲ ਸਟੀਲ ਦੀ ਇਕ ਲਪੇਟੀ ਹੋਈ ਕਮਾਨੀ ਘੜੀ ਦੇ ਚੱਕਰਾਂ (ਗਰਾਰੀਆਂ) ਨੂੰ ਹਰਕਤ ’ਚ ਰੱਖਦੀ ਅਤੇ ਹੌਲੀ-ਹੌਲੀ ਢਿੱਲੀ ਹੋ ਤੇ ਸੱਤਾਹੀਣ ਹੁੰਦੀ ਜਾਂਦੀ। ਇਕ ਖ਼ਾਸ ਅਰਸੇ ਬਾਅਦ ਚਾਬੀ ਭਰ ਕੇ ਇਸ ਕਮਾਨੀ ਨੂੰ ਮੁੜ ਲਪੇਟ ਦਿੱਤਾ ਜਾਂਦਾ। ਬਿਜਲੀ ਜਾਂ ਸੈੱਲ ਨਾਲ ਚੱਲਣ ਵਾਲੀਆਂ (ਕੁਆਰਟਜ਼) ਘੜੀਆਂ ਦੀ ਆਮਦ ਭਾਵੇਂ ਵੀਹਵੀਂ ਸਦੀ ਦੇ ਸ਼ੁਰੂ ਵਿਚ ਹੋ ਗਈ ਸੀ ਪਰ ਇਹ ਇਸ ਸਦੀ ਦੇ ਅੱਧ ਤੋਂ ਬਾਅਦ ਜ਼ਿਆਦਾ ਮਕਬੂਲ ਹੋਈਆਂ।

ਸਭ ਤੋਂ ਵੱਡੀਆਂ ਘੜੀਆਂ

ਇੰਗਲੈਂਡ ਦੀ ਰਾਜਧਾਨੀ ਲੰਡਨ ਦੇ ਪਾਰਲੀਮੈਂਟ ਦੇ ਮੁਨਾਰੇ ’ਤੇ ਲੱਗੀ ਘੜੀ ਨੂੰ ‘ਬਿਗ ਬੈੱਨ’ ਆਖਦੇ ਹਨ, ਜੋ ਦੁਨੀਆ ਦੀਆਂ ਸਭ ਤੋਂ ਵੱਡੀਆਂ ਘੜੀਆਂ ’ਚ ਸ਼ੁਮਾਰ ਹੈ। ਇਸ ਤੋਂ ਇਲਾਵਾ ਲੰਡਨ ਦੇ ‘ਿਸਟਲ ਪੈਲੇਸ’, ਅਮਰੀਕਾ ਵਿਚ ਨਿਊਯਾਰਕ ਸ਼ਹਿਰ ਦੇ ਮਿਨਾਰ ’ਤੇ ਲੱਗੀਆਂ ਘੜੀਆਂ ਵੀ ਦੁਨੀਆ ਦੀਆਂ ਵੱਡ-ਆਕਾਰੀ ਘੜੀਆਂ ’ਚ ਸ਼ਾਮਲ ਹਨ।

ਬਿਗ ਬੈੱਨ

ਲੰਡਨ ਦੇ ਪਾਰਲੀਮੈਂਟ ਹਾਊਸ ਦੇ ਮੁਨਾਰੇ ਦੀਆਂ 360 ਪੌਡੇ ਜਾਂ ਸਟੈੱਪਸ ਹਨ ਅਤੇ ਇਸ ਮੁਨਾਰੇ ਦੇ ਸਿਖ਼ਰ ’ਤੇ ਬਿਗ ਬੈੱਨ ਨਾਂ ਦੀ ਘੜੀ ਲੱਗੀ ਹੋਈ ਹੈ। ਮਿਨਾਰ ਦੀਆਂ ਚਾਰਾਂ ਦਿਸ਼ਾਵਾਂ ਵਿਚ ਇਸ ਘੜੀ ਦੇ ਚਾਰ ਡਾਇਲ ਹਨ। ਬਿਗ ਬੈੱਨ ਦੇ ਹਰੇਕ ਡਾਇਲ ਦਾ ਘੇਰਾ 23 ਫੁੱਟ ਹੈ। ਮਿੰਟਾਂ ਵਾਲੀਆਂ ਸੂਈਆਂ 14 ਫੁੱਟ ਲੰਬੀਆਂ ਹਨ। ਇਸ ਦੇ ਲੰਗਰ ਜਾਂ ਪੈਂਡੂਲਮ ਦਾ ਵਜ਼ਨ 450 ਪੌਂਡ ਹੈ। ਮਿੰਟਾਂ ਦੀਆਂ ਵਿੱਥਾਂ ਇਕ-ਇਕ ਫੁੱਟ ’ਤੇ ਹਨ। ਇਸ ਦੇ ਘੜਿਆਲ ਦਾ ਵਜ਼ਨ 230 ਕੁਇੰਟਲ ਹੈ ਅਤੇ ਜਿਸ ਹਥੌੜੇ ਨਾਲ ਇਹ ਖੜਕਦਾ ਹੈ, ਉਸ ਦਾ ਭਾਰ 80 ਕਿੱਲੋ ਹੈ। ਇਸ ਨੂੰ ਹਫ਼ਤੇ ਵਿਚ ਤਿੰਨ ਵਾਰ ਚਾਬੀ ਭਰੀ ਜਾਂਦੀ ਹੈ ਅਤੇ ਚਾਬੀ ਭਰਨ ਲਈ ਦੋ ਵਿਅਕਤੀਆਂ ਨੂੰ ਪੰਜ ਘੰਟੇ ਦਾ ਸਮਾਂ ਲਗਦਾ ਹੈ।

ਸਮੇਂ ਦੀ ਵੰਡ

- ਜੋਤਿਸ਼ ਪ੍ਰਭਾਕਰ ਅਨੁਸਾਰ ਸਮੇਂ ਦੀ ਵੰਡ

ਇਕ ਲਘੂ ਅੱਖਰ ਨੂੰ ਬੋਲਣ ਵਿਚ ਜਿੰਨਾ ਸਮਾਂ ਲਗਦਾ ਹੈ, ਉਸ ਨੂੰ ‘ਨਿਮੇਸ਼’ (ਅੱਖ ਦੇ ਝਮਕਣ ਜਿੰਨਾ ਸਮਾਂ) ਆਖਦੇ ਹਨ। ਇਸ ਗਣਨਾ ਅਨੁਸਾਰ 15 ਨਿਮੇਸ਼ ਦਾ ਇਕ ‘ਵਿਸਾ’, 15 ਵਿਸੇ (ਵਿਸੁਏ) ਦਾ ਇਕ ‘ਚਸਾ’, 30 ਚਸੇ ਦਾ ਇਕ ‘ਪਲ’, 30 ਪਲ ਦੀ ਇਕ ‘ਘੜੀ, ਸਾਢੇ ਸੱਤ ਘੜੀਆਂ ਦਾ ਇਕ ‘ਪਹਿਰ’ ਅਤੇ 8 ਪਹਿਰ ਦੇ ਦਿਨ-ਰਾਤ (ਥਿੱਤ) ਹੁੰਦੇ ਹਨ। ਸੱਤ ਥਿੱਤਾਂ ਦਾ ਇਕ ‘ਹਫ਼ਤਾ’, ਦੋ ਹਫ਼ਤਿਆਂ ਦਾ ਇਕ ‘ਪੱਖ’ ਅਤੇ ਦੋ ਪੱਖਾਂ ਦਾ ਇਕ ‘ਮਹੀਨਾ’ (ਮਾਹ) ਹੁੰਦਾ ਹੈ। ਗੁਰਬਾਣੀ ਵਿਚ ਸਮੇਂ ਦੀ ਵੰਡ ਦਾ ਜ਼ਿਕਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਇਸ ਪ੍ਰਕਾਰ ਆਇਆ ਹੈ, ‘‘ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹ ਹੋਆ।’’

- ਆਧੁਨਿਕ ਕਾਲ ਵੰਡ

ਧਰਤੀ ਸਦਾ ਆਪਣੇ ਧੁਰੇ ਦੁਆਲੇ ਘੁੰਮਦੀ ਰਹਿੰਦੀ ਹੈ ਅਤੇ ਨਾਲ ਦੀ ਨਾਲ ਸੂਰਜ ਦੇ ਗਿਰਦ ਵੀ ਗੇੜੇ ਲਗਾਉਂਦੀ ਹੈ। ਇਸ ਦੇ ਆਪਣੇ ਧੁਰੇ ਦੁਆਲੇ ਗੇੜਾ ਲਗਾਉਣ ਦੇ ਅਰਸੇ ਨੂੰ 24 ਹਿੱਸਿਆ ਵਿਚ ਵੰਡਿਆ ਗਿਆ ਹੈ ਅਤੇ ਇਕ ਹਿੱਸੇ ਨੂੰ ‘ਘੰਟਾ’ (ਅੰਗਰੇਜ਼ੀ ਵਿਚ ਆਵਰ) ਆਖਦੇ ਹਨ। ਹਰੇਕ ਘੰਟੇ ਨੂੰ 60 ਹਿੱਸਿਆਂ (ਮਿੰਟਾਂ) ਵਿਚ ਵੰਡਿਆ ਗਿਆ ਹੈ ਅਤੇ ਅੱਗੋਂ ਹਰ ਮਿੰਟ ਨੂੰ 60 ਹਿੱਸਿਆਂ (ਸਕਿੰਟਾਂ) ’ਚ ਵੰਡਿਆ ਗਿਆ ਹੈ। ਇਸੇ ਤਰ੍ਹਾਂ ਧਰਤੀ ਸੂਰਜ ਦੇ ਚੌਗਿਰਦ ਠੀਕ 365 ਦਿਨ 5 ਘੰਟੇ 48 ਮਿੰਟ ਅਤੇ 46 ਸਕਿੰਟਾਂ ਵਿਚ ਚੱਕਰ ਪੂਰਾ ਕਰਦੀ ਹੈ। ਇਕ ਵਰ੍ਹੇ ਦਾ ਸਮਾਂ ਇੰਨਾ ਹੀ ਹੋਣਾ ਚਾਹੀਦਾ ਹੈ ਪਰ ਇਹ ਗਿਣਤੀ ਵਿਸਮ ਹੋਣ ਕਾਰਨ ਹਰ ਸਾਲ ਨੂੰ ਸਿਰਫ਼ 365 ਦਿਨਾਂ ਦਾ ਮੰਨ ਕੇ ਹਰ ਚੌਥੇ ਸਾਲ ਨੂੰ 366 ਦਿਨਾਂ ਦਾ ਮੰਨ ਲਿਆ ਜਾਂਦਾ ਹੈ, ਇਸ ਨੂੰ ‘ਲੀਪ ਯੀਅਰ’ ਆਖਦੇ ਹਨ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ 365 ਦਿਨਾਂ ਤੋਂ ਉਪਰਲੇ ਬਚੇ ਮਿੰਟਾਂ-ਸਕਿੰਟਾਂ ਦਾ ਸਮਾਂ ਵੀ ਗਿਣਤੀ ਵਿਚ ਆ ਜਾਵੇ। ਆਧੁਨਿਕ ਕਾਲ ਵੰਡ ਅਨੁਸਾਰ 60 ਸਕਿੰਟ ਦਾ ਇਕ ਮਿੰਟ, 60 ਮਿੰਟ ਦਾ ਇਕ ਘੰਟਾ, 12 ਘੰਟਿਆਂ ਦਾ ਇਕ ਦਿਨ, 24 ਘੰਟਿਆਂ ਦੇ ਦਿਨ-ਰਾਤ, 7 ਦਿਨ-ਰਾਤ ਦਾ ਇਕ ਹਫ਼ਤਾ, 4 ਹਫ਼ਤਿਆਂ ਦਾ ਇਕ ਮਹੀਨਾ, 52 ਹਫ਼ਤਿਆਂ ਦਾ ਇਕ ਸਾਲ ਅਤੇ 100 ਸਾਲਾਂ ਦੀ ਇਕ ਸਦੀ ਹੁੰਦੀ ਹੈ।

- ਧਰਮਾਂ ਅਨੁਸਾਰ ਸਮੇਂ ਦੀ ਵੰਡ

‘ਮਹਾਨਕੋਸ਼’ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਹਿੰਦੂ ਧਰਮ ਗ੍ਰੰਥਾਂ ਅਨੁਸਾਰ ਸੂਰਜ ਚੜ੍ਹਨ ਤੋਂ ਲੈ ਕੇ ਦੂਸਰੇ ਦਿਨ ਸੂਰਜ ਚੜ੍ਹਨ ਤਕ ਦੇ ਸਮੇਂ ਨੂੰ ਦਿਨ-ਰਾਤ ਮੰਨਿਆ ਜਾਂਦਾ ਹੈ। ਮੁਸਲਮਾਨ ਸੰਝ ਤੋਂ ਲੈ ਕੇ ਦੂਸਰੇ ਦਿਨ ਸੰਝ ਤਕ ਦੇ ਸਮੇਂ ਨੂੰ ਦਿਨ-ਰਾਤ ਮੰਨਦੇ ਹਨ, ਜਦਿਕ ਈਸਾਈ ਅੱਧੀ ਰਾਤ 12 ਵਜੇ ਤੋਂ ਦੂਸਰੀ ਰਾਤ 12 ਵਜੇ ਤਕ ਦੇ ਸਮੇਂ ਨੂੰ ਦਿਨ-ਰਾਤ ਮੰਨਦੇ ਹਨ।

- ਵਿਸ਼ਨੂੰ ਪੁਰਾਣ ਅਨੁਸਾਰ ਸਮੇਂ ਦੀ ਵੰਡ

ਅੱਖ ਝਮਕਣ ਨੂੰ ਜਿੰਨਾ ਸਮਾਂ ਲਗਦਾ ਹੈ, ਉਸ ਨੂੰ ‘ਨਿਮੇਸ਼’ ਆਖਦੇ ਹਨ। 15 ਨਿਮੇਸ਼ ਦੀ ਇਕ ‘ਕਾਸ਼ਠਾ’ ਹੁੰਦੀ ਹੈ। 30 ਕਾਸ਼ਠਾ ਦੀ ਇਕ ‘ਕਲਾ’, 20 ਕਲਾ ਦਾ ਇਕ ਮਹੂਰਤ, 60 ਮਹੂਰਤ ਦਾ ਦਿਨ-ਰਾਤ, 15 ਦਿਨਾਂ ਦਾ ਇਕ ਪੱਖ (ਚੰਦਰਮਾ ਦਾ ਆਕਾਰ ਜਦ ਵਧਦਾ ਜਾਂਦਾ ਹੈ ਤਾਂ ਇਸ ਨੂੰ ਸ਼ੁਕਲ ਜਾਂ ਚਾਨਣਾ ਪੱਖ ਅਤੇ ਜਦੋਂ ਆਕਾਰ ਘਟਦਾ ਜਾਂਦਾ ਹੈ ਤਾਂ ਇਸ ਨੂੰ ਿਸ਼ਨ ਜਾਂ ਹਨੇਰਾ ਪੱਖ ਆਖਦੇ ਹਨ), ਦੋ ਪੱਖਾਂ ਦਾ ਇਕ ਮਹੀਨਾ, ਛੇ ਮਹੀਨਿਆਂ ਦਾ ਇਕ ‘ਆਯਨ’ ਅਤੇ ਦੋ ਆਯਨ ਦਾ ਇਕ ਵਰ੍ਹਾ ਜਾਂ ਸਾਲ ਹੁੰਦਾ ਹੈ। ਇਹ ਦੋ ਆਯਨ ‘ਉਤਰਾਯਨ’ ਅਤੇ ‘ਦਕਸ਼ਿਣਾਯਨ’ ਅਖਵਾਉਂਦੇ ਹਨ, ਜਿਨ੍ਹਾਂ ਨੂੰ ਕ੍ਰਮਵਾਰ ਦੇਵਤਿਆਂ ਦਾ ਦਿਨ ਅਤੇ ਰਾਤ ਆਖਦੇ ਹਨ, ਭਾਵ ਛੇ ਮਹੀਨੇ ਲਈ ਦੇਵਤੇ ਜਾਗਦੇ ਨ ਅਤੇ ਦਕਸ਼ਿਣਾਯਨ ਵੇਲੇ ਛੇ ਮਹੀਨੇ ਲਈ ਸੌਂਦੇ ਹਨ।

ਚਾਰ ਤਰ੍ਹਾਂ ਦੇ ਵਰ੍ਹੇ

ਕਾਲ ਗਣਨਾ ਅਤੇ ਸੰਸਿਤ ਦੇ ਵਿਦਵਾਨਾਂ ਨੇ ਸਮੇਂ-ਸਮੇਂ ’ਤੇ ਕਾਲ ਜਾਂ ਸਮੇਂ ਦੀ ਵੰਡ ਕਰ ਕੇ ਕੈਲੰਡਣ ਬਣਾਏ, ਜਿਨ੍ਹਾਂ ਵਿੱਚ ਚਾਰ ਤਰ੍ਹਾਂ ਦੇ ਵਰਸ਼ ਜਾਂ ਵਰ੍ਹੇ ਪ੍ਰਮੁੱਖ ਹਨ :

- ਸੌਰ ਜਾਂ ਸੂਰਜ ਵਰ੍ਹਾ

ਇਹ 365 ਦਿਨ 5 ਘੰਟੇ 48 ਮਿੰਟ ਅਤੇ 46 ਸਕਿੰਟ ਦਾ ਹੁੰਦਾ ਹੈ। ਸਮੇਂ ਦੀ ਵੰਡ ਦਾ ਇਹ ਆਧਾਰ ਧਰਤੀ ਦੇ ਦੁਆਲੇ ਸੂਰਜ ਦੀ ਪਰਿਕਰਮਾ ਕਰਨ ਦੇ ਸਮੇਂ ਤੋਂ ਲਿਆ ਗਿਆ ਹੈ।

- ਚੰਦਰ ਵਰ੍ਹਾ

ਇਹ ਵਰ੍ਹਾ 354 ਦਿਨ 8 ਘੰਟੇ 46 ਮਿੰਟ ਅਤੇ 36 ਸਕਿੰਟ ਦਾ ਹੁੰਦਾ ਹੈ। ਇੰਨੇ ਸਮੇਂ ਵਿਚ ਚੰਦਰਮਾ ਧਰਤੀ ਦੀਆਂ 12 ਪਰਿਕਰਮਾ ਕਰਦਾ ਹੈ। ਇਸੇ ਤੋਂ ਵਰ੍ਹੇ ਦੇ 12 ਮਹੀਨੇ ਬਣੇ। ਚੰਦਰ ਵਰ੍ਹੇ ਦਾ ਸੂਰਜ ਵਰ੍ਹੇ ਨਾਲੋਂ 10 ਦਿਨ 21 ਘੰਟੇ ਦਾ ਫ਼ਰਕ ਹੁੰਦਾ ਹੈ। ਇਸ ਫ਼ਰਕ ਨੂੰ ਠੀਕ ਕਰਨ ਲਈ ਹਰ ਤੀਸਰਾ ਵਰ੍ਹਾ 13 ਮਹੀਨਿਆਂ ਦਾ ਕੀਤਾ ਜਾਂਦਾ ਹੈ, ਜਿਸ ਨੂੰ ‘ਮਲ ਮਾਸ’ ਆਖਦੇ ਹਨ।

- ਸਾਵਣ ਵਰ੍ਹਾ

ਇਹ ਵਰ੍ਹਾ ਪੂਰੇ 360 ਦਿਨਾਂ ਦਾ ਹੁੰਦਾ ਹੈ ਅਤੇ ਇਸ ਦੇ ਮਹੀਨੇ ਪੂਰੇ 30 ਦਿਨਾਂ ਦੇ ਹੁੰਦੇ ਹਨ। ਵੈਦਿਕ ਕਾਲ ਵਿਚ ਇਹ ਵਰ੍ਹਾ ਸਭ ਤੋਂ ਵੱਧ ਪ੍ਰਚਲਤ ਸੀ।

- ਨਛੱਤਰ ਵਰ੍ਹਾ

ਇਹ ਪੂਰਾ ਪੂਰੇ 324 ਦਿਨਾਂ ਦਾ ਹੁੰਦਾ ਹੈ ਅਤੇ 27 ਨਛੱਤਰਾਂ ਦੇ ਆਧਾਰ ’ਤੇ ਇਸ ਵਰ੍ਹੇ ਦਾ ਹਰ ਮਹੀਨਾ ਵੀ 27 ਦਿਨਾਂ ਦਾ ਹੁੰਦਾ ਹੈ। ਜੋਤਿਸ਼ ਗਣਨਾ ’ਚ ਨਛੱਤਰਾਂ ਦੀ ਬੇਹੱਦ ਅਹਿਮੀਅਤ ਹੈ। ਸਾਡੇ ਦੇਸੀ ਮਹੀਨਿਆਂ ਦੇ ਨਾਂ ਵੀ ਇਨ੍ਹਾਂ ਨਛੱਤਰਾਂ ਦੇ ਨਾਂ ’ਤੇ ਰੱਖੇ ਗਏ ਹਨ। ਹਰ ਮਹੀਨੇ ਦੀ ਪੂਰਨਮਾਸੀ (ਪੁੰਨਿਆ) ਨੂੰ ਚੰਦਰਮਾ ਜਿਸ ਨਛੱਤਰ ’ਤੇ ਹੁੰਦਾ ਹੈ, ਉਸ ਨਛੱਤਰ ਦੇ ਨਾਂ ’ਤੇ ਮਹੀਨੇ ਦਾ ਨਾਮਕਰਨ ਕੀਤਾ ਗਿਆ ਹੈ, ਜਿਵੇਂ ਚੰਦਰਮਾ ਜਦੋਂ ‘ਚਿਤਰਾ’ ਨਛੱਤਰ ਨਾਲ ਹੋਵੇ ਤਾਂ ਉਸ ਮਹੀਨੇ ਦਾ ਨਾਂ ‘ਚੇਤਰ’ ਹੁੰਦਾ ਹੈ। ਇਸੇ ਤਰ੍ਹਾਂ ਵਿਸਾਖਾ ਨਛੱਤਰ ਤੋਂ ਮਹੀਨੇ ਦਾ ਨਾਂ ‘ਵਿਸਾਖ’, ਜੇਯਸ਼ਠਾ ਨਛੱਤਰ ਤੋਂ ਮਹੀਨੇ ਦਾ ਨਾਂ ‘ਜੇਠ’, ਪੂਰਵਾ-ਅਸ਼ਾੜਾ ਅਤੇ ਉੱਤਰਾ-ਅਸ਼ਾੜਾ ਤੋਂ ਮਹੀਨੇ ਦਾ ਨਾਂ ‘ਹਾੜ’, ਸ਼੍ਰਵਣ ਨਛੱਤਰ ਤੋਂ ‘ਸਾਵਣ’, ਪੂਰਵਾ-ਭੱਦਰਪਦ ਤੇ ਉੱਤਰਾ ਭੱਦਰਪਦ ਤੋਂ ‘ਭਾਦੋਂ’, ਅਸ਼ਵਨੀ ਨਛੱਤਰ ਤੋਂ ‘ਅੱਸੂ’, ਿਤਿਕਾ ਨਛੱਤਰ ਤੋਂ ‘ਕੱਤਕ’, ਮਿ੍ਰਗਸ਼ਿਰਾ ਨਛੱਤਰ ਤੋਂ ‘ਮੱਘਰ’, ਪੁਸ਼ਯ ਨਛੱਤਰ ਤੋਂ ‘ਪੋਹ’, ਮਘਾ ਨਛੱਤਰ ਤੋਂ ‘ਮਾਘ’, ਅਤੇ ਪੂਰਵਾ-ਫਾਲਗੁਣੀ ਤੇ ਉੱਤਰਾ-ਫਾਲਗੁਣੀ ਨਛੱਤਰ ਤੋਂ ਮਹੀਨੇ ਦਾ ਨਾਂ ‘ਫੱਗਣ’ ਹੋਇਆ ਹੈ।

ਪੰਚਕ ਨਛੱਤਰ

ਨਛੱਤਰ ਵਰ੍ਹਾ ਕਿਉਂਕਿ ਨਛੱਤਰਾਂ ’ਤੇ ਆਧਾਰਿਤ ਹੈ, ਇਸ ਲਈ ਸਮੇਂ ਦੀ ਇਸ ਵੰਡ ਪ੍ਰਣਾਲੀ ਵਿਚ ਨਛੱਤਰਾਂ ਦੀ ਬੇਹੱਦ ਅਹਿਮੀਅਤ ਹੈ। ਹਰ 27 ਦਿਨ ਬਾਅਦ ਜਦੋਂ ਪੰਜ ਅਜਿਹੇ ਨਛੱਤਰ, ਜਿਨ੍ਹਾਂ ਵਿਚ ਸਾਰੇ ਸ਼ੁੱਭ ਕੰਮ, ਜਿਵੇਂ ਗ੍ਰਹਿ ਪ੍ਰਵੇਸ਼, ਦੱਖਣ ਦਿਸ਼ਾ ਦੀ ਯਾਤਰਾ, ਲੱਕੜੀ ਦੇ ਕੰਮ ਆਦਿ ਕਰਨੇ ਵਰਜਿਤ ਕਰਾਰ ਦਿੱਤੇ ਗਏ ਹਨ, ਉਨ੍ਹਾਂ ਪੰਜ ਨਛੱਤਰਾਂ ਨੂੰ ‘ਪੰਚਕ ਨਛੱਤਰ’ ਜਾਂ ‘ਪੈਂਚਕਾਂ’ ਆਖਦੇ ਹਨ। ਇਨ੍ਹਾਂ ਪੰਜ ਨਛੱਤਰਾਂ ਦੇ ਨਾਂ ਧਨਿਸ਼ਠਾ, ਸ਼ਤਭਿਸ਼ਾ, ਪੂਰਵਾ-ਭਦਰਪਦ, ਉੱਤਰਾ ਭਦਰਪਦ ਅਤੇ ਰੇਵਤੀ ਹਨ।

ਘੜਿਆਲ

ਘੜਿਆਲ ਸਮਾਂ ਦੱਸਣ ਵਾਲੇ ਕੈਹੇਂ (ਕਾਂਸੇ) ਜਾਂ ਪਿੱਤਲ ਦਾ ਬਣਿਆ ਟੱਲ ਹੁੰਦਾ ਹੈ, ਜੋ ਹਰ ਇਕ ਘੰਟੇ ਬਾਅਦ ਵਜਾਇਆ ਜਾਂਦਾ ਸੀ। ਇਕ ਘੰਟੇ ਬਾਅਦ ਵਜਾਇਆ ਜਾਣ ਕਾਰਨ ਇਸ ਨੂੰ ‘ਘੰਟਾ’ ਵੀ ਆਖਦੇ ਹਨ ਅਤੇ ਇਸ ਵਜਾਏ ਜਾਣ ਵਾਲੇ ਸਥਾਨ ਨੂੰ ‘ਘੰਟਾ-ਘਰ’ ਜਾਂ ਕਲਾਕ ਟਾਵਰ ਆਖਦੇ ਹਨ।

ਘੜੀਆਂ ਤੇ ਘੰਟਾ-ਘਰਾਂ ਦਾ ਸ਼ਾਹੀ ਸ਼ੌਕ

ਅੰਗਰੇਜ਼ਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਮੇਂ ਦੇ ਬੜੇ ਪਾਬੰਦ ਹੁੰਦੇ ਹਨ। ਅੰਗਰੇਜ਼ਾਂ ਤੋਂ ਪ੍ਰਭਾਵਿਤ ਹੋ ਕੇ ਭਾਰਤ ਦੀਆਂ ਬਹੁਤ ਸਾਰੀਆਂ ਰਿਆਸਤਾਂ ਦੇ ਰਾਜਿਆਂ ਮਹਾਰਾਜਿਆਂ ਨੇ ਆਪਣੀਆਂ ਰਿਆਸਤਾਂ ਵਿਚ ਘੰਟਾ-ਘਰਾਂ ਦਾ ਨਿਰਮਾਣ ਕਰਵਾਇਆ ਅਤੇ ਆਪਣੀ ਨਿੱਜੀ ਵਰਤੋਂ ਲਈ ਦੇਸ਼ ਵਿਦੇਸ਼ ਤੋਂ ਘੜੀਆਂ ਵੀ ਮੰਗਵਾਉਂਦੇ ਰਹਿੰਦੇ ਸਨ। ਇਹ ਘੰਟਾ-ਘਰ ਆਮ ਜਨਤਾ ਅਤੇ ਸ਼ਾਹੀ ਅਹਿਲਕਾਰਾਂ ਨੂੰ ਹਰ ਘੰਟੇ ਬਾਅਦ ਘੰਟਾ ਵੱਜਣ ਦੀ ਆਵਾਜ਼ ਨਾਲ ਸਮੇਂ ਦੀ ਹਰਕਤ ਤੋਂ ਜਾਣੂ ਕਰਵਾਉਂਦੇ ਸਨ। ਇਕ ਵੱਜਣ ’ਤੇ ਘੰਟਾ-ਘਰ ਇਕ ਵਾਰ ਘੰਟਾ ਵਜਾਉਂਦਾ ਸੀ, ਦੋ ਵਜੇ ਦੋ ਵਾਰ ਅਤੇ ਇਸੇ ਤਰ੍ਹਾਂ ਸਮੇਂ ਨਾਲ ਘੰਟਿਆਂ ਦੀ ਟੁਣਕਾਰ ਦੀ ਗਿਣਤੀ ਵੀ ਵਧਦੀ ਜਾਂਦੀ ਸੀ। ਕਪੂਰਥਲਾ ਰਿਆਸਤ ਦਾ ਮਹਾਰਾਜਾ ਜਗਤਜੀਤ ਸਿੰਘ ਫਰਾਂਸੀਸੀ ਭਵਨਾਂ ਦੀ ਸੁੰਦਰਤਾ ’ਤੇ ਬੇਹੱਦ ਮੋਹਿਤ ਸੀ ਅਤੇ ਉਸ ਨੇ ਜਿੱਥੇ ਵਿਦੇਸ਼ੀ ਇਮਾਰਤਾਂ ਦੀ ਤਰਜ਼ ’ਤੇ ਆਪਣੀ ਰਿਆਸਤ ਵਿਚ ਅਨੇਕਾਂ ਭਵਨਾਂ ਦਾ ਨਿਰਮਾਣ ਕਰਵਾਇਆ ਉੱਥੇ ਖ਼ਾਸ ਤੌਰ ’ਤੇ ਘੰਟਾ-ਘਰ ਦੀ ਵੀ ਉਸਾਰੀ ਕਰਵਾਈ। ਕਪੂਰਥਲਾ ਦੇ ਜਗਤਜੀਤ ਪੈਲੇਸ (ਮੌਜੂਦਾ ਸੈਨਿਕ ਸਕੂਲ) ਵਿਚ ਮਹਾਰਾਜੇ ਵੱਲੋਂ ਵਿਦੇਸ਼ ਤੋਂ ਮੰਗਵਾਇਆ ਗਿਆ ਵਿਸ਼ਾਲ ਆਕਾਰ ਦਾ ਇਕ ਕਲਾਕ ਅਜੇ ਵੀ ਇਸ ਦੇ ਅਜਾਇਬ ਘਰ ਵਿਚ ਸੰਭਾਲਿਆ ਹੋਇਆ ਹੈ। ਇਹ ਕਲਾਕ ਸਥਾਨਕ ਸਮੇਂ ਦੇ ਨਾਲ-ਨਾਲ ਵੱਖ-ਵੱਖ 12 ਦੇਸ਼ਾਂ ਦਾ ਜਿਥੇ ਸਮਾਂ ਦੱਸਦਾ ਹੈ, ਉੱਥੇ ਹਵਾ ’ਚ ਨਮੀ ਅਤੇ ਤਾਪਮਾਨ ਦੀ ਵੀ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ। ਆਦਮ ਕੱਦ ਆਕਾਰ ਦੀ ਇਹ ਘੜੀ ਮੌਜੂਦਾ ਸਮੇਂ ਤਕਨੀਕੀ ਖ਼ਰਾਬੀ ਕਾਰਨ ਬੰਦ ਪਈ ਹੈ। ਇਸ ਤੋਂ ਇਲਾਵਾ ਅੰਮਿ੍ਰਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਓਢੀ ਉੱਪਰ ਵੀ ਘੰਟਾ-ਘਰ ਸਥਾਪਿਤ ਕੀਤਾ ਗਿਆ ਹੈ। ਇਹ ਘੰਟਾ-ਘਰ ਇਸ ਸਮੇਂ ਬੇਹੱਦ ਚੰਗੀ ਹਾਲਤ ’ਚ ਸੰਭਾਲਿਆ ਗਿਆ ਹੈ ਅਤੇ ਚਾਲੂ ਹਾਲਤ ’ਚ ਹੈ। ਇਸੇ ਤਰ੍ਹਾਂ ਲੁਧਿਆਣਾ ਅਤੇ ਫ਼ਰੀਦਕੋਟ ਦੇ ਘੰਟਾ-ਘਰ ਵੀ ਆਪਣੀ ਸ਼ਾਹਾਨਾ ਠਾਠ ਨਾਲ ਚੰਗੀ ਹਾਲਤ ’ਚ ਹਨ।

ਅਜਬ ਸਮੇਂ ਦੇ ਗ਼ਜ਼ਬ ਤਮਾਸ਼ੇ

- ਪਿਰਾਮਿਡ ਕੈਲੰਡਰ

ਚਿਓਪਸ (ਮਿਸਰ) ਦਾ ਇਕ ਵਿਸ਼ਾਲ ਪਿਰਾਮਿਡ ਸਭ ਤੋਂ ਪਹਿਲਾ ਕੈਲੰਡਰ ਸੀ। ਇਸ ਪਿਰਾਮਿਡ ਦੇ ਧਰਤੀ ਉੱਪਰ ਪੈਣ ਵਾਲੇ ਪਰਛਾਵੇਂ ਨੇ ਹੀ ਮਿਸਰ ਵਾਸੀਆਂ ਨੂੰ ਧਰਤੀ ਅਤੇ ਸੂਰਜ ਦੇ ਸਬੰਧ, ਚਾਰਾਂ ਮੌਸਮਾਂ ਅਤੇ ਸਮਾਂ ਮਾਪਣ ਦੀ ਆਧੁਨਿਕ ਪ੍ਰਣਾਲੀ ਦੀ ਖੋਜ ਕਰਨ ਦੇ ਯੋਗ ਬਣਾਇਆ। ਇਸ ਪਿਰਾਮਿਡ ਕੈਲੰਡਰ ਦੁਆਰਾ ਨਿਰਧਾਰਤ ਸਭ ਤੋਂ ਪਹਿਲਾ ਵਰ੍ਹਾਂ 4236 ਈਸਾ ਪੂਰਵ ਸੀ।

- ਇਕ ਅਦਭੁਤ ਘੜੀ

ਸੰਨ 1927 ਵਿਚ ਆਸਟਰੀਆ ਦੀ ਰਾਜਧਾਨੀ ਵਿਆਨਾ ’ਚ ਇਕ ਅਤਿਅੰਤ ਅਦਭੁਤ ਘੜੀ ਤਿਆਰ ਕੀਤੀ ਗਈ। ਇਸ ਨੂੰ ਉਸ ਵੇਲੇ ਦਾ ਅੱਠਵਾਂ ਅਜੂਬਾ ਵੀ ਸਮਝਿਆ ਜਾਣ ਲੱਗਾ ਸੀ। ਇਹ ਇਕ ਸੰਗੀਤ ਘੜੀ ਸੀ ਅਤੇ 16 ਸਾਲ ਦੀ ਮਿਹਨਤ ਨਾਲ ਇਸ ਨੂੰ ਤਿਆਰ ਕੀਤਾ ਗਿਆ ਸੀ। ਇਸ ਵੱਡ-ਆਕਾਰੀ ਘੜੀ ਦਾ ਹਰੇਕ ਹਿੰਦਸਾ (ਡਿਜ਼ਿਟ) ਛੇ ਫੁੱਟ ਉੱਚਾ ਹੈ। ਯੂਰਪੀ ਇਤਿਹਾਸ ਦੇ ਬਾਰਾ ਪ੍ਰਸਿੱਧ ਬਾਦਸ਼ਾਹਾਂ ਦੇ ਬੁੱਤ ਇਸ ਵਿਚ ਅਜਿਹੇ ਢੰਗ ਨਾਲ ਗੁਪਤ ਰੱਖੇ ਗਏ ਕਿ ਜਦੋਂ ਇਕ ਘੰਟਾ ਪੂਰਾ ਹੁੰਦਾ ਤਾਂ ਇਕ ਵਿਸ਼ੇਸ਼ ਬੁੱਤ ਸਾਹਮਣੇ ਆ ਜਾਂਦਾ ਤੇ ਠੀਕ ਇਕ ਘੰਟੇ ਤਕ ਵਿਖਾਈ ਦਿੰਦਾ ਰਹਿਦਾ ਤੇ ਹਰੇਕ ਬੁੱਤ ਦੀ ਮੌਜੂਦਗੀ ਵਿਚ ਲਗਾਤਾਰ ਇਕ ਵਿਸ਼ੇਸ਼ ਕਿਸਮ ਦਾ ਸੰਗੀਤ ਵੱਜਦਾ ਰਹਿੰਦਾ।

- ਸਮਾਂ ਦੱਸਣ ਵਾਲਾ ਝਰਨਾ

ਆਸਟਰੀਆ ਦੇ ਟੌਰਨ ਪਰਬਤ ’ਤੇ ਇਕ ਅਜਿਹਾ ਝਰਨਾ ਹੈ, ਜਿਸ ਨਾਲ ਆਪਣੀ ਘੜੀ ਮਿਲਾਈ ਜਾ ਸਕਦੀ ਹੈ। ਨੇਡਲ ਜਲ-ਪ੍ਰਪਾਤ ਰੋਜ਼ਾਨਾ ਪਾਣੀ ਉੱਪਰ ਸ਼ਾਮ ਦੇ ਠੀਕ 3:30 ਵਜੇ ਇੰਦਰ-ਧਨੁਸ਼ ਜਾਂ ਸਤਰੰਗੀ ਪੀਂਘ ਦਾ ਪ੍ਰਤੀਬਿੰਬ ਪੈਦਾ ਕਰਦਾ ਹੈ।

- ਕੁੱਕੂ ਕਲਾਕ

ਨੀਦਰਲੈਂਡ ਦੇ ਔਸ ਇਲਾਕੇ ਵਿਚ ਇਕ ਚੋਣ ਕੇਂਦਰ ’ਚ ਲੱਗੀ ਇਕ ਕੰਧ ਘੜੀ ਹਰ ਇਕ ਘੰਟੇ ਬਾਅਦ ‘ਕੁੱਕੂ-ਕੁੱਕੂ’ ਦੀ ਆਵਾਜ਼ ਦਿੰਦੀ ਸੀ। ਇਸ ਕੰਧ ਘੜੀ ਨੂੰ ਇਸ ਕਰਕੇ ਚੋਣ ਕੇਂਦਰ ਵਿੱਚੋਂ ਹਟਾ ਦਿੱਤਾ ਗਿਆ ਸੀ ਕਿਉਂਕਿ ਇਸ ਦੀ ਆਵਾਜ਼ ਇੰਜ ਲਗਦੀ ਸੀ ਜਿਵੇਂ ਚੋਣ ਉਮੀਦਵਾਰਾਂ ਵਿੱਚੋਂ ਇਕ ਦਾ ਨਾਂ ‘ਕੋਏਕੋਏਕ’ ਪੁਕਾਰ ਰਹੀ ਹੋਵੇ।

- ਬਗ਼ਾਵਤ ਕਰਨ ਵਾਲਾ ਘੰਟਾ

ਰੂਸ ਦੇ ਅਗਲਿਚ ਸ਼ਹਿਰ ਦੇ ਇਕ ਘੰਟਾ-ਘਰ ’ਚ ਲੱਗਾ ਇਕ ਘੰਟਾ (ਟੱਲ) 1591 ਈਸਵੀ ਵਿਚ ਬਗ਼ਾਵਤ ਕਰਨ ਲਈ ਵਜਾਇਆ ਗਿਆ ਸੀ। ਕੁਝ ਸਮਾਂ ਚੱਲੇ ਸੰਘਰਸ਼ ਤੋਂ ਬਾਅਦ ਬਗ਼ਾਵਤ ਉੱਪਰ ਕਾਬੂ ਪਾ ਲਿਆ ਗਿਆ ਅਤੇ ਅਦਾਲਤੀ ਸੁਣਵਾਈ ਵਿਚ ਇਸ ਘੰਟੇ ਨੂੰ ਦੇਸ਼-ਧ੍ਰੋਹ ਦਾ ਦੋਸ਼ੀ ਠਹਿਰਾਇਆ ਗਿਆ ਤੇ ਇਸ ਨੂੰ ਦੇਸ਼ ਨਿਕਾਲੇ ਦੀ ਸਜ਼ਾ ਸੁਣਾਉਂਦੇ ਹੋਏ ਸਾਈਬੇਰੀਆ ਭੇਜ ਦਿੱਤਾ ਗਿਆ ਸੀ। 300 ਸਾਲ ਬਾਅਦ ਇਸ ਦੀ ਸਜ਼ਾ ਰੱਦ ਕਰ ਦਿੱਤੀ ਗਈ ਅਤੇ ਇਸ ਨੂੰ ਵਾਪਸ ਲਿਆ ਕੇ ਤੋਬੋਲਸਕ ਦੇ ਇਕ ਘੰਟਾ-ਘਰ ਵਿਚ ਟੰਗ ਦਿੱਤਾ ਗਿਆ।

- ਪਾਪ ਦੀ ਯਾਦ ਦਿਵਾਉਣ ਵਾਲੇ ਘੰਟੇ

ਜਾਪਾਨ ਸਥਿ ਸੇਈਕੇਂਜੀ ਦੇ ਮੰਦਰ ਵਿਚਲੇ ਘੰਟਾ-ਘਰ ਦੇ ਘੰਟੇ ਸੰਨ 1934 ਤੋਂ ਹਰ ਨਵੇਂ ਵਰ੍ਹੇ ਦੀ ਆਮਦ ’ਤੇ 108 ਵਾਰ ਵਜਾਏ ਜਾਂਦੇ ਸਨ। ਲਗਾਤਾਰ 654 ਸਾਲਾਂ ਤਕ ਇਹ ਘੰਟੇ ਸੰਨ 1968 ਤਕ ਵਜਾਏ ਜਾਂਦੇ ਰਹੇ। ਇਹ ਘੰਟੇ ਮਨੁੱਖ ਨੂੰ ਪਾਪਾਂ ਤੋਂ ਦੂਰ ਰਹਿਣ ਦੀ ਯਾਦ ਦਿਵਾਉਣ ਲਈ ਵਜਾਏ ਜਾਂਦੇ ਸਨ ਕਿਉਂਕਿ ਜਾਪਾਨੀਆਂ ਦੀ ਧਾਰਨਾ ਹੈ ਕਿ ਮਨੁੱਖ ਵੱਲੋਂ ਕੀਤੇ ਜਾਣ ਵਾਲੇ ਪਾਪਾਂ ਦੀ ਗਿਣਤੀ 108 ਹੈ।

- ਕੈਲੰਡਰ ਮਹਿਲ

ਇੰਗਲੈਂਡ ਸਥਿਤ ਕੈਂਟ ਦੇ ਨੋਲ ਕਿਲ੍ਹੇ ਵਿਚ ਸਾਲ ਦੇ 12 ਮਹੀਨਿਆਂ ਦੇ ਆਧਾਰ ’ਤੇ 12 ਵਿਹੜੇ, ਸਾਲ ਦੇ 52 ਹਫ਼ਤਿਆਂ ਦੇ ਆਧਾਰ ’ਤੇ 52 ਪੌੜੀਆਂ ਅਤੇ 365 ਦਿਨਾਂ ਦੇ ਆਧਾਰ ’ਤੇ 365 ਖਿੜਕੀਆਂ ਹਨ।

- ਸਮੇਂ ਦੀ ਪਾਬੰਦ ਚਿੜੀ

ਰੀਫ ਹੇਰਾਨ ਨਾਂ ਦੀ ਇਕ ਚਿੜੀ, ਜੋ ਗ੍ਰੇਟ ਬਾਰੀਅਨ ਰੀਫ ਨਾਂ ਦੀ ਇਕ ਸਮੁੰਦਰੀ ਚੱਟਾਨ ’ਤੇ ਸਿੱਪੀਆਂ-ਘੋਗੇ ਖਾਂਦੀ ਹੈ, ਰੋਜ਼ਾਨਾ ਆਸਟ੍ਰੇਲੀਆ ਤੋਂ 30 ਮੀਲ ਦੀ ਉਡਾਣ ਭਰ ਕੇ ਇਸ ਚੱਟਾਨ ’ਤੇ ਠੀਕ ਉਸ ਵੇਲੇ ਪਹੁੰਚਦੀ ਹੈ ਜਦੋਂ ਸਮੁੰਦਰ ਦਾ ਪਾਣੀ ਘਟ ਰਿਹਾ ਹੁੰਦਾ ਹੈ, ਹਾਲਾਂਕਿ ਜਵਾਰ-ਭਾਟੇ ਦਾ ਸਮਾਂ ਰੋਜ਼ਾਨਾ 45 ਮਿੰਟ ਅੱਗੇ-ਪਿੱਛੇ ਹੁੰਦਾ ਰਹਿੰਦਾ ਹੈ।

- ਸਿਕਸ ਓ ਕਲਾਕ ਸ਼ੂਟਰ

ਸਿਕਸ ਓ ਕਲਾਕ ਜਾਂ ਸਿਕਸ ਸ਼ੂਟਰ ਇਕ ਪਿਸਤੌਲ ਹੈ। ਇਸ ਅੰਦਰ ਇਕ ਘੜੀ ਬਣੀ ਹੋਈ ਹੈ, ਜੋ ਸਮਾਂ ਤਾਂ ਦੱਸਦੀ ਹੀ ਹੈ, ਇਸ ਦੇ ਨਾਲ ਹੀ ਜਦੋਂ ਇਸ ਪਿਸਤੌਲ ਦਾ ਘੋੜਾ (ਟਿ੍ਰਗਰ) ਦਬਾਇਆ ਜਾਂਦਾ ਹੈ ਤਾਂ ਇਸ ਵਿੱਚੋਂ ਗੋਲੀ ਦੀ ਥਾਂ ਇਤਰ ਦਾ ਫ਼ੁਹਾਰਾ ਨਿਕਲਦਾ ਹੈ। ਇਸ ਦਾ ਨਿਰਮਾਣ ਸਵਿਜ਼ਰਲੈਂਡ ਵਿਟ 19ਵੀਂ ਸਦੀ ਦੇ ਸ਼ੁਰੂ ’ਚ ਕੀਤਾ ਗਿਆ ਸੀ।

- ਚਾਰਟਰਜ਼ ਕੈਥੇਡ੍ਰਲ

ਫਰਾਂਸ ’ਚ ਚਾਰਟਰਜ਼ ਕੈਥੇਡ੍ਰਲ ਨਾਂ ਦਾ ਇਕ ਘੰਟਾ-ਘਰ ਸੰਨ 1691 ਵਿਚ ਆਏ ਇਕ ਤੂਫ਼ਾਨ ਕਾਰਨ ਪੂਰੇ ਇਕ ਸਾਲ ਤਕ 12 ਫੁੱਟ ਇਕ ਪਾਸੇ ਵੱਲ ਝੁਕਿਆ ਰਿਹਾ। ਸੰਨ 1692 ਵਿਚ ਇਸ ਨੂੰ ਸਿੱਧਾ ਕੀਤਾ ਗਿਆ ਅਤੇ 346 ਫੁੱਟ ਦੀ ਇਸ ਦੀ ਉਚਾਈ ’ਚ ਚਾਰ ਫੁੱਟ ਦਾ ਹੋਰ ਵਾਧਾ ਵੀ ਕੀਤਾ ਗਿਆ।

- ਸਦਾਬਹਾਰ ਫੁੱਲ ਘੜੀ

ਅਲਜ਼ੀਰੀਆ ਦੀ ਇਸ ਸਦਾਬਹਾਰ ਫੁੱਲ ਘੜੀ ਦੇ ਡਾਇਲ ਵਿਚ ਸਾਰਾ ਸਾਲ ਰੰਗ-ਬਰੰਗੇ ਫੁੱਲ ਖਿੜੇ ਰਹਿੰਦੇ ਹਨ। ਅਸਲ ਵਿਚ ਫੁੱਲਾਂ ਦੇ ਇਕ ਬਗ਼ੀਚੇ ਨੂੰ ਘੜੀ ਦਾ ਰੂਪ ਦਿੱਤਾ ਗਿਆ ਹੈ।

- ਲਿੱਲੀ ਕਲਾਕ

ਲਿੱਲੀ ਜਾਂ ਕਮੁਦਨੀ ਦੇ ਫੁੱਲਾਂ ਦੇ ਆਕਾਰ ਦੀ ਇਹ ਘੜੀ ਸੰਨ 1825 ਵਿਚ ਸਵਿਟਜ਼ਰਲੈਂਡ ’ਚ ਬਣਾਈ ਗਈ ਸੀ।

- ਮੌਤ ਦੀ ਘੜੀ

ਬਾਦਸ਼ਾਹ ਲੂਈਸ 14ਵੇਂ ਦੀ ਦੀਵਾਰ-ਘੜੀ, ਜੋ ਵਰਸੇਲਿਸ ਵਿਚ ਉਸ ਦੇ ਕਮਰੇ ’ਚ ਲੱਗੀ ਹੋਈ ਸੀ, 1 ਸਤੰਬਰ 1715 ਨੂੰ ਸਵੇਰੇ 8:15 ਮਿੰਟ ’ਤੇ ਉਸ ਵੇਲੇ ਰੁਕ ਗਈ ਜਦੋਂ ਬਾਦਸ਼ਾਹ ਦੀ ਮੌਤ ਹੋਈ ਸੀ ਅਤੇ ਉਸ ਤੋਂ ਬਾਅਦ ਇਹ ਘੜੀ ਮੁੜ ਨਹੀਂ ਚੱਲੀ।

- ਇਬਲੀਸ

Posted By: Harjinder Sodhi