ਸੁੰਦਰਤਾ ਅਜਿਹਾ ਸ਼ਬਦ ਹੈ, ਜੋ ਦੁਨੀਆ 'ਚ ਆਪਣੇ ਬਹੁ-ਅਰਥ ਲੈ ਕੇ ਹੋਂਦ ਵਿਚ ਆਇਆ ਹੈ। ਦੁਨੀਆ ਦੇ ਹਰਿਕ ਕੋਨੇ ਵਿਚ ਸੁੰਦਰਤਾ ਸ਼ਬਦ ਅਤੇ ਸੁੰਦਰਤਾ ਨੂੰ ਉੱਚ ਪੱਧਰ 'ਤੇ ਖ਼ਾਸ ਰੁਤਬਾ ਹਾਸਿਲ ਹੈ। ਜੇ ਤੁਸੀਂ ਕਿਸੇ ਲਈ ਵੀ ਸੁੰਦਰਤਾ ਸ਼ਬਦ ਦੀ ਵਰਤੋਂ ਕਰੋਗੇ ਤਾਂ ਇਸ ਸ਼ਬਦ ਨੂੰ ਬੋਲਦਿਆਂ ਹੀ ਸੁਣਨ ਵਾਲਿਆਂ ਦੇ ਚਿਹਰਿਆਂ ਉੱਤੇ ਫੁੱਲ ਖਿੜ ਜਾਣਗੇ ਅਤੇ ਉਨ੍ਹਾਂ ਨੂੰ ਆਪਣਾ ਆਲਾ-ਦੁਆਲਾ ਵੀ ਖ਼ੂਬਸੂਰਤ ਲੱਗਣ ਲੱਗੇਗਾ। ਇਹ ਵੀ ਸੁੰਦਰਤਾ ਸ਼ਬਦ ਦੀ ਖ਼ਾਸੀਅਤ ਹੈ ਕਿ ਇਸ ਦੇ ਨਾਮ ਉੱਤੇ ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਕਰੜੇ ਮੁਕਾਬਲੇ ਕਰਵਾ ਕੇ ਸਨਮਾਨ ਤਕ ਦਿੱਤੇ ਜਾ ਰਹੇ ਹਨ।

ਜੇਕਰ ਆਪਾਂ ਲੰਘੇ ਸਮੇਂ ਜਾਂ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਹਰ ਸਮੇਂ ਵਿਚ ਹਰ ਇਕ ਨੂੰ ਆਪਣੀ ਅਤੇ ਦੂਜੇ ਦੀ ਸੁੰਦਰਤਾ ਬੇਹੱਦ ਪਸੰਦ ਰਹੀ ਹੈ। ਸੁੰਦਰਤਾ ਨਾਲ ਹੀ ਆਦਮੀ ਜਾਂ ਔਰਤ ਦੀ ਹਰ ਕੋਈ ਤਾਰੀਫ਼ ਕਰਦਾ ਹੈ। ਜਿਸ ਨਾਲ ਉਸ ਨੂੰ ਸਮਾਜ ਵਿਚ ਇਕ ਵਿਲੱਖਣ ਦਰਜਾ ਵੀ ਪ੍ਰਾਪਤ ਹੁੰਦਾ ਹੈ। ਸੁੰਦਰਤਾ ਨੂੰ ਉੱਚਾ ਦਰਜਾ ਕਈ ਕਾਰਨਾਂ ਕਰਕੇ ਹਾਸਲ ਹੈ ਜਿਵੇਂ ਸਭ ਤੋਂ ਪਹਿਲਾਂ ਅੱਜ ਰਿਸ਼ਤਾ ਲੈਣ ਅਤੇ ਕਰਵਾਉਣ ਮੌਕੇ ਕੁੜੀ ਦੀ ਸੁੰਦਰਤਾ ਨੂੰ ਵੇਖਿਆ ਜਾਂਦਾ ਹੈ ਨਾ ਕਿ ਉਸ ਦੇ ਕੰਮ-ਕਾਜ ਨੂੰ ਜਾਂ ਗੁਣਾਂ ਨੂੰ। ਪ੍ਰਾਈਵੇਟ ਅਦਾਰਿਆਂ ਵਿਚ ਵੀ ਸੁੰਦਰ ਕੁੜੀਆਂ ਅਤੇ ਮੁੰਡਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ।

ਸੁੰਦਰ ਲੜਕੀ ਨੂੰ ਲਾੜਾ ਵੀ ਚੰਗਾ ਮਿਲਣ ਦੀ ਆਸ ਹੁੰਦੀ ਹੈ ਅਤੇ ਉਹ ਆਪਣੀ ਸੁੰਦਰਤਾ ਨੂੰ ਕਾਇਮ ਰੱਖਣ ਲਈ ਹਰ ਤਰੀਕਿਆਂ ਦਾ ਇਸਤੇਮਾਲ ਕਰਦੀ ਹੈ। ਨਵੀਂ ਤਕਨੀਕ ਦਾ ਯੁੱਗ ਹੋਣ ਕਾਰਨ ਬਿਊਟੀ ਪਾਰਲਰ ਅਤੇ ਹਰ ਰੋਜ਼ ਨਵੀਆਂ-ਨਵੀਆਂ ਕਰੀਮਾਂ, ਫੇਸਵਾਸ਼ ਆਦਿ ਜੋ ਔਰਤ ਦੇ ਰੂਪ ਨੂੰ ਨਿਖਾਰਨ ਵਿਚ ਸਹਾਇਕ ਹੁੰਦੀਆਂ ਹਨ ਦਾ ਪ੍ਰਚਾਰ ਵੀ ਮੀਡੀਆ ਵਿਚ ਬਹੁਤ ਜ਼ਿਆਦਾ ਹੋ ਰਿਹਾ ਹੈ ਅਤੇ ਇਸਦਾ ਕਾਰੋਬਾਰ ਵੀ ਬਹੁਤ ਚੰਗਾ ਚੱਲ ਰਿਹਾ ਹੈ। ਹੁਣ ਤਾਂ ਕੁੜੀਆਂ ਨੂੰ ਸੋਹਣਾ ਬਣਾਉਣ ਵਾਲੀਆਂ ਕਰੀਮਾਂ ਦੇ ਨਾਲ-ਨਾਲ ਮੁੰਡਿਆਂ ਲਈ ਵੀ ਵੱਖਰੇ ਪ੍ਰੋਡਕਟਸ ਆ ਗਏ ਹਨ।

ਪਰ ਅਜਿਹੀਆਂ ਬਿਊਟੀ ਕਰੀਮਾਂ ਕੁਝ ਸਮੇਂ ਵਾਸਤੇ ਹੀ ਬਾਹਰੀ ਤੌਰ 'ਤੇ ਸੁੰਦਰ ਬਣਾਉਂਦੀਆਂ ਹਨ। ਹੌਲੀ-ਹੌਲੀ ਸਮਾਂ ਗੁਜ਼ਰਨ ਨਾਲ ਔਰਤ ਜਾਂ ਮਰਦ ਦਾ ਰੂਪ ਮੁੜ ਪਹਿਲਾਂ ਵਾਂਗ ਹੁੰਦਾ ਜਾਂਦਾ ਹੈ ਅਤੇ ਚਿਹਰੇ ਦੀ ਮੁਸਕਾਨ ਤਕ ਵੀ ਪਹਿਲਾਂ ਵਾਲੇ ਚਿਹਰੇ ਨੂੰ ਦੇਖ ਕੇ ਗੁਆਚ ਜਾਂਦੀ ਹੈ। ਇਸ ਤਰ੍ਹਾਂ ਦੀ ਸੁੰਦਰਤਾ ਨਾਲ ਸਭ ਪੈਸੇ ਅਤੇ ਸਮੇਂ ਦੀ ਬਰਬਾਦੀ ਦੇ ਨਾਲ-ਨਾਲ ਆਪਣੇ ਰੂਪ ਦੀ ਵੀ ਬਰਬਾਦੀ ਹੁੰਦੀ ਹੈ।

ਸੁੰਦਰਤਾ ਬਾਰੇ ਮੈਨੂੰ ਇਕ ਕੁਝ ਸਾਲ ਪਹਿਲਾਂ ਵਾਪਰੀ ਘਟਨਾ ਯਾਦ ਆਉਂਦੀ ਹੈ। ਮੇਰਾ ਇਕ ਪਿਆਰ ਮਿੱਤਰ ਹੈ, ਜਿਸ ਨੂੰ ਗੁੱਸਾ ਵੀ ਬਹੁਤ ਆਉਂਦਾ ਅਤੇ ਚਿੜਚਿੜੇਪਣ ਵਿਚ ਵੀ ਬਹੁਤ ਜ਼ਿਆਦਾ ਰਹਿੰਦਾ ਹੈ। ਹਰ ਗੱਲ ਨੂੰ ਉਲਟ ਦਿਸ਼ਾ ਵੱਲ ਲਿਜਾਣਾ ਉਸਦੀ ਫ਼ਿਤਰਤ ਹੈ। ਉਸ ਦਾ ਰੰਗ ਸਾਂਵਲਾ ਅਤੇ ਮੂੰਹ ਉੱਤੇ ਕਾਲੀਆਂ ਛਾਹੀਆਂ ਪਈਆਂ ਹੋਈਆਂ ਸਨ ਅਤੇ ਅੱਖਾਂ ਕੋਲ ਝੁਰੜੀਆਂ ਵੀ ਨਜ਼ਰ ਆਉਂਦੀਆਂ ਹਨ। ਮੈਨੂੰ ਉਸ ਨੇ ਆਪਣੇ ਵਿਆਹ ਉੱਤੇ ਸੱਦਾ-ਪੱਤਰ ਦਿੱਤਾ। ਜਿਸ ਦਿਨ ਉਸ ਦੀ ਬਰਾਤ ਸੀ, ਉਸ ਦਿਨ ਉਸਦਾ ਚਿਹਰਾ ਬਿਊਟੀ ਕਰੀਮਾਂ ਦੀ ਰਗੜਾਈ ਕਰਕੇ ਬਹੁਤ ਨਿਖਰਿਆ ਹੋਇਆ ਸੀ।

ਜਦੋਂ ਕੁਝ ਦਿਨਾਂ ਬਾਅਦ ਮੈਂ ਉਸ ਨੂੰ ਅਤੇ ਉਸਦੀ ਪਤਨੀ ਨੂੰ ਚਾਹ 'ਤੇ ਆਪਣੇ ਘਰ ਬੁਲਾਇਆ ਤਾਂ ਜਦੋਂ ਮੈਂ ਉਸ ਵੱਲ ਧਿਆਨ ਨਾਲ ਦੇਖਿਆ ਤਾਂ ਮੈਨੂੰ ਬੜੀ ਹੈਰਾਨੀ ਜਾਪੀ ਕਿ ਉਸ ਦੀ ਬਰਾਤ ਵਾਲੀ ਸੁੰਦਰਤਾ ਹਵਾ ਦੇ ਵਰੋਲੇ ਵਾਂਗ ਉਸ ਦੇ ਚਿਹਰੇ ਤੋਂ ਉੱਡੀ ਹੋਈ ਸੀ। ਉਸ ਦੇ ਚਿਹਰੇ ਦੀ ਪਹਿਲਾਂ ਨਾਲੋਂ ਕਿਧਰੇ ਜ਼ਿਆਦਾ ਹਾਲਤ ਖ਼ਰਾਬ ਨਜ਼ਰ ਆ ਰਹੀ ਸੀ। ਮੇਰੇ ਪੁੱਛਣ 'ਤੇ ਉਸ ਨੇ ਦੱਸਿਆ ਕਿ ਮੈਂ ਬਹੁਤ ਕਰੀਮਾਂ ਵਰਤ ਕੇ ਦੇਖ ਲਈਆਂ ਕੁਝ ਦਿਨ ਮੇਰਾ ਮੂੰਹ ਠੀਕ ਰਹਿੰਦਾ ਹੈ ਅਤੇ ਬਾਅਦ ਵਿਚ ਫਿਰ ਉਸੇ ਤਰ੍ਹਾਂ ਦਾ ਹੀ ਹੋ ਜਾਂਦਾ ਹੈ।

ਉਸ ਦੇ ਗੱਲ ਕਰਨ ਤੋਂ ਬਾਅਦ ਮੈਂ ਸੋਚਿਆ ਕਿ ਇਸ ਆਦਮੀ ਦੇ ਮੂੰਹ ਉੱਤੇ ਅਸਲੀ ਸੁੰਦਰਤਾ ਕਿਵੇਂ ਕਾਇਮ ਰਹਿ ਸਕਦੀ ਹੈ। ਕਿਉਂਕਿ ਇਸ ਦੇ ਦਿਮਾਗ਼ ਵਿਚ ਤਾਂ ਹਰ ਵੇਲੇ ਗੁੱਸਾ ਅਤੇ ਚਿੜਚਿੜਾਪਣ, ਹਰ ਗੱਲ ਨੂੰ ਉਲਟ ਦਿਸ਼ਾ ਵੱਲ ਲੈ ਕੇ ਜਾਣ ਦੀ ਫਿਤਰਤ ਹੈ। ਇਸ ਦੇ ਚਿਹਰੇ ਉੱਤੇ ਮੈਂ ਕਦੇ ਵੀ ਰੌਣਕ ਨੂੰ ਨਹੀਂ ਤੱਕਿਆ। ਫਿਰ ਇਸ ਨੂੰ ਸੁੰਦਰਤਾ ਵਾਲੀ ਖ਼ੁਸ਼ੀ ਕਿਸ ਤਰ੍ਹਾਂ ਪ੍ਰਾਪਤ ਹੋ ਸਕਦੀ ਹੈ?

ਕੋਈ ਵੀ ਵਿਅਕਤੀ ਉਸ ਸਮੇਂ ਤਕ ਆਪਣੀ ਸੁੰਦਰਤਾ ਨੂੰ ਹਾਸਲ ਨਹੀਂ ਕਰ ਸਕਦਾ ਜਿੰਨਾ ਚਿਰ ਉਸਦੀ ਸੋਚ ਵਿਚ ਸੁੰਦਰਤਾ ਨਹੀਂ ਆਉਂਦੀ। ਜੇ ਆਪਣੇ ਮਨ ਵਿਚ, ਸੋਚ ਵਿਚ ਸੁੰਦਰਤਾ ਦਾ ਅੰਸ਼ ਹੈ ਤਾਂ ਤੁਹਾਨੂੰ ਕਿਸੇ ਵੀ ਬਿਊਟੀ ਪਾਰਲਰ 'ਤੇ ਜਾਣ ਦੀ ਜਾਂ ਬਨਾਉਟੀ ਕਰੀਮਾਂ, ਫੇਸਵਾਸ਼ ਆਦਿ ਲਗਾਉਣ ਦੀ ਲੋੜ ਨਹੀਂ ਹੈ। ਜੇਕਰ ਸਾਡੀ ਸੋਚ ਸੁੰਦਰ ਹੈ ਤਾਂ ਸਾਡੇ ਮੂੰਹ ਉੱਤੇ ਸੁੰਦਰਤਾ ਦਾ ਨਿਖਾਰ ਸਾਰੀ ਉਮਰ ਰਹੇਗਾ।

- ਜਗਤਾਰ ਸਿੰਘ ਬੱਡਰੁਖਾਂ

+91 86997 17731

ਤਸਵੀਰ : ਪ੍ਰੀਤ ਭਗਵਾਨ

Posted By: Harjinder Sodhi