ਮੇਰੇ ਮਨ ਵਿਚ ਹੱਥਲਾ ਲੇਖ ਲਿਖਣ ਦਾ ਜਦੋਂ ਵਿਚਾਰ ਆਇਆ ਤਾਂ ਮੈਂ ਚਾਰ ਕੁ ਲਾਈਨਾਂ ਲਿਖ ਕੇ ਲਿਖਣਾ ਬੰਦ ਕਰ ਦਿੱਤਾ। ਤੁਸੀਂ ਉਹ ਕਹਾਣੀ ਤਾਂ ਬਹੁਤ ਸੁਣੀ ਹੋਣੀ ਕਿ ਇਕ ਬੱਚਾ ਗੁੜ ਬਹੁਤ ਖਾਂਦਾ ਸੀ। ਉਸਦੀ ਮਾਂ ਉਸਨੂੰ ਇਕ ਸਾਧ ਕੋਲ ਗੁੜ ਖਾਣ ਵਾਲੀ ਆਦਤ ਤੋਂ ਨਿਜਾਤ ਪਾਉਣ ਲਈ ਲੈ ਜਾਂਦੀ ਹੈ। ਸਾਧ ਉਸਨੂੰ ਅਗਲੇ ਵੀਰਵਾਰ ਆਉਣ ਲਈ ਕਹਿੰਦਾ ਹੈ। ਅਗਲੇ ਵੀਰਵਾਰ ਸਾਧ ਬੱਚੇ ਨੂੰ ਕਹਿੰਦਾ ਹੈ ਕਾਕਾ ਗੁੜ ਨਾ ਖਾਇਆ ਕਰ। ਬੀਬੀ ਕਹਿਣ ਲੱਗੀ, ਬਾਬਾ ਜੀ ਇਹ ਤਾਂ ਤੁਸੀਂ ਪਹਿਲਾਂ ਵੀ ਕਹਿ ਸਕਦੇ ਸੀ। ਸਾਧ ਕਹਿਣ ਲੱਗਿਆ ਬੀਬੀ, ਪਹਿਲਾਂ ਮੈਂ ਆਪ ਗੁੜ ਖਾਂਦਾ ਸੀ।

ਸੋ ਮੈਂ ਵੀ ਇਹ ਜਾਣਨਾ ਚਾਹੁੰਦਾ ਸੀ ਕਿ ਮੇਰਾ ਸਵੈ 'ਤੇ ਕਾਬੂ ਕਿੰਨਾ ਕੁ ਹੈ। ਮੈਂ ਇਹ ਵੀ ਸੋਚਿਆ ਸੀ ਕਿ ਜੇਕਰ ਮੇਰਾ ਸਵੈ 'ਤੇ ਕਾਬੂ ਬਿਲਕੁਲ ਹੀ ਨਹੀਂ ਹੈ ਤਾਂ ਮੈਨੂੰ ਇਹ ਲੇਖ ਲਿਖਣ ਦਾ ਕੋਈ ਹੱਕ ਨਹੀਂ ਹੈ ਤੇ ਮੈਂ ਨਹੀਂ ਲਿਖਾਂਗ। ਸਵੈ ਕਾਬੂ ਵਾਲਾ ਵਿਸ਼ਾ ਮਨੋਵਿਗਿਆਨਕ ਹੈ। ਇਹ ਵਿਸ਼ਾ ਡੂੰਘੀ ਖੋਜ ਦੀ ਮੰਗ ਕਰਦਾ ਹੈ।

ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸਮਝਣਾ ਪਵੇਗਾ ਕਿ ਸਵੈ ਕਹਿੰਦੇ ਕਿਸ ਨੂੰ ਹਨ?

ਇਹ ਆਪਣੇ ਆਪ ਨੂੰ ਗੁਣਨ ਦਾ ਅਮਲ ਹੈ। ਆਤਮਾ, ਮਨ ਅਤੇ ਤਨ ਦਾ ਸੰਤੁਲਨ ਜਦੋਂ ਸਾਡੀ ਬੋਲ ਬਾਣੀ ਅਤੇ ਵਿਹਾਰ ਵਿਚ ਪ੍ਰਗਟ ਹੁੰਦਾ ਹੈ ਉਸ ਨੂੰ ਸਵੈ ਕਾਬੂ ਕਹਿੰਦੇ ਹਨ।ਸਵੈ ਕਾਬੂ ਤੋਂ ਬਿਨਾਂ ਆਤਮ ਵਿਸ਼ਵਾਸ ਹੈਂਕੜ ਅਤੇ ਹੰਕਾਰ ਹੋ ਨਿਬੜਦਾ ਹੈ। ਸਵੈ ਕਾਬੂ ਕੋਈ ਫਲਸਫ਼ਾ ਨਹੀਂ, ਮੰਤਰ ਨਹੀਂ, ਕਿਸੇ ਦੀ ਮਿਹਰ ਨਹੀਂ ਇਹ ਵਰ੍ਹਿਆਂ ਦੇ ਲਗਾਤਾਰ ਅਮਲ ਦਾ ਸਿੱਟਾ ਹੁੰਦਾ ਹੈ। ਇਹ ਰੋਜ਼ਾਨਾ ਰੜਕਾਂ, ਮੂਰਖਤਾਈਆਂ, ਕਾਹਲੀਆਂ ਤੇ ਪਾਪਾਂ ਉੱਤੇ ਕਾਬੂ ਪਾਣ ਦੇ ਜਤਨਾਂ ਉੱਤੇ ਵਰ੍ਹਿਆਂ ਪਿੱਛੋਂ ਲੱਗਾ ਫਲ ਹੁੰਦਾ ਹੈ।

ਸਾਡੀ ਬੇ-ਕਾਬੂ ਮਾਨਸਿਕਤਾ ਵਿੱਚੋਂ ਹੀ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਅਸੀਂ ਸਮੱਸਿਆਵਾਂ ਨੂੰ ਸੁਲਝਾਉਣ ਦੀ ਬਜਾਏ ਇਨ੍ਹਾਂ ਤੋਂ ਡਰਦੇ ਰਹਿੰਦੇ ਹਾਂ, ਸਿੱਟੇ ਵਜੋਂ ਅਸੀਂ ਆਪਣੇ ਮਨ ਅਤੇ ਤਨ ਦਾ ਸੰਤੁਲਨ ਵਗਾੜ ਲੈਂਦੇ ਹਾਂ। ਤਾਂ ਸਾਡਾ ਆਪਣੇ ਆਪ 'ਤੇ ਕਾਬੂ ਨਹੀਂ ਰਹਿੰਦਾ ਫਿਰ ਸਾਡੀ ਜ਼ਿੰਦਗੀ ਵਿਚ ਝਗੜੇ ਝਮੇਲੇ ਸ਼ੁਰੂ ਹੋ ਜਾਂਦੇ ਹਨ ਫਿਰ ਅਸੀਂ ਬਿਨਾਂ ਲੋੜ ਤੋਂ ਬੋਲਦੇ ਹਾਂ ਬਿਨਾਂ ਭੁੱਖ ਤੋਂ ਖਾਂਦੇ ਹਾਂ। ਬੁਰਾਈਆਂ ਨੂੰ ਅਪਣਾਉਂਦੇ ਹਾਂ। ਇਹ ਵੀ ਕਹਿ ਸਕਦੇ ਹਾਂ ਕਿ ਕਾਮ, ਕ੍ਰੋਧ, ਲੋਬ, ਮੋਹ, ਹੰਕਾਰ, ਜਿਹੜੇ ਕਿ ਇਕ ਸੀਮਾ ਵਿਚ ਚੰਗੇ ਲਗਦੇ ਹਨ। ਉਨ੍ਹਾਂ ਦੀ ਸੀਮਾ ਲੰਘ ਜਾਂਦੇ ਹਾਂ। ਸਾਡਾ ਸਵੈ 'ਤੇ ਕਾਬੂ ਨਹੀਂ ਰਹਿੰਦਾ। ਕਾਫੀ ਸਮਾਂ ਪਹਿਲਾਂ ਦੀ ਗੱਲ ਹੈ ਮੇਰਾ ਇਕ ਪੁਰਾਣਾ ਮਿੱਤਰ ਕਾਫ਼ੀ ਪਰੇਸ਼ਾਨੀ ਦੀ ਹਾਲਤ ਵਿਚ ਆਇਆ। ਮੈਂ ਉਸਨੂੰ ਪਰੇਸ਼ਾਨੀ ਦਾ ਕਾਰਨ ਪੁੱਛਿਆ। ਉਹ ਕਹਿ ਰਿਹਾ ਸੀ ਕਿ ਮੇਰਾ ਕਾਰੋਬਾਰ ਠੱਪ ਹੋ ਗਿਆ ਹੈ। ਪਤਨੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਹੈ। ਮੈਂ ਸ਼ਰਾਬ ਪੀਣ ਦਾ ਆਦਿ ਹੋ ਚੁੱਕਾ ਹਾਂ। ਪਤਨੀ ਨੂੰ ਤਲਾਕ ਦੇ ਕੇ ਹੋਰ ਵਿਆਹ ਕਰਵਾਉਣਾ ਚਾਹੁੰਦਾ ਹਾਂ। ਜੇਕਰ ਮੇਰਾ ਵਿਆਹ ਨਾ ਹੋਇਆ ਤਾਂ ਮੈਂ ਆਤਮ ਹੱਤਿਆ ਕਰ ਲਵਾਂਗਾ। ਜਾਂ ਕਿਸੇ ਨੂੰ ਮਾਰ ਦੇਵਾਂਗਾ। ਮੈਂ ਉਸਦੀ ਪੂਰੀ ਕਹਾਣੀ ਸੁਣੀ। ਉਸਦੇ ਕਹਿਣ ਮੁਤਾਬਿਕ ਸਭ ਤੋਂ ਪਹਿਲਾਂ ਉਸਨੂੰ ਕਾਰੋਬਾਰ ਵਿਚ ਘਾਟਾ ਪਿਆ ਫਿਰ ਉਹ ਨਸ਼ੇ ਦਾ ਆਦਿ ਬਣਿਆ, ਫਿਰ ਉਸ ਦੇ ਮਨ ਅਤੇ ਤਨ ਦਾ ਸੰਤੁਲਨ ਪੂਰੀ ਤਰਾਂ ਵਿਗੜ ਗਿਆ, ਫਿਰ ਉਸਦਾ ਆਪਣੇ ਆਪ 'ਤੇ ਕੋਈ ਕੰਟਰੋਲ ਨਹੀਂ ਰਿਹਾ, ਫਿਰ ਉਸਨੇ ਮਨ ਆਈਆਂ ਕੀਤੀਆਂ, ਘਰੇ ਕਲੇਸ਼, ਬਾਹਰ ਨਜਾਇਜ਼ ਸਬੰਧ, ਮਰਨ, ਮਾਰਨ 'ਤੇ ਆ ਗਿਆ।

ਮਨੋਵਿਗਿਆਨੀ ਪੇਜ ਦੇ ਕਥਨ ਅਨੁਸਾਰ ਜਿਹੜੇ ਵਿਅਕਤੀ ਮੁਸ਼ਕਲ ਸਥਿਤੀਆਂ ਦਾ ਸਾਹਮਣਾ ਕਰਦੇ ਹੋਏ ਜਲਦੀ ਘਬਰਾ ਜਾਂਦੇ ਹਨ ਅਤੇ ਕਈ ਪ੍ਰਕਾਰ ਦੇ ਮਾਨਸਿਕ ਤੇ ਸਰੀਰਕ ਚਿੰਨ੍ਹ ਪ੍ਰਗਟਾਉਂਦੇ ਹਨ, ਜਿਹੜੇ ਕਈ ਮਹੀਨੇ ਤੇ ਕਈ ਹਫ਼ਤੇ ਸਥਿਰ ਰਹਿੰਦੇ ਹਨ। ਉਹ ਮਨੋਤੰਤੂ ਨਾ ਦੀ ਬਿਮਾਰੀ ਦੇ ਰੋਗੀ ਬਣ ਜਾਂਦੇ ਹਨ। ਪੇਜ ਅਨੁਸਾਰ ਜੀਵਨ ਅਜਿਹੀਆਂ ਬਹੁਤ ਸਾਰੀਆਂ ਸਥਿਤੀਆਂ ਸਮਾਯੋਜਨ ਮੰਗਦੀਆਂ ਹਨ। ਭਾਵ ਇਹ ਕਿ ਮੁਸ਼ਕਲਾਂ ਤੇ ਦਿੱਕਤਾਂ ਦੇ ਸਾਹਮਣੇ ਉਦੇਸ਼ਾਂ ਦੀ ਪ੍ਰਾਪਤੀ ਲਈ ਨਿਰੰਤਰ ਕਿਰਿਆਵਾਂ ਚਾਲੂ ਰਹਿੰਦੀਆਂ ਹਨ। ਇਨ੍ਹਾਂ ਲਈ ਜੀਵਨ ਸਮਾਜਿਕ ਤੇ ਭੌਤਿਕ ਵਾਤਾਵਰਨ ਨਾਲ ਸਮਾਯੋਜਨ ਕਰਨ ਦੀ ਇਕ ਚਾਲੂ ਪ੍ਰਕਿਰਿਆ ਹੈ। ਹਰੇਕ ਜੀਵ ਜੰਮਣ ਤੋਂ ਮਰਨ ਤਕ ਆਪਣੇ ਆਲੇ-ਦੁਆਲੇ ਨਾਲ ਸਮਾਯੋਜਨ ਕਰਦਾ ਰਹਿੰਦਾ ਹੈ। ਸਮਾਯੋਜਨ ਮਨੋਵਿਗਿਆਨ ਲਫ਼ਜ਼ ਹੈ। ਜਿਸ ਦਾ ਅਰਥ ਹੈ ਇਕ ਵਿਅਕਤੀ ਦਾ ਆਪਣੇ ਨਾਲ ਤੇ ਆਪਣੇ ਵਾਤਾਵਰਨ ਨਾਲ ਇਕਸਾਰਤਾ ਵਾਲਾ ਸਬੰਧ ਸਥਾਪਤ ਕਰਨਾ। ਇਸ ਆਧੁਨਿਕ ਅਤੇ ਸੁੱਖ ਸਹੂਲਤਾਂ ਵਾਲੇ ਯੁੱਗ ਵਿਚ ਜਿਸ ਤਰ੍ਹਾਂ ਮਨੁੱਖੀ ਵਿਵਹਾਰ ਦੇਖਣ ਨੂੰ ਮਿਲ ਰਿਹਾ ਹੈ। ਇਸ ਤਰ੍ਹਾਂ ਇਤਹਾਸ ਵਿਚ ਕਦੇ ਵੀ ਪੜ੍ਹਨ ਸੁਣਨ ਨਹੀਂ ਮਿਲਿਆ।

ਸਾਰੇ ਰਿਸ਼ਤੇ ਨਾਤੇ ਦੀ ਸੁਆਰਥਪੁਣੇ ਦੀ ਭੇਟ ਚੜ੍ਹ ਗਏ ਹਨ। ਲੜਾਈਆਂ, ਝਗੜੇ, ਬੇਈਮਾਨੀ, ਕਾਮੁਕ ਪ੍ਰਵਿਰਤੀਆ ਸਭ ਕਾਸੇ ਦਾ ਸਿਖ਼ਰ ਲੱਗ ਰਿਹਾ ਹੈ। ਪ੍ਰੇਮ, ਭਾਈਚਾਰਾ, ਸਬਰ, ਸੰਤੋਖ ਬੀਤੇ ਦੀਆਂ ਗੱਲਾਂ ਬਣ ਕੇ ਰਹਿ ਗਈਆਂ ਹਨ। ਅਜੋਕਾ ਮਨੁੱਖ ਦੂਜਿਆਂ 'ਤੇ ਕਾਬੂ ਪਾਉਣ

ਵਿਚ ਲੱਗਿਆ ਹੋਇਆ ਹੈ। ਖ਼ੁਦ 'ਤੇ ਉਸ ਦਾ ਕੋਈ ਕਾਬੂ ਨਹੀਂ। ਦੂਜਿਆਂ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਆਪਣੇ ਆਪ ਨੂੰ ਜਾਣਨ ਦੀ ਕਦੇ ਕੋਸ਼ਿਸ਼ ਹੀ ਨਹੀਂ ਕੀਤੀ।

ਸਵੈ ਕਾਬੂ ਨਾਲ ਉਹ ਉੂਰਜਾ ਪੈਦਾ ਹੁੰਦੀ ਹੈ ਜਿਸ ਨਾਲ ਵੱਡੇ ਤੋਂ ਵੱਡਾ ਕਾਰਜ ਕੀਤਾ ਜਾ ਸਕਦਾ ਹੈ। ਪਾਣੀ ਨੂੰ ਬੰਨ੍ਹ ਮਾਰ ਕੇ ਲੱਖਾਂ ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਭਾਫ਼ ਨੂੰ ਕਾਬੂ ਕਰ ਕੇ ਇੰਜਣ ਚਲਾਇਆ ਜਾ ਸਕਦਾ ਹੈ। ਹਵਾ ਨੂੰ ਨਿਯਮਬੱਧ ਕਰ ਕੇ ਹਵਾਈ ਜਹਾਜ਼ ਚਲਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਮਨੁੱਖ ਸਵੈ ਕਾਬੂ ਦੁਆਰਾ ਇਕੱਤਰ ਕੀਤੀ ਗਈ ਊਰਜਾ ਨਾਲ ਵੱਡੇ ਤੋਂ ਵੱਡਾ ਕਾਰਜ ਕਰ ਸਕਦਾ ਹੈ। ਅਸੀਂ ਦੇਖਦੇ ਹਾਂ ਮਹਾਨ ਵਿਅਕਤੀ ਚਰਿੱਤਰਵਾਨ ਹੁੰਦੇ ਹਨ। ਉਨ੍ਹਾਂ ਦੇ ਕਹੇ ਹੋਏ ਸ਼ਬਦ ਗਹਿਰਾ ਅਸਰ ਰੱਖਦੇ ਹਨ। ਉਨ੍ਹਾਂ ਦੀ ਬਾਣੀ ਵਿਚ ਮਿਠਾਸ ਹੁੰਦੀ ਹੈ ਉਹ ਜਿੱਥੇ ਬੈਠਦੇ ਹਨ ਉਹ ਵਾਤਾਵਰਨ ਸ਼ੁੱਧ ਹੋ ਜਾਂਦਾ ਹੈ। ਉਨ੍ਹਾਂ ਦੀ ਹਾਜ਼ਰੀ ਵਿਚ ਨਿੱਘ ਮਹਿਸੂਸ ਹੁੰਦਾ ਹੈ।

ਇਸ ਦੇ ਉਲਟ-ਚਰਿੱਤਰਹੀਣ ਵਿਅਕਤੀ ਆਪਣੀ ਊਰਜਾ ਨੂੰ ਵਿਸ਼ੇ-ਵਿਕਾਰ ਵਿਚ ਖਿਲਆਰਦਾ ਹੈ, ਚਰਿੱਤਰਹੀਣ ਵਿਅਕਤੀਆਂ ਦੀ ਮਾਨਸਿਕਤਾ ਖਿੰਡੀ ਹੋਈ ਹੁੰਦੀ ਹੈ ਅਤੇ ਚਿਹਰੇ ਕਮਲਾਏ ਹੋਏ ਹੁੰਦੇ ਹਨ। ਉਨ੍ਹਾਂ ਦੀ ਬਾਣੀ ਵਿਚ ਰੁੱਖਾਪਨ ਅਤੇ ਉਹ ਹਮੇਸ਼ਾ ਚਿੰਤਾ ਗ੍ਰਸਤ ਨਜ਼ਰ ਆਉਂਦੇ ਹਨ। ਜਿਸ ਤਰ੍ਹਾਂ ਪਾਣੀ ਹਮੇਸ਼ਾ ਨਿਵਾਣਾਂ ਵੱਲ ਜਾਂਦਾ ਹੈ। ਉਸੇ ਤਰ੍ਹਾਂ ਮਨੁੱਖੀ ਮਨ ਵੀ ਬੁਰਾਈਆਂ ਵੱਲ ਉਲਾਰ ਰਹਿੰਦਾ ਹੈ। ਸਵੈ ਕਾਬੂ ਨਾਲ ਹੀ ਮਾਨਸਿਕਤਾ ਨੂੰ ਉੱਪਰ ਚੁੱਕਿਆ ਜਾ ਸਕਦਾ ਹੈ। ਉੱਚੀ ਤੇ ਸੁੱਚੀ ਸੋਚ ਵਾਲੇ ਮਹਾਨ ਲੋਕ ਛੋਟੀਆਂ ਗੱਲਾਂ ਵਿਚ ਸਮਾਂ ਬਰਬਾਦ ਨਹੀਂ ਕਰਦੇ।

ਅਸੀਂ ਇਹ ਤਾਂ ਚਰਚਾ ਕਰ ਚੁੱਕੇ ਹਾਂ ਕਿ ਸਵੈ ਕਾਬੂ ਨਾਲ ਕਿਸ ਤਰ੍ਹਾਂ ਜੀਵਨ ਖ਼ੁਸ਼ਹਾਲ ਬਣਾਇਆ ਜਾ ਸਕਦਾ ਹੈ। ਇਹ ਪ੍ਰਮਾਣਿਕ ਸਚਾਈ ਹੈ ਕਿ ਸ਼ਾਂਤ ਮਨ ਤੋਂ ਬਗ਼ੈਰ ਸਾਨੂੰ ਸੋਚਣਾ ਨਹੀਂ ਚਾਹੀਦਾ। ਮਨ ਦੀ ਸ਼ਾਂਤੀ ਲਈ ਕਸਰਤ ਅਤੇ ਮੈਡੀਟੇਸ਼ਨ ਦੀ ਜ਼ਰੂਰਤ ਪੈਂਦੀ ਹੈ। ਇਸੇ ਕਰਕੇ ਧਾਰਮਿਕ ਵਿਅਕਤੀਆਂ ਦੇ ਮਨ ਜ਼ਿਆਦਾ ਸ਼ਾਂਤ ਹੁੰਦੇ ਹਨ। ਮਨ ਦੀ ਸ਼ਾਂਤੀ ਲਈ ਅਸੀਂ ਯੋਗ ਦਾ ਵੀ ਸਹਾਰਾ ਲੈ ਸਕਦੇ ਹਾਂ। ਸ਼ਾਂਤ ਮਨ ਨਾਲ ਸਾਡੀਆਂ ਅੱਖਾਂ ਇਕ ਵੱਖਰਾ ਅਤੇ ਨਵਾਂ ਜੀਵਨ ਦੇਖ ਸਕਦੀਆਂ ਹਨ। ਇਸ ਸ਼ਾਂਤ ਮਨ ਦਾ ਕੋਈ ਸੈਂਟਰ ਨਹੀਂ। ਇਹ ਸ਼ਕਤੀਸਾਲੀ ਮਨ ਪੂਰੀ ਤਰ੍ਹਾਂ ਸਾਡੇ ਕੰਟਰੋਲ ਵਿਚ ਹੁੰਦਾ ਹੈ ਅਤੇ ਅਸੀਂ ਇਸ ਨੂੰ ਆਪਣੀ ਮਰਜ਼ੀ ਮੁਤਾਬਕ ਇਕ ਨੌਕਰ ਵਾਂਗ ਵਰਤ ਸਕਦੇ ਹਾਂ। ਇਸ ਮਨ ਵਿੱਚੋਂ ਹੀ ਨਵੇਂ ਵਿਚਾਰ ਜਨਮ ਲੈਂਦੇ ਹਨ। ਹੁਣ ਤਕ ਵਿਗਿਆਨ ਨੇ ਜਿੰਨੀ ਤਰੱਕੀ ਕੀਤੀ ਹੈ ਇਸ ਪਿੱਛੇ ਸ਼ਾਂਤ ਮਨ ਹੀ ਕੰਮ ਕਰ ਰਿਹਾ ਹੈ। ਸ਼ਾਂਤ ਮਨ ਨਾਲ ਹੀ ਸਵੈ 'ਤੇ ਕਾਬੂ ਪਾਇਆ ਜਾ ਸਕਦਾ ਹੈ ਅਤੇ ਸਾਡੀ ਸ਼ਖ਼ਸੀਅਤ ਨਿੱਖਰ ਕੇ ਨਵੇਂ ਰੂਪ ਵਿਚ ਸਾਹਮਣੇ ਆ ਸਕਦੀ ਹੈ ਤੇ ਸਾਡਾ ਜੀਵਨ ਖ਼ੁਸ਼ਹਾਲ ਹੋ ਸਕਦਾ ਹੈ। ਅਸੀਂ ਸਮਾਜ ਵਿਚ ਪ੍ਰਭਾਵਸ਼ਾਲੀ ਭਾਗੀਦਾਰੀ ਮਾਣ ਸਕਦੇ ਹਾਂ।

ਸਵੈ-ਕਾਬੂ ਲਈ ਜ਼ਰੂਰੀ ਨੁਕਤੇ

ਸਵੈ-ਕਾਬੂ ਲਈ ਪਹਿਲੀ ਸ਼ਰਤ ਮਨ ਦੀ ਸ਼ਾਂਤੀ ਹੈ। ਸ਼ਾਂਤ ਮਨ ਤੋਂ ਭਾਵ ਜੋ ਮਨ ਜਬਤ ਵਿਚ ਰਹਿੰਦਾ ਹੈ। ਇਹ ਪ੍ਰਮਾਣਿਕ ਸਚਾਈ ਹੈ ਕਿ ਸ਼ਾਂਤ ਮਨ ਤੋਂ ਬਗ਼ੈਰ ਸਾਨੂੰ ਸੋਚਣਾ ਨਹੀਂ ਚਾਹੀਦਾ। ਮਨ ਦੀ ਸ਼ਾਂਤੀ ਲਈ ਕਸਰਤ ਅਤੇ ਮੈਡੀਟੇਸ਼ਨ ਦੀ ਜ਼ਰੂਰਤ ਪੈਂਦੀ ਹੈ। ਇਸੇ ਕਰਕੇ ਧਾਰਮਿਕ ਵਿਅਕਤੀਆਂ ਦੇ ਮਨ ਜ਼ਿਆਦਾ ਸ਼ਾਂਤ ਹੁੰਦੇ ਹਨ। ਮਨ ਦੀ ਸ਼ਾਂਤੀ ਲਈ ਅਸੀਂ ਯੋਗ ਦਾ ਵੀ ਸਹਾਰਾ ਲੈ ਸਕਦੇ ਹਾਂ। ਡੂੰਘੀ ਅਤੇ ਤੇਜ਼ ਸਾਹ ਕਿਰਿਆ ਦਾ ਹਰ ਰੋਜ਼ ਅਭਿਆਸ ਕਰਨ ਨਾਲ ਸਰੀਰ ਅੰਦਰ ਸ਼ਾਂਤੀ ਦੇ ਸੋਮੇ ਦਾ ਅਨੁਭਵ ਹੋ ਸਕਦਾ ਹੈ।

- ਗੁਰਅਵਤਾਰ ਸਿੰਘ ਗੋਗੀ

78146-07700

Posted By: Harjinder Sodhi