ਸ਼ਹਿਰਾਂ 'ਚ ਲੋਕ ਸਬਜ਼ੀਆਂ ਖ਼ੁਦ ਉਗਾਉਣ ਦੇ ਰਾਹ ਤੁਰ ਪਏ ਹਨ। ਕੀਟਨਾਸ਼ਕਾਂ ਅਤੇ ਰਸਾਇਣਕਾਂ ਖਾਦ ਦੇ ਬੁਰੇ ਪ੍ਰਭਾਵਾਂ ਤੋਂ ਮੁਕਤੀ ਪਾਉਣ ਲਈ ਲੋਕ ਇਸ ਨੂੰ ਅਪਣਾਉਣ ਨੂੰ ਪ੍ਰੇਰਿਤ ਹੋ ਰਹੇ ਹਨ। ਸਿਹਤ ਲਈ ਇਹ ਰਸਤਾ ਬਹੁਤ ਹੀ ਫ਼ਾਇਦੇਮੰਦ ਵੀ ਬਣ ਰਿਹਾ ਹੈ।

ਨੌਕਰੀਸ਼ੁਦਾ ਅਤੇ ਘਰੇਲੂ ਔਰਤਾਂ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ-ਨਾਲ ਆਪਣਾ ਸਮਾਂ ਬਕਾਇਦਾ ਤੌਰ 'ਤੇ ਆਪਣੇ 'ਖੇਤਾਂ' ਨੂੰ ਦਿੰਦੀਆਂ ਹਨ। ਇਨ੍ਹਾਂ ਖੇਤਾਂ 'ਚ ਉਹ ਆਪਣੇ ਪਰਿਵਾਰ ਲਈ ਸਬਜ਼ੀਆਂ ਉਗਾਉਣ ਦਾ ਕੰਮ ਕਰਦੀਆਂ ਹਨ। ਉਨ੍ਹਾਂ ਦੇ ਮਨ 'ਚ ਇਹ ਵਿਚਾਰ ਕਿਉਂ ਆਇਆ ਇਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ,'ਜੋ ਸਬਜ਼ੀ ਅਤੇ ਫਲ ਬਾਜ਼ਾਰ 'ਚ ਮਿਲਦੇ ਹਨ ਉਨ੍ਹਾਂ ਬਾਰੇ ਗਾਹਕਾਂ ਨੂੰ ਪੱਕਾ ਪਤਾ ਨਹੀਂ ਹੁੰਦਾ ਕਿ ਉਹ ਕਿੱਥੇ ਅਤੇ ਕਿਸ ਤਰ੍ਹਾਂ ਉਗਾਏ ਗਏ ਹਨ। ਇਨ੍ਹਾਂ 'ਚ ਕਈ ਫਲ ਸਬਜ਼ੀਆਂ ਸਿਹਤ ਲਈ ਖ਼ਤਰਨਾਕ ਵੀ ਹੋ ਸਕਦੇ ਹਨ। ਜਦ ਅਸੀਂ ਆਪਣੇ ਖੇਤ 'ਚ ਸਬਜ਼ੀ ਜਾਂ ਫਲ ਉਗਾਉਂਦੇ ਹਾਂ ਤਾਂ ਸਾਨੂੰ ਉਸ 'ਤੇ ਪੂਰਾ ਭਰੋਸਾ ਹੁੰਦਾ ਹੈ। ਸਾਨੂੰ ਪਤਾ ਹੁੰਦਾ ਹੈ ਕਿ ਬੀਜ ਜਾਂ ਪੌਦਾ ਕਿਥੋਂ ਆਇਆ, ਕਿਹੜੀ ਖਾਦ ਉਸ ਨੂੰ ਪਾਈ ਗਈ ਅਤੇ ਕਿਹੋ ਜਿਹੇ ਕੀਟਨਾਸ਼ਕ ਵਰਤੋਂ 'ਚ ਲਿਆਂਦੇ। ਇਸ ਤਰ੍ਹਾਂ ਅਸੀਂ ਆਪਣੇ ਭੋਜਨ ਨੂੰ ਠੀਕ ਢੰਗ ਨਾਲ ਜਾਣਨ ਦੀ ਸ਼ੁਰੂਆਤ ਕਰਦੇ ਹਾਂ।

ਭਾਰਤ 'ਚ ਆਪਣੇ ਲਈ ਖ਼ੁਦ ਸਬਜ਼ੀਆਂ ਉਗਾਉਣ ਦਾ ਰੁਝਾਨ ਬੀਤੇ ਕੁਝ ਸਾਲਾਂ 'ਚ ਬਹੁਤ ਤੇਜ਼ੀ ਨਾਲ ਵਧਿਆ ਹੈ। ਲੋਕ ਚਾਹੁੰਦੇ ਹਨ ਕਿ ਉਹ ਜੋ ਕੁਝ ਵੀ ਖਾ ਰਹੇ ਹਨ ਉਸ ਬਾਰੇ ਜਾਣੀਏ ਅਤੇ ਕੁਝ ਵੀ ਅਜਿਹਾ ਆਪਣੇ ਭੋਜਨ 'ਚ ਸ਼ਾਮਲ ਨਾ ਕਰੀਏ ਜੋ ਸਿਹਤ ਲਈ ਨੁਕਸਾਨਦੇਹ ਹੋਵੇ। ਬੀਤੇ ਕੁਝ ਸਾਲਾਂ 'ਚ ਜਿਸ ਤਰ੍ਹਾਂ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਨੇ ਆਪਣਾ ਦਾਇਰਾ ਫੈਲਾਇਆ ਹੈ ਉਸ ਦੇ ਬਾਅਦ ਖ਼ਾਸ ਤੌਰ 'ਤੇ ਲੋਕ ਫਲ ਅਤੇ ਸਬਜ਼ੀਆਂ ਨੂੰ ਲੈ ਕੇ ਬਹੁਤ ਖ਼ਬਰਦਾਰ ਹੋ ਗਏ ਹਨ। ਆਰਗੈਨਿਕ ਫੂਡ ਦੀ ਮੰਗ ਵਧੀ ਹੈ ਅਤੇ ਉਸ 'ਚ ਯਕੀਨ ਨਾ ਹੋਣ 'ਤੇ ਸ਼ਹਿਰਾਂ 'ਚ ਲੋਕਾਂ ਨੇ ਇਹ ਕੰਮ ਆਪਣੇ ਹੱਥਾਂ 'ਚ ਲੈਣ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ। ਮੁੰਬਈ, ਬੇਂਗਲੁਰੂ, ਦਿੱਲੀ ਅਤੇ ਚੇਨੱਈ ਵਰਗੇ ਵੱਡੇ ਸ਼ਹਿਰਾਂ 'ਚ ਜਿੱਥੇ ਲੋਕਾਂ ਕੋਲ ਜ਼ਮੀਨ ਨਹੀਂ ਹੈ ਉੱਥੇ ਉਹ ਆਪਣੀ ਛੱਤ 'ਤੇ ਸਬਜ਼ੀਆਂ ਉਗਾ ਰਹੇ ਹਨ।

ਆਪਣੇ ਘਰ ਦੀ ਛੱਤ ਨੂੰ ਗਾਰਡਨ 'ਚ ਬਦਲਣ ਲਈ ਵਾਲੀਆਂ ਔਰਤਾਂ ਦਾ ਖੇਤੀ-ਕਿਸਾਨੀ ਦਾ ਕੋਈ ਪਹਿਲਾਂ ਅਨੁਭਵ ਨਹੀਂ ਸੀ। ਇਕ ਵਾਰ ਜਿਨ੍ਹਾਂ ਸਰਦੀਆਂ 'ਚ ਕੁਝ ਸਾਗ-ਸਬਜ਼ੀ ਉਗਾਈ ਉਨ੍ਹਾਂ ਦੀ ਭੋਜਨ ਦੇ ਰੂਪ 'ਚ ਵਰਤੋਂ ਕੀਤੀ ਤਾਂ ਉਨ੍ਹਾਂ ਸਬਜ਼ੀਆਂ ਦੀ ਪੌਸ਼ਟਿਕਤਾ ਸਮਝ ਆਈ। ਉਨ੍ਹਾਂ ਔਰਤਾਂ 'ਚੋਂ ਇਕ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਗਰੀਨ ਸਲਾਦ ਖਾਣ ਦਾ ਬਹੁਤ ਸ਼ੌਕ ਹੈ। ਅਸੀਂ ਹਮੇਸ਼ਾ ਗਰੀਨ ਸਲਾਦ ਖਾਣਾ ਪਸੰਦ ਕਰਦੇ ਹਾਂ। ਮੈਂ ਚਾਹੁੰਦੀ ਸੀ ਕਿ ਕਿਉਂ ਨਾ ਘਰੇ ਹੀ ਹਰੀਆਂ ਸਬਜ਼ੀਆਂ ਅਤੇ ਸਾਗ ਉਗਾ ਕੇ ਉਸ ਦੀ ਵਰਤੋਂ ਕੀਤੀ ਜਾਵੇ ਅਤੇ ਜਦ ਮੈਂ ਇਸ ਨੂੰ ਅਜਮਾ ਕੇ ਦੇਖਿਆ ਤਾਂ ਇਸ ਦੇ ਬਹੁਤ ਫ਼ਾਇਦੇ ਪਤਾ ਲੱਗੇ।' ਭਾਰਤ 'ਚ ਇਨ੍ਹੀਂ ਦਿਨੀਂ ਜੈਵਿਕ ਖੇਤੀ ਦਾ ਰੁਝਾਨ ਵੀ ਇਸੇ ਕਾਰਨ ਵਧ ਰਿਹਾ ਹੈ। ਲੋਕ ਕੀਟਨਾਸ਼ਕਾਂ ਦੇ ਹਾਨੀਕਾਰਕ ਪ੍ਰਭਾਵ ਬਾਰੇ ਜ਼ਿਆਦਾ ਸੋਚਦੇ ਨਜ਼ਰ ਆ ਰਹੇ ਹਨ। ਸਿਹਤ ਲਈ ਲੋਕ ਵੱਧ ਪੈਸੇ ਵੀ ਖ਼ਰਚ ਕਰਨ ਨੂੰ ਤਿਆਰ ਹਨ। ਅਜਿਹੇ 'ਚ ਲੋਕਾਂ ਨੇ ਛੱਤਾਂ 'ਤੇ ਸਬਜ਼ੀਆਂ ਉਗਾਉਣ ਦੀ ਪਹਿਲ ਨੂੰ ਸਵੀਕਾਰ ਕੀਤਾ ਹੈ। ਲੋਕ ਬਕਾਇਦਾ ਸਿਖਲਾਈ ਲੈ ਕੇ ਛੱਤ 'ਤੇ ਸਬਜ਼ੀਆਂ ਉਗਾ ਰਹੇ ਹਨ। ਕਈ ਅਜਿਹੀਆਂ ਸੰਸਥਾਵਾਂ ਵੀ ਹਨ ਜੋ ਲੋਕਾਂ ਨੂੰ ਛੱਤ 'ਤੇ ਸਬਜ਼ੀਆਂ ਕਿਸ ਤਰ੍ਹਾਂ ਉਗਾਈਆਂ ਜਾਣ ਉਸ ਦੀ ਸਿਖਲਾਈ ਦੇ ਰਹੀਆਂ ਹਨ।

'ਅਡੀਬਲ ਰੂਟਸ' ਅਜਿਹੀ ਹੀ ਸੰਸਥਾ ਹੈ ਜੋ ਲੋਕਾਂ ਲਈ ਵਰਕਸ਼ਾਪ ਲਗਾਉਂਦੀ ਹੈ। ਇਸ ਦੇ ਸੰਸਥਾਪਕ ਕਪਿਲ ਮਾਂਡਵੇਵਾਲਾ ਕਹਿੰਦੇ ਹਨ, 'ਸ਼ਹਿਰੀ ਲੋਕਾਂ ਦੇ ਖਾਣ-ਪੀਣ 'ਚ ਸੰਤੁਲਨ ਦੀ ਘਾਟ ਹੈ। ਸ਼ਹਿਰ 'ਚ ਰਹਿਣ ਵਾਲੇ ਲੋਕ ਖੇਤੀ ਬਾਰੇ ਬਹੁਤ ਆਮ ਗੱਲਾਂ ਤੋਂ ਵੀ ਅਣਜਾਣ ਹਨ। ਅਜਿਹੇ 'ਚ ਅਸੀਂ ਉਨ੍ਹਾਂ ਨੂੰ ਗਾਰਡਨ ਨੂੰ ਅਜਮਾਉਣ ਲਈ ਕਹਿੰਦੇ ਹਾਂ। ਜਦ ਵਿਅਕਤੀ ਇਕ ਵਾਰ ਕੁਝ ਉਗਾਉਣਾ ਸ਼ੁਰੂ ਕਰਦਾ ਹੈ ਤਾਂ ਉਹ ਇਸ ਪ੍ਰਕਿਰਿਆ ਦਾ ਅਨੰਦ ਉਠਾਉਣ ਲਗਦਾ ਹੈ ਅਤੇ ਉਸ ਦੇ ਸਿਹਤ ਲਈ ਫ਼ਾਇਦਿਆਂ ਨਾਲ ਵੀ ਰੂਬਰੂ ਹੁੰਦਾ ਹੈ।'

ਆਪਣੇ ਲਈ ਕੁਝ ਉਗਾਉਣ ਨੂੰ (ਪਰਮਾਕਲਚਰ' ਵੀ ਕਿਹਾ ਜਾ ਰਿਹਾ ਹੈ। ਇਹ ਨਾਂ ਡੇਵਿਡ ਹੋਮਗ੍ਰੇਨ ਅਤੇ ਬਿਲ ਮਾਲਿਸਨ ਨੇ 1978 'ਚ ਦਿੱਤਾ ਸੀ। ਡੇਵਿਡ ਉਦੋਂ ਇਨਵਾਇਰਮੈਂਟਲ ਡਿਜ਼ਾਈਨ ਦੇ ਵਿਦਿਆਰਥੀ ਸਨ ਅਤੇ ਮਾਲੀਸਨ ਇਨਵਾਇਰਮੈਂਟਲ ਸਾਇਕਾਲੋਜੀ ਦੇ ਸੀਨੀਅਰ ਲੈਕਚਰਾਰ ਸਨ। 'ਪਰਮਾਕਲਚਰ' ਸੰਖੇਪੀਕਰਣ ਹੈ ਅਤੇ ਜੇ ਇਸ ਦੇ ਵਿਸਤਾਰ ਨੂੰ ਘੰਗਾਲਿਆ ਜਾਵੇ ਤਾਂ ਇਹ ਹੈ 'ਪਰਮਾਨੈਂਟ ਐਗਰੀਕਲਚਰ' ਯਾਨੀ ਕਿ ਟਿਕਾਊ ਖੇਤੀ। ਅਜਿਹੀ ਖੇਤੀ ਜਿਸ 'ਚ ਵਾਤਾਵਰਨ ਦਾ ਨੁਕਸਾਨ ਨਾ ਹੋਵੇ ਅਤੇ ਮਨੁੱਖ ਆਪਣੇ ਲਈ ਕੁਝ ਚੀਜ਼ਾਂ ਪੈਦਾ ਕਰ ਲਏ। ਚਿੰਤਕ ਮਸਾਨੋਬੂ ਫੁਕੁਓਕਾ ਨੇ ਕਿਹਾ ਸੀ ਕਿ ਜਿੱਥੇ ਅਸੀਂ ਸਮਾਜ ਦਾ ਖ਼ਿਆਲ ਕਰਦੇ ਹਾਂ ਤਾਂ ਉੱਥੇ ਕੁਦਰਤੀ ਫਾਰਮਿੰਗ ਦੀ ਫਿਲਾਸਫ਼ੀ ਹੈ। ਹੈਦਰਾਬਾਦ ਦੀ ਲਕਸ਼ਮੀ ਨਾਦੇਂਡਲਾ ਕਿੱਤੇ ਪੱਖੋਂ ਇਕ ਨਿਊਟਰੀਸ਼ਨ ਸੀ ਅਤੇ ਜਦ ਉਨ੍ਹਾਂ ਨੇ ਆਪਣਾ ਗਾਰਡਨ ਬਣਾਉਣਾ ਸੀ ਤਾਂ ਉਨ੍ਹਾਂ ਨੇ ਅਰਣਯਾ ਐਗਰੀਕਲਚਰ ਅਲਟਰਨੇਟਿਵਜ਼ ਨਾਮੀ ਐੱਨਜੀਓ ਤੋਂ ਪਰਮਾਕਲਚਰ ਡਿਜ਼ਾਈਨ ਦਾ ਕੋਰਸ ਕੀਤਾ। ਉਨ੍ਹਾਂ ਨੇ ਸਿੱਖਿਆ ਕਿ ਸ਼ਹਿਰ 'ਚ ਮੁਹੱਈਆ ਸੀਮਤ ਜਗ੍ਹਾ 'ਚ ਕਿਸ ਤਰ੍ਹਾਂ ਪਰਮਾਕਲਚਰ ਨੂੰ ਅਪਣਾਇਆ ਜਾ ਸਕਦਾ ਹੈ। ਸਾਲ 2013 'ਚ ਉਨ੍ਹਾਂ ਨੇ ਇਹ ਸ਼ੁਰੂਆਤ ਕੀਤੀ ਸੀ ਅਤੇ ਹੁਣ ਉਨ੍ਹਾਂ ਦੀ ਵਰਤੋਂ ਦੀਆਂ 60 ਤੋਂ 70 ਫ਼ੀਸਦੀ ਸਬਜ਼ੀਆਂ ਉਨ੍ਹਾਂ ਦੇ ਬਗ਼ੀਚੇ 'ਚੋਂ ਨਿਕਲ ਆਉਂਦੀਆਂ ਹਨ। ਆਪਣਾ ਭੋਜਨ ਖ਼ੁਦ ਉਗਾਉਣ ਦਾ ਫ਼ਾਇਦਾ ਮਨਚਾਹੀਆਂ ਚੀਜ਼ਾਂ ਮਿਲਣ ਤਕ ਹੀ ਸੀਮਤ ਨਹੀਂ ਹੈ ਬਲਕਿ ਇਸ ਤੋਂ ਇਸ ਵਿਸ਼ੇਸ਼ ਕਿਸਮ ਦੀ ਮਾਨਸਿਕ ਸ਼ਾਂਤੀ ਵੀ ਮਿਲਦੀ ਹੈ। ਇਸ 'ਚ ਕੀਟਨਾਸ਼ਕਾਂ ਅਤੇ ਰਸਾਇਣਕ ਖਾਦ ਤੋਂ ਬਚਾਓ ਸੰਭਵ ਹੁੰਦਾ ਹੈ ਅਤੇ ਜੋ ਉਤਪਾਦ ਪ੍ਰਾਪਤ ਹੁੰਦਾ ਹੈ ਉਸ 'ਚ ਪ੍ਰਾਪਤ ਪੋਸ਼ਕ ਤੱਤ ਵੀ ਹੁੰਦੇ ਹਨ। ਇਸ ਦੇ ਜ਼ਰੀਏ ਤੁਸੀਂ ਜਾਣ ਸਕਦੇ ਹੋ ਕਿ ਤੁਹਾਡੀ ਥਾਲੀ 'ਚ ਜੋ ਕੁਝ ਵੀ ਪਰੋਸਿਆ ਜਾ ਰਿਹਾ ਹੈ ਉਹ ਕਿੱਥੋਂ ਆ ਰਿਹਾ ਹੈ। ਇਹੀ ਵਜ੍ਹਾ ਹੈ ਕਿ ਸ਼ਹਿਰਾਂ 'ਚ ਇਸ ਪ੍ਰਤੀ ਦਿਲਚਸਪੀ ਵਧਦੀ ਜਾ ਰਹੀ ਹੈ ਅਤੇ ਆਉਣ ਵਾਲੇ ਸਾਲਾਂ 'ਚ ਇਸ ਦੇ ਬਣੇ ਰਹਿਣ ਦੀ ਪੂਰੀ ਸੰਭਾਵਨਾ ਹੈ।

ਝਾਰਖੰਡ 'ਚ ਔਰਤਾਂ ਨੇ ਸਬਜ਼ੀਆਂ ਉਗਾ ਕੇ ਕੁਪੋਸ਼ਣ ਨਾਲ ਲੜੀ ਜੰਗ

ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਦੀਆਂ ਪੇਂਡੂ ਔਰਤਾਂ ਜਦ ਆਪਣੇ ਕੁਪੋਸ਼ਿਤ ਬੱਚਿਆਂ ਦਾ ਇਲਾਜ ਹਸਪਤਾਲ 'ਚ ਕਰਵਾਉਂਦੀਆਂ ਹਨ ਤਾਂ ਉਹ ਕੁਪੋਸ਼ਣ ਵਿਰੁੱਧ ਲੜਾਈ 'ਚ ਯੋਗਦਾਨ ਹਸਪਤਾਲ ਦੇ ਕਿਚਨ ਗਾਰਡਨ 'ਚ ਸਬਜ਼ੀਆਂ ਉਗਾ ਕੇ ਵੀ ਦਿੰਦੀਆਂ ਹਨ। ਨੈਸ਼ਨਲ ਫੈਮਿਲੀ ਹੈੱਲਥ ਸਰਵੇ ਦੀ ਰਿਪੋਰਟ ਅਨੁਸਾਰ ਇਸ ਜ਼ਿਲ੍ਹੇ 'ਚ ਕਰੀਬ ਦੋ ਲੱਖ ਤੋਂ ਜ਼ਿਆਦਾ ਪੇਂਡੂ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਇਸ ਰਿਪੋਰਟ ਪਿੱਛੋਂ ਪ੍ਰਸ਼ਾਸਨ ਨੇ ਦਫ਼ਤਰਾਂ, ਆਂਗਣਬਾੜੀ ਕੇਂਦਰਾਂ, ਹਸਪਤਾਲਾਂ ਅਤੇ ਸਕੂਲਾਂ 'ਚ ਕਿਚਨ ਗਾਰਡਨ ਦੀ ਸ਼ੁਰੂਆਤ ਕੀਤੀ ਹੈ। ਇਨ੍ਹਾਂ ਗਾਰਡਨ 'ਚ ਪੈਦਾ ਹੋਣ ਵਾਲੀਆਂ ਸਬਜ਼ੀਆਂ ਕੇਂਦਰਾਂ 'ਚ ਭੇਜੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੀ ਵਰਤੋਂ ਹੁੰਦੀ ਹੈ। ਔਰਤਾਂ ਨੇ ਵੀ ਕਿਚਨ ਗਾਰਡਨ ਦੇ ਮਹੱਤਵ ਨੂੰ ਜਾਣ ਕੇ ਪਿੰਡਾਂ 'ਚ ਆਪਣੀਆਂ ਸਬਜ਼ੀਆਂ ਖ਼ੁਦ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਕਿਉਂਕਿ ਉਹ ਵੱਧ ਪੌਸ਼ਟਿਕ ਹਨ।

ਖ਼ੁਦ ਉਗਾਓ ਕਰੋ ਬਚਤ

ਮਹਿੰਗਾਈ ਤੋਂ ਛੁਟਕਾਰਾ ਪਾਉਣ ਲਈ ਵੀ ਘਰ 'ਚ ਸਬਜ਼ੀ ਉਗਾਉਣਾ ਬਿਹਤਰ ਢੰਗ ਹੈ। ਟਮਾਟਰ ਤਿੰਨ-ਚਾਰ ਦਿਨ 'ਚ ਅਤੇ ਬੈਂਗਣ ਹਫ਼ਤੇ 'ਚ ਦੋ ਵਾਰ ਪ੍ਰਾਪਤ ਕੀਤੇ ਜਾ ਸਕਦੇ ਹਨ। ਗਮਲਿਆਂ 'ਚ ਮੌਸਮੀ ਸਬਜ਼ੀਆਂ ਜਿਵੇਂ ਪਾਲਕ, ਸਰ੍ਹੋਂ, ਮੇਥੀ, ਟਮਾਟਰ, ਬੈਂਗਣ, ਧਨੀਆ, ਲੌਕੀ, ਕਰੇਲਾ, ਖੀਰਾ ਅਤੇ ਤਰ ਆਦਿ ਬਹੁਤ ਆਸਾਨੀ ਨਾਲ ਉਗਾਏ ਜਾ ਸਕਦੇ ਹਨ। ਟਮਾਟਰ ਦੋ ਤਿੰਨ ਮਹੀਨੇ ਬਾਅਦ ਮਿਲਣੇ ਸ਼ੁਰੂ ਹੋ ਜਾਂਦੇ ਹਨ ਅਤੇ ਹੋਰ ਪੱਤੇ ਵਾਲੀਆਂ ਸਬਜ਼ੀਆਂ ਲਾਉਣ ਦੇ ਇਕ ਮਹੀਨੇ ਬਾਅਦ ਹੀ ਮਿਲਣ ਲਗਦੀਆਂ ਹਨ। ਘਰ 'ਚ ਸਬਜ਼ੀਆਂ ਉਗਾਉਣਾ ਬਹੁਤ ਮੁਸ਼ਕਲ ਵੀ ਨਹੀਂ ਹੈ। ਇਹ ਕੰਮ ਦੋ*ਢਾਈ ਫੁੱਟ ਦੇ ਪੰਚ ਜਾਂ ਦਸ ਗਮਲਿਆਂ 'ਚ ਵੀ ਕੀਤਾ ਜਾ ਸਕਦਾ ਹੈ।

ਪੇਰੀ-ਅਰਬਨ ਐਗਰੀਕਲਚਰ ਟਰੈਂਡ

ਸ਼ਹਿਰਾਂ ਜਾਂ ਇਸ ਦੇ ਨਾਲ ਲਗਦੇ ਇਲਾਕਿਆਂ 'ਚ ਕੁਝ ਵੀ ਉਗਾਉਣ ਦੇ ਯਤਨਾਂ ਨੂੰ ਖੇਤੀ ਦੀ ਭਾਸ਼ਾ 'ਚ ਪੇਰੀ-ਅਰਬਨ ਫਾਰਮਿੰਗ ਕਿਹਾ ਜਾਂਦਾ ਹੈ। ਮੌਜੂਦਾ ਸਮਾਂ 'ਚ ਇਸ ਦਾ ਰੁਝਾਨ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਇਸ ਦਾ ਰੁਝਾਨ ਇੰਨਾ ਤਿੱਖਾ ਹੈ ਕਿ ਕੁਝ ਦੇਸ਼ਾਂ ਨੇ ਇਸ ਨੂੰ ਆਪਣੀ ਅਰਬਨ ਪਲਾਨਿੰਗ ਦਾ ਹਿੱਸਾ ਬਣਾ ਲਿਆ ਹੈ। ਇਹ ਖੇਤੀ ਵਾਤਾਵਰਨ ਲਈ ਲਾਭਦਾਇਕ ਹੈ ਕਿਉਂਕਿ ਇਹ ਬਿਨਾਂ ਕੀਟਨਾਸ਼ਕਾਂ ਦੇ ਕੀਤੀ ਜਾਂਦੀ ਹੈ ਤੇ ਇਸ ਤੋਂ ਲੋਕਾਂ ਨੂੰ ਤਾਜ਼ੀ ਫ਼ਸਲ ਵੀ ਪ੍ਰਾਪਤ ਹੁੰਦੀ ਹੈ। ਭਾਰਤ ਵੀ ਇਸ ਦਿਸ਼ਾ 'ਚ ਯਤਨ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਖਾਧ ਅਤੇ ਕ੍ਰਿਸ਼ੀ ਸੰਗਠਨ ਨੇ ਵੀ ਸ਼ਹਿਰਾਂ ਦੀਆਂ ਖਾਧ ਪਦਾਰਥਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਉਨ੍ਹਾਂ ਨੂੰ ਹਰਿਆ-ਭਰਿਆ ਬਣਾਈ ਰੱਖਣ 'ਚ ਪੇਰੀ-ਅਰਬਨ ਫਾਰਮਿੰਗ ਦੀ ਅਹਿਮ ਭੂਮਿਕਾ ਹੈ।

- ਭਾਵੇਸ਼ ਕੁਮਾਰ

Posted By: Harjinder Sodhi