ਅੱਜ ਦਾ ਮਨੁੱਖ ਸਮਾਜਿਕ ਵਾਤਾਵਰਨ ਵਿੱਚ ਰਹਿ ਰਿਹਾ ਹੈ ਤੇ ਉਹ ਸਮਾਜ ਦੇ ਇਸ ਪੂਰੇ ਤਾਣੇ-ਬਾਣੇ ਵਿੱਚ ਪਰੋਇਆ ਹੋਇਆ ਹੈ। ਮਨੁੱਖ ਦੀ ਹੋਂਦ ਨਾਲ ਹੀ ਸਮਾਜ ਦੀ ਉਤਪਤੀ ਹੋਈ ਤੇ ਫਿਰ ਅਸੀਂ ਸਾਰੇ ਇਸ ਸਮਾਜ ਦਾ ਹਿੱਸਾ ਬਣੇ। ਸਾਡੀ ਸ਼ੁਰੂ ਤੋਂ ਹੀ ਇਹ ਪਰੰਪਰਾ ਰਹੀ ਹੈ ਕਿ ਸਮਾਜ ਦੇ ਇਸ ਪੂਰੇ ਢਾਂਚੇ ਵਿੱਚ ਸਮੇਂ ਦੇ ਨਾਲ-ਨਾਲ ਹੋਣ ਵਾਲੇ ਬਦਲਾਵ ਨੇ ਸਾਨੂੰ ਪ੍ਰਭਾਵਿਤ ਕੀਤਾ ਤੇ ਇਸ ਵਿੱਚ ਰਹਿਣ ਵਾਲੇ ਹਰ ਵਿਅਕਤੀ ਨੇ ਆਪਣੇ ਆਪ ਨੂੰ ਇਸ ਦੇ ਅਨੁਸਾਰ ਢਾਲ਼ ਲਿਆ। ਪ੍ਰਕਿਰਤੀ ਵਿੱਚ ਹੋਣ ਵਾਲੀਆਂ ਕੁਝ ਕੁਦਰਤੀ ਘਟਨਾਵਾਂ ਦਾ ਮਨੁੱਖ ਦੇ ਦਿਮਾਗ਼ ’ਤੇ ਬਹੁਤ ਡੂੰਘਾ ਅਸਰ ਹੋਇਆ ਤੇ ਇਸ ਨੂੰ ਅੰਦਰੋ ਅੰਦਰੀ ਹੋਣ ਵਾਲੀਆਂ ਇਨ੍ਹਾਂ ਘਟਨਾਵਾਂ ਦਾ ਡਰ ਅਤੇ ਸਹਿਮ ਸਤਾਉਣ ਲੱਗਾ।
ਕੁਦਰਤ ਦੇ ਨਿਯਮਾਂ ਤੋਂ ਅਣਜਾਣ ਇਹ ਵਿਅਕਤੀ ਹੋਣ ਵਾਲੇ ਇਸ ਸਭ ਵਰਤਾਰੇ ਨੂੰ ਕਿਸੇ ਚੰਦਰੀ ਆਤਮਾ ਜਾਂ ਗੈਬੀ ਸ਼ਕਤੀ ਦਾ ਪ੍ਰਕੋਪ ਮੰਨਣ ਲੱਗਾ। ਫਿਰ ਆਪਣੀ ਮਾਨਸਿਕ ਕਮਜ਼ੋਰੀ ਨੂੰ ਸਹਾਰਾ ਦੇਣ ਲਈ ਇਸ ਨੇ ਪੂਜਾ ਪਾਠ ਤੇ ਝੂਠੇ ਕਰਮ ਕਾਂਡਾਂ ਦੀਆਂ ਅਨੇਕਾਂ ਵਿਧੀਆਂ ਨੂੰ ਅਪਣਾਇਆ ਜਿਸ ਵਿੱਚੋਂ ਕਈ ਤਰ੍ਹਾਂ ਦੇ ਅੰਧ-ਵਿਸ਼ਵਾਸ ਤੇ ਵਹਿਮਾਂ ਭਰਮਾਂ ਨੇ ਜਨਮ ਲਿਆ।

ਅਗਿਆਨਤਾ ਹੈ ਵੱਡਾ ਕਾਰਨ
ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਬੇਸ਼ੱਕ ਇਸ ਇਕੱਵੀਂ ਸਦੀ ਦੇ ਯੁੱਗ ਵਿੱਚ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਅੱਜ ਵੀ ਬਹੁ ਗਿਣਤੀ ਵਿੱਚ ਇਨਸਾਨ ਇਨ੍ਹਾਂ ਅੰਧ-ਵਿਸ਼ਵਾਸ ਤੇ ਵਹਿਮਾਂ ਭਰਮਾਂ ਦੇ ਪ੍ਰਭਾਵ
ਹੇਠ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਅੱਜ ਸਾਡੀ ਨਿੱਜੀ ਜ਼ਿੰਦਗੀ ਵਿੱਚ ਇਨ੍ਹਾਂ ਵਹਿਮਾਂ ਭਰਮਾਂ ਦੇ ਅਜਿਹੇ ਕਈ ਪੱਖ ਹਨ ਜਿਨ੍ਹਾਂ ਨੂੰ ਅਸੀਂ ਸ਼ਗਨ ਅਤੇ ਅਪਸ਼ਗਨ ਦੇ ਤੌਰ ’ਤੇ ਆਪਣੇ ਨਾਲ ਜੋੜਦੇ ਹਾਂ ਤੇ ਹਰ ਕੰਮ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਬੜੀ ਗੰਭੀਰਤਾ ਨਾਲ ਵਿਚਾਰਦੇ ਹਾਂ ਤਾਂ ਜੋ ਸਾਡਾ ਹੋਣ ਵਾਲਾ ਕੰਮ ਪੂਰਨ ਤੌਰ ’ਤੇ ਸਿੱਧ ਹੋ ਸਕੇ।
ਉਦਾਹਰਣ ਦੇ ਤੌਰ ’ਤੇ ਅਕਸਰ ਵਹਿਮੀ ਲੋਕ ਬੁੱਧ ਤੇ ਸ਼ਨੀਵਾਰ ਨੂੰ ਨਵਾਂ ਕੱਪੜਾ ਪਹਿਨਣਾ, ਐਤਵਾਰ ਨੂੰ ਨਵੇਂ ਗਹਿਣੇ ਪਹਿਨਣਾ, ਸੂਰਜ ਨੂੰ ਪਾਣੀ ਦੇਣਾ, ਤੁਲਸੀ ਦੀ ਪੂਜਾ ਕਰਨੀ, ਆਕਾਸ਼ ਵਿੱਚ ਤਾਰਾ ਟੁੱਟਦਾ ਦੇਖਣਾ ਇਨ੍ਹਾਂ ਸਭ ਵਿਧੀਆਂ ਨੂੰ ਸ਼ੁਭ ਅਤੇ ਘਰੋਂ ਬਾਹਰ ਜਾਣ ਵੇਲੇ ਖ਼ਾਲੀ ਭਾਂਡਾ ਮੱਥੇ ਲੱਗਣਾ, ਬਿੱਲੀ ਦੁਆਰਾ ਰਸਤਾ ਕੱਟਣਾ, ਮੰਗਲ ਜਾਂ ਸ਼ਨੀਵਾਰ ਨੂੰ ਸਿਰ ਨਹਾਉਣਾ, ਵਿਆਹਾਂ ਵਿੱਚ ਕਾਲੇ ਕੱਪੜੇ ਦੀ ਵਰਤੋਂ ਕਰਨਾ ਆਦਿ ਸਭ ਨੂੰ ਅਸ਼ਭ ਮੰਨਦੇ ਹਨ। ਇੱਥੇ ਹੀ ਬਸ ਨਹੀਂ ਇਸ ਤਰ੍ਹਾਂ ਦੇ ਅਨੇਕਾਂ ਹੀ ਅੰਧ-ਵਿਸ਼ਵਾਸ ਹਨ ਜੋ ਜਨਮ ਤੋਂ ਲੈ ਕੇ ਮਰਨ ਤਕ ਸਾਡੇ ਨਾਲ ਚੱਲਦੇ ਹਨ।
ਇਨ੍ਹਾਂ ਵਹਿਮਾਂ ਭਰਮਾਂ ਦੇ ਪ੍ਰਫੁੱਲਤ ਹੋਣ ਦਾ ਅੱਜ ਇੱਕੋ ਇੱਕ ਮੂਲ ਕਾਰਨ ਇਹ ਹੈ ਕਿ ਸਾਡੇ ਵਿੱਚ ਅੱਜ ਵੀ ਬਹੁ ਗਿਣਤੀ ਉਨ੍ਹਾਂ ਲੋਕਾਂ ਦੀ ਹੈ ਜੋ ਅਗਿਆਨਤਾ ਦੇ ਹਨੇਰੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ। ਬੌਧਿਕ ਪੱਧਰ ਤੋਂ ਕਮਜ਼ੋਰ ਹੋਣ ਕਾਰਨ ਇਹ ਲੋਕ ਭਰਮ ਭੁਲੇਖਿਆਂ ਤੇ ਆਪਣਾ ਵਿਸ਼ਵਾਸ ਅਡੋਲ ਰੱਖਦੇ ਹਨ ਤੇ ਅੰਧ ਵਿਸ਼ਵਾਸ ਨੂੰ ਉੱਚ ਪੱਧਰ ਤਕ ਫੈਲਾਉਣ ਵਿੱਚ ਸਹਾਈ ਹੁੰਦੇ ਹਨ।
ਪ੍ਰਸਾਰਣ ਸਾਧਨਾਂ ਦੀ ਭੂਮਿਕਾ
ਦੂਜੇ ਪੱਖ ਤੋਂ ਜੇ ਗੱਲ ਕਰੀਏ ਤਾਂ ਸਾਡਾ ਪ੍ਰਸਾਰਣ ਮਾਧਿਅਮ ਵੀ ਕਾਫੀ ਹੱਦ ਤਕ ਇਨ੍ਹਾਂ ਅੰਧ-ਵਿਸ਼ਵਾਸ ਦੀਆਂ ਗਾਥਾਵਾਂ ਨੂੰ ਦਿਨ ਰਾਤ ਪ੍ਰਚਾਰਨ ’ਤੇ ਲੱਗਾ ਹੋਇਆ ਹੈ। ਜਿੱਥੇ ਡਿਸਕਵਰੀ ਸਾਇੰਸ ਜਿਹੇ ਚੈਨਲ ਇਨ੍ਹਾਂ ਵਹਿਮਾਂ ਭਰਮਾਂ ਦਾ ਮੁੱਢ ਤੋਂ ਖੰਡਨ ਕਰ ਕੇ ਅਤੇ ਵਿਗਿਆਨ ਦਾ ਪੂਰਾ ਤਰਕ ਦੱਸਦੇ ਹੋਏ ਇਸ ਦੀ ਸਿੱਖਿਆ ਪ੍ਰਤੀ ਜਾਗਰੂਕ ਕਰ ਰਹੇ ਹਨ ਉੱਥੇ ਹੀ ਜ਼ਿਆਦਾਤਰ ਚੈਨਲ ਸਾਰਾ ਦਿਨ ਰਾਸ਼ੀਫਲ, ਗ੍ਰਹਿ, ਤਾਰਾ ਮੰਡਲ ਤੇ ਸ਼ਨੀ ਰਾਹੂ ਕੇਤੂ ਦੀਆਂ ਕਰੋਪੀਆਂ ਤੋਂ ਬਚਣ ਦੇ ਉਪਾਅ ਦੱਸ ਕੇ ਸਾਨੂੰ ਇਨ੍ਹਾਂ ਵਹਿਮਾਂ-ਭਰਮਾਂ ਦੀ ਦਲਦਲ਼ ਵਿੱਚ ਧਕੇਲ ਰਹੇ ਹਨ। ਜਿਸ ਦੇ ਸਿੱਟੇ ਵਜੋਂ ਅੱਜ ਕਈ ਪੜ੍ਹੇ ਲਿਖੇ ਵਿਅਕਤੀਆਂ ਦੇ ਜੀਵਨ ਵਿਚ ਵੀ ਇਨ੍ਹਾਂ ਬੇਅਰਥੇ ਵਹਿਮਾਂ-ਭਰਮਾਂ ਦੀ ਛਾਪ ਅਕਸਰ ਵੇਖਣ ਨੂੰ ਮਿਲਦੀ ਹੈ।
ਮਾਨਸਿਕ ਤੌਰ ’ਤੇ ਕਮਜ਼ੋਰ ਵਿਅਕਤੀ ਆਪਣੇ ਆਪ ਨੂੰ ਕਸ਼ਟਾਂ ਤੇ ਪਰਕੋਪੀਆਂ ਦਾ ਸ਼ਿਕਾਰ ਹੋਇਆ ਮੰਨਦਾ ਹੈ ਤੇ ਇਸ ਵਿੱਚੋਂ ਬਾਹਰ ਨਿਕਲਣ ਲਈ ਕਈ ਤਰ੍ਹਾਂ ਦੇ ਜੋਤਸ਼ੀ, ਤਾਂਤਰਿਕ ਤੇ ਢੌਂਗੀ ਬਾਬਿਆਂ ਦਾ ਸਹਾਰਾ ਲੈਂਦਾ ਹੈ। ਇਨ੍ਹਾਂ ਅਖੌਤੀ ਜੋਤਸ਼ੀਆਂ ਵੱਲੋਂ ਉਪਾਅ ਦੇ ਰੂਪ ਵਿੱਚ ਜਿਵੇਂ ਕਿਸੇ ਕਾਗ਼ਜ਼ ’ਤੇ ਲਿਖੇ ਮੰਤਰ ਨੂੰ ਘੋਲ ਕੇ ਪੀਣਾ, ਵੰਨ ਸੁਵੰਨੇ ਤਵੀਤਾਂ ਨੂੰ ਸਰੀਰ ਦੇ ਅੰਗਾਂ ਨਾਲ ਬੰਨ੍ਹਣਾ, ਰੰਗ ਬਿਰੰਗੇ ਧਾਗਿਆਂ ਨੂੰ ਗੰਢਾਂ ਦੇ ਕੇ ਗੁੱਟਾਂ ’ਤੇ ਬੰਨ੍ਹਣਾ, ਸੰਧੂਰ ਪਤਾਸੇ ਮਿਰਚਾਂ ਦੀ ਸਮੱਗਰੀ ਨੂੰ ਚੁਰਸਤੇ ਵਿੱਚ ਰੱਖਣਾ, ਜੰਡ ਦੇ ਮੁੱਢ ਨਾਲ ਤੇਲ ਦੇਣਾ ਤੇ ਨਾਰੀਅਲ ਨੂੰ ਵਗਦੇ ਪਾਣੀ ਵਿੱਚ ਰੋੜਨਾ ਕਈ ਤਰ੍ਹਾਂ ਦੇ ਢਕਵੰਜ ਰਚ ਕੇ ਦੱਸੇ ਜਾਂਦੇ ਹਨ ਜਿਨ੍ਹਾਂ ਵਿੱਚ ਫਸ ਕੇ ਵਿਅਕਤੀ ਮਾਨਸਿਕ ਰੋਗੀ ਹੋਣ ਦੇ ਨਾਲ-ਨਾਲ ਆਪਣੀ ਆਰਥਿਕ ਲੁੱਟ ਵੀ ਕਰਵਾ ਬੈਠਦਾ ਹੈ। ਕਪਟ ਨਾਲ ਭਰੇ ਹੋਏ ਇਹ ਝੂਠੇ ਤਾਂਤਰਿਕ ਬਾਬੇ ਇਸ ਤਰ੍ਹਾਂ ਦੀ ਸਥਿਤੀ ਵਿੱਚ ਫਸੇ ਗਿਆਨ ਤੋਂ ਹੀਣੇ ਅਤੇ ਭੋਲੇ ਭਾਲੇ ਲੋਕਾਂ ਨੂੰ ਮਾਨਸਿਕ ਪਰੇਸ਼ਾਨੀਆਂ ’ਚੋਂ ਕੱਢ ਕੇ ਤੇ ਸੁੱਖ ਸ਼ਾਂਤੀ ਦੀਆਂ ਦਾਤਾਂ ਦੇਣ ਦੇ ਇਵਜ ਵਿੱਚ ਉਨ੍ਹਾਂ ਦੇ ਧੰਨ ਦੀ ਖ਼ੂਬ ਲੁੱਟ ਕਰਦੇ ਹਨ।
ਬਦਲੋ ਸੋਚ ਦਾ ਢੰਗ
ਆਪਣੇ ਜੀਵਨ ਵਿੱਚ ਆਉਣ ਵਾਲੇ ਛੋਟੇ-ਮੋਟੇ ਦੁੱਖਾਂ ਨੂੰ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਮੰਨ ਕੇ ਉਨ੍ਹਾਂ ਦਾ ਹੱਸ ਕੇ ਸਾਹਮਣਾ ਕਰੀਏ ਅਤੇ ਵਿਗਿਆਨਕ ਤਰੀਕੇ ਨਾਲ ਹੀ ਹਰ ਸਮੱਸਿਆ ਦਾ ਰਲ ਮਿਲ ਕੇ ਠੋਸ ਹੱਲ ਲੱਭੀਏ।
ਆਪਣੇ ਫ਼ਰਜ਼ਾਂ ਨੂੰ ਪਛਾਣਦੇ ਹੋਏ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਜ਼ਿਲ੍ਹਾ ਪੱਧਰ ਜਾਂ ਬਲਾਕ ਪੱਧਰ ’ਤੇ ਅਜਿਹੇ ਸੈਮੀਨਾਰ ਕਰਵਾਏ ਜਿਸ ਵਿੱਚ ਵਿਗਿਆਨ ਦੀ ਸਾਡੇ ਜੀਵਨ ਵਿੱਚ ਕੀ ਮਹੱਤਤਾ ਹੈ ਇਸ ਬਾਰੇ ਉਚੇਚੇ ਤੌਰ ’ਤੇ ਵਿਸ਼ੇਸ਼ ਜਾਣਕਾਰੀ ਦਿੱਤੀ ਜਾਵੇ। ਇਸ ਤਰ੍ਹਾਂ ਨਾਲ ਸਾਡੀ ਸੋਚ ਦਾ ਢੰਗ ਬਦਲ ਜਾਵੇਗਾ ਤੇ ਮਨ ਅੰਦਰ ਇੱਕ ਨਵੀਂ ਚੇਤਨਾ ਪੈਦਾ ਹੋਵੇਗੀ। ਆਓ ਆਪਾਂ ਸਾਰੇ ਇਨ੍ਹਾਂ ਫਾਲਤੂ ਦੇ ਵਹਿਮ-ਭਰਮਾਂ ’ਚੋਂ ਬਾਹਰ ਨਿਕਲ ਰਲ ਮਿਲ ਕੇ ਲੋਕ ਭਲਾਈ ਦੇ ਕੰਮਾਂ ਨੂੰ ਪਹਿਲ ਦੇਈਏ ਤਾਂ ਜੋ ਸਾਡਾ
ਦੇਸ਼ ਵਿਕਾਸਸ਼ੀਲ ਦੇਸ਼ਾਂ ਦੀ ਸੂਚੀ ਵਿੱਚ ਆ ਸਕੇ। ਜਦੋਂ ਅਸੀਂ ਪੂਰਨ ਤੌਰ ’ਤੇ ਇਨ੍ਹਾਂ ਸਮਾਜਿਕ ਬੁਰਾਈਆਂ ਤੋਂ ਸੁਚੇਤ ਹੋ ਗਏ ਤਦ ਹੀ ਸਾਡਾ ਸਮਾਜ ਇੱਕਵੀਂ ਸਦੀ ਦਾ ਯੁੱਗ ਕਹਾਉਣ ਦਾ ਅਸਲ ਹੱਕਦਾਰ ਹੋਏਗਾ।
ਤਾਂਤਰਿਕਾਂ ਦਾ ਕਾਰੋਬਾਰ
ਅੱਜ ਸੜਕਾਂ ਦੇ ਕਿਨਾਰੇ ਬੈਠ ਕੇ ਜਨਤਾ ਦਾ ਭਵਿੱਖ ਦੱਸਣ ਵਾਲਾ ਇਹ ਜੋਤਸ਼ੀ ਲਾਣਾ ਅਗਿਆਨਤਾ ਦੇ ਹਨੇਰੇ ਵਿੱਚ ਭਟਕ ਰਹੇ ਲੋਕਾਂ ਦੀ ਪੂੰਜੀ ਨੂੰ ਦਿਨੋਂ ਦਿਨ ਖ਼ੂਬ ਲੁੱਟ ਰਿਹਾ ਹੈ। ਜਨਤਾ ਦੀ ਖ਼ੂਨ ਪਸੀਨੇ ਦੀ ਕਮਾਈ ਲੁੱਟ ਕੇ ਇਨ੍ਹਾਂ ਢੌਂਗੀ ਤਾਂਤਰਿਕਾਂ ਨੇ ਆਪਣੇ ਕਾਰੋਬਾਰ ਨੂੰ ਏਨਾ ਵਧਾਇਆ ਹੋਇਆ ਹੈ ਕਿ ਦੁੱਖ ਤਕਲੀਫਾਂ ਤੋਂ ਨਿਜਾਤ ਪਾਉਣ ਦੇ ਤਰੀਕੇ ਦੱਸਣ ਲਈ ਅੱਜ ਇਹ ਆਪੋ ਆਪਣੇ ਸ਼ੋਅ ਰੂਮ ਦਫ਼ਤਰ ਖੋਲ੍ਹ ਕੇ ਬੈਠੇ ਹੋਏ ਹਨ ਪਰ ਬੜੇ ਦੁੱਖ ਦੀ ਗੱਲ ਹੈ ਕਿ ਲੋਕ ਅੱਜ ਵੀ ਆਪਣੀਆਂ ਛੋਟੀਆਂ-ਮੋਟੀਆਂ ਤਕਲੀਫਾਂ ਤੋਂ ਮੁਕਤ ਹੋਣ ਲਈ ਇਨ੍ਹਾਂ ਦਫ਼ਤਰਾਂ ਅੱਗੇ ਲੰਮੀਆਂ ਕਤਾਰਾਂ ਬਣਾ ਕੇ ਆਪਣਾ ਕੀਮਤੀ ਧਨ ਲੁਟਾ ਰਹੇ ਹਨ।
ਬੇਬੁਨਿਆਦ ਨੇ ਵਹਿਮ-ਭਰਮ
ਜੇ ਵਹਿਮਾਂ-ਭਰਮਾਂ ਦੇ ਮੂਲ ਰੂਪ ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਆਪਣੀ ਕੋਈ ਰੂਪ-ਰੇਖਾ ਨਹੀਂ ਤੇ ਇਹ ਮੁੱਢ ਤੋਂ ਅੰਤ ਤਕ ਸਭ ਬੇਬੁਨਿਆਦ ਹਨ। ਸਾਡੇ ਧਾਰਮਿਕ ਗ੍ਰੰਥ ਇਨ੍ਹਾਂ ਅੰਧ-ਵਿਸ਼ਵਾਸਾਂ ਦਾ ਮੁੱਢ ਤੋਂ ਹੀ ਖੰਡਨ ਕਰਦੇ ਹਨ ਤੇ ਸਾਨੂੰ ਇਨ੍ਹਾਂ ਵਿੱਚੋਂ ਬਾਹਰ ਨਿਕਲ ਕੇ ਆਪਣਾ ਉੱਚਾ-ਸੁੱਚਾ ਜੀਵਨ ਬਤੀਤ ਕਰਨ ਲਈ ਪ੍ਰੇਰਦੇ ਹਨ। ਅੱਜ ਸਾਡੀ ਇਹ ਵੱਡੀ ਬਦਕਿਸਮਤੀ ਹੈ ਕਿ ਅਸੀਂ ਆਪਣੇ ਧਾਰਮਿਕ ਗ੍ਰੰਥਾਂ ਨੂੰ ਤਾਂ ਬੜੀ ਸ਼ਰਧਾ ਨਾਲ ਮੰਨਦੇ ਹਾਂ ਪਰ ਇਨ੍ਹਾਂ ਦੀ ਵਿਚਾਰਧਾਰਾ ਨੂੰ ਦਿਲੋਂ ਨਹੀਂ ਸਵੀਕਾਰਦੇ। ਜਦ ਤਕ ਅਸੀਂ ਇਸ ਅੰਧ- ਵਿਸ਼ਵਾਸ ਦੀ ਦਲਦਲ ਵਿੱਚੋਂ ਬਾਹਰ ਨਹੀਂ ਆ ਜਾਂਦੇ ਓਨੀ ਦੇਰ ਅਸੀਂ ਤਰੱਕੀ ਦੇ ਰਾਹ ’ਤੇ ਨਹੀਂ ਚੱਲ ਸਕਦੇ ਕਿਉਂਕਿ ਇਸ ਤਰ੍ਹਾਂ ਦਾ ਪਖੰਡਵਾਦ ਕਰਨ ਨਾਲ ਸਾਡਾ ਧਨ ਤੇ ਸਮਾਂ ਦੋਵੇਂ ਹੀ ਖ਼ਰਾਬ ਹੁੰਦੇ ਹਨ ਜੋ ਸਾਡੇ ਦੇਸ਼ ਦੀ ਤਰੱਕੀ ਦੇ ਹਿੱਤ ਵਿੱਚ ਨਹੀਂ ਹੈ। ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਸੋਚ ਨੂੰ ਉਸਾਰੂ ਕਰੀਏ ਤੇ ਵਹਿਮਾਂ- ਭਰਮਾਂ ਦੇ ਮਾਨਸਿਕ ਤੌਰ ’ਤੇ ਗੁਲਾਮ ਨਾ ਹੋ ਕੇ ਇਨ੍ਹਾਂ ਪ੍ਰਤੀ ਜਾਗਰੂਕ ਹੋਈਏ।
- ਗੁਰਦੀਪ ਸਿੰਘ ਭੁੱਲਰ
Posted By: Harjinder Sodhi