ਹਿੰਦੀ ਦੀ ਇਕ ਮਸ਼ਹੂਰ ਕਵਿਤਾ ਦੇ ਬੋਲ ਹਨ-

ਮੈਂ ਅਪਨੇ ਛੋਟੇ ਸੇ ਮੁਖ ਸੇ

ਕੈਸੇ ਕਰੰੂ ਗੁਣਗਾਨ

ਮਾਂ ਤੇਰੀ ਮਮਤਾ ਕੇ ਆਗੇ, ਫ਼ੀਕਾ ਹੈ ਭਗਵਾਨ।

ਇਹ ਬੋਲ ਅੱਖਰ-ਅੱਖਰ ਸੱਚ ਹਨ ਕਿਉਂਕਿ ਮਾਂ ਤਾਂ ਸੱਚਮੁੱਚ ਹੀ ਰੱਬ ਤੋਂ ਵੀ ਉੱਚਾ ਦਰਜਾ ਰੱਖਦੀ ਹੈ। ਰੱਬ ਤਾਂ ਇਨਸਾਨ ਨੂੰ ਜਨਮ ਦਿੰਦਾ ਹੈ, ਪਾਲਦਾ ਹੈ, ਦੁੱਖ ਤੇ ਸੁੱਖ ਦਿੰਦਾ ਹੈ ਤੇ ਅੰਤ ਵਿਚ ਮੌਤ ਦਿੰਦਾ ਹੈ ਪਰ ਮਾਂ..ਮਾਂ ਤਾਂ ਜਨਮ ਦਿੰਦੀ ਹੈ, ਪਾਲਦੀ ਹੈ, ਕੇਵਲ ਸੁੱਖ ਦਿੰਦੀ ਹੈ ਤੇ ਔਲਾਦ ਲਈ ਸੁੱਖ ਮੰਗਦੀ ਹੈ ਤੇ ਔਲਾਦ ਨੂੰ ਸਦਾ ਜ਼ਿੰਦਗੀ ਦਿੰਦੀ ਹੈ। ਉਹ ਆਖ਼ਰੀ ਸਾਹ ਤਕ ਵੀ ਆਪਣੇ ਬੱਚਿਆਂ ਦੀ ਬਿਹਤਰੀ ਲਈ ਸਮਰਪਿਤ ਰਹਿੰਦੀ ਹੈ। ਸ਼ਾਇਰ ਮੁਨੱਵਰ ਰਾਣਾ ਦਾ ਸ਼ੇਅਰ ਹੈ

ਲਬੋਂ ਪੇ ਉਸਕੇ ਕਭੀ

ਬਦਦੁਆ ਨਹੀਂ ਹੋਤੀ

ਬਸ ਏਕ ਮਾਂ ਹੈ ਜੋ

ਮੁਝਸੇ ਖ਼ਫ਼ਾ ਨਹੀਂ ਹੋਤੀ।

ਅਮਰੀਕਾ ਦੇ ਰਾਸ਼ਟਰਪਤੀ ਅਬਰਾਹਮ ਿਕਨ ਨੇ ਇਕ ਵਾਰ ਕਿਹਾ ਸੀ-‘‘ਮੈਂ ਜੋ ਵੀ ਹਾਂ ਜਾਂ ਜੋ ਵੀ ਹੋ ਸਕਦਾ ਹਾਂ ਕੇਵਲ ਤੇ ਕੇਵਲ ਆਪਣੀ ਮਾਂ ਦੀ ਬਦੌਲਤ ਹਾਂ।’’ ਵਾਕਿਆ ਹੀ ਮਾਂ ਦੀ ਹਰੇਕ ਸ਼ਖ਼ਸ ਦੀ ਜ਼ਿੰਦਗੀ ਵਿਚ ਵੱਡੀ ਭੂਮਿਕਾ ਹੰੁਦੀ ਹੈ ਤੇ ਇਕ ਮਾਂ ਆਪ ਗਿੱਲੇ ’ਤੇ ਪੈ ਕੇ ਵੀ ਆਪਣੇ ਬੱਚੇ ਨੂੰ ਸੁੱਕੇ ’ਤੇ ਰੱਖਦੀ ਹੈ ਤੇ ਆਪ ਭੁੱਖੀ ਰਹਿ ਕੇ ਆਪਣੇ ਬੱਚੇ ਦਾ ਪੇਟ ਭਰਦੀ ਹੈ। ਉਸਦਾ ਸਾਰਾ ਜੀਵਨ ਮੋਹ, ਪਿਆਰ, ਸੇਵਾ ਅਤੇ ਤਿਆਗ ਵਿਚ ਗੁਜ਼ਰ ਜਾਂਦਾ ਹੈ। ਮਾਂ ਸਦਾ ਹੀ ਨਿਰਛਲ ਤੇ ਨਿਰਮਲ ਪਿਆਰ ਦਾ ਸੋਮਾ ਹੰੁਦੀ ਹੈ। ਅਮਰੀਕੀ ਲੇਖਕ ਮਿੱਚ ਐਲਬਮ ਦੇ ਬੋਲ ਹਨ-‘‘ ਦੁਨੀਆ ਵਿਚ ਜੇਕਰ ਤੁਹਾਨੂੰ ਨਿਰਛਲ ਤੇ ਨਿਰਮਲ ਪਿਆਰ ਦੀ ਤਲਾਸ਼ ਹੋਵੇ ਤਾਂ ਇਹ ਤੁਹਾਨੂੰ ਆਪਣੀ ਮਾਂ ਦੀਆਂ ਮਮਤਾ ਭਰੀਆਂ ਅੱਖਾਂ ਵਿਚ ਜ਼ਰੂਰ ਮਿਲ ਜਾਏਗਾ।’’

ਅੱਜ 9 ਮਈ ਦੇ ਦਿਨ ਦੁਨੀਆ ਭਰ ਵਿਚ ਕੌਮਾਂਤਰੀ ਮਾਂ ਦਿਵਸ ਮਨਾਇਆ ਜਾ ਰਿਹਾ ਹੈ। ਭਾਰਤ ਸਮੇਤ ਦੁਨੀਆ ਦੇ ਅਧਿਕਤਰ ਮੁਲਕਾਂ ਵਿਚ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਇਹ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ। ਅਮਰੀਕਾ ਦੇ ਪੱਛਮੀ ਵਰਜੀਨੀਆ ਇਲਾਕੇ ਦੀ ਵਾਸੀ ਐਨਾ ਜਾਰਵਿਸ ਨਾਮਕ ਇਕ ਔਰਤ ਦੀ ਮਾਂ ਐਨਾ ਰੀਵ ਜਾਰਵਿਸ ਦੀ ਦਿਲੀ ਚਾਹਤ ਸੀ ਕਿ ਦੁਨੀਆ ਵਿਚ ਮਾਂ ਨੂੰ ਸਮਰਪਿਤ ਵੀ ਇਕ ਦਿਨ ਮਨਾਇਆ ਜਾਣਾ ਚਾਹੀਦਾ ਹੈ। ਇਹ ਖ਼ਾਹਿਸ਼ ਆਪਣੇ ਮਨ ’ਚ ਲੈ ਕੇ ਐਨਾ ਰੀਵ ਜਾਰਵਿਸ ਤਾਂ 1905 ਵਿਚ ਇਸ ਜਹਾਨੋਂ ਚੱਲ ਵਸੀ ਪਰ ਉਸਦੀ ਧੀ ਨੇ ਆਪਣੀ ਮਾਂ ਦੀ ਖ਼ਾਹਿਸ਼ ਪੂਰੀ ਕਰਨ ਦਾ ਜ਼ਿੰਮਾ ਚੁੱਕ ਲਿਆ ਤੇ ਇਸ ਸਬੰਧ ਵਿਚ ਮੁਹਿੰਮ ਸ਼ੁਰੂ ਕਰ ਦਿੱਤੀ। ਉਸਨੇ ਮਾਂ ਦਿਵਸ ਮਨਾਉਣ ਅਤੇ ਇਸ ਦਿਨ ਪੂਰੇ ਮੁਲਕ ਵਿਚ ਛੁੱਟੀ ਰੱਖਣ ਦੀ ਮੰਗ ਉਠਾਈ ਜੋ ਠੁਕਰਾ ਦਿੱਤੀ ਗਈ ਪਰ ਐਨਾ ਨੇ ਹਾਰ ਨਹੀਂ ਮੰਨੀ। ਅਖੀਰ 1911 ਵਿਚ ਅਮਰੀਕਾ ਵਿਚ ਮਾਂ ਦਿਵਸ ਮਨਾਉਣਾ ਤਾਂ ਸ਼ੁਰੂ ਹੋ ਗਿਆ ਪਰ ਛੁੱਟੀ ਕੀਤੇ ਜਾਣ ਦਾ ਐਲਾਨ ਠੀਕ ਤੀਹ ਸਾਲ ਬਾਅਦ ਸੰਨ 1941 ਵਿਚ ਰਾਸ਼ਟਰਪਤੀ ਵੁੱਡਰੋਅ ਵਿਲਸਨ ਵੱਲੋਂ ਕੀਤਾ ਗਿਆ। ਉਦੋਂ ਤੋਂ ਹੀ ਮਈ ਦੇ ਦੂਜੇ ਐਤਵਾਰ ਮਾਂ ਦਿਵਸ ਮਨਾਉਣ ਦੀ ਰੀਤ ਸ਼ੁਰੂ ਹੋਈ ਜੋ ਅਧਿਕਤਰ ਮੁਲਕਾਂ ਵੱਲੋਂ ਅਪਣਾ ਲਈ ਗਈ। ਜ਼ਿਕਰਯੋਗ ਹੈ ਕਿ ਯੂ.ਕੇ.ਵਿਚ ਮਾਰਚ ਦੇ ਚੌਥੇ ਐਤਵਾਰ, ਯੂਨਾਨ ਵਿਚ 2 ਫ਼੍ਰਰਵਰੀ ਨੂੰ, ਉੱਤਰੀ ਕੋਰੀਆ ਵਿਚ 16 ਨਵੰਬਰ ਨੂੰ, ਇਜ਼ਰਾਈਲ ਵਿਚ 22 ਮਈ, ਪੋਲੈਂਡ ਵਿਚ 26 ਮਈ ਅਤੇ ਅਰਬ ਦੇਸ਼ਾਂ ਵਿਚ 21 ਮਾਰਚ ਨੂੰ ਮਾਂ ਨੂੰ ਸਮਰਪਿਤ ਇਹ ਦਿਹਾੜਾ ਮਨਾਇਆ ਜਾਂਦਾ ਹੈ। ਉਂਜ ਖੋਜਕਾਰਾਂ ਦਾ ਮੰਨਣਾ ਹੈ ਕਿ ਇੰਗਲੈਂਡ ਵਿਖੇ ਸੋਲ੍ਹਵੀਂ ਸਦੀ ਵਿੱਚ ‘ਮਦਰਿੰਗ ਸੰਡੇ’ ਮਨਾਏ ਜਾਣ ਦੀ ਪਿਰਤ ਹੋਇਆ ਕਰਦੀ ਸੀ। ਮਹੀਨੇ ਦੇ ਚੌਥੇ ਐਤਵਾਰ ਉਹ ਸਾਰੀਆਂ ਧੀਆਂ ਆਪਣੇ ਘਰਾਂ ਨੂੰ ਪਰਤਦੀਆਂ ਸਨ ਜੋ ਆਪਣੇ ਘਰਾਂ ਤੋਂ ਦੂਰ ਕਿਸੇ ਦੇ ਘਰ ਵਿਚ ਬਤੌਰ ਨੌਕਰਾਣੀਆਂ ਜਾਂ ਸੇਵਿਕਾਵਾਂ ਕੰਮ ਕਰਦੀਆਂ ਸਨ। ਇਸ ਦਿਨ ਉਹ ਆਪਣੀਆਂ ਮਾਵਾਂ ਨੂੰ ਗਲਵਕੜੀ ’ਚ ਲੈ ਕੇ ਮਿਲਦੀਆਂ ਸਨ ਤੇ ਪਰਿਵਾਰ ਵਿਚ ਮੌਜੂਦ ਵੱਡਾ ਪੁੱਤ ਜਾਂ ਵੱਡੀ ਧੀ ‘ਮਦਰਲੀ ਕੇਕ’ ਭਾਵ ਮਾਂ ਲਈ ਤਿਆਰ ਕੀਤਾ ਇਕ ਖ਼ਾਸ ਕੇਕ ਲੈ ਕੇ ਆਇਆ ਕਰਦੀ ਸੀ ਜਿਸ ਨੂੰ ਸਾਰੇ ਪਰਿਵਾਰ ’ਚ ਬੈਠ ਕੇ ਮਾਂ ਕੱਟਦੀ ਸੀ ਤੇ ਉਪਰੰਤ ਮਾਂ ਦੀਆਂ ਦੁਆਵਾਂ ਦਾ ਪ੍ਰਤੀਕ ਉਹ ਕੇਕ ਸਾਰੇ ਪਰਿਵਾਰ ਵਿਚ ਵੰਡਿਆ ਜਾਂਦਾ ਸੀ। ਅਮਰੀਕਾ ਵਿਚ ਮਾਂ ਦਿਵਸ ਮਨਾਉਣ ਦੀ ਪਿਰਤ ਦਾ ਆਗ਼ਾਜ਼ ਕਰਨ ਦਾ ਮਾਣ ਐਨਾ ਰੀਵ ਜਾਰਵਿਸ, ਉਸਦੀ ਧੀ ਐਨਾ ਜਾਰਵਿਸ ਅਤੇ ਜੂਲੀਆ ਵਾਰਡ ਨਾਮਕ ਤਿੰਨ ਮਹਿਲਾਵਾਂ ਨੂੰ ਦਿੱਤਾ ਜਾਂਦਾ ਹੈ।

ਅੱਜ ਦਾ ਯੁਗ ਜਿੱਥੇ ਵਿਗਿਆਨ ਅਤੇ ਤਕਨੀਕ ਦਾ ਯੁਗ ਕਿਹਾ ਜਾਂਦਾ ਹੈ ਉੱਥੇ ਹੀ ਇਹ ਖ਼ੁਦਗ਼ਰਜ਼ੀ ਤੇ ਬੇਈਮਾਨੀ ਦਾ ਵੀ ਯੁਗ ਹੈ। ਇਸ ਯੁਗ ਵਿਚ ਬਹੁਤ ਸਾਰੇ ਧੀਆਂ-ਪੁੱਤ ਅਜਿਹੇ ਹਨ ਜੋ ਅਹਿਸਾਨਫ਼ਰਾਮੋਸ਼ ਹੋ ਕੇ ਮਾਂ ਨੂੰ ਆਪਣੇ ਤੋਂ ਵੱਖ ਕਰ ਦਿੰਦੇ ਹਨ ਜਾਂ ਬਿਰਧ ਆਸ਼ਰਮ ਦੇ ਬੂਹੇ ਛੱਡ ਆਉਂਦੇ ਹਨ। ਸੱਚੀ ਗੱਲ ਤਾਂ ਇਹ ਹੈ ਕਿ ਅਜਿਹਾ ਕਰਨ ਵਾਲਿਆਂ ਤੋਂ ਵੱਧ ਬਦਨਸੀਬ ਦੁਨੀਆ ’ਤੇ ਕੋਈ ਹੋਰ ਨਹੀਂ ਹੋ ਸਕਦਾ ਹੈ। ਬਿਪਤਾ ਪੈਣ ’ਤੇ ਜਦੋਂ ਦੁਨੀਆ ਦਾ ਹਰੇਕ ਰਿਸ਼ਤਾ ਸਾਥ ਛੱਡ ਜਾਂਦਾ ਹੈ ਤਾਂ ਮਾਂ ਉਦੋਂ ਵੀ ਚੱਟਾਨ ਬਣ ਕੇ ਆਪਣੀ ਔਲਾਦ ਦੇ ਨਾਲ ਖੜ੍ਹ ਜਾਂਦੀ ਹੈ। ਇਕ ਸ਼ਾਇਰ ਦੇ ਬੋਲ ਨੇ-‘‘ ਰੋਂਦਿਆਂ ਵੇਖ ਸ਼ਰੀਕ ਵੀ ਬੂਹੇ ਢੋਅ

ਲੈਂਦੇ, ਬਿਨ ਮਾਵਾਂ ਦੇ ਕਾਂ ਵੀ ਟੁਕੜੇ ਖੋਹ ਲੈਂਦੇ।’’

ਮਾਂ ਦੀ ਮਹਾਨਤਾ

ਮਾਂ ਦੀ ਮਹਾਨਤਾ ਅਸਲ ਵਿਚ ਸ਼ਬਦਾਂ ਵਿਚ ਬਿਆਨ ਤੋਂ ਪਰ੍ਹੇ ਹੈ। ਉਹ ਤਾਂ ਰੱਬ ਦੇ ਅਵਤਾਰਾਂ ਦੀ ਵੀ ਜਨਮਦਾਤੀ ਹੈ। ਗੁਰਬਾਣੀ ਦੱਸਦੀ ਹੈ ਕਿ ਪਰਮਾਤਮਾ ਨੂੰ ਦੁਨੀਆ ਦਾ ਭਲਾ ਕਰਨ ਲਈ ਜਿੰਨੀ ਵਾਰ ਵੀ ਇਸ ਦੁਨੀਆ ਵਿਚ ਆਉਣਾ ਪਿਆ ਉਸਨੂੰ ਮਾਂ ਦੀ ਕੁੱਖ ਨੇ ਹੀ ਜਨਮ ਦਿੱਤਾ ਸੀ। ਇਹ ਵੀ ਸੱਚ ਹੈ ਕਿ ਮਾਂ ਦੀ ਥਾਂ ਕਦੇ ਕੋਈ ਨਹੀਂ ਲੈ ਸਕਦਾ ਹੈ। ਕਾਰਡੀਨਲ ਮਰਮਿਲੌਡ ਦੇ ਬਚਨ ਹਨ- ‘‘ਮਾਂ ਉਹ ਹੈ ਜੋ ਹਰੇਕ ਰਿਸ਼ਤੇ ਦੀ ਥਾਂ ਲੈ ਸਕਦੀ ਹੈ ਪਰ ਮਾਂ ਦੀ ਥਾਂ ਕੋਈ ਹੋਰ ਰਿਸ਼ਤਾ ਨਹੀਂ ਲੈ ਸਕਦਾ ਹੈ’’। ਕਿਸੇ ਸ਼ਾਇਰ ਨੇ ਬਾਖ਼ੂਬੀ ਕਿਹਾ ਹੈ

ਵੇਖਿਆ ਨਹੀਂ ਹੈ ਤੈਨੂੰ ਸਾਹਮਣੇ ਖਲੋ ਕੇ ਰੱਬਾ

ਪਰ ਹੋਵੇਂਗਾ ਜ਼ਰੂਰ ਤੰੂ ਮੇਰੀ ਮਾਂ ਵਰਗਾ।

- ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

Posted By: Harjinder Sodhi