ਅੱਜ ਦਾ ਮਨੁੱਖ ਕੀ ਕਰ ਰਿਹਾ ਹੈ, ਸਮਝ ਤੋਂ ਬਾਹਰੀ ਗੱਲ ਹੈ। ਇਕ ਪਾਸੇ ਉਹ ਦੁਨੀਆ ਨੂੰ ਜਾਣਨ ਤੇ ਆਕਾਸ਼ ਨੂੰ ਛੂਹਣ ਦੀ ਗੱਲ ਕਰ ਰਿਹਾ ਹੈ ਤੇ ਦੂਸਰੇ ਪਾਸੇ ਉਹ ਉਸੇ ਸਮਾਜ ਅਤੇ ਪਰਿਵਾਰ ਤੋਂ ਦੂਰ ਜਾ ਰਿਹਾ ਹੈ, ਜਿਸ ਦੀ ਉਹ ਪੈਦਾਇਸ਼ ਹੈ, ਜਿਸ ਨੇ ਉਸ ਨੂੰ ਉੱਡਣ ਲਈ ਖੰਭ ਦਿੱਤੇ ਹਨ। ਦੇਸ਼ਾਂ ਦੀਆਂ ਭੂਗੋਲਿਕ ਦੂਰੀਆਂ ਘੱਟ ਰਹੀਆਂ ਹਨ, ਪਰ ਸਮਾਜਿਕ ਅਤੇ ਪਰਿਵਾਰਕ ਦੂਰੀਆਂ ਵਧਦੀਆਂ ਜਾ ਰਹੀਆਂ ਹਨ। ਰਿਸ਼ਤੇ ਰਸਮੀ ਰਹਿ ਗਏ ਹਨ। ਸਾਂਝੇ ਪਰਿਵਾਰ ਰੂਪੀ ਦਰੱਖਤ ਦੀਆਂ ਟਾਹਣੀਆਂ ਟੁੱਟ-ਫੁਟ ਕੇ ਡਿੱਗ ਰਹੀਆਂ ਹਨ। ਗੁਆਂਢੀਆਂ ਦੇ ਨਾਲ ਰਿਸ਼ਤੇ ਚੰਗੇ ਨਹੀਂ ਰਹੇ। ਲੋਕੀਂ ਆਪਣੇ ਗੁਆਂਢੀਆਂ ਦਾ ਮੂੰਹ ਤੱਕ ਵੇਖਣਾ ਪਸੰਦ ਨਹੀਂ ਕਰਦੇ, ਸਕੇ ਭਰਾਵਾਂ ਤੇ ਦਰਾਣੀਆਂ-ਜੇਠਾਣੀਆਂ ਵਿਚ ਝਗੜਾ ਹੁੰਦਾ ਹੀ ਸੀ, ਹੁਣ ਤਾਂ ਪਤੀ-ਪਤਨੀ ਦੇ ਵਿਚਕਾਰ ਲੜਾਈਆਂ/ਝਗੜੇ ਵੀ ਆਮ ਵੇਖਣ ਨੂੰ ਮਿਲ

ਰਹੇ ਹਨ।

ਜ਼ਿਆਦਾਤਰ ਲੋਕ ਆਪਣੇ ਸੁਆਰਥ ਤੇ ਘੁਮੰਡ ਹੋਣ ਕਰਕੇ ਕਿਸੇ ਨਾਲ ਨੇੜੇ ਦਾ ਰਿਸ਼ਤਾ ਨਹੀਂ ਰੱਖਣਾ ਚਾਹੁੰਦੇ, ਉਹ ਆਪਣੀ ਜ਼ਿੰਦਗੀ ’ਚ ਕਿਸੇ ਦਾ ਦਖ਼ਲ ਨਹੀਂ ਚਾਹੁੰਦੇ। ਰਿਸ਼ਤੇ ਕੱਚ ਦੇ ਪਿਆਲਿਆਂ ਵਾਂਗ ਟੁੱਟ ਰਹੇ ਹਨ, ਰਿਸ਼ਤਿਆਂ ਦਾ ਖ਼ੂਨ ਸਫ਼ੈਦ ਹੋ ਗਿਆ ਹੈ। ਪਿਆਰ, ਲਾਡ, ਮਲਹਾਰ, ਮਿਲਣਾ-ਗਿਲਣਾ ਸਭ ਜਿਵੇਂ ਕਾਫੂਰ ਬਣ ਕੇ ਉੱਡ ਗਿਆ ਹੈ ਤੇ ਇਸ ਦੀ ਥਾਂ ਹਰ ਮਨੁੱਖ ’ਚ ਲੋਕ ਵਿਖਾਵਾ ਤੇ ਬੇਪਰਵਾਹੀ ਹਾਵੀ ਹੋ ਰਹੀ ਹੈ। ਆਧੁਨਿਕਤਾ ਨੇ ਅਜਿਹਾ ਜ਼ਹਿਰ ਘੋਲਿਆ ਹੈ ਕਿ ਬਜ਼ੁਰਗਾਂ ਨੇ ਜਿਹੜੇ ਸਦੀਆਂ ਤੋਂ ਰਿਸ਼ਤੇ ਸਾਂਭ ਕੇ ਰੱਖੇ ਸਨ, ਉਹ ਖਿਲਰ ਗਏ ਹਨ/ਟੁੱਟ ਗਏ ਹਨ। ਦਾਦਾ-ਦਾਦੀ, ਨਾਨਾ-ਨਾਨੀ, ਜਿਹੜੇ ਪਰਿਵਾਰ ’ਚ ਸਰਵੇ-ਸਰਵਾ ਹੁੰਦੇ ਸਨ, ਉਹ ਅੱਜ ਪਰਿਵਾਰ ਦੇ ਸਭ ਤੋਂ ਅਣਗੌਲੇ ਪ੍ਰਾਣੀ ਬਣ ਗਏ ਹਨ।

ਅੱਜ ਵਿਗਿਆਨ ਅਤੇ ਤਕਨੀਕ ਦੇ ਖੇਤਰ ਵਿਚ ਦੁਨੀਆ ਨੇ ਭਾਵੇਂ ਕਿੰਨੀ ਵੀ ਤਰੱਕੀ ਕਰ ਲਈ ਹੈ ਅਤੇ ਅਸੀਂ ਇਹ ਦਾਅਵੇ ਕਰਦੇ ਫਿਰੀਏ ਕਿ ਅਸੀਂ ਚੰਦਰਮਾ ਤਕ ਜਾ ਪੁੱਜੇ ਹਾਂ ਮਨੁੱਖ ਵਰਗਾ ਰਿਬੋਟ ਤਿਆਰ ਕਰ ਲਿਆ ਹੈ, ਹਜ਼ਾਰਾਂ ਮੀਲ ਦੂਰ ਮਾਰ ਕਰਨ ਵਾਲੀਆਂ ਮਿਜ਼ਾਇਲਾਂ ਤਿਆਰ ਕਰ ਲਈਆਂ ਹਨ, ਪਰ ਮਨੁੱਖੀ ਧਰਤੀ ’ਤੇ ਸਮਾਜਿਕ, ਪਰਿਵਾਰਕ ਰਿਸ਼ਤਿਆਂ, ਰਿਵਾਜਾਂ ਦੀ ਧਰਾਤਲ ’ਤੇ ਦੁਨੀਆ ਅੱਜ ਜਿੰਨੀ ਪੱਛੜੀ ਦਿਸਦੀ ਹੈ, ਓਨੀ ਪਹਿਲਾਂ ਕਦੀ ਨਹੀਂ ਸੀ। ਦਰਅਸਲ ਸਾਡੀਆਂ ਇੱਛਾਵਾਂ/ਲੋੜਾਂ ਜਿੰਨੀਆਂ ਵਧ ਰਹੀਆਂ ਹਨ, ਸਮਾਜਿਕ/ਪਰਿਵਾਰਕ ਸਬੰਧ ਓਨੇ ਹੀ ਸੁੰਗੜ ਗਏ ਹਨ। ਸਬੰਧਾਂ ’ਚ ਪਿਆਰ ਤੇ ਨੇੜਤਾ ਦੀ ਥਾਂ ਫਾਰਮੇਲਿਟੀ ਨੇ ਲੈ ਲਈ ਹੈ। ਇਸ ਨਾਲ ਸਮਾਜਿਕ ਮੇਲਜੋਲ ਹੋਰ ਵੀ ਖੋਖਲਾ ਹੋ ਗਿਆ। ਟੀ.ਵੀ. ਕੇਬਲ ਅਤੇ ਮੋਬਾਈਲ ਸੱਭਿਆਚਾਰ ਨੇ ਮਨੁੱਖੀ ਰਿਸ਼ਤਿਆਂ ਨੂੰ ਬਿਲਕੁਲ ਹੀ ਖ਼ਤਮ ਕਰ ਦਿੱਤਾ ਹੈ।

ਲੋਕ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰਕੇ ਟੀ.ਵੀ., ਕੇਬਲ ਅਤੇ ਮੋਬਾਈਲ ਵੇਖਣ ਵਿਚ ਰੁਝੇ ਰਹਿੰਦੇ ਹਨ ਤੇ ਜੇਕਰ ਕੋਈ ਭੁੱਲ-ਭੁਲੇਖੇ ਨਾਲ ਕੋਈ ਆ ਵੀ ਜਾਵੇ ਤਾਂ ਰਸਮੀ ਜਿਹੀ ਗੱਲਬਾਤ ਕਰ ਕੇ ਫਿਰ ਮੋਬਾਈਲ/ਟੀ.ਵੀ. ਆਦਿ ’ਤੇ ਨਜ਼ਰਾਂ ਗੱਡ ਲੈਂਦੇ ਹਨ। ਕੋਈ ਦੁੱਖ-ਸੁੱਖ ਦੀ ਗੱਲ ਨਹੀਂ, ਕੋਈ ਪ੍ਰਾਹੁਣਚਾਰੀ ਨਹੀਂ। ਨਹੀਂ ਤਾਂ ਪਹਿਲਾਂ ਹਰ ਗਲੀ ਮੁਹੱਲੇ ਅਤੇ ਨੇੜਲੀਆਂ ਪਾਰਕਾਂ ਵਿਚ ਇਕ ਪਾਸੇ ਔਰਤਾਂ ਦਾ ਇਕੱਠ, ਦੂਸਰੇ ਪਾਸੇ ਆਦਮੀਆਂ ਦੀ ਮਹਿਫਲ ਅਤੇ ਇਕ ਪਾਸੇ ਖੇਡਦੇ ਬੱਚੇ ਸਮਾਜਿਕ ਪਿਆਰ ਦਾ ਬਿਹਤਰੀਨ ਨਮੂਨਾ ਪੇਸ਼ ਕਰਦੇ ਸਨ।

ਜ਼ਿੰਦਗੀ ਤਰੱਕੀ ਅਤੇ ਬਦਲਾਅ ਦਾ ਦੂਜਾ ਨਾਂਅ ਹੈ, ਪਰ ਅਸੀਂ ਇਸ ਦੌੜ ਵਿਚ ਇੰਨਾ ਅੱਗੇ ਨਿਕਲ ਗਏ ਹਾਂ ਕਿ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਪਿੱਛੇ ਕਿੰਨਾ ਕੁਝ ਗੁਆ ਦਿੱਤਾ ਹੈ। ਇਹ ਉਦੋਂ ਪਤਾ ਲੱਗਦਾ ਹੈ ਕਿ ਜਦੋਂ ਸਾਨੂੰ ਇਕੱਲਾਪਣ ਵੱਢਣ ਲੱਗਦਾ ਹੈ ਜਾਂ ਅਸੀਂ ਕਦੇ ਮੁਸੀਬਤ ਆਦਿ ਵਿਚ ਪੈ ਜਾਂਦੇ ਹਾਂ ਜਾਂ ਬੇਸਹਾਰਾ ਹੋ ਜਾਂਦੇ ਹਾਂ, ਪਰ ਇਸ ਘੜੀ ’ਚ ਤਾਂ ਹੀ ਕੋਈ ਲਾਗੇ ਲੱਗੇਗਾ, ਜੇਕਰ ਅਸੀਂ ਕਿਸੇ ਨਾਲ ਸੁਖਾਵੇਂ ਸਬੰਧ ਬਣਾ ਕੇ ਰੱਖੇ ਹੋਣਗੇ। ਇਸ ਲਈ ਜ਼ਰੂਰੀ ਹੈ ਸਬੰਧਾਂ ਨੂੰ ਪਿਆਰ ਨਾਲ ਭਰਪੂਰ ਰੱਖਿਆ ਜਾਵੇ , ਪਤਾ ਨਹੀਂ ਕਦੋਂ ਕਿਸ ਦੀ ਲੋੜ ਪੈ ਜਾਵੇ। ਭਾਵੇਂ ਮੁਸ਼ਕਿਲ ਕੋਈ ਨਾ ਵੀ ਆਵੇ, ਪਰ ਫਿਰ ਵੀ ਆਪਣੇ ਦਿਲ ਦੀ ਗੱਲ ਕਰਨ ਲਈ ਤੇ ਖ਼ੁਸ਼ ਰਹਿਣ ਲਈ ਰਿਸ਼ਤੇ ਬਣਾ ਕੇ ਰੱਖੋ। ਜਿਸ ਸਮਾਜ ਵਿਚ ਅਸੀਂ ਜਨਮ ਲਿਆ ਹੈ, ਉਸ ਤੋਂ ਵੱਖ ਹੋ ਕੇ ਜਿਊਣਾ ਨਾ ਤਾਂ ਮਨੁੱਖਤਾ ਹੈ ਅਤੇ ਨਾ ਹੀ ਸੁਖਦਾਈ। ਇਸ ਤਰ੍ਹਾਂ ਚੰਗੀਆਂ ਭਾਵਨਾਵਾਂ ਨਾਲ ਰਿਸ਼ਤੇ ਕਾਇਮ ਰੱਖੇ ਜਾਣ ਤਾਂ ਦੂਜਿਆਂ ਨੂੰ ਵੀ ਸੁੱਖ ਮਿਲੇਗਾ ਤੇ ਆਪ ਨੂੰ ਵੀ ਸ਼ਾਂਤੀ ਮਿਲੇਗੀ ਤੇ ਕਿਤੇ ਵੀ ਇਕੱਲੇਪਣ ਦਾ ਅਹਿਸਾਸ ਨਹੀਂ ਹੋਵੇਗਾ। ਸਾਰੇ ਲੋਕੀਂ ਸਾਡੇ ਆਪਣੇ ਜਾਪਣਗੇ। ਸਮਾਂ ਆਉਣ ’ਤੇ ਸਾਰੇ ਸਾਡਾ ਸਹਾਰਾ ਬਣਨ।

ਰਿਸ਼ਤਿਆਂ ’ਤੇ ਹਮਲਾ

ਸਮਾਜਿਕ ਮਿਲਣ-ਗਿਲਣ ਤੇ ਮਨੁੱਖੀ ਰਿਸ਼ਤਿਆਂ ’ਤੇ ਇਕ ਹਮਲਾ ਭੌਤਿਕ ਵਸਤਾਂ ਨੇ ਵੀ ਕੀਤਾ ਹੈ। ਪਹਿਲਾਂ ਬਾਜ਼ਾਰਾਂ ਵਿਚ ਲੋੜੀਂਦੀਆਂ ਹੀ ਵਸਤਾਂ ਸਨ, ਹੁਣ ਤਾਂ ਇਕ ਤੋਂ ਵਧ ਕੇ ਇਕ ਵਸਤਾਂ ਦੇ ਬਾਜ਼ਾਰ ਭਰੇ ਪਏ ਹਨ ਤੇ ਲੋਕਾਂ ਦੀ ਇੱਛਾ ਇਨ੍ਹਾਂ ਨੂੰ ਖ਼ਰੀਦਣ ਦੀ ਅਤੇ ਆਪਣੇ ਘਰ ਤਕ ਲਿਆਉਣ ਦੀ ਵਧਦੀ ਜਾ ਰਹੀ ਹੈ। ਲੋਕ ਬਸ, ਕਮਾਉਣ ਅਤੇ ਖ਼ਰੀਦਣ ਦੇ ਧੰਦੇ ਵਿਚ ਹੀ ਲੱਗੇ ਰਹਿੰਦੇ ਹਨ। ਨਾ ਪਹਿਲਾਂ ਇੰਨੀਆਂ ਵਸਤਾਂ ਸਨ, ਨਾ ਇਨ੍ਹਾਂ ਨੂੰ ਖ਼ਰੀਦਣ ਵਾਸਤੇ ਪੈਸਾ ਅਤੇ ਨਾ ਹੀ ਮਨਸ਼ਾ ਸੀ। ਇਸ ਤਰ੍ਹਾਂ ਸਮਾਜਿਕਤਾ ਬਣੀ ਅਤੇ ਬਚੀ ਰਹੀ।

- ਸੁਖਮੰਦਰ ਸਿੰਘ ਤੂਰ

Posted By: Harjinder Sodhi