ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡਨ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਕੈਪੀਟਲ ਹਿੱਲ ’ਤੇ ਹੋਏ ਹਮਲੇ ਨੇ ਅਮਰੀਕੀ ਲੋਕਤੰਤਰ ਬਾਰੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਨਾਲ ਜਿੱਥੇ ਸਹੁੰ ਚੁੱਕ ਸਮਾਗਮ ਦੀਆਂ ਖ਼ੁਸ਼ੀਆਂ ਨੂੰ ਗ੍ਰਹਿਣ ਲੱਗਾ ਹੈ ਉੱਥੇ ਡੋਨਾਲਡ ਟਰੰਪ ਦੀ ਵਿਦਾਈ ਵੀ ਧੁਆਂਖੀ ਗਈ ਹੈ। ਮਹਾਂਦੋਸ਼ ਦਾ ਸਾਹਮਣਾ ਕਰਨ ਵਾਲੇ ਡੋਨਾਲਡ ਟਰੰਪ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਬਣ ਗਏ ਹਨ ਜਿਨ੍ਹਾਂ ਨੂੰ ਦੋ ਵਾਰ ਮਹਾਦੋਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਵਿਰੁੱਧ ਇਹ ਮਹਾਦੋਸ਼ ਦੀ ਪ੍ਰਕਿਰਿਆ ਲਗਪਗ ਮੁਕੰਮਲ ਹੋਣ ਦੇ ਨੇੜੇ ਹੈ।

ਅਮਰੀਕਾ ਨੇ ਆਪਣੇ ਅੱਜ ਤਕ ਦੇ ਇਤਿਹਾਸ ’ਚ ਬਹੁਤ ਸਾਰੇ ਰਾਜ ਪਲਟੇ ਕਰਵਾਏ ਹੋਣਗੇ। ਬਹੁਤ ਸਾਰੇ ਜਮਹੂਰੀਅਤ ਪਸੰਦ ਲੋਕਾਂ ਨੂੰ ਕੈਦ ਕਰਾਇਆ ਹੋਵੇਗਾ ਅਤੇ ਕਈ ਰਾਜ ਢਹਿ ਢੇਰੀ ਕਰਵਾਏ ਹੋਣਗੇ, ਪਰ ਆਪਣੇ ਹੀ ਘਰ ’ਚ ਅੱਜ ਉਸ ਨੂੰ ਇਹ ਸਭ ਕੁਝ ਦੇਖਣ ਨੂੰ ਮਿਲੇਗਾ ਇਸ ਦੀ ਉਸ ਨੇ ਕਦੇ ਉਮੀਦ ਨਹੀਂ ਕੀਤੀ ਹੋਵੇਗੀ। ਪਹਿਲੀ ਵਾਰ ਉਸ ਨੂੰ ਇਤਿਹਾਸ ਦੇ ਉਨ੍ਹਾਂ ਕਾਲੇ ਅਧਿਆਇਆਂ ਦੇ ਸਨਮੁੱਖ ਹੋਣਾ ਪੈ ਰਿਹਾ ਹੈ ਜੋ ਉਸ ਨੇ ਖ਼ੁਦ ਸਿਰਜੇ ਹਨ ਅਤੇ ਉਨ੍ਹਾਂ ਨੂੰ ਉਹ ਵੱਖ-ਵੱਖ ਸਮਿਆਂ ’ਤੇ ਵੱਖ-ਵੱਖ ਨਾਂ ਦੇ ਕੇ ਸਹੀ ਸਿੱਧ ਕਰਦਾ ਰਿਹਾ ਹੈ।

6 ਜਨਵਰੀ ਨੂੰ ਕੈਪੀਟਲ ਹਿੱਲ ਬਿਲਡਿੰਗ ’ਚ ਜੋ ਕੁਝ ਹੋਇਆ ਉਹ ਇਕ ਸਾਧਾਰਨ ਘਟਨਾ ਨਹੀਂ ਸੀ। ਇਸ ਨਾਲ ਅਮਰੀਕਾ ਦੀ ਰਾਜਨੀਤੀ ’ਚ ਟਰੰਪਵਾਦ ਦੇ ਇਕ ਨਵੇਂ ਦੌਰ ਦੀ ਸ਼ੁਰੂਆਤ ਹੋਈ ਹੈ। ਇਕ ਅਜਿਹੇ ਦੌਰ ਦੀ ਜਿਸ ’ਚ ਇਕ ਨੇਤਾ ਆਉਣ ਵਾਲੇ ਸਮੇਂ ’ਚ ਅਜਿਹੀ ਰਾਜਨੀਤੀ ਨੂੰ ਅੰਜ਼ਾਮ ਦੇਵੇਗਾ ਜਿਸ ਦਾ ਅਸੀਂ ਪਹਿਲਾਂ ਅਨੁਮਾਨ ਨਹੀਂ ਲਾ ਸਕਦੇ। ਡੋਨਾਲਡ ਟਰੰਪ ਹਿਮਾਇਤੀ ਵਲੋਂ ਕੀਤਾ ਗਿਆ ਹਮਲਾ ਅਮਰੀਕਾ ਅੰਦਰ ਇਕ ਹੋਰ ਅਮਰੀਕਾ ਦਾ ਵਿਦਰੋਹ ਹੈ। ਇਸ ਲਈ ਗੰਭੀਰਤਾ ਨਾਲ ਇਸ ਵਿਸ਼ੇ ’ਤੇ ਵਿਚਾਰ ਕਰਨ ਦੀ ਜ਼ਰੂਰਤ ਹੈ। ਜਨਵਰੀ ਦੇ ਪਹਿਲੇ ਹਫਤੇ ਕੈਪੀਟਲ ਹਿੱਲ ਨੇ ਜੋ ਦਿ੍ਰਸ਼ ਦੇਖਿਆ, ਕੀ ਉਹ ਉਨ੍ਹਾਂ ਤਾਨਾਸ਼ਾਹਾਂ ਦੀ ਅਗਵਾਈ ਤੋਂ ਵੱਖਰਾ ਦਿਸਣ ਵਾਲੀ ਭੀੜ ਸੀ, ਜਿਨ੍ਹਾਂ ਨੂੰ ਅਮਰੀਕਾ ਨੇ ਅਜਿਹੇ ਅਪਰਾਧਾਂ ਲਈ ਫਾਂਸੀ ’ਤੇ ਲਟਕਾ ਦਿੱਤਾ ਸੀ? ਕੀ ਇਹ ਭੀੜ ਉਨ੍ਹਾਂ ਲੋਕਤੰਤਰਵਾਦੀਆਂ ਜਾਂ ਅਧਿਕਾਰਵਾਦੀਆਂ ਨਾਲੋਂ ਵੱਖ ਸੀ ਜੋ ਆਪਣੇ-ਆਪਣੇ ਮੁਲਕਾਂ ’ਚ ਤਾਨਾਸ਼ਾਹੀ ਜਾਂ ਸਾਮਰਾਜਵਾਦੀ ਤਾਕਤਾਂ ਦੇ ਖ਼ਿਲਾਫ਼ ਕਦੇ ਲੜੇ ਅਤੇ ਅਮਰੀਕੀ ਫ਼ੌਜਾਂ ਦੇ ਜਾਂ ਤਾਂ ਬੂਟਾਂ ਹੇਠ ਦਰੜ ਦਿੱਤੇ ਗਏ ਜਾਂ ਫਿਰ ਗੋਲੀਆਂ ਦਾ ਸ਼ਿਕਾਰ ਹੋਏ।

ਜੇ ਹਾਂ, ਤਾਂ ਕੀ ਦੁਨੀਆ ਦੇ ਸਭ ਤੋੋਂ ਤਾਕਤਵਰ ਦੇਸ਼ ਦੀ ਸੰਸਦ ਡੋਨਾਲਡ ਟਰੰਪ ਨਾਲ ਵੀ ਅਜਿਹਾ ਹੀ ਸਲੂਕ ਕਰੇਗੀ ਜਿਹੋ ਜਿਹਾ ਕਿ ਉਹ ਦੁਨੀਆ ਦੇ ਹੋਰ ਤਾਨਾਸ਼ਾਹਾਂ ਵਿਰੁੱਧ ਕਰਦੀ ਰਹੀ ਹੈ। ਕੀ 6 ਜਨਵਰੀ ਦੀ ਘਟਨਾ ਇਕ ਪੂੰਜੀਪਤੀ ਤੋਂ ਰਾਸ਼ਟਰਪਤੀ ਬਣੇ ਡੋਨਾਲਡ ਟਰੰਪ ਦੀ ਸਨਕ ਦਾ ਸਿੱਟਾ ਸੀ ਜਾਂ ਫਿਰ ਅਮਰੀਕਾ ਅੰਦਰ ਇਕ ਹੋਰ ਅਮਰੀਕਾ ਪੈਦਾ ਹੋ ਰਿਹਾ ਹੈ ਅਤੇ ਇਹ ਘਟਨਾ ਇਨ੍ਹਾਂ ਦੋਹਾਂ ਵਿਚਾਲੇ ਹੋਏ ਸੰਘਰਸ਼ ਦੀ ਇਕ ਝਲਕ ਹੈ? ਅਜਿਹੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਅੱਜ ਅਮਰੀਕਾ ਸਾਹਮਣੇ ਖੜ੍ਹੇ ਹਨ। 6 ਜਨਵਰੀ ਨੂੰ ਅਮਰੀਕੀ ਲੋਕਤੰਤਰ ਉਸ ਸਮੇਂ ਸ਼ਰਮਸਾਰ ਹੋ ਗਿਆ ਜਦੋਂ ਡੋਨਾਲਡ ਟਰੰਪ ਸਮਰਥਕਾਂ ਨੇ ਅਮਰੀਕੀ ਸੰਸਦ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਪੰਜ ਨਿਰਦੋਸ਼ ਲੋਕ ਮਾਰੇ ਗਏ। ਹਮਲੇ ਦਾ ਰੂਪ ਇੰਨਾ ਹਿੰਸਕ ਸੀ ਕਿ ਕੁਝ ਪਲ ਲਈ ਦੁਨੀਆ ਸੁੰਨ ਰਹਿ ਗਈ। ਦਰਅਸਲ ਇਸ ਵਾਰ ਦੀ ਰਾਸ਼ਟਰਪਤੀ ਚੋਣ ’ਚ ਡੋਨਾਲਡ ਟਰੰਪ ਦੀ ਹਾਰ ਹੋਈ, ਜਿਸ ਨੂੰ ਮੰਨਣ ਤੋਂ ਟਰੰਪ ਇਨਕਾਰੀ ਹਨ। ਉਹ ਚੋਣ ’ਚ ਧਾਂਦਲੀ ਦਾ ਦੋਸ਼ ਲਾ ਰਹੇ ਸਨ। ਉਹ ਹਿੰਸਾ ਹੋਣ ਦੀ ਧਮਕੀ ਵੀ ਦੇ ਰਹੇ ਸਨ। ਉਸ ਦਿਨ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਦੀ ਜਿੱਤ ’ਤੇ ਅਮਰੀਕੀ ਸੰਸਦ ਮੋਹਰ ਲਾ ਰਹੀ ਸੀ, ਜਿਸ ਨੂੰ ਟਰੰਪ ਸਮਰਥਕ ਸੰਸਦ ’ਤੇ ਹਮਲਾ ਕਰ ਕੇ ਰੋਕਣਾ ਚਾਹੁੰਦੇ ਸਨ। ਅਜਿਹਾ ਨਹੀਂ ਹੋਇਆ, ਜੋਅ ਬਾਇਡਨ ਦੀ ਜਿੱਤ ਨੂੰ ਸੰਸਦ ਨੇ ਮਨਜ਼ੂਰੀ ਦੇ ਦਿੱਤੀ, ਪਰ ਅਮਰੀਕੀ ਲੋਕਤੰਤਰ ਦੁਨੀਆ ਭਰ ’ਚ ਜ਼ਰੂਰ ਕਲੰਕਿਤ ਹੋ ਗਿਆ।

ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਅਮਰੀਕਾ ’ਚ ਜੋ ਤਾਜ਼ਾ ਹਿੰਸਾ ਦੇਖਣ ਨੂੰ ਮਿਲੀ ਹੈ ਉਸ ਨੇ ਬਹੁਤ ਵੱਡੇ ਸਵਾਲ ਖੜ੍ਹੇ ਕੀਤੇ ਹਨ। ਅਜਿਹੀ ਹਿੰਸਾ ਦੀ ਕਦੇ ਕਿਸੇ ਨੇ ਕਲਪਨਾ ਨਹੀਂ ਸੀ ਕੀਤੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਹਾਰ ਸਵੀਕਾਰ ਕਰਨ ਤੋਂ ਇਨਕਾਰੀ ਹੈ। ਅਜਿਹਾ ਤਾਂ ਲੱਗਦਾ ਸੀ ਕਿ ਉਹ ਸੌਖਿਆਂ ਅਹੁਦਾ ਨਹੀਂ ਛੱਡਣਗੇ ਪਰ ਅਜਿਹੀ ਹਿੰਸਾ ਦੀ ਉਮੀਦ ਨਹੀਂ ਸੀ। ਉਨ੍ਹਾਂ ਦੀ ਵਿਦਾਈ ਸੁਖਦ ਨਹੀਂ ਹੋਵੇਗੀ ਅਜਿਹੇ ਕਿਆਸ ਤਾਂ ਲਾਏ ਜਾ ਰਹੇ ਸਨ ਪਰ ਇਸ ਦੇ ਹਿੰਸਕ ਹੋਣ ਬਾਰੇ ਕੋਈ ਬਹੁਤਾ ਅਨੁਮਾਨ ਨਹੀਂ ਸੀ। ਸਿਰਫ਼ ਏਨਾ ਕੁ ਸੋਚਿਆ ਜਾ ਰਿਹਾ ਸੀ ਕਿ ਉਹ ਹਟਣ ਤੋਂ ਇਨਕਾਰ ਕਰ ਸਕਦੇ ਹਨ ਤੇ ਉਨ੍ਹਾਂ ਨੂੰ ਹਟਾਉਣ ਲਈ ਸੈਨਾ ਲਾਈ ਜਾ ਸਕਦੀ ਹੈ।

ਅਮਰੀਕੀ ਰਾਸ਼ਟਰਪਤੀਆਂ ਨੇ ਜੋ ਇਤਿਹਾਸ ਸਿਰਜਿਆ ਉਸ ’ਤੇ ਅੱਜ ਤਕ ਮਾਣ ਕੀਤਾ ਜਾਂਦਾ ਹੈ। ਪਰ ਡੋਨਾਲਡ ਟਰੰਪ ਦੇ ਸਮਰਥਕਾਂ ਵਲੋਂ ਕੀਤੀ ਹਿੰਸਕ ਕਾਰਵਾਈ ਨੇ ਉਨ੍ਹਾਂ ਲੋਕਤੰਤਰੀ ਪ੍ਰੰਪਰਾਵਾਂ ਨੂੰ ਢਾਹ ਲਾਈ ਹੈ ਜਿਨ੍ਹਾਂ ਦੀ ਮਿਸਾਲ ਦਿੱਤੀ ਜਾਂਦੀ ਰਹੀ ਹੈ। ਇਸ ਹਿੰਸਕ ਕਾਰਵਾਈ ਨੇ ਮਰਿਆਦਾ ਦੀ ਲਕੀਰ ਉਲੰਘ ਕੇ ਆਪਣੀ ਵਿਦਾਇਗੀ ਨੂੰ ਦਾਗੀ ਕਰ ਲਿਆ ਹੈ।

ਡੋਨਾਲਡ ਟਰੰਪ ਨੇ ਆਪਣੇ ਕਾਰਜਕਾਲ ਦੇ ਬਾਕੀ ਰਹਿੰਦੇ ਦਿਨ ਵਿਵਾਦਾਂ ’ਚ ਘਿਰ ਕੇ ਕਿਰਕਿਰੇ ਕਰ ਲਏ ਹਨ। ਇਨ੍ਹਾਂ ਦਿਨਾਂ ’ਚ ਕੀ ਅਜੀਬੋ ਗ਼ਰੀਬ ਹੋਵੇਗਾ ਇਸ ਦੀ ਚਰਚਾ ਛਿੜੀ ਹੋਈ ਹੈ। ਸੰਸਦ ’ਤੇ ਹੋਏ ਹਮਲੇ ’ਚ ਕਿਸੇ ਕਿਸਮ ਦਾ ਹੱਥ ਹੋਣ ਤੋਂ ਭਾਵੇਂ ਉਹ ਇਨਕਾਰੀ ਹਨ ਪਰ ਟੀਵੀ ਚੈਨਲਾਂ ’ਤੇ ਦਿਖਾਈਆਂ ਜਾ ਰਹੀਆਂ ਫੁਟੇਜ ਤੋਂ ਉਨ੍ਹਾਂ ਦੇ ਚਿਹਰੇ ਨੂੰ ਪੜ੍ਹਿਆ ਜਾ ਸਕਦਾ ਹੈ। ਟਰੰਪ ਨੂੰ ਮਹਾਦੋਸ਼ ਰਾਹੀਂ ਬਾਹਰ ਦਾ ਰਸਤਾ ਦਿਖਾਇਆ ਜਾ ਰਿਹਾ ਹੈ। ਅੱਜ ਕਿਹਾ ਜਾ ਸਕਦਾ ਹੈ ਕਿ ਅਮਰੀਕੀ ਲੋਕਤੰਤਰੀ ਸੰਸਥਾਵਾਂ ਦੁਖਮਈ ਸਥਿਤੀ ’ਤੇ ਕਾਬੂ ਪਾਉਣ ’ਚ ਸਫਲ ਹੋਈਆਂ ਹਨ।

ਇਕ ਅਨੁਮਾਨ ਹੈ ਕਿ ਡੋਨਾਲਡ ਟਰੰਪ ਨੇ ਲੋਕਾਂ ਨੂੰ ਇਸ ਲਈ ਉਕਸਾਇਆ, ਕਿਉਂਕਿ ਰਾਸ਼ਟਰਪਤੀ ਅਹੁਦੇ ਦੀ 2024 ਦੀ ਚੋਣ ਵੀ ਲੜਨਾ ਚਾਹੁੰਦੇ ਹਨ। ਜੇ ਉਨ੍ਹਾਂ ਨੂੰ ਹੁਣ ਮਹਾਂਦੋਸ਼ ਲਾ ਕੇ ਹਟਾਇਆ ਜਾਂਦਾ ਹੈ ਤਾਂ ਉਹ ਅਗਲੀ ਚੋਣ ਲੜਨ ਲਈ ਅਯੋਗ ਹੋ ਜਾਣਗੇ। ਅਮਰੀਕੀ ਰਾਸ਼ਟਰਪਤੀ ਨੂੰ ‘ਸੈਲਫ ਪਾਰਡਨ’ ਦਾ ਅਧਿਕਾਰ ਵੀ ਹੈ। ਕੀ ਡੋਨਾਲਡ ਟਰੰਪ ਉਸਦੀ ਵਰਤੋਂ ਕਰਨਗੇ। ਬੀਤੀ 6 ਜਨਵਰੀ ਨੂੰ ਅਮਰੀਕੀ ਸੰਸਦ ’ਤੇ ਟਰੰਪ ਸਮਰਥਕਾਂ ਨੇ ਇਸ ਮੰਗ ਨਾਲ ਹਮਲਾ ਕੀਤਾ ਸੀ ਕਿ ਟਰੰਪ ਦੀ ਹਾਰ ਨੂੰ ਖਾਰਜ ਕਰੋ ਪਰ ਸੰਸਦ ਨੇ ਜੋਅ ਬਾਇਡਨ ਦੀ ਚੋਣ ’ਤੇ ਆਪਣੀ ਮੋਹਰ ਲਾ ਦਿੱਤੀ। ਇਸ ਬੈਠਕ ਦੀ ਪ੍ਰਧਾਨਗੀ ਟਰੰਪ ਦੇ ਉਪਰਾਸ਼ਟਰਪਤੀ ਮਾਈਕ ਪੇਂਸ ਕਰ ਰਹੇ ਸਨ। ਉਨ੍ਹਾਂ ਨੇ ਹੀ ਸੰਸਦ ਅੰਦਰ ਟਰੰਪ ਸਮਰਥਕਾਂ ਦੇ ਦੋਸ਼ਾਂ ਨੂੰ ਨਾਮਨਜ਼ੂਰ ਕੀਤਾ। ਇਸ ਪ੍ਰਸੰਗ ’ਚ ਪਾਰਟੀ ਦੇ ਸੈਨੇਟਰਾਂ ਨੇ ਵੀ ਉਨ੍ਹਾਂ ਦਾ ਵਿਰੋਧ ਕੀਤਾ।

ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਨਵੰਬਰ ਮਹੀਨੇ ’ਚ ਹੋਈਆਂ ਚੋਣਾਂ ਪਿੱਛੋਂ ਹੀ ਡੋਨਾਲਡ ਟਰੰਪ ਇਹ ਦੋਸ਼ ਲਾਉਂਦੇ ਰਹੇ ਹਨ ਕਿ ਚੋਣ ’ਚ ਗੜਬੜੀ ਹੋਈ ਹੈ। ਇਹ ਕੋਈ ਨਵੀਂ ਗੱਲ ਨਹੀਂ ਹੈ ਬਲਕਿ ਪਿਛਲੀਆਂ ਅਤੇ ਉਸ ਤੋਂ ਪਿਛਲੀਆਂ ਚੋਣ ’ਚ ਵੀ ਅਜਿਹਾ ਹੁੰਦਾ ਰਿਹਾ ਹੈ। ਟਰੰਪ ਦੇ ਚੋਣ ਜਿੱਤਣ ’ਚ ਵਲਾਦੀਮੀਰ ਪੂਤਿਨ ਅਤੇ ਰੂਸ ਦੀ ਭੂਮਿਕਾ ’ਤੇ ਅਜੇ ਤਕ ਸਵਾਲ ਉੱਠ ਰਹੇ ਹਨ। ਪਰ ਇਸ ਦੇ ਬਾਵਜੂਦ ਸੱਤਾ ਦੀ ਤਬਦੀਲੀ ਇਥੇ ਸ਼ਾਂਤੀਪੂਰਣ ਅਤੇ ਸਹੀ ਢੰਗ ਨਾਲ ਹੁੰਦੀ ਰਹੀ ਹੈ। ਕੈਪੀਟਲ ਹਿੱਲ ’ਚ 6 ਜਨਵਰੀ ਨੂੰ ਜੋ ਹੋਇਆ ਉਹ ਅਮਰੀਕਾ ਦੇ ਇਤਿਹਾਸ ’ਚ ਪਹਿਲਾਂ ਕਦੇ ਨਹੀਂ ਹੋਇਆ। ਜੇ ਕੋਈ ਚੋਣ ਧਾਂਦਲੀ ਹੋਈ ਸੀ ਤਾਂ ਇਸ ਦਾ ਰਸਤਾ ਨਿਆਂਪਾਲਿਕਾ ਤੋਂ ਹੋ ਕੇ ਜਾਣਾ ਚਾਹੀਦਾ ਸੀ। ਗਿਆ ਵੀ ਸੀ ਪਰ ਉੱਥੇ ਟਰੰਪ ਆਪਣੇ ਵਲੋਂ ਲਾਏ ਦੋਸ਼ਾਂ ਦੇ ਹੱਕ ’ਚ ਕੋਈ ਸਬੂਤ ਪੇਸ਼ ਨਾ ਕਰ ਸਕੇ। ਇਸ ਸਥਿਤੀ ’ਚ ਜਨਤਕ ਫ਼ੈਸਲੇ ਨੂੰ ਡੈਮੋਕਰੇਟ ਜੋਅ ਬਾਇਡਨ ਦੇ ਹੱਕ ’ਚ ਮੰਨਿਆ ਜਾਵੇਗਾ। ਫਿਰ ਸੰਸਦ ’ਤੇ ਇਸ ਤਰ੍ਹਾਂ ਦਾ ਹਮਲਾ ਕੀ ਡੋਨਾਲਡ ਟਰੰਪ ਦੀ ਸਨਕ ਅਤੇ ‘ਨਾ ਮਾਨੂੰ’ ਦਾ ਸਿੱਟਾ ਸੀ ਜਾਂ ਫਿਰ ਰਿਪਬਲਿਕਨ ਪਾਰਟੀ ਵੀ ਲੋਕ ਫਤਵੇ ਨੂੰ ਸਵੀਕਾਰ ਨਹੀਂ ਕਰ ਸਕੀ?

ਹਾਲਾਂਕਿ ਜਿਸ ਤਰ੍ਹਾਂ ਉਪਰਾਸ਼ਟਰਪਤੀ ਮਾਈਕ ਪੇਂਸ ਅਤੇ ਸੈਨੇਟ ’ਚ ਬਹੁਮਤ ਦੇ ਨੇਤਾ ਮਿਚ ਮੈਕਾਨੇਲਨੇ ਨੇ ਡੋਨਾਲਡ ਟਰੰਪ ਦਾ ਸਾਥ ਦੇਣ ਤੋਂ ਇਨਕਾਰ ਕੀਤਾ ਅਤੇ ਸੰਵਿਧਾਨਕ ਵਿਵਸਥਾ ਦਾ ਸਾਥ ਦਿੱਤਾ ਉਸ ਤੋਂ ਇੰਨਾ ਤਾਂ ਸੰਕੇਤ ਮਿਲ ਹੀ ਜਾਂਦਾ ਹੈ ਕਿ ਰਿਪਬਲਿਕਨ ਪਾਰਟੀ ਪੂਰੀ ਤਰ੍ਹਾਂ ਟਰੰਪ ਦੇ ਇਸ ਫ਼ੈਸਲੇ ਨਾਲ ਨਹੀਂ ਹੈ। ਪਰ ਉਹ ਮੁਕੰਮਲ ਤੌਰ ’ਤੇ ਟਰੰਪ ਦੇ ਵਿਰੁੱਧ ਹੈ ਇਹ ਵੀ ਸੰਦੇਸ਼ ਸਪੱਸ਼ਟ ਨਹੀਂ। ਕੈਪੀਟਲ ਹਿੱਲ ਬਿਲਡਿੰਗ ’ਚ ਜੋ ਵੀ ਹੋਇਆ ਕੀ ਉਹ ਸਾਨੂੰ ਇਹ ਸੰਦੇਸ਼ ਨਹੀਂ ਦਿੰਦਾ ਕਿ ਅਮਰੀਕੀ ਲੋਕਤੰਤਰ ਸੰਕਟ ’ਚੋਂ ਗੁਜ਼ਰ ਰਿਹਾ ਹੈ। ਜੇ ਤਾਜ਼ਾ ਅਮਰੀਕੀ ਹਾਲਾਤ ਦੇ ਉਭਾਰ ਨਾਲ ਵਰਤਮਾਨ ਘਟਨਾ ਨੂੰ ਜੋੜ ਕੇ ਵਿਸ਼ਲੇਸ਼ਣ ਕਰੀਏ ਤਾਂ ਅਜਿਹਾ ਲੱਗਦਾ ਹੈ ਕਿ ਇਹ ਅਮਰੀਕੀ ਸਮਾਜ ਦੀ ਇਕ ਤਰ੍ਹਾਂ ਦੀ ਬੇਚੈਨੀ ਹੈ। ਇਸ ਬੇਚੈਨੀ ਦੇ ਕਈ ਕਾਰਨ ਹੋ ਸਕਦੇ ਹਨ। ਇਨ੍ਹਾਂ ’ਚੋਂ ਇਕ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਜਦ ਲੋਕਤੰਤਰ ਲੋਕਾਂ ਦੇ ਹਿੱਤਾਂ ਨਾਲੋਂ ਰਾਜਸੀ ਪਾਰਟੀਆਂ ਦੀ ਅਤੇ ਰਾਜਸੀ ਪਾਰਟੀਆਂ ਨਾਲੋਂ ਵਿਅਕਤੀ ਦੇ ਹਿੱਤਾਂ ਦੀ ਪੂਰਤੀ ਕਰਨ ਲੱਗਦਾ ਹੈ ਤਦ ਲੋਕ ਭਾਵਨਾਵਾਂ ਦੱਬੇ ਰੂਪ ’ਚ ਹੀ ਸਹੀ, ਪਰ ਪ੍ਰਭਾਵਤ ਹੋਣ ਲੱਗਦੀਆਂ ਹਨ। ਉਹ ਵਿਅਕਤੀ ਲੋਕਹਿਤ ਅਤੇ ਰਾਸ਼ਟਰਹਿਤ ਤੋਂ ਵੀ ਉਪਰ ਆਪਣੀ ਜਗ੍ਹਾ ਬਣਾ ਕੇ ਰਾਸ਼ਟਰ ਦਾ ਪੂਰਕ ਬਣ ਜਾਂਦਾ ਹੈ। ਯਾਨੀ ਕਿਸੇ ਨਾ ਕਿਸੇ ਰੂਪ ’ਚ ਲੂਈ ਚੌਦਵੇਂ ਦਾ ਇਹ ਕਥਨ ਲਾਗੂ ਹੋਣ ਲੱਗਦਾ ਹੈ ਕਿ ‘ਮੈਂ ਹੀ ਰਾਜ ਹਾਂ।’ ਪਿਛਲੇ ਕੁਝ ਸਾਲਾਂ ਤੋਂ ਵੱਖ-ਵੱਖ ਰਾਸ਼ਟਰਾਂ ਅੰਦਰ ਜੋ ਹਾਲਾਤ ਪੈਦਾ ਹੋ ਰਹੇ ਹਨ ਟਰੰਪ ਉਸੇ ਦੀ ਉਪਜ ਹਨ ਪਰ ਇਸ ਪ੍ਰਕਿਰਿਆ ’ਚ ਰਾਸ਼ਟਰ ਅੰਦਰ ਇਕ ਟੱੁਟ ਭੱਜ ਸ਼ੁਰੂ ਹੋਣ ਲੱਗਦੀ ਹੈ, ਜੋ ਅਮਰੀਕਾ ਅੰਦਰ ਵੀ ਹੋਈ। ਇਹ ਟੁੱਟ ਭੱਜ ਹੁਣ ਤਕ ਇਸ ਲਈ ਦਿਖਾਈ ਨਹੀਂ ਸੀ ਦੇ ਰਹੀ ਕਿਉਂਕਿ ਟਰੰਪ ਦੇ ‘ਅਮਰੀਕਾ ਫਸਟ’ ਦੇ ਛਲਾਵੇ ਨਾਲ ਜਨਤਾ ਭਰਮਾਈ ਰਹੀ ਪਰ ਹੁਣ ਪਰਦਾ ਚੁੱਕ ਹੋਣਾ ਸ਼ੁਰੂ ਹੋ ਗਿਆ ਹੈ।

ਏੇਸ਼ੀਆ, ਅਫਰੀਕਾ ਜਾਂ ਲਾਤੀਨੀ ਅਮਰੀਕਾ ਦੇ ਦੇਸ਼ਾਂ ’ਤੇ ਨਜ਼ਰ ਮਾਰੀਏ ਤਾਂ ਇਸ ਤਰ੍ਹਾਂ ਦੇ ਪ੍ਰਦਰਸ਼ਨ ਕੁਝ ਤਾਨਾਸ਼ਾਹੀਆਂ ਅੰਦਰ ਦਿਸ ਜਾਣਗੇ ਪਰ ਇਕ ਪ੍ਰਪੱਕ ਲੋਕਤੰਤਰ ਅਤੇ ਖ਼ੁਦ ਨੂੰ ਦੁਨੀਆ ਦੇ ਲੋਕਤੰਤਰ ਦਾ ਬੁਲਾਰਾ ਕਹਿਣ ਵਾਲੇ ਅਮਰੀਕਾ ’ਚ ਇਸ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਸੀ।

ਵਿਚਾਰਨ ਵਾਲੀ ਗੱਲ ਹੈ ਕਿ ਅਮਰੀਕੀ ਲੋਕਤੰਤਰ ਅੰਦਰ ਉਹ ਕਿਹੜੀ ਕਮਜ਼ੋਰ ਕੜੀ ਹੈ ਜਿਸ ਕਾਰਨ ਟਰੰਪ ਵਰਗੇ ਵਿਅਕਤੀ ਨੇ ਆਪਣੀਆਂ ਉੱਚੀਆਂ ਖਾਹਿਸ਼ਾਂ ਨੂੰ ਬਲਵਾਨ ਕੀਤਾ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਭੀੜ ਨੂੰ ਤਿਆਰ ਕਰ ਲਿਆ। ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਆਖ਼ਰ ਇਸ ਤਰ੍ਹਾਂ ਦੇ ਸਨਕੀ ਵਿਅਕਤੀ ਨੂੰ ਲੋਕਤੰਤਰ ਅੰਦਰ ਕੌਣ ਲਿਆਇਆ? ਟਰੰਪ ਕੋਈ ਪਹਿਲੇ ਪੂੰਜਪਤੀ ਨਹੀਂ ਹਨ ਜੋ ਸੱਤਾ ਦੇ ਸਿਖਰ ਤਕ ਪਹੁੰਚੇ, ਪ੍ਰੰਤੂ ਪਹਿਲੇ ਉਸ ਨਾਲੋਂ ਕਿਤੇ ਵੱਧ ਸੁਲਝੇ ਹੋਏ ਸਨ। ਖੈਰ ਕੈਪੀਟਲ ਹਿੱਲ ਬਿਲਡਿੰਗ ’ਚ 6 ਜਨਵਰੀ ਨੂੰ ਜੋ ਕੁਝ ਹੋਇਆ ਉਹ ਟਰੰਪੀਅਨ ਡੈਮੋਕਰੇਸੀ ਦੀ ਝਲਕ ਹੈ। ਅਜਿਹੀ ਝਲਕ ਕਮਜ਼ੋਰ ਲੋਕਤੰਤਰ ’ਚ ਅਕਸਰ ਦੇਖੀ ਗਈ ਹੈ, ਤਾਂ ਕੀ ਅਮਰੀਕੀ ਲੋਕਤੰਤਰ ਹੁਣ ਢਹਿੰਦੀ ਕਲਾ ਵੱਲ ਜਾ ਰਿਹਾ ਹੈ ਇਸ ਦਾ ਜਵਾਬ ਅਮਰੀਕੀ ਲੋਕਾਂ ਨੇ ਦੇਣਾ ਹੈ।

208 ਸਾਲ ਪਿੱਛੋਂ ਹੋਇਆ ਹਮਲਾ

ਅਮਰੀਕਾ ’ਚ ਕਰੀਬ 208 ਸਾਲਾਂ ਪਿੱਛੋਂ ਲੋਕਤੰਤਰ ’ਤੇ ਅਜਿਹਾ ਹਮਲਾ ਕੀਤਾ ਗਿਆ ਹੈ। 1812 ’ਚ ਯੁੱਧਾਂ ਦਾ ਦੌਰ ਸੀ। ਉਦੋਂ ਅਮਰੀਕਾ ਨੇ ਅਮਰੀਕੀ ਸੰਸਦ ’ਚ ਅੱਗ ਲਾ ਦਿੱਤੀ ਸੀ। ਉਹ ‘ਘਰੇਲੂ ਅਤਿਵਾਦ’ ਨਹੀਂ ਸੀ। 1954,1963,1986 ਅਤੇ 1998 ਦੇ ਸਾਲਾਂ ’ਚ ਵੀ ਹਮਲਾਵਰਾਂ ਜਾਂ ਪ੍ਰਦਰਸ਼ਨਕਾਰੀਆਂ ਨੇ ਸੰਸਦ ਦੇ ਸੁਰੱਖਿਆਕਰਮੀਆਂ ’ਤੇ ਗੋਲ਼ੀਆਂ ਚਲਾਈਆਂ ਸਨ। ਵੀਅਤਨਾਮ ਨੇ ਤਾਂ ‘ਕੈਪੀਟਲ ਹਿੱਲਜ਼ ਬਿਲਡਿੰਗ’ ਦੇ ਹੇਠਾਂ ਬੰਬ ਵੀ ਲਗਾ ਦਿੱਤਾ ਸੀ, ਜਿਸ ਨੂੰ ਅਮਰੀਕੀ ਸੁਰੱਖਿਆ ਦਸਤਿਆਂ ਨੇ ਨਾਕਾਰਾ ਕੀਤਾ ਪਰ ਵਿਦਰੋਹ ਅਜਿਹੀ ਸੀਮਾ ਤਕ ਨਹੀਂ ਪਹੁੰਚਿਆ ਸੀ। ਇਸ ਵਾਰ ਤਾਂ ਅਮਰੀਕੀ ਰਾਸ਼ਟਰਪਤੀ ਐਮਰਜੈਂਸੀ ਅਤੇ ਕਰਫਿਊ ਦੌਰਾਨ ਸਹੁੰ ਚੱੁਕਣਗੇ ਕਿਉਂਕਿ ਵਾਸ਼ਿੰਗਟਨ ’ਚ ਅਸ਼ੰਕਾਵਾਂ ਦੇ ਮੱਦੇਨਜ਼ਰ 15 ਦਿਨਾਂ ਤਕ ਇਹ ਕਾਨੂੰਨੀ ਧਾਰਾਵਾਂ ਲਾਗੂ ਰਹਿਣਗੀਆਂ। ਸੰਸਦ ਭਵਨ ਨੂੰ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਸੰਸਦ ਆਪਣੀ ਕਾਰਵਾਈ ਕਰ ਚੁੱਕੀ ਹੈ। ਖ਼ੈਰ, ਅਮਰੀਕਾ ’ਚ ਲੋਕਤੰਤਰ ਦੇ ਹਿੱਸੇ ਅਜਿਹੇ ਕਾਲਾ, ਸ਼ਰਮਨਾਕ ਅਤੇ ਦਰਦਨਾਕ ਦਿਨ ਆਵੇਗਾ, ਇਸ ਦੀ ਕਲਪਨਾ ਨਹੀਂ ਕੀਤੀ ਗਈ ਸੀ, ਕਿਉਂਕਿ ਅਮਰੀਕਾ ਅਤੇ ਬਾਕੀ ਵਿਸ਼ਵ ਨੂੰ ਉਸ ਦੇ ਲੋਕਤੰਤਰ ’ਤੇ ਮਾਣ ਰਿਹਾ ਹੈ।

ਲੋਕਤੰਤਰ ਦੀ ਹੋਈ ਜਿੱਤ

ਭਾਵੇਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਨੇ ਸੰਸਦ ’ਤੇ ਹਮਲਾ ਕਰ ਕੇ ਲੋਕਤੰਤਰੀ ਰਿਵਾਇਤਾਂ ਦੀਆਂ ਧੱਜੀਆਂ ਉਡਾਈਆਂ ਪਰ ਰਿਪਬਲਿਕਨ ਪਾਰਟੀ ਦੇ ਸੈਨੇਟਰਾਂ ਅਤੇ ਉਪ ਰਾਸ਼ਟਰਪਤੀ ਮਾਈਕ ਪੇਂਸ ਦੀ ਭੂਮਿਕਾ ਹਾਂਪੱਖੀ ਰਹੀ ਹੈ। ਉਨ੍ਹਾਂ ਨੇ ਨਿੱਜੀ ਅਤੇ ਪਾਰਟੀ ਹਿੱਤਾਂ ਤੋਂ ਉਪਰ ਉਠ ਕੇ ਦੇਸ਼ ਦੇ ਹਿੱਤਾਂ ਨੂੰ ਅਹਿਮੀਅਤ ਦਿੱਤੀ। ਇਸ ਤੋਂ ਇਲਾਵਾ ਸਾਨੂੰ ਅਮਰੀਕੀ ਨਿਆਂ ਵਿਵਸਥਾ ’ਤੇ ਵੀ ਧਿਆਨ ਦੇਣਾ ਚਾਹੀਦਾ। ਡੋਨਾਲਡ ਟਰੰਪ ਨੇ ਹੇਠਾਂ ਤੋਂ ਲੈ ਕੇ ਸੁਪਰੀਮ ਕੋਰਟ ਤਕ 60 ਇਤਰਾਜ਼ ਦਰਜ ਕਰਾਏ ਸਨ ਪਰ ਅਦਾਲਤਾਂ ਨੇ ਸਿਰਫ਼ ਇਕ ਨੂੰ ਛੱਡ ਕੇ ਕਿਸੇ ਇਤਰਾਜ਼ ਨੂੰ ਨਹੀਂ ਮੰਨਿਆ। ਭਾਵੇਂ ਇਨ੍ਹਾਂ ਗੱਲਾਂ ਦਾ ਕਿਆਸ ਪਿਛਲੇ ਸਾਲ ਹੀ ਸੀ। ਐਮਹਰਸਟ ਕਾਲਜ ਦੇ ਪ੍ਰੋਫੈਸਰ ਲਾਰੈਂਸ ਡਗਲਸ ਦੀ ਕਿਤਾਬ ਹੈ,‘ਵਿਲ ਹੀ ਗੋ?’ ਉਨ੍ਹਾਂ ਨੇ ਅਜਿਹੇ ਪ੍ਰੀਦਿ੍ਰਸ਼ ਦਾ ਜ਼ਿਕਰ ਕੀਤਾ, ਜਿਸ ’ਚ ਟਰੰਪ ਹਾਰ ਗਏ ਹਨ ਹਟਣ ਨੂੰ ਤਿਆਰ ਨਹੀਂ ਹੈ। ਇਸ ਕਿਤਾਬ ’ਚ ਵੀ ਉਸ ਸੰਵਿਧਾਨਕ ਅਰਾਜਕਤਾ ਦੀ ਕਲਪਨਾ ਕੀਤੀ ਗਈ ਸੀ, ਜੋ ਟਰੰਪ ਦੀ ਚੋਣ ਨਾਲ ਜੁੜੀ ਹੈ। ਲਾਰੈਂਸ ਨੂੰ ਲੱਗਦਾ ਸੀ ਕਿ ਅਮਰੀਕਾ ਦੀ ਸੰਵਿਧਾਨਕ ਵਿਵਸਥਾ ਅਜਿਹੇ ਪਲਾਂ ਲਈ ਤਿਆਰ ਨਹੀਂ ਹੈ। ਉਨ੍ਹਾਂ ਨੂੰ ਲਗਦਾ ਸੀ ਕਿ ਜਿਵੇਂ ਰੂਸ ਦੇ ਚੇਰਨੋਬਿਲ ਐਟਮੀ ਹਾਦਸੇ ਪਿਛਲੀ ਸਾਜ਼ਿਸ਼ ਦਾ ਸੰਰਚਨਾਤਮਕ ਦੋਸ਼ ਸੀ, ਅਮਰੀਕੀ ਵਿਵਸਥਾ ’ਚ ਅਜਿਹੀ ਸਥਿਤੀ ਨਾਲ ਨਿਪਟਣ ਦਾ ਮਾਦਾ ਹੀ ਨਹੀਂ ਹੈ।

ਇਨ੍ਹਾਂ ਸਵਾਲਾਂ ਨੂੰ ਕਾਨੂੰਨ ਅਤੇ ਰਾਜੀਨੀਤੀ ਸ਼ਾਸਤਰ ਦੇ ਪ੍ਰੋਫੈਸਰ ਰਿਚਰਡ ਹੈਸੇਨ ਨੇ ਵੀ ਆਪਣੀ ਕਿਤਾਬ ‘ਇਲੈਕਸ਼ਨ ਮੈਲਟਡਾਊਨ: ਡਰਟੀ ਟਿ੍ਰਕਸ, ਡਿਸਟ੍ਰਸਟ ਐਂਡ ਦਿ ਥਰੈਟ ਟੂ ਅਮੈਰੀਕਨ ਡੈਮੋਕਰੇਸੀ’ ’ਚ ਉਠਾਇਆ ਸੀ। ਉਨ੍ਹਾਂ ਨੇ ਚਿਤਾਵਨੀ ਦਿੱਤੀ ਸੀ ਕਿ ਚੋਣ ’ਚ ਹੱਥਕੰਡਿਆਂ ਦੀ ਭਰਮਾਰ ਹੋਵੇਗੀ। ਵੋਟਰਾਂ ਨੂੰ ਭਰਮਾਉਣ, ਡਰਾਉਣ, ਚੋਣ ਮਸ਼ੀਨਰੀ ਨੂੰ ਪ੍ਰਭਾਵਿਤ ਕਰਨ ਦਾ ਸ਼ੱਕ ਹੈ ਅਤੇ ਵਿਦੇਸ਼ੀ ਦਖ਼ਲਅੰਦਾਜ਼ੀ ਦਾ ਖ਼ਤਰਾ। 2016 ਅਤੇ 2018 ਦੀਆਂ ਚੋਣਾਂ ’ਚ ਅਜਿਹਾ ਹੀ ਹੋਇਆ ਹੈ ਅਤੇ ਇਸ ਵਾਰ ਡਰ ਪਹਿਲਾਂ ਨਾਲੋਂ ਜ਼ਿਆਦਾ ਹੈ। ਅਮਰੀਕਾ ’ਚ ਸੱਤਾ ਤਬਦੀਲੀ ਅਜੇ ਤਕ ਸਹਿਜਤਾ ਨਾਲ ਹੁੰਦੀ ਰਹੀ ਹੈ। ਹਾਰਨ ਵਾਲਾ ਉਮੀਦਵਾਰ ਨਤੀਜਾ ਐਲਾਨੇ ਜਾਣ ਤੋਂ ਪਹਿਲਾਂ ਹੀ ਜਿੱਤਣ ਵਾਲੇ ਨੂੰ ਵਧਾਈ ਦੇ ਦਿੰਦਾ ਹੈ। ਜਦ ਪਿਛਲੇ ਵਰ੍ਹੇ ਟਰੰਪ ਕੇਸ ਸਾਹਮਣੇ ਇਹ ਗੱਲ ਰੱਖੀ ਗਈ, ਤਾਂ ਉਨ੍ਹਾਂ ਨੇ ਕਿਹਾ ਹਾਰ ਗਿਆ ਤਾਂ ਚੁੱਪਚਾਪ ਹਟ ਜਾਵਾਂਗਾ, ਪਰ ਉਨ੍ਹਾਂ ਨੇ ਇਸ ਵਾਰ ਦੀ ਹਾਰ ’ਚ ਤਕਨੀਕੀ ਖਾਮੀਆਂ ਕੱਢੀਆਂ ਹਨ। ਦੁਨੀਆ ਨੂੰ ਪਤਾ ਸੀ ਕਿ ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ ’ਚ ਦੁਰਘਟਨਾ ਹੋਣ ਵਾਲੀ ਹੈ। ‘ਸਫਲ ਲੋਕਤੰਤਰ’ ਮੂੰਹ ਭਾਨੇ ਡਿਗਣ ਵਾਲਾ ਹੈ। ਅਜਿਹਾ ਸੰਵਿਧਾਨਕ ਸੰਕਟ ਜਿਸ ਦਾ ਹੱਲ ਸੰਭਵ ਨਾ ਹੋਵੇ। ਅਮਰੀਕੀ ਚੋਣ ਪ੍ਰਣਾਲੀ ਪੇਚੀਦਾ ਹੈ, ਜਿਸ ’ਚ ਬਹੁਤੇ ਸਾਰੇ ਛੇਕ ਹਨ। ਰਾਜਾਂ ਕੋਲ ਕੋਈ ਤਰ੍ਹਾਂ ਦੇ ਅਧਿਕਾਰ ਹਨ। ਚੋਣ ਲਈ ਤਾਕਤਵਰ ਅਤੇ ਸੁਤੰਤਰ ਚੋਣ ਕਮਿਸ਼ਨ ਵੀ ਨਹੀਂ ਹੈ। ਦੇਸ਼ ’ਚ ਰੰਗ-ਭੇਦ ਦੀਆਂ ਭਾਵਨਾਵਾਂ ਖ਼ਤਮ ਨਹੀਂ ਹੋਈਆਂ ਹਨ। ਕੈਪੀਟਲ ਹਿੱਲ ’ਤੇ ਧਾਵਾ ਬੋਲਣ ਵਾਲੇ ਬਹੁਤ ਸਾਰੇ ਲੋਕਾਂ ਦੇ ਹੱਥਾਂ ’ਚ ਕਨਫੈਡਰੇਟ ਝੰਡੇ ਸਨ, ਜੋ ਖ਼ਾਸ ਤੌਰ ’ਤੇ ਦੱਖਣੀ ਰਾਜਾਂ ’ਚ ਪ੍ਰਚਲਿਤ ‘ਵ੍ਹਾਈਟ ਸੁਪ੍ਰੀਮੇਸੀ’ ਦੀ ਭਾਵਨਾ ਨੂੰ ਪ੍ਰਗਟ ਕਰਦੇ ਹਨ। ਅਮਰੀਕਾ ’ਚ ਸਮਾਜਿਕ ਆਧਾਰ ’ਤੇ ਜੋ ਧਰੁਵੀਕਰਨ ਹੋ ਰਿਹਾ ਹੈ, ਉਹ ਚਿੰਤਾ ਦਾ ਵਿਸ਼ਾ ਹੈ। ਇਹ ਸਮਾਜਿਕ ਵੰਡ ਖ਼ਤਮ ਨਹੀਂ ਹੋ ਜਾਵੇਗੀ ਬਲਕਿ ਸ਼ੱਕ ਹੈ ਕਿ ਵਧੇਗੀ। ਨਵੇਂ ਰਾਸ਼ਟਰਪਤੀ ਜੋਅ ਵਾਇਡੇਨ ਸਾਹਮਣੇ ਵੱਡੀ ਚੁਣੌਤੀ ਉਸ ਸਮਾਜਿਕ ਟਕਰਾਅ ਨੂੰ ਰੋਕਣ ਦੀ ਹੈ, ਜੋ ਹੁਣ ਸ਼ੁਰੂ ਹੋੋਵੇਗਾ।

Posted By: Harjinder Sodhi