ਰਿਸ਼ਤੇ ਸਾਡੀ ਧਰੋਹਰ ਹੁੰਦੇ ਹਨ। ਇਨ੍ਹਾਂ ਤੋਂ ਬਗ਼ੈਰ ਜੀਵਨ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੈ। ਇਨ੍ਹਾਂ ਰਾਹੀਂ ਸਾਡਾ ਜਨਮ ਹੁੰਦਾ ਹੈ, ਅਸੀਂ ਵਧਦੇ-ਫ਼ੁਲਦੇ ਹਾਂ, ਸਮਾਜ ਨਾਲ ਜੁੜਦੇ ਹਾਂ ਅਤੇ ਜੀਵਨ ਦੀਆਂ ਵੱਖ-ਵੱਖ ਲੋੜਾਂ ਦੀ ਪੂਰਤੀ ਹੁੰਦੀ ਹੈ। ਸੱਚ ਤਾਂ ਇਹ ਹੈ ਕਿ ਇਨ੍ਹਾਂ ਬਗ਼ੈਰ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਹਾਂ, ਇਹ ਜ਼ਰੂਰ ਹੈ ਕਿ ਜੇ ਸਾਡੇ ਰਿਸ਼ਤਿਆਂ ਵਿਚ ਅਪਣੱਤ ਦੀ ਭਾਵਨਾ, ਮੁਹੱਬਤ ਦੀ ਖ਼ੁਸ਼ਬੂ, ਮਿਲਣ ਦੀ ਤਾਂਘ ਅਤੇ ਅਹਿਸਾਸਾਂ ਦਾ ਨਿੱਘ ਹੋਵੇ ਤਾਂ ਇਹ ਜੀਵਨ ਨੂੰ ਹਮੇਸ਼ਾ ਚੜ੍ਹਦੀ ਕਲਾ ਅਤੇ ਖ਼ੁਸ਼ੀਆਂ-ਖੇੜਿਆਂ ਵਿਚ ਰੱਖਦੇ ਹਨ। ਇਸਦੇ ਉਲਟ, ਜੇ ਅਸੀਂ ਆਪਣੇ ਰਿਸ਼ਤਿਆਂ ਨੂੰ ਕੇਵਲ ਉਪਚਾਰਕ ਪੱਧਰ 'ਤੇ ਲੈ ਰਹੇ ਹਾਂ ਅਤੇ ਇਹ ਮੋਹ, ਮੁਹੱਬਤ ਅਤੇ ਨਿੱਘ ਤੋਂ ਕੋਰੇ ਹਨ ਤਾਂ ਸਾਡਾ ਜੀਵਨ ਖ਼ੁਸ਼ਕ ਅਤੇ ਨੀਰਸ ਹੀ ਹੋਵੇਗਾ। ਪੰਜਾਬੀ ਦੀ ਇਕ ਪ੍ਰਸਿੱਧ ਕਹਾਵਤ ਹੈ : ਖੇਤ ਵਾਹੁੰਦਿਆਂ ਦੇ, ਸਕੀਰੀਆਂ (ਰਿਸ਼ਤੇਦਾਰੀਆਂ) ਵਰਤਦਿਆਂ ਦੀਆਂ। ਇਸ ਦਾ ਭਾਵ ਹੈ ਕਿ ਜੇ ਸਾਡਾ ਕਿਸੇ ਰਿਸ਼ਤੇਦਾਰ ਨਾਲ ਮੇਲ-ਜੋਲ ਅਤੇ ਵਰਤ-ਵਰਤਾਵਾ ਹੀ ਨਹੀਂ, ਫਿਰ ਉਹ ਰਿਸ਼ਤੇਦਾਰ ਜਿਹਾ ਹੋਇਆ, ਜਿਹਾ ਨਾ ਹੋਇਆ।

ਪਰਿਵਾਰਕ ਅਤੇ ਸਮਾਜਿਕ ਰਿਸ਼ਤੇ

ਸਮੁੱਚੇ ਮਨੁੱਖੀ ਰਿਸ਼ਤਿਆਂ ਨੂੰ ਅਸੀਂ ਦੋ ਸ਼੍ਰੇਣੀਆਂ ਵਿਚ ਵੰਡ ਸਕਦੇ ਹਾਂ : ਪਰਿਵਾਰਕ ਰਿਸ਼ਤੇ ਅਤੇ ਸਮਾਜਿਕ ਰਿਸ਼ਤੇ। ਪਰਿਵਾਰਕ ਰਿਸ਼ਤਿਆਂ ਵਿਚ ਦਾਦਕਿਆਂ, ਨਾਨਕਿਆਂ ਅਤੇ ਸਹੁਰਿਆਂ ਦੇ ਰਿਸ਼ਤੇ ਸ਼ਾਮਲ ਹੁੰਦੇ ਹਨ। ਦਾਦਕਿਆਂ ਦੇ ਰਿਸ਼ਤੇ ਸਾਡੇ ਸਭ ਤੋਂ ਪਹਿਲੇ ਨੇੜੇ ਦੇ ਰਿਸ਼ਤੇ ਹੁੰਦੇ ਹਨ। ਇਨ੍ਹਾਂ ਰਿਸ਼ਤਿਆਂ ਵਿਚ ਸਾਡੇ ਮਾਂ-ਬਾਪ, ਦਾਦਾ-ਦਾਦੀ, ਚਾਚੇ-ਚਾਚੀਆਂ, ਤਾਏ-ਤਾਈਆਂ, ਭੂਆ-ਫੁੱਫੜ, ਉਨ੍ਹਾਂ ਦੇ ਬੱਚੇ-ਬੱਚੀਆਂ ਅਤੇ ਸਾਡੇ ਆਪਣੇ ਭੈਣ-ਭਰਾ ਸ਼ਾਮਲ ਹੁੰਦੇ ਹਨ। ਸੰਖੇਪ ਤੌਰ 'ਤੇ ਇਸ ਪਰਿਵਾਰ ਵਿਚ ਆਪਣੇ ਦਾਦੇ ਦਾ ਸਾਰਾ ਪਰਿਵਾਰ ਸ਼ਾਮਲ ਹੁੰਦਾ ਹੈ। ਦੂਜੇ ਨੰਬਰ 'ਤੇ ਆਉਂਦਾ ਹੈ, ਆਪਣੀ ਮਾਂ ਦੇ ਪੇਕਿਆਂ ਦਾ ਪਰਿਵਾਰ, ਜਿਸ ਨੂੰ ਅਸੀਂ ਨਾਨਕਾ ਪਰਿਵਾਰ ਕਹਿੰਦੇ ਹਾਂ। ਇਸ ਪਰਿਵਾਰ ਵਿਚ ਵਿਅਕਤੀ ਦੇ ਨਾਨਾ-ਨਾਨੀ, ਮਾਮੇ-ਮਾਮੀਆਂ, ਮਾਸੀਆਂ-ਮਾਸੜ ਅਤੇ ਅੱਗੋਂ ਉਨ੍ਹਾਂ ਦੇ ਬੱਚੇ ਸ਼ਾਮਲ ਹੁੰਦੇ ਹਨ। ਦਾਦਕੇ ਪਰਿਵਾਰ ਤੋਂ ਬਾਅਦ ਨਾਨਕਾ ਪਰਿਵਾਰ ਹੀ ਸਭ ਤੋਂ ਨੇੜੇ ਮੰਨਿਆ ਜਾਂਦਾ ਹੈ। ਸ਼ਾਦੀ ਹੋਣ ਤੋਂ ਬਾਅਦ ਲੜਕੇ-ਲੜਕੀ ਦਾ ਰਿਸ਼ਤਾ ਇਕ ਨਵੇਂ ਪਰਿਵਾਰ ਨਾਲ ਜੁੜ ਜਾਂਦਾ ਹੈ, ਜਿਸ ਨੂੰ ਸਹੁਰਾ ਪਰਿਵਾਰ ਕਿਹਾ ਜਾਂਦਾ ਹੈ। ਲੜਕੀ ਲਈ ਤਾਂ ਉਸਦਾ ਸਹੁਰਾ ਪਰਿਵਾਰ ਹੀ ਉਸਦਾ ਆਪਣਾ ਪਰਿਵਾਰ ਬਣ ਜਾਂਦਾ ਹੈ ਤੇ ਉਸਨੇ ਉੱਥੇ ਹੀ ਆਪਣੀ ਸਾਰੀ ਉਮਰ ਬਿਤਾਉਣੀ ਹੁੰਦੀ ਹੈ। ਉਸਦੇ ਸੱਸ-ਸਹੁਰਾ ਉਸ ਲਈ ਧਰਮ ਦੇ ਮਾਪੇ ਅਤੇ ਉਸਦੇ ਦਿਉਰ-ਜੇਠ ਅਤੇ ਨਣਦਾਂ ਉਸਦੇ ਧਰਮ ਦੇ ਭਰਾ ਅਤੇ ਭੈਣਾਂ ਬਣ ਜਾਂਦੇ ਹਨ। ਲੜਕੇ ਲਈ ਵੀ ਆਪਣਾ ਸਹੁਰਾ ਪਰਿਵਾਰ- ਆਪਣਾ ਸੱਸ-ਸਹੁਰਾ, ਸਾਲੇ-ਸਾਲੀਆਂ ਅਤੇ ਅੱਗੇ ਉਨ੍ਹਾਂ ਦੇ ਬੱਚੇ-ਵਿਸ਼ੇਸ਼ ਖਿੱਚ ਵਾਲਾ ਪਰਿਵਾਰ ਹੁੰਦਾ ਹੈ। ਇਸ ਤਰ੍ਹਾਂ ਬਣਦਾ ਹੈ ਪਰਿਵਾਰਿਕ ਰਿਸ਼ਤਿਆਂ ਦਾ ਇਹ ਲੰਮਾ-ਚੌੜਾ ਤਾਣਾ-ਬਾਣਾ! ਪਰਿਵਾਰਕ ਰਿਸ਼ਤਿਆਂ ਵਿੱਚੋਂ ਸਭ ਤੋਂ ਨੇੜੇ ਸਾਡਾ ਆਪਣਾ ਪਰਿਵਾਰ ਹੁੰਦਾ ਹੈ-ਉਹ ਪਰਿਵਾਰ ਜਿਸ ਵਿਚ ਦਾਦਾ-ਦਾਦੀ, ਮਾਤਾ-ਪਿਤਾ ਅਤੇ ਉਨ੍ਹਾਂ ਦੇ ਸਮੂਹ ਬੱਚੇ ਸ਼ਾਮਲ ਹੁੰਦੇ ਹਨ। ਨਿਰਸੰਦੇਹ, ਅਸੀਂ ਕਦੀ-ਕਦਾਈਂ ਬਾਕੀ ਰਿਸ਼ਤੇਦਾਰਾਂ ਨੂੰ ਵੀ ਮਿਲਦੇ-ਗਿਲਦੇ ਰਹਿੰਦੇ ਹਾਂ ਅਤੇ ਉਹ ਸਾਡੇ ਦੁੱਖ-ਸੁੱਖ ਵਿਚ ਸ਼ਾਮਲ ਵੀ ਹੁੰਦੇ ਰਹਿੰਦੇ ਹਨ ਪਰ ਸਾਡੀ ਅਸਲੀ ਸ਼ਕਤੀ ਅਤੇ ਸਮਰੱਥਾ ਸਾਡਾ ਆਪਣਾ ਪਰਿਵਾਰ ਹੀ ਹੁੰਦਾ ਹੈ। ਬੱਚੇ ਦੇ ਘਰ ਨੂੰ ਉਸ ਦਾ ਮੁੱਢਲਾ ਸਕੂਲ ਅਤੇ ਉਸਦੇ ਮਾਤਾ-ਪਿਤਾ ਨੂੰ ਉਸਦੇ ਪਹਿਲੇ ਅਧਿਆਪਕ ਸਮਝਿਆ ਜਾਂਦਾ ਹੈ। ਇਸ ਲਈ ਬੱਚਾ ਆਪਣੇ ਜੀਵਨ ਦੇ ਪਹਿਲੇ ਸਬਕ ਆਪਣੇ ਘਰ ਵਿਚ ਹੀ ਸਿੱਖਦਾ ਹੈ। ਜੇ ਘਰ ਦਾ ਵਾਤਾਵਰਨ ਸੁਖਾਵਾਂ ਹੋਵੇ ਅਤੇ ਪਰਿਵਾਰ ਦੇ ਸਾਰੇ ਮੈਂਬਰ ਇਕ-ਦੂਜੇ ਨੂੰ ਦਿਲੋਂ ਚਾਹੁੰਦੇ ਅਤੇ ਪਿਆਰ ਕਰਦੇ ਹੋਣ ਤਾਂ ਬੱਚਾ ਖ਼ੁਦ-ਬ-ਖ਼ੁਦ ਹੀ ਅੱਛੇ ਸੰਸਕਾਰ ਪ੍ਰਾਪਤ ਕਰ ਲੈਂਦਾ ਹੈ।

ਸਤਿਕਾਰ, ਅਧਿਕਾਰ ਤੇ ਪਿਆਰ

ਬਜ਼ੁਰਗਾਂ ਨੂੰ ਸਭ ਤੋਂ ਵੱਧ ਲੋੜ ਸਤਿਕਾਰ ਦੀ, ਨੌਜਵਾਨਾਂ ਨੂੰ ਅਧਿਕਾਰ ਦੀ ਅਤੇ ਬੱਚਿਆਂ ਨੂੰ ਪਿਆਰ ਦੀ ਹੁੰਦੀ ਹੈ। ਸੋ, ਇਹ ਜ਼ਰੂਰੀ ਹੈ ਕਿ ਪਰਿਵਾਰ ਵਿਚ ਪੂਰਨ ਮਾਣ-ਮਰਿਆਦਾ ਦਾ ਵਾਤਾਵਰਨ ਕਾਇਮ ਰੱਖਿਆ ਜਾਵੇ। ਵੱਡਿਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇ, ਉਨ੍ਹਾਂ ਦੇ ਹਿੱਸੇ ਦਾ ਪਿਆਰ ਦਿੱਤਾ ਜਾਵੇ ਅਤੇ ਨੌਜਵਾਨਾਂ ਨੂੰ ਅੱਗੇ ਵਧਣ ਅਤੇ ਵਿਕਾਸ ਕਰਨ ਦੇ ਯੋਗ ਮੌਕੇ ਦਿੱਤੇ ਜਾਣ। ਪਰਿਵਾਰਿਕ ਰਿਸ਼ਤਿਆਂ ਵਿਚ ਨਿੱਘ ਕਾਇਮ ਰੱਖਣ ਲਈ ਜ਼ਰੂਰੀ ਹੈ ਕਿ ਪਰਿਵਾਰ ਦੇ ਹਰ ਮੈਂਬਰ ਵਿਚ ਪੂਰਨ ਢਲਣਯੋਗਤਾ, ਸਹਿਯੋਗ ਅਤੇ ਤਿਆਗ ਦੀ ਭਾਵਨਾ ਹੋਵੇ। ਹਰ ਮੈਂਬਰ ਪੂਰੇ ਪਰਿਵਾਰ ਦੀ ਬਿਹਤਰੀ ਅਤੇ ਭਲਾਈ ਲਈ ਸੋਚੇ ਅਤੇ ਕਾਰਜਸ਼ੀਲ ਹੋਵੇ। ਜੇ ਪਰਿਵਾਰ ਦਾ ਇਕ ਵੀ ਮੈਂਬਰ ਸਵਾਰਥ ਜਾਂ ਮੇਰ-ਤੇਰ ਦੀ ਭਾਵਨਾ ਦਾ ਸ਼ਿਕਾਰ ਹੋ ਜਾਵੇ ਤਾਂ ਉਸ ਪਰਿਵਾਰ ਵਿਚ ਤਰੇੜਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਪਰਿਵਾਰ ਦਾ ਵਿਕਾਸ ਰੁਕ ਜਾਂਦਾ ਹੈ। ਪਰਿਵਾਰ ਦਾ ਵਾਤਾਵਰਨ ਸੁਖਾਵਾਂ ਅਤੇ ਮੋਹ-ਭਰਿਆ ਰੱਖਣ ਲਈ ਇਹ ਵੀ ਜ਼ਰੂਰੀ ਹੈ ਕਿ ਪਰਿਵਾਰ ਦੇ ਸਾਰੇ ਮੈਂਬਰ ਕੁਝ ਸਮੇਂ ਲਈ ਇਕੱਠੇ ਬੈਠ ਕੇ ਹੱਸਣ-ਖੇਡਣ, ਦਿਨ ਭਰ ਦੀ ਕਾਰਗੁਜ਼ਾਰੀ ਇਕ-ਦੂਜੇ ਨਾਲ ਸਾਂਝੀ ਕਰਨ ਅਤੇ ਹੋਰ ਨਵੀਆਂ-ਪੁਰਾਣੀਆਂ ਗੱਲਾਂ ਕਰਨ। ਇਕੱਠੇ ਬੈਠ ਕੇ ਖਾਣਾ ਖਾਣ, ਕੋਈ ਖੇਡ ਖੇਡਣ ਅਤੇ ਕਿਸੇ ਵਿਸ਼ੇ 'ਤੇ ਵਿਚਾਰ ਕਰਨ ਦਾ ਆਪਣਾ ਹੀ ਆਨੰਦ ਹੁੰਦਾ ਹੈ। ਚੇਤੇ ਰੱਖੋ ਆਪਣੇ ਮਾਤਾ-ਪਿਤਾ ਨੂੰ ਕਿਸੇ ਵੀ ਤਰ੍ਹਾਂ ਦੁੱਖ ਪਹੁੰਚਾਉਣ ਵਾਲੇ ਜਾਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਅਪਮਾਨਿਤ ਕਰਨ ਵਾਲੇ ਬੱਚੇ ਆਪਣੇ ਸੁਪਨੇ ਵਿਚ ਵੀ ਸੁਖੀ ਨਹੀਂ ਹੋ ਸਕਦੇ। ਜਦ ਲੜਕੀ ਦੀ ਸ਼ਾਦੀ ਹੁੰਦੀ ਹੈ ਤਾਂ ਉਸਦਾ ਸਹੁਰੇ ਘਰ ਜਾਣਾ ਇਕ ਤਰ੍ਹਾਂ ਨਾਲ ਉਸਦਾ ਨਵਾਂ ਜਨਮ ਹੁੰਦਾ ਹੈ। ਜੇ ਸੱਸ-ਸਹੁਰਾ ਆਪਣੀ ਨੂੰਹ ਨੂੰ ਆਪਣੀ ਧੀ ਸਮਾਨ ਅਤੇ ਨੂੰਹ ਆਪਣੇ ਸੱਸ-ਸਹੁਰੇ ਨੂੰ ਆਪਣੇ ਮਾਤਾ-ਪਿਤਾ ਸਮਾਨ ਨਹੀਂ ਸਮਝਦੀ ਤਾਂ ਉਸ ਘਰ ਵਿਚ ਖ਼ੁਸ਼ੀ ਪੈਰ ਪਾਉਣ ਤੋਂ ਵੀ ਝਿਜਕਦੀ ਹੈ।

ਵਿਕਾਸ ਤੇ ਖ਼ੁਸ਼ੀਆਂ

ਭਾਗਾਂ ਵਾਲੇ ਹੁੰਦੇ ਹਨ ਉਹ ਲੋਕ ਜਿਨ੍ਹਾਂ ਨੂੰ ਆਪਣੇ ਘਰ-ਪਰਿਵਾਰ ਵੱਲੋਂ ਪਿਆਰ ਅਤੇ ਸਤਿਕਾਰ ਮਿਲਦਾ ਰਹਿੰਦਾ ਹੈ। ਅਜਿਹੇ ਲੋਕ ਜੀਵਨ ਵਿਚ ਨਿਰੰਤਰ ਵਿਕਾਸ ਵੀ ਕਰਦੇ ਰਹਿੰਦੇ ਹਨ, ਖ਼ੁਸ਼ੀਆਂ ਵੀ ਮਾਣਦੇ ਹਨ ਅਤੇ ਖ਼ੁਸ਼ੀਆਂ ਵੰਡਦੇ ਵੀ ਹਨ। ਸੱਚ ਤਾਂ ਇਹ ਹੈ ਕਿ ਜੋ ਘਰ ਵਿਚ ਖ਼ੁਸ਼ ਹੁੰਦੇ ਹਨ, ਉਹ ਬਾਹਰ ਵੀ ਖ਼ੁਸ਼ ਹੁੰਦੇ ਹਨ ਅਤੇ ਘਰ ਬਣਦਾ ਹੀ ਪਰਿਵਾਰ ਨਾਲ ਹੈ, ਨਹੀਂ ਤਾਂ ਇਹ ਮਕਾਨ ਹੀ ਰਹਿੰਦਾ ਹੈ- ਇੱਟ, ਪੱਥਰ, ਲੋਹੇ, ਲੱਕੜ, ਸੀਮਿੰਟ ਅਤੇ ਰੇਤ ਆਦਿ ਤੋਂ ਬਣਿਆ ਇਕ ਢਾਂਚਾ ਰੂਹ-ਹੀਣ ਅਤੇ ਸਾਹ-ਹੀਣ! ਇਸ ਸਬੰਧ ਵਿਚ ਪ੍ਰਿੰਸੀਪਲ ਤੇਜਾ ਸਿੰਘ ਦੇ ਸ਼ਬਦ ਬਹੁਤ ਢੁੱਕਵੇਂ ਹਨ : 'ਘਰ ਇੱਟਾਂ ਜਾਂ ਵੱਟਿਆਂ ਦੇ ਬਣੇ ਕੋਠੇ ਨੂੰ ਨਹੀਂ ਕਹਿੰਦੇ। ਘਰ ਤੋਂ ਭਾਵ ਉਹ ਥਾਂ ਹੈ ਜਿੱਥੇ ਮਨੁੱਖ ਦਾ ਪਿਆਰ ਤੇ ਸਧਰਾਂ ਪਲਦੀਆਂ ਹਨ ; ਜਿੱਥੇ ਬਚਪਨ ਵਿਚ ਮਾਂ-ਭੈਣ ਤੇ ਭਰਾ ਕੋਲੋਂ ਲਾਡ ਲਿਆ ਹੁੰਦਾ ਹੈ; ਜਿੱਥੇ ਜਵਾਨੀ ਵਿਚ ਸਾਰੇ ਜਹਾਨ ਨੂੰ ਗਾਹ ਕੇ, ਲਤਾੜ ਕੇ, ਖੱਟੀ ਕਮਾਈ ਕਰ ਕੇ ਮੁੜ ਆਉਣ ਨੂੰ ਜੀਅ ਕਰਦਾ ਹੈ ਅਤੇ ਜਿੱਥੇ ਬੁਢਾਪੇ ਵਿਚ ਬਹਿ ਕੇ ਸਾਰੇ ਜੀਵਨ ਦੇ ਝਮੇਲਿਆਂ ਤੋਂ ਮਿਲੀ ਵਿਹਲ ਨੂੰ ਅਰਾਮ ਨਾਲ ਕੱਟਣ ਵਿਚ ਇਉਂ ਸੁਆਦ ਆਉਂਦਾ ਹੈ, ਜਿਵੇਂ ਬਚਪਨ ਵਿਚ ਮਾਂ ਦੀ ਝੋਲ਼ੀ ਵਿਚ ਆਉਂਦਾ ਸੀ। ਘਰ ਮਨੁੱਖ ਦੇ ਨਿੱਜੀ ਵਲਵਲਿਆਂ ਤੇ ਸ਼ਖ਼ਸੀ ਰਹਿਣੀ ਦਾ ਕੇਂਦਰ ਹੁੰਦਾ ਹੈ। ਉਸਦੇ ਆਚਰਣ ਬਣਾਉਣ ਵਿਚ ਜਿੱਥੇ ਸਮਾਜਿਕ ਤੇ ਮੁਲਕੀ ਆਲੇ-ਦੁਆਲੇ ਦਾ ਅਸਰ ਕੰਮ ਕਰਦਾ ਹੈ, ਉੱਥੇ ਘਰ ਦੀ ਚਾਰ-ਦੀਵਾਰੀ ਅਤੇ ਇਸਦੇ ਅੰਦਰ ਦੀ ਹਾਲਤ ਦਾ ਅਸਰ ਵੀ ਘੱਟ ਕੰਮ ਨਹੀਂ ਕਰਦਾ। ਸਗੋਂ ਮਨੁੱਖ ਦਾ ਆਚਰਣ ਬਣਦਾ ਹੀ ਘਰ ਵਿਚ ਹੈ। ਇਹੋ ਉਸ ਦੀਆਂ ਰੁਚੀਆਂ ਅਤੇ ਸੁਭਾਅ ਦਾ ਸਾਂਚਾ ਹੈ। ਕਈ ਵਾਰ ਜਦ ਮੈਂ ਕਿਸੇ ਸੱਜਣ ਨੂੰ ਕੋਝੇ, ਸੜੀਅਲ ਜਾਂ ਖਿਝੂ ਸੁਭਾਅ ਵਾਲਾ ਦੇਖਦਾ ਹਾਂ ਤਾਂ ਮੈਂ ਦਿਲ ਵਿਚ ਕਹਿੰਦਾ ਹਾਂ, 'ਇਸ ਵਿਚਾਰੇ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਹੋਣਾ'।

ਵਿਸ਼ਵਾਸ ਅਤੇ ਸਹਿਯੋਗ

ਰਿਸ਼ਤਿਆਂ ਦੀ ਲੜੀ ਵਿਚ ਪਤੀ-ਪਤਨੀ ਦਾ ਰਿਸ਼ਤਾ ਸਭ ਤੋਂ ਅਹਿਮ ਸਥਾਨ ਰੱਖਦਾ ਹੈ। ਇਹ ਰਿਸ਼ਤਾ 'ਏਕ ਜੋਤਿ ਦੁਇ ਮੂਰਤੀ' ਅਰਥਾਤ 'ਤੇਰੀ ਮੇਰੀ ਇਕ ਜਿੰਦੜੀ, ਉਂਝ ਦੇਖਣ ਨੂੰ ਅਸੀਂ ਦੋ' ਵਾਲਾ ਹੁੰਦਾ ਹੈ। ਇਕ ਨੂੰ ਤਾਪ ਚੜ੍ਹਦਾ ਹੈ, ਦੂਜਾ ਹੂੰਘਦਾ ਹੈ ਅਤੇ ਅੱਖ ਇਕ ਦੀ ਦੁਖਦੀ ਹੈ ਤੇ ਲਾਲੀ ਦੂਜੇ ਦੀਆਂ ਅੱਖਾਂ ਵਿਚ ਰੜਕਦੀ ਹੈ। ਨਿਰਸਵਾਰਥ ਆਪਸੀ ਪ੍ਰੇਮ, ਸਹਿਯੋਗ ਅਤੇ ਵਿਸ਼ਵਾਸ ਇਸ ਰਿਸ਼ਤੇ ਦੀ ਨੀਂਹ ਹੁੰਦੇ ਹਨ। ਜੇ ਇਸ ਰਿਸ਼ਤੇ ਵਿਚ ਤਰੇੜ ਪੈ ਜਾਵੇ ਤਾਂ ਕੇਵਲ ਸਬੰਧਤ ਧਿਰਾਂ ਦਾ ਹੀ ਨਹੀਂ ਸਗੋਂ ਉਨ੍ਹਾਂ ਦੇ ਪਰਿਵਾਰਾਂ ਦਾ ਜੀਵਨ ਵੀ ਅਸਤ-ਵਿਅਸਤ ਹੋ ਜਾਂਦਾ ਹੈ। ਪਤੀ-ਪਤਨੀ ਦਰਮਿਆਨ ਪੈਦਾ ਹੋਇਆ ਖਿੱਚੋਤਾਣ ਪੂਰੇ ਘਰ ਨੂੰ ਨਰਕ ਵਿਚ ਬਦਲ ਦਿੰਦਾ ਹੈ। ਇਸ ਕਾਰਨ ਹੀ ਕਿਹਾ ਜਾਂਦਾ ਹੈ : 'ਜਿੱਥੇ ਪਤੀ-ਪਤਨੀ ਦਾ ਜੋੜ ਨਹੀਂ, ਉੱਥੇ ਹੋਰ ਨਰਕ ਦੀ ਲੋੜ ਨਹੀਂ'। ਜੇ ਤੁਹਾਡਾ ਜੀਵਨ-ਸਾਥੀ ਖ਼ੁਸ਼ ਨਹੀਂ ਤਾਂ ਤੁਸੀਂ ਕਲਪਨਾ ਵਿਚ ਵੀ ਖ਼ੁਸ਼ ਨਹੀਂ ਹੋ ਸਕਦੇ। ਘਰ ਵਿਚ ਹਮੇਸ਼ਾ ਤਣਾਅ ਦਾ ਮਾਹੌਲ ਬਣਿਆ ਰਹਿੰਦਾ ਹੈ ਅਤੇ ਪਰਿਵਾਰਕ ਖ਼ੁਸ਼ੀ ਖੰਭ ਲਾ ਕੇ ਉੱਡ ਜਾਂਦੀ ਹੈ। ਬੱਚਿਆਂ ਦਾ ਜੀਵਨ ਅਲੱਗ ਨਰਕ ਬਣ ਜਾਂਦਾ ਹੈ। ਪਤੀ-ਪਤਨੀ ਦਰਮਿਆਨ ਤਣਾਅ ਦਾ ਕਾਰਨ ਆਮ ਤੌਰ 'ਤੇ ਬਦਜ਼ੁਬਾਨੀ, ਝੂਠੀ ਹਉਮੈਂ, ਹੈਂਕੜ, ਸ਼ੱਕ, ਲਾਲਚ ਜਾਂ ਨਜਾਇਜ਼ ਰਿਸ਼ਤਾ ਹੋ ਸਕਦਾ ਹੈ। ਇੱਥੇ ਇਹ ਸਮਝ ਲੈਣਾ ਵੀ ਜ਼ਰੂਰੀ ਹੈ ਕਿ ਨਜਾਇਜ਼ ਰਿਸ਼ਤਿਆਂ ਦਾ ਅੰਤ ਹਮੇਸ਼ਾ ਹੀ ਬੁਰਾ ਹੁੰਦਾ ਹੈ। ਸੁਖੀ ਜੀਵਨ ਲਈ ਜ਼ਰੂਰੀ ਹੈ ਕਿ ਪਤੀ-ਪਤਨੀ ਦਾ ਰਿਸ਼ਤਾ ਬਿਲਕੁਲ ਨਿਰਮਲ, ਸੁਖਾਵਾਂ ਅਤੇ ਕਿਸੇ ਵੀ ਸ਼ੱਕ ਦੀ ਗੁੰਜਾਇਸ਼ ਤੋਂ ਮੁਕਤ ਹੋਵੇ।

ਘਰ ਤੋਂ ਬਾਹਰ ਆਉਂਦਿਆਂ ਹੀ ਸਮਾਜਿਕ ਰਿਸ਼ਤੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਰਿਸ਼ਤਿਆਂ ਵਿਚ ਮਨੁੱਖ ਦੇ ਆਪਣੇ ਆਂਢੀਆਂ-ਗੁਆਂਢੀਆਂ, ਸਹਿ-ਕਰਮੀਆਂ ਅਤੇ ਆਪਣੇ ਦੋਸਤਾਂ-ਮਿੱਤਰਾਂ ਤੋਂ ਇਲਾਵਾ ਉਨ੍ਹਾਂ ਸਾਰੇ ਵਿਅਕਤੀਆਂ ਨਾਲ ਬਣਨ ਵਾਲੇ ਰਿਸ਼ਤੇ ਸ਼ਾਮਲ ਹੁੰਦੇ ਹਨ, ਜਿਨ੍ਹਾਂ ਨਾਲ ਉਸ ਦਾ ਕਿਸੇ ਨਾ ਕਿਸੇ ਪ੍ਰਸੰਗ ਵਿਚ ਵਾਹ ਪੈਂਦਾ ਹੈ। ਕਈ ਵਾਰ ਕਾਰੋਬਾਰੀਆਂ ਅਤੇ ਗਾਹਕਾਂ ਦਰਮਿਆਨ, ਮਰੀਜ਼ਾਂ ਅਤੇ ਡਾਕਟਰਾਂ ਦਰਮਿਆਨ ਅਤੇ ਕਿਸੇ ਇਕ ਹੀ ਮਤ ਜਾਂ ਵਿਚਾਰਧਾਰਾ ਨੂੰ ਮੰਨਣ ਵਾਲਿਆਂ ਦਰਮਿਆਨ ਬਹੁਤ ਨੇੜਲਾ ਅਤੇ ਨਿੱਘਾ ਰਿਸ਼ਤਾ ਬਣ ਜਾਂਦਾ ਹੈ। ਅਜਿਹੇ ਰਿਸ਼ਤਿਆਂ ਦਾ ਆਧਾਰ ਆਮ ਤੌਰ 'ਤੇ ਪਰਸਪਰ ਲੋੜ, ਵਿਚਾਰਕ ਸਾਂਝ ਜਾਂ ਵਾਰ-ਵਾਰ ਮਿਲਣਾ-ਜੁਲਣਾ ਹੁੰਦਾ ਹੈ। ਬੋਲ-ਚਾਲ ਵਿਚ ਮਿਠਾਸ ਅਤੇ ਵਰਤਾਉ ਵਿਚ ਹਲੀਮੀ ਅਜਿਹੇ ਰਿਸ਼ਤਿਆਂ ਨੂੰ ਨਿੱਘ ਨਾਲ ਭਰ ਸਕਦੀ ਹੈ ਅਤੇ ਮਨੁੱਖ ਇਨ੍ਹਾਂ ਤੋਂ ਦਿਲੀ ਸਕੂਨ ਪ੍ਰਾਪਤ ਕਰ ਸਕਦਾ ਹੈ। ਇਕ ਹੋਰ ਬਹੁਤ ਹੀ ਪਵਿੱਤਰ ਅਤੇ ਸਦਾ ਕਾਇਮ ਰਹਿਣ ਵਾਲਾ ਰਿਸ਼ਤਾ ਵਿਦਿਆਰਥੀਆਂ ਅਤੇ ਅਧਿਆਪਕਾਂ ਦਰਮਿਆਨ ਬਣਨ ਵਾਲਾ ਰਿਸ਼ਤਾ ਹੁੰਦਾ ਹੈ। ਇਸ ਰਿਸ਼ਤੇ ਦਾ ਆਪਣਾ ਹੀ ਨਿੱਘ ਅਤੇ ਆਪਣੀ ਹੀ ਵਿਲੱਖਣਤਾ ਹੁੰਦੀ ਹੈ।

ਦੋਸਤੀ ਦਾ ਰਿਸ਼ਤਾ

ਪਰਿਵਾਰੋਂ ਬਾਹਰ ਪਰ ਪਰਿਵਾਰਕ ਰਿਸ਼ਤਿਆਂ ਵਰਗਾ ਹੀ ਇਕ ਅਤਿ ਪਿਆਰਾ, ਪਾਇਦਾਰ ਅਤੇ ਵਿਸ਼ਵਾਸਯੋਗ ਸਮਾਜਿਕ ਰਿਸ਼ਤਾ ਹੁੰਦਾ ਹੈ, ਦੋਸਤਾਂ-ਮਿੱਤਰਾਂ ਦਾ ਰਿਸ਼ਤਾ। ਇਹ ਇਕ ਅਜਿਹਾ ਰਿਸ਼ਤਾ ਹੁੰਦਾ ਹੈ, ਜੋ ਮਨੁੱਖ ਨੂੰ ਇਕ ਨਿਵੇਕਲਾ ਨਿੱਘ, ਸਕੂਨ ਅਤੇ ਆਨੰਦ ਦਿੰਦਾ ਹੈ। ਦੋਸਤਾਂ ਦਰਮਿਆਨ ਨਾ ਤਾਂ ਦਿਖਾਵੇ ਅਤੇ ਉਪਚਾਰਕਤਾਵਾਂ ਲਈ ਕੋਈ ਸਥਾਨ ਹੁੰਦਾ ਹੈ ਅਤੇ ਨਾ ਹੀ ਉਨ੍ਹਾਂ ਦਾ ਇਕ-ਦੂਜੇ ਤੋਂ ਕੁਝ ਛੁਪਿਆ ਹੁੰਦਾ ਹੈ। ਭਾਵੇਂ ਦੋਸਤਾਂ ਨੂੰ ਜਿਵੇਂ ਉਹ ਹੁੰਦੇ ਹਨ, ਉਸ ਰੂਪ ਵਿਚ ਹੀ ਸਵੀਕਾਰ ਕਰਨਾ ਹੁੰਦਾ ਹੈ ਪਰ ਫਿਰ ਵੀ ਸਥਾਈ ਦੋਸਤੀ ਲਈ ਵਿਚਾਰਾਂ, ਸੁਭਾਵਾਂ, ਆਦਤਾਂ ਅਤੇ ਆਰਥਿਕ ਸਥਿਤੀਆਂ ਆਦਿ ਵਿਚ ਕੁਝ ਨਾ ਕੁਝ ਸਮਾਨਤਾ ਹੋਣੀ ਜ਼ਰੂਰੀ ਮੰਨੀ ਜਾਂਦੀ ਹੈ। ਸੱਚੇ ਦੋਸਤ ਆਪਣੇ ਦੋਸਤਾਂ ਦੀ ਕਦੀ ਵੀ ਪਿੱਠ ਪਿੱਛੇ ਬਦਖੋਈ ਨਹੀਂ ਕਰਦੇ। ਉਨ੍ਹਾਂ ਦਾ ਹਰ ਦੁੱਖ-ਸੁੱਖ ਵਿਚ ਸਾਥ ਦਿੰਦੇ ਹਨ, ਉਨ੍ਹਾਂ ਨੂੰ ਕਦੀ ਵੀ ਧੋਖ਼ਾ ਨਹੀਂ ਦਿੰਦੇ ਅਤੇ ਜੇ ਉਨ੍ਹਾਂ ਵਿਚ ਕੋਈ ਕਮੀ ਜਾਂ ਕਮਜ਼ੋਰੀ ਨਜ਼ਰ ਆਵੇ ਤਾਂ ਉਨ੍ਹਾਂ ਦਾ ਉਸ ਵੱਲ ਧਿਆਨ ਜ਼ਰੂਰ ਦਿਵਾਉਂਦੇ ਹਨ। ਦੋਸਤਾਂ ਵਿਚ ਕੋਈ ਵੀ ਵੱਡਾ-ਛੋਟਾ ਜਾਂ ਅਮੀਰ-ਗ਼ਰੀਬ ਨਹੀਂ ਹੁੰਦਾ-ਜਦ ਦੋਸਤੀ ਹੋ ਜਾਂਦੀ ਹੈ ਤਾਂ ਸਭ ਭੇਦ-ਭਾਵ ਮਿਟ ਜਾਂਦੇ ਹਨ। ਕਿਸੇ ਸਵਾਰਥ ਨੂੰ ਸਿੱਧ ਕਰਨ ਲਈ ਮਿੱਤਰਤਾ ਦਾ ਮੁਖ਼ੌਟਾ ਪਹਿਨਣ ਵਾਲੇ ਵਿਅਕਤੀ ਕਦੀ ਵੀ ਸੱਚੇ ਮਿੱਤਰ ਨਹੀਂ ਹੋ ਸਕਦੇ। ਆਪਣਾ ਸਵਾਰਥ ਪੂਰਾ ਹੁੰਦੇ ਹੀ ਉਹ ਅੱਖਾਂ ਫੇਰ ਜਾਂਦੇ ਹਨ। ਸੱਚੇ ਦੋਸਤ ਤੁਹਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਵਾਂਗ ਹੀ ਲਗਦੇ ਹਨ ਅਤੇ ਉਹ ਤੁਹਾਡੇ ਪਰਿਵਾਰ ਦੇ ਮੈਂਬਰਾਂ ਵਾਂਗ ਹੀ ਵਿਚਰਦੇ ਹਨ। ਭਾਗਾਂ ਵਾਲੇ ਹੁੰਦੇ ਹਨ ਉਹ ਲੋਕ ਜਿਨ੍ਹਾਂ ਦੇ ਭਰਾ ਦੋਸਤਾਂ ਵਰਗੇ ਅਤੇ ਦੋਸਤ ਭਰਾਵਾਂ ਵਰਗੇ ਹੋਣ।

ਅਸਲ ਵਿਚ ਵਧੀਆ ਦੋਸਤ ਤੁਹਾਡਾ ਇਕ ਅਨਮੋਲ ਖ਼ਜ਼ਾਨਾ ਹੁੰਦੇ ਹਨ, ਜੋ ਖ਼ੁਸ਼ੀ ਦੇ ਸਮੇਂ ਵਿਚ ਤੁਹਾਡੀ ਖ਼ੁਸ਼ੀ ਨੂੰ ਚਾਰ ਚੰਨ ਲਾਉਂਦੇ ਹਨ ਅਤੇ ਮੁਸ਼ਕਿਲ ਦੇ ਸਮੇਂ ਵਿਚ ਤੁਹਾਡਾ ਸਹਾਰਾ ਬਣਦੇ ਹਨ। ਬਾਕੀ ਇਹ ਤਾਂ ਅਸੀਂ ਸਭ ਜਾਣਦੇ ਹੀ ਹਾਂ ਕਿ ਬਹਾਰਾਂ ਯਾਰਾਂ ਨਾਲ ਤੇ ਮੇਲੇ ਮਿੱਤਰਾਂ ਨਾਲ ਹੀ ਹੁੰਦੇ ਹਨ। '... ਯਾਰਾਂ ਨਾਲ ਬਹਾਰਾਂ, ਮੇਲੇ ਮਿੱਤਰਾਂ ਦੇ'। ਕਿਸੇ ਸਮੇਂ ਪੱਗਾਂ ਵਟਾ ਕੇ ਪੱਗ-ਵਟ ਜਾਂ ਧਰਮ ਭਰਾ ਅਤੇ ਚੁੰਨੀਆਂ ਵਟਾ ਕੇ ਚੁੰਨੀ-ਵਟ ਜਾਂ ਧਰਮ ਭੈਣਾਂ ਬਣਨ ਦੀ ਪ੍ਰੰਪਰਾ ਵੀ ਰਹੀ ਹੈ, ਜੋ ਅੱਜ ਕੱਲ੍ਹ ਲਗਪਗ ਖ਼ਤਮ ਹੀ ਹੋ ਚੁੱਕੀ ਹੈ। ਉਂਝ ਸੱਚੇ ਦੋਸਤ ਪਹਿਲਾਂ ਵੀ ਮਿਲਦੇ ਸਨ ਅਤੇ ਹੁਣ ਵੀ ਮਿਲਦੇ ਹਨ। ਲੋੜ ਕੇਵਲ ਖ਼ੁਦ ਨੂੰ ਸੱਚਾ ਮਿੱਤਰ ਬਣਾਉਣ ਦੀ ਹੁੰਦੀ ਹੈ।

ਵਰਤਾਉ ਵਿਚ ਨਿਮਰਤਾ

ਅੰਤ ਵਿਚ ਅਸੀਂ ਦੇਖਦੇ ਹਾਂ ਕਿ ਰਿਸ਼ਤਿਆਂ ਵਿਚ ਬੱਝਿਆ ਹੋਇਆ ਤਾਂ ਹਰ ਵਿਅਕਤੀ ਹੀ ਹੈ, ਫ਼ਰਕ ਕੇਵਲ ਇੰਨਾ ਕੁ ਹੈ ਕਿ ਕੁਝ ਇਨ੍ਹਾਂ ਦਾ ਕੇਵਲ ਭਾਰ ਹੀ ਢੋਂਦੇ ਹਨ, ਜਦਕਿ ਕੁਝ ਇਨ੍ਹਾਂ ਨੂੰ ਪੂਰੀ ਸ਼ਿੱਦਤ ਨਾਲ ਹੰਢਾਉਂਦੇ ਅਤੇ ਇਨ੍ਹਾਂ ਦਾ ਨਿੱਘ ਮਾਣਦੇ ਹਨ। ਬਥੇਰੇ ਲੋਕ ਅਜਿਹੇ ਦੇਖੀਦੇ ਹਨ, ਜਿਨ੍ਹਾਂ ਨੂੰ ਆਪਣੇ ਵੀ ਆਪਣੇ ਨਹੀਂ ਲੱਗਦੇ। ਮਾਂ-ਬਾਪ ਨੂੰ ਆਪਣੇ ਉੱਪਰ ਵਾਧੂ ਬੋਝ ਸਮਝਦੇ ਹਨ; ਭਰਾਵਾਂ ਨੂੰ ਸ਼ਰੀਕ ਸਮਝਦੇ ਹਨ; ਭੈਣਾਂ ਕੋਲ ਜਾਣ ਦਾ ਉਨ੍ਹਾਂ ਕੋਲ ਸਮਾਂ ਨਹੀਂ ਹੁੰਦਾ; ਦੋਸਤਾਂ-ਮਿੱਤਰਾਂ ਦਾ ਮਜ਼ਾਕ ਉਡਾਉਂਦੇ ਹਨ; ਆਂਢੀ-ਗੁਆਂਢੀ ਉਨ੍ਹਾਂ ਨੂੰ ਘਟੀਆ ਜਾਪਦੇ ਹਨ। ਗੱਲ ਕੀ, ਆਪਣੇ ਆਪ ਤੋਂ ਨੇਕ, ਸਾਊ, ਸਿਆਣਾ, ਸਮਝਦਾਰ, ਸੱਚਾ-ਸੁੱਚਾ ਅਤੇ ਪਰਉਪਕਾਰੀ ਉਨ੍ਹਾਂ ਨੂੰ ਹੋਰ ਕੋਈ ਦਿਖਾਈ ਹੀ ਨਹੀਂ ਦਿੰਦਾ। ਦੂਜੇ ਪਾਸੇ ਹੁੰਦੇ ਹਨ ਉਹ ਲੋਕ ਜੋ ਆਪਣਿਆਂ ਨੂੰ ਤਾਂ ਆਪਣੇ ਬਣਾ ਕੇ ਰਖਦੇ ਹੀ ਹਨ, ਦੂਜਿਆਂ ਨਾਲ ਵੀ ਇੰਨਾ ਮੋਹ-ਪਿਆਰ ਕਰਦੇ ਹਨ ਕਿ ਉਹ ਵੀ ਆਪਣੇ ਹੀ ਬਣ ਜਾਂਦੇ ਹਨ।

ਰਿਸ਼ਤਿਆਂ ਵਿਚ ਨਿੱਘ ਕਾਇਮ ਰੱਖਣ ਤੇ ਇਸ ਨੂੰ ਮਾਣਨ ਲਈ ਜਿੱਥੇ ਸਾਡੀ ਬੋਲ-ਬਾਣੀ ਵਿਚ ਮਿਠਾਸ ਅਤੇ ਵਰਤਾਉ ਵਿਚ ਨਿਮਰਤਾ ਦੀ ਲੋੜ ਹੈ, ਉੱਥੇ ਹੀ ਸਾਨੂੰ ਸੰਜਮ, ਸੁਹਿਰਦਤਾ, ਸ਼ਿਸ਼ਟਤਾ ਅਤੇ ਸਮਰਪਿਤ ਭਾਵਨਾ ਨੂੰ ਵੀ ਆਪਣੇ ਸੁਭਾਅ ਦਾ ਇਕ ਅਨਿੱਖੜਵਾਂ ਅੰਗ ਬਣਾਉਣਾ ਪੈਂਦਾ ਹੈ। ਇਸ ਦੇ ਨਾਲ ਹੀ ਇਹ ਜ਼ਰੂਰੀ ਹੁੰਦਾ ਹੈ ਕਿ ਹਰ ਥਾਂ ਆਪਣਾ ਹੀ ਰਾਗ ਅਲਾਪਣ ਦੀ ਥਾਂ ਅਸੀਂ ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਉਨ੍ਹਾਂ ਦੀ ਕਦਰ ਕਰਨੀ ਸਿੱਖੀਏ। ਜੇ ਅਸੀਂ ਆਪਣਾ ਸਤਿਕਾਰ ਚਾਹੁੰਦੇ ਹਾਂ ਤਾਂ ਪਹਿਲਾਂ ਅਸੀਂ ਦੂਜਿਆਂ ਦਾ ਸਤਿਕਾਰ ਕਰਨਾ ਸਿੱਖੀਏ। ਬਹੁਤ ਸਾਰੇ ਰਿਸ਼ਤੇ ਕੁਝ ਨਾ ਕੁਝ ਤਿਆਗ ਅਤੇ ਕਿਸੇ ਨਾ ਕਿਸੇ ਕੁਰਬਾਨੀ ਦੀ ਵੀ ਮੰਗ ਕਰਦੇ ਹਨ, ਅਸੀਂ ਉਸ ਲਈ ਤਿਆਰ ਰਹੀਏ। ਹਉਮੈਂ, ਹੈਂਕੜ, ਅਭਿਮਾਨ, ਅੜੀ, ਸਵਾਰਥ, ਲੋਭ ਅਤੇ ਉਦਾਸੀਨਤਾ ਆਦਿ ਰਿਸ਼ਤਿਆਂ ਦੀਆਂ ਜੜ੍ਹਾਂ ਵਿਚ ਤੇਲ ਪਾਉਣ ਦਾ ਕੰਮ ਕਰਦੇ ਹਨ।

ਰਿਸ਼ਤੇ ਬਣਾਉਣੇ ਸੌਖੇ, ਨਿਭਾਉਣੇ ਔਖੇ

ਚੇਤੇ ਰੱਖੋ! ਰਿਸ਼ਤੇ ਬਣਾਉਣੇ ਬੜੇ ਸੌਖੇ ਪਰ ਨਿਭਾਉਣੇ ਬੜੇ ਔਖੇ ਹੁੰਦੇ ਹਨ। ਇਹ ਰੇਸ਼ਮ ਦੀਆਂ ਤੰਦਾਂ ਵਾਂਗ ਸੂਖ਼ਮ ਹੁੰਦੇ ਹਨ ਤੇ ਤੁਹਾਡੀ ਜ਼ਰਾ ਜਿੰਨੀ ਵੀ ਗ਼ਲਤੀ ਜਾਂ ਅਣਗ਼ਹਿਲੀ ਇਨ੍ਹਾਂ ਨੂੰ ਤਾਰ-ਤਾਰ ਕਰ ਸਕਦੀ ਹੈ। ਇਹ ਵੀ ਯਾਦ ਰੱਖੋ ਕਿ ਜਦ ਸ਼ੀਸ਼ੇ ਵਿਚ ਇਕ ਵਾਰ ਤਰੇੜ ਪੈ ਜਾਵੇ ਤਾਂ ਉਸ ਨੂੰ ਛੁਪਾਇਆ ਤਾਂ ਜਾ ਸਕਦਾ ਹੈ, ਪਰ ਕਿਸੇ ਵੀ ਤਰ੍ਹਾਂ ਮਿਟਾਇਆ ਨਹੀਂ ਜਾ ਸਕਦਾ। ਦੂਜੇ ਪਾਸੇ, ਤੁਹਾਡੇ ਦੁਆਰਾ ਕੀਤੀ ਗਈ ਉਚਿੱਤ ਦੇਖ-ਭਾਲ ਅਤੇ ਸਾਂਭ-ਸੰਭਾਲ ਨਾਲ ਇਹ ਲੋਹੇ ਦੇ ਸੰਗਲਾਂ ਵਾਂਗ ਮਜ਼ਬੂਤ ਵੀ ਹੋ ਸਕਦੇ ਹਨ। ਰਿਸ਼ਤਿਆਂ ਨੂੰ ਸਦੀਵਤਾ ਅਤੇ ਮਜ਼ਬੂਤੀ ਪ੍ਰਦਾਨ ਕਰਨ ਲਈ ਜ਼ਰੂਰੀ ਹੁੰਦਾ ਹੈ ਕਿ ਸਾਡੀ ਸੋਚ ਸਕਾਰਾਤਮਕ, ਹਿਰਦਾ ਵਿਸ਼ਾਲ ਅਤੇ ਮਨ ਨਿਰਮਲ ਹੋਵੇ। ਆਪਣਾ ਕੰਮ ਵੀ ਨਿਰੰਤਰ ਕਰਦੇ ਰਹੀਏ ਅਤੇ ਆਪਣੇ ਰਿਸ਼ਤਿਆਂ ਵਿਚ ਨਿੱਘ ਕਾਇਮ ਰੱਖਣ ਲਈ ਕੁਝ ਨਾ ਕੁਝ ਸਮਾਂ ਵੀ ਜ਼ਰੂਰ ਕੱਢਦੇ ਰਹੀਏ। ਰਿਸ਼ਤੇ ਭਾਵੇਂ ਖ਼ੂਨ ਦੇ ਹੋਣ ਭਾਵੇਂ ਸਮਾਜਿਕ, ਇਨ੍ਹਾਂ ਵਿਚ ਗ਼ਿਲਿਆਂ-ਸ਼ਿਕਵਿਆਂ, ਰੋਸਿਆਂ-ਉਲਾਂਭਿਆਂ ਅਤੇ ਤੰਗ-ਦਿਲੀਆਂ ਲਈ ਕੋਈ ਸਥਾਨ ਨਹੀਂ ਹੁੰਦਾ। ਜੇ ਅਸੀਂ ਸੁੱਤੇ ਨੂੰ ਜਗਾਉਂਦੇ ਨਹੀਂ, ਡਿੱਗੇ ਨੂੰ ਉਠਾਉਂਦੇ ਨਹੀਂ, ਰੁੱਸੇ ਨੂੰ ਮਨਾਉਂਦੇ ਨਹੀਂ ਅਤੇ ਰੋਂਦੇ ਨੂੰ ਹਸਾਉਂਦੇ ਨਹੀਂ ਤਾਂ ਅਸੀਂ ਕਾਹਦੇ ਰਿਸ਼ਤੇਦਾਰ ਅਤੇ ਕਾਹਦੇ ਦੋਸਤ ਹੋਏ? ਆਓ, ਆਪਣੇ ਇਨ੍ਹਾਂ ਰਿਸ਼ਤਿਆਂ ਨੂੰ ਪਿਆਰ, ਸਤਿਕਾਰ, ਸਹਿਣਸ਼ੀਲਤਾ, ਸਹਿਯੋਗ, ਸੰਜਮ ਅਤੇ ਸ਼ਿਸ਼ਟਤਾ ਦੀ ਮਿਠਾਸ ਨਾਲ ਲਬਰੇਜ਼ ਕਰਦਿਆਂ ਇਨ੍ਹਾਂ ਦਾ ਨਿੱਘ ਮਾਣੀਏ ਅਤੇ ਆਪਣੇ ਜੀਵਨ ਨੂੰ ਆਨੰਦਮਈ ਬਣਾਈਏ।

- ਪ੍ਰੋ. ਅੱਛਰੂ ਸਿੰਘ

98155-01381

Posted By: Harjinder Sodhi