ਸਾਲ 2012 'ਚ ਦਿੱਲੀ 'ਚ ਹੋਏ ਨਿਰਭੈਆ ਸਮੂਹਿਕ ਜਬਰ ਜਨਾਹ ਮਾਮਲੇ ਦੇ ਚਾਰ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਮਿਲਣ ਜਾ ਰਹੀ ਹੈ। 7 ਜਨਵਰੀ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਚਾਰੇ ਦੋਸ਼ੀਆਂ ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਫਾਂਸੀ ਦੇਣ ਦਾ ਡੈੱਥ ਵਰੰਟ ਜਾਰੀ ਕੀਤਾ ਸੀ ਪਰ ਇਕ ਦੋਸ਼ੀ ਵਲੋਂ ਰਹਿਮ ਦੀ ਅਪੀਲ ਪਾਏ ਜਾਣ ਕਾਰਨ ਹੁਣ ਨਵੇਂ ਡੈੱਥ ਵਾਰੰਟ ਅਨੁਸਾਰ ਫਾਂਸੀ 1 ਫਰਵਰੀ ਨੂੰ ਸਵੇਰ 6 ਵਜੇ ਦਿੱਤੀ ਜਾਵੇਗੀ। ਪਹਿਲਾਂ ਅਦਾਲਤ 'ਚ ਫਾਂਸੀ ਦਾ ਫ਼ੈਸਲਾ ਜੱਜ ਨੇ ਵਕੀਲ ਤੇ ਨਿਰਭੈਆ ਦੇ ਮਾਤਾ ਪਿਤਾ ਦੀ ਮੌਜੂਦਗੀ 'ਚ ਵੀਡੀਓ ਕਾਨਫਰੰਸਿੰਗ ਜ਼ਰੀਏ ਫਾਂਸੀ ਸਬੰਧੀ ਹੁਕਮ ਸੁਣਾਇਆ ਸੀ। ਇਹ ਫ਼ੈਸਲਾ ਅਡੀਸ਼ਨਲ ਸੈਸ਼ਨ ਜੱਜ ਸਤੀਸ਼ ਕੁਮਾਰ ਅਰੋੜਾ ਨੇ ਸੁਣਾਇਆ ਸੀ। ਦੋਸ਼ੀ ਮੁਕੇਸ਼ ਕੁਮਾਰ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਵਲੋਂ ਰੱਦ ਕਰ ਦਿੱਤੇ ਜਾਣ ਪਿਛੋਂ ਪਟਿਆਲਾ ਹਾਊਸ ਕੋਰਟ ਨੇ ਨਵੇਂੇ ਡੈੱਥ ਵਾਰੰਟ ਜਾਰੀ ਕੀਤੇ ਹਨ।

ਫਾਂਸੀ ਲਾਏ ਜਾਣ ਤਕ ਦੇ ਦਿਨਾਂ 'ਚ ਦੋਸ਼ੀਆਂ ਨੂੰ ਉਨ੍ਹਾਂ ਦੇ ਰਿਸ਼ਤੇਦਾਰ ਮਿਲ ਸਕਣਗੇ ਅਤੇ ਉਨ੍ਹਾਂ ਦੀ ਆਖ਼ਰੀ ਇੱਛਾ ਪੁੱਛੀ ਜਾਵੇਗੀ। ਬਾਅਦ ਵਿਚ 1 ਫਰਵਰੀ ਨੂੰ ਸਵੇਰੇ 6 ਵਜੇ ਫਾਂਸੀ ਦੇ ਦਿੱਤੀ ਜਾਵੇਗੀ। 18 ਦਸੰਬਰ ਨੂੰ ਚਾਰੇ ਦੋਸ਼ੀਆਂ ਮੁਕੇਸ਼ ਸਿੰਘ, ਵਿਨੈ ਸ਼ਰਮਾ, ਅਭੈ ਠਾਕੁਰ ਅਤੇ ਪਵਨ ਗੁਪਤਾ ਨੂੰ ਰਹਿਮ ਦੀ ਅਪੀਲ ਕਰਨ ਲਈ 7 ਦਿਨ ਦਾ ਸਮਾਂ ਦਿੱਤਾ ਗਿਆ ਹੈ। ਪਰ ਤਿੰਨ ਹਫ਼ਤੇ ਬੀਤ ਜਾਣ ਬਾਅਦ ਵੀ ਦੋਸ਼ੀਆਂ ਨੇ ਰਹਿਮ ਦੀ ਅਪੀਲ ਨਹੀਂ ਕੀਤੀ। ਹੁਣ 15 ਜਨਵਰੀ ਨੂੰ ਇਕ ਦੋਸ਼ੀ ਨੇ ਰਹਿਮ ਦੀ ਅਪੀਲ ਕੀਤੀ ਸੀ। ਮਾਮਲੇ ਦੇ ਜਾਣਕਾਰ ਵਕੀਲਾਂ ਅਨੁਸਾਰ ਚਾਰੇ ਦੋਸ਼ੀਆਂ ਕੋਲ ਹੁਣ

ਫਾਂਸੀ ਤੋਂ ਬਚਣ ਦਾ ਕੋਈ ਅਦਾਲਤੀ ਬਦਲ ਨਹੀਂ ਬਚਿਆ ਹੈ। ਨਿਰਭੈਆ ਦੀ ਮਾਂ ਨੇ ਚਾਰੇ ਦੋਸ਼ੀਆਂ ਖ਼ਿਲਾਫ਼ ਡੈੱਥ ਵਾਰੰਟ ਜਾਰੀ ਹੋਣ ਪਿੱਛੋਂ ਕਿਹਾ ਕਿ ਅੱਜ ਮੇਰੀ ਬੇਟੀ ਨੂੰ ਨਿਆਂ ਮਿਲਿਆ ਹੈ। ਦੋÎਸ਼ੀਆਂ ਨੂੰ ਸਜ਼ਾ ਦੇਸ਼ ਦੀ ਔਰਤਾਂ ਨੂੰ ਸਸ਼ਕਤ ਬਣਾਵੇਗੀ। ਇਸ ਫ਼ੈਸਲੇ ਨਾਲ ਨਿਆਇਕ ਪ੍ਰਣਾਲੀ 'ਚ ਲੋਕਾਂ ਦਾ ਵਿਸ਼ਵਾਸ ਮਜ਼ਬੂਤ ਹੋਵੇਗਾ।

ਜ਼ਿਕਰਯੋਗ ਹੈ ਕਿ ਨਿਰਭੈਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਸਭ ਤੋਂ ਪਹਿਲਾਂ ਟ੍ਰਾਇਲ ਕੋਰਟ ਨੇ 10 ਸਤੰਬਰ 2013 ਨੂੰ 4 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ, ਇਕ ਦੋਸ਼ੀ ਰਾਮ ਸਿੰਘ ਨੇ ਇਸ ਤੋਂ ਪਹਿਲਾਂ ਹੀ ਜੇਲ੍ਹ 'ਚ ਖ਼ੁਦਕੁਸ਼ੀ ਕਰ ਲਈ ਸੀ ਅਤੇ ਇਕ ਦੋਸ਼ੀ ਨਾਬਾਲਿਗ ਸੀ ਜਿਸ ਨੂੰ 3 ਸਾਲ ਦੀ ਸਜ਼ਾ ਹੋਈ ਸੀ। ਇਸ ਤੋਂ ਬਾਅਦ 13 ਮਾਰਚ 2014 ਨੂੰ ਵੀ ਦਿੱਲੀ ਉੱਚ ਅਦਾਲਤ ਨੇ ਚਾਰੇ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ। 9 ਜੁਲਾਈ 2018 ਨੂੰ ਸੁਪਰੀਮ ਕੋਰਟ ਨੇ 3 ਦੋਸ਼ੀਆਂ ਦੀ ਪੁਨਰਵਿਚਾਰ ਪਟੀਸ਼ਨ ਨੂੰ ਖਾਰਜ ਕੀਤਾ ਸੀ ਅਤੇ ਨਵੰਬਰ 2019 'ਚ ਇਕ ਦੋਸ਼ੀ ਅਕਸ਼ੈ ਦੀ ਰਹਿਮ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਗਿਆ ਸੀ। ਨਿਰਭੈਆ ਕਾਂਡ ਦੇ ਛੇ ਦੋਸ਼ੀ ਸਨ। ਅਦਾਲਤ ਨੇ ਚਾਰ ਮੁਜ਼ਰਿਮਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੋਈ ਹੈ। ਇਕ ਨਾਬਾਲਗ ਮੁਜ਼ਰਿਮ ਨੂੰ ਜੁਬੇਨਾਇਲ ਜਸਟਿਸ ਬੋਰਡ ਨੇ ਤਿੰਨ ਸਾਲ ਦੀ ਵੱਧ ਤੋਂ ਵੱਧ ਸਜ਼ਾ ਨਾਲ ਸੁਧਾਰ ਕੇਂਦਰ ਭੇਜਿਆ ਹੋਇਆ ਹੈ ਅਤੇ ਛੇ ਮੁਜ਼ਰਿਮਾਂ ਨੇ ਮੁਕੱਦਮਾ ਲਟਕਿਆ ਹੋਣ ਦੌਰਾਨ ਹੀ ਜੇਲ੍ਹ 'ਚ ਆਤਮ ਹੱਤਿਆ ਕਰ ਲਈ ਸੀ।

ਕਿਹੋ ਜਿਹਾ ਹੈ ਨਿਰਭੈਆ ਦੇ ਦੋਸ਼ੀਆਂ ਦਾ ਵਰਤਾਓ

ਮੰਗਲਵਾਰ ਨੂੰ ਨਿਰਭੈਆ ਦੇ ਦੋਸ਼ੀਆਂ ਦਾ ਡੈਥ ਵਾਰੰਟ ਜਾਰੀ ਹੋਣ ਪਿੱਛੋਂ ਹੀ ਚਾਰੇ ਦੋਸ਼ੀਆਂ ਦੀ 24 ਘੰਟੇ ਸੀਸੀਟੀਵੀ ਨਾਲ ਨਿਗਰਾਨੀ ਰੱਖੀ ਜਾ ਰਹੀ ਹੈ। ਜੇਲ੍ਹ ਸੂਤਰਾਂ ਮੁਤਾਬਕ ਨਿਰਭੈਆ ਦੇ ਚਾਰੇ ਦੋਸ਼ੀਆਂ ਦੇ ਵਰਤਾਓ 'ਚ ਕੋਈ ਖ਼ਾਸ ਤਬਦੀਲੀ ਨਹੀਂ ਆਈ ਹੈ ਅਤੇ ਦੋ ਦੋਸ਼ੀ ਅਕਸ਼ੈ ਅਤੇ ਪਵਨ ਨੇ ਕੁਝ ਹੈਰਾਨੀ ਜ਼ਰੂਰ ਪ੍ਰਗਟਾਈ ਸੀ ਪਰ ਉਹ ਹੁਣ ਆਮ ਸਥਿਤੀ 'ਚ ਹਨ। ਚਾਰਾਂ ਨੂੰ ਤਿਹਾੜ ਜੇਲ੍ਹ 'ਚ ਵੱਖ-ਵੱਖ ਸੈੱਲ 'ਚ ਰੱਖਿਆ ਗਿਆ ਹੈ। ਜੇਲ੍ਹ ਦਾ ਸਟਾਫ 24 ਘੰਟੇ ਚਾਰਾਂ ਦੋਸ਼ੀਆਂ ਦੀ ਸੀਸੀਟੀਵੀ ਨਾਲ ਨਿਗਰਾਨੀ ਕਰ ਰਿਹਾ ਹੈ। ਡਾਕਟਰ ਵੀ ਲਗਾਤਾਰ ਮੈਡੀਕਲ ਚੈਕਅੱਪ ਕਰ ਰਹੇ ਹਨ। ਤਿਹਾੜ ਜੇਲ੍ਹ ਦੇ ਸਾਬਕਾ ਲੋਕ ਸੰਪਰਕ ਅਧਿਕਾਰੀ ਸੁਨੀਲ ਗੁਪਤਾ ਨੇ ਦੱਸਿਆ ਕਿ ਹਰ ਦੋਸ਼ੀ 'ਤੇ ਇਕ ਸਕਿਓਰਟੀ ਗਾਰਡ ਨਿਯੁਕਤ ਹੋਵੇਗਾ ਤਾਂ ਕਿ ਉਹ ਖ਼ੁਦ ਨੂੰ ਨੁਕਸਾਨ ਪਹੁੰਚਾਉਣ ਅਤੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਨਾ ਕਰਨ। ਚਾਰੇ ਦੋਸ਼ੀਆਂ ਕੋਲ ਆਖ਼ਰੀ ਕਾਨੂੰਨੀ ਪ੍ਰਕਿਰਿਆ ਲਈ ਹੁਣ ਬਹੁਤ ਥੋੜ੍ਹੇ ਦਿਨ ਹਨ। ਅਜੇ ਵੀ ਉਨ੍ਹਾਂ ਕੋਲ ਰਹਿਮ ਦੀ ਅਪੀਲ ਦਾ ਬਦਲ ਖੁੱਲ੍ਹਾ ਹੋਇਆ ਹੈ।

ਫਾਂਸੀ ਤੋਂ ਪਹਿਲਾਂ ਹੋਣ ਵਾਲੀ ਕਾਰਵਾਈ

ਦੋਸ਼ੀਆਂ ਨੂੰ ਫਾਂਸੀ ਦੇ ਫੰਦੇ 'ਤੇ ਲਟਕਾਏ ਜਾਣ ਤੋਂ ਪਹਿਲਾਂ ਇਕ ਲੰਬੇ ਪ੍ਰੋਸੀਜਰ ਨੂੰ ਅਮਲ 'ਚ ਲਿਆਂਦਾ ਜਾਵੇਗਾ। ਦੋਸ਼ੀਆਂ ਨੂੰ ਸਾਰੇ ਕਾਨੂੰਨੀ ਬਦਲ ਅਤੇ ਅਧਿਕਾਰ ਦੱਸੇ ਜਾਣਗੇ। ਜੇ ਦੋਸ਼ੀ ਚਾਹੁੰਣ ਤਾਂ ਉਨ੍ਹਾਂ ਨੂੰ ਕਿਊੂਰੇਟਿਵ ਪਟੀਸ਼ਨ ਦਾਇਰ ਕਰਨ ਦੀ ਇਜਾਜ਼ਤ ਹੋਵੇਗੀ। ਫਾਂਸੀ ਦੇ ਸਮੇਂ ਸੁਪਰੀਟੈਂਡੈਂਟ ਜੇਲ, ਡਿਸਟ੍ਰਿਕਟ ਮੈਜਿਸਟ੍ਰੇਟ ਅਤੇ ਮੈਡੀਕਲ ਅਫਸਰ ਦਾ ਇਥੇ ਹੋਣਾ ਜ਼ਰੂਰੀ ਹੁੰਦਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਪੁੱਛਿਆ ਜਾਵੇਗਾ ਕਿ ਜੇ ਕੋਈ ਪ੍ਰਾਪਰਟੀ ਹੈ ਤਾਂ ਉਸ ਨੂੰ ਕਿਸ ਦੇ ਨਾਂ ਕਰੋਗੇ। ਫਾਂਸੀ ਲੱਗਣ ਵਾਲਿਆਂ ਦੇ ਆਖੇ ਅਨੁਸਾਰ ਜਾਇਦਾਦ ਸਪੁਰਦ ਕਰ ਦਿੱਤੀ ਜਾਂਦੀ ਹੈ। ਫਾਂਸੀ ਤੋਂ ਪਹਿਲਾਂ ਦੋਸ਼ੀਆਂ ਦਾ ਮੈਡੀਕਲ ਟੈਸਟ ਹੋਵੇਗਾ, ਜਿਸ 'ਚ ਜੇ ਕੋਈ ਦਿੱਕਤ ਪਾਈ ਜਾਂਦੀ ਹੈ ਤਾਂ ਫਾਂਸੀ ਦੀ ਤਰੀਕ ਟਲ ਸਕਦੀ ਹੈ। ਦੋਸ਼ੀਆਂ ਦੀ ਅੰਤਿਮ ਇੱਛਾ ਪੁੱਛੀ ਜਾਵੇਗੀ ਅਤੇ ਜੇ ਯੋਗ ਹੋਵੇਗੀ ਤਾਂ ਉਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮਾਮਲੇ 'ਚ ਦੋਸ਼ੀ ਅਭੈ ਸਿੰਘ ਦੇ ਵਕੀਲ ਏਪੀ ਸਿੰਘ ਨੇ ਕੋਰਟ ਦੇ ਫ਼ੈਸਲੇ 'ਤੇ ਕਿਹਾ ਹੈ ਕਿ ਉਹ ਇਸ ਖ਼ਿਲਾਫ਼ ਕਿਊਰੇਟਿਵ ਪਟੀਸ਼ਨ ਫਾਈਲ ਕਰਨਗੇ। ਅਜਿਹੇ 'ਚ ਸੁਪਰੀਮ ਕੋਰਟ ਦੇ 5 ਸੀਨੀਅਰ ਜੱਜ ਇਸ ਦੀ ਸੁਣਵਾਈ ਕਰਨਗੇ।

ਬੁਦਨੁਮਾ ਦਾਗ਼

ਲੜਕੀ ਨਾਲ ਹੋਈ ਦਰਿੰਦਗੀ ਦੀ ਘਟਨਾ ਦੀ ਰਾਤ ਨੂੰ ਹੀ ਇਹ ਮਾਮਲਾ ਮੀਡੀਆ ਦੀਆਂ ਸੁਰਖ਼ੀਆਂ 'ਚ ਆ ਗਿਆ ਸੀ। ਪੂਰਾ ਦੇਸ਼ ਇਸ ਖ਼ਬਰ ਨੂੰ ਦੇਖ ਰਿਹਾ ਸੀ। ਹਰ ਕੋਈ ਗੁੱਸੇ 'ਚ ਸੀ। ਦੋਸ਼ੀਆਂ ਦੀ ਗ੍ਰਿਫਤਾਰੀਆਂ ਨੂੰ ਲੈ ਕੇ ਆਵਾਜ਼ ਉਠਣ ਲੱਗੀ। ਘਟਨਾ ਦੇ ਵਿਰੋਧ 'ਚ ਅਗਲੇ ਹੀ ਦਿਨ ਕਈ ਲੋਕਾਂ ਨੇ ਸੋਸ਼ਲ ਨੈਟਵਰਕਿੰਗ ਸਾਈਟਸ, ਫੇਸਬੁੱਕ ਅਤੇ ਟਵਿਟਰ ਜ਼ਰੀਏ ਆਪਣਾ ਗੁੱਸਾ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ। ਮੀਡੀਆ ਪਲ-ਪਲ ਦੀ ਖ਼ਬਰ ਦਿਖਾ ਰਿਹਾ ਸੀ। ਉਹ ਦਰਦਨਾਕ ਹਾਦਸਾ ਦਿੱਲੀ ਦੇ ਚਿਹਰੇ 'ਤੇ ਇਕ ਬਦਨੁਮਾ ਦਾਗ਼ ਵਾਂਗ ਬਣ ਗਿਆ ਹੈ। ਉਸ ਰਾਤ ਇਕ ਚੱਲਦੀ ਬੱਸ 'ਚ ਪੰਜ ਬਾਲਗ ਅਤੇ ਨਾਬਾਲਗ ਦਰਿੰਦੇ ਨੇ 23 ਸਾਲ ਦੀ ਨਿਰਭੈਆ ਨਾਲ ਹੈਵਾਨੀਅਤ ਦਾ ਜੋ ਖੇਡ ਖੇਡਿਆ ਉਸ ਨੂੰ ਜਾਣ ਕੇ ਹਰ ਦੇਸ਼ ਵਾਸੀ ਦਾ ਕਲੇਜਾ ਕੰਬ ਗਿਆ। ਇਹ ਲੜਕੀ ਪੈਰਾਮੈਡੀਕਲ ਦੀ ਵਿਦਿਆਰਥਣ ਸੀ। ਪੂਰੇ ਦੇਸ਼ 'ਚ ਘਟਨਾ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਸਨ। ਲੋਕ ਸੜਕਾਂ 'ਤੇ ਉੱਤਰ ਆਏ ਸਨ। ਹਰ ਪਾਸੇ ਸਿਰਫ਼ ਇਹੀ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਅਤੇ ਪੂਰੇ ਦੇਸ਼ ਦੀਆਂ ਨਜ਼ਰਾਂ ਸਿਰਫ਼ ਦਿੱਲੀ ਪੁਲਿਸ ਦੀ ਜਾਂਚ ਅਤੇ ਕਾਰਵਾਈ 'ਤੇ ਲੱਗੀ ਹੋਈ ਸੀ।

ਫਾਂਸੀ ਦੀ ਤਿਆਰੀ ਸ਼ੁਰੂ

ਜੇਲ੍ਹ ਪ੍ਰਸ਼ਾਸਨ ਨੇ ਚਾਰਾਂ ਦੋਸ਼ੀਆਂ ਦੀ ਫਾਂਸੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਫਾਂਸੀ ਲਈ ਫੰਦੇ ਦੀ ਰੱਸੀ ਤਿਆਰ ਕਰ ਲਈ ਗਈ ਹੈ ਅਤੇ ਜੱਲਾਦ ਨਾਲ ਵੀ ਸੰਪਰਕ ਕੀਤਾ ਗਿਆ ਹੈ। ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਜੱਲਾਦ ਲਈ ਉੱਤਰ ਪ੍ਰਦੇਸ਼ ਦੀ ਮੇਰਠ ਜੇਲ੍ਹ ਨੂੰ ਪੱਤਰ ਲਿਖ ਕੇ ਫਾਂਸੀ ਦੀ ਤਰੀਕ ਅਤੇ ਸਮੇਂ ਬਾਰੇ 'ਚ ਸੂਚਿਤ ਕੀਤਾ ਹੈ। ਬਕਸਰ ਜੇਲ੍ਹ ਤੋਂ ਰੱਸਾ ਮੰਗਵਾਇਆ ਗਿਆ ਹੈ। ਬਕਸਰ ਜੇਲ੍ਹ ਦਾ ਰੱਸੀ ਬਣਾਉਣ 'ਚ ਵਰਤ ਹੋਣ ਵਾਲਾ ਮੈਟੀਰੀਅਲ ਮਜ਼ਬੂਤ ਅਤੇ ਮੁਲਾਇਮ ਹੁੰਦਾ ਹੈ। ਇਹੀ ਵਜ੍ਹਾ ਹੈ ਕਿ ਉਥੋਂ ਫਾਂਸੀ ਲਈ ਰੱਸੀ ਬਣਾਈ ਜਾਂਦੀ ਹੈ।

ਸੰਸਦ 'ਚ ਹੋਇਆ ਸੀ ਹੰਗਾਮਾ

18 ਦਸੰਬਰ 2012 ਨੂੰ ਹੀ ਇਸ ਮਾਮਲੇ ਦੀ ਗੂੰਜ ਸੰਸਦ 'ਚ ਸੁਣਾਈ ਦੇਣ ਲੱਗੀ ਸੀ। ਇਥੇ ਗੁੱਸੇ 'ਚ ਆਏ ਸੰਸਦਾਂ ਨੇ ਜਬਰ ਜਨਾਹ ਦੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ। ਤਤਕਾਲੀ ਗ੍ਰਹਿ ਮੰਤਰੀ ਸੁਨੀਲ ਕੁਮਾਰ ਸ਼ਿੰਦੇ ਨੇ ਸੰਸਦ ਨੂੰ ਭਰੋਸਾ ਦਿਵਾਇਆ ਸੀ ਕਿ ਰਾਜਧਾਨੀ 'ਚ ਔਰਤਾਂ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾਣਗੇ।

ਇਕੱਠਿਆਂ ਨੂੰ ਦਿੱਤੀ ਜਾਵੇਗੀ ਫਾਂਸੀ

ਫਾਂਸੀ ਘਰ ਜ਼ਮੀਨ ਤੋਂ 12 ਫੁੱਟ ਉੱਪਰ ਚਾਰ ਦੀਵਾਰੀ ਨਾਲ ਘਿਰਿਆ ਇਕ ਖੂਹ ਦੇ ਆਕਾਰ ਦਾ ਢਾਂਚਾ ਹੁੰਦਾ ਹੈ। ਛੱਤ ਦੇ ਵਿਚਲੇ ਹਿੱਸੇ 'ਚ 12-12 ਫੁੱਟ ਲੰਬੇ ਦੋ ਤਖ਼ਤੇ ਹੁੰਦੇ ਹਨ। ਇਸੇ ਪਾਈਪ 'ਤੇ ਫੰਦਾ ਬਣਾਇਆ ਜਾਂਦਾ ਹੈ। ਇਸ ਦੇ ਕਿਨਾਰੇ ਇਕ ਲੀਵਰ ਲੱਗਾ ਹੁੰਦਾ ਹੈ, ਜਿਸ ਨੂੰ ਦਬਾਉਣ ਨਾਲ ਦੋਵੇਂ ਤਖ਼ਤੇ ਇਕ ਦੂਜੇ ਤੋਂ ਵੱਖਰੇ ਹੋ ਜਾਂਦੇ ਹਨ ਅਤੇ ਜਿਸ ਵਿਅਕਤੀ ਨੂੰ ਫੰਦਾ ਲਾਇਆ ਜਾਂਦਾ ਹੈ ਉਹ ਛੱਤ ਹੇਠ ਲਟਕ ਜਾਂਦਾ ਹੈ। ਨਿਰਭੈਆ ਕਾਂਡ ਦੇ ਚਾਰ ਦੋਸ਼ੀਆਂ ਨੂੰ ਦੇਖਦੇ ਹੋਏ ਫਾਂਸੀ ਘਰ ਦੀ ਸੰਰਚਨਾ 'ਚ ਤਬਦੀਲੀ ਕੀਤੀ ਗਈ ਹੈ ਤਾਂ ਜੋ ਚਾਰਾਂ ਨੂੰ ਇਕੱਠਿਆਂ ਲਟਕਾਇਆ ਜਾ ਸਕੇ।

ਇਸ ਤੋਂ ਪਹਿਲਾਂ ਤਿਹਾੜ ਜੇਲ੍ਹ 'ਚ ਇੰਦਰਾ ਗਾਂਧੀ ਦੇ ਕਾਤਲਾਂ ਨੂੰ 1989 'ਚ ਇਕੱਠਿਆਂ ਫਾਂਸੀ ਦੇ ਫੰਦੇ 'ਤੇ ਲਟਕਾਇਆ ਗਿਆ ਸੀ। ਤਿਹਾੜ ਦੇ ਇਤਿਹਾਸ 'ਚ ਪਹਿਲੀ ਵਾਰ ਇਕੱਠਿਆਂ ਚਾਰਾਂ ਨੂੰ ਫਾਂਸੀ 'ਤੇ ਲਟਕਾਇਆ ਜਾਵੇਗਾ। ਤਿਹਾੜ ਜੇਲ੍ਹ 'ਚੋਂ ਸੇਵਾਮੁਕਤ ਹੋਏ ਸੁਨੀਲ ਗੁਪਤਾ ਨੇ ਆਪਣੀ ਪੁਸਤਕ 'ਬਲੈਕ ਵਾਰੰਟ' 'ਚ ਲਿਖਿਆ ਹੈ ਕਿ ਉਨ੍ਹਾਂ ਨੇ ਆਪਣੇ ਕਾਰਜ ਕਾਲ 'ਚ ਇਕ ਦੋ ਨਹੀਂ ਬਲਕਿ ਅੱਠ ਦੋਸ਼ੀਆਂ ਨੂੰ ਫਾਂਸੀ ਲਟਕਦੇ ਦੇਖਿਆ ਹੈ।

Posted By: Harjinder Sodhi