ਆਦਮੀ ਦੇ ਜੀਵਨ ਵਿਚ ਖਿੱਝ ਦੀ ਮਾਤਰਾ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਖਿੱਝ ਉਸ ਵਕਤ ਜਨਮ ਲੈਂਦੀ ਹੈ, ਜਦੋਂ ਉਸ ਨੂੰ ਮਨਚਾਹੀ ਗੱਲ ਨਹੀਂ ਕਰਨ ਦਿੱਤੀ ਜਾਂਦੀ ਜਾਂ ਮਨਚਾਹਿਆ ਕੰਮ ਕਰਨ ਤੋਂ ਰੋਕ ਦਿੱਤਾ ਜਾਂਦਾ ਹੈ। ਇਸ ਖਿੱਝ ਦੀ ਕੁੱਖੋਂ ਪੈਦਾ ਹੋਏ ਗੁੱਸੇ ਨੇ ਸਮਾਜਿਕ ਤੰਤਰ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਇਸ ਤਰ੍ਹਾਂ ਦੇ ਮਾਹੌਲ ਵਿਚ ਜਦੋਂ ਬੰਦਾ ਖਿੱਝਲ ਜਿਹਾ ਮਹਿਸੂਸ ਕਰਦਾ ਹੈ ਅਤੇ ਕਾਫੀ ਉਦਾਸ ਤੇ ਪਰੇਸ਼ਾਨ ਰਹਿਣ ਲੱਗ ਪੈਂਦਾ ਹੈ। ਇਸ ਮਾਹੌਲ ਵਿਚ ਜ਼ਿੰਦਗੀ ਦੀਆਂ ਸਹੂਲਤਾਂ ਮਾਣਦੇ ਹੋਏ ਵੀ, ਲੋਕ ਖ਼ੁਸ਼ ਨਹੀਂ ਰਹਿ ਸਕਦੇ। ਚਾਅ, ਖ਼ੁਸ਼ੀਆਂ, ਹਾਸੇ ਅਤੇ ਪ੍ਰਾਪਤੀਆਂ ਸਭ ਬੇ-ਮਤਲਬ ਲੱਗਣ ਲੱਗ ਪੈਂਦੀਆਂ ਹਨ।

ਅੱਜ ਬੱਚਿਆਂ ਦੀਆਂ ਕਿਲਕਾਰੀਆਂ, ਜਵਾਨੀ ਦੇ ਹਾਸੇ ਅਤੇ ਬੁਢਾਪੇ ਦੀਆਂ ਅਸੀਸਾਂ ਵੀ ਗੁਆਚ ਰਹੀਆਂ ਹਨ। ਆਧੁਨਿਕਤਾ ਦੇ ਇਸ ਖਿਡੌਣੇ ਨੇ ਸਮਾਜ ਨੂੰ ਹੋਰ ਕਿੰਨਾ ਕੁ ਚਿਰ ਤੰਗ ਕਰਨਾ ਹੈ? ਸਾਡੇ ਪਰਿਵਾਰ, ਸਮਾਜ ਅਤੇ ਰਾਜਨੀਤਕ ਸਿਸਟਮ ਦਾ ਅਸਲ ਵਜੂਦ ਵੀ ਗੁਆਚ ਰਿਹਾ ਹੈ। ਸਮਾਜ ਦਾ ਜ਼ਿਆਦਾਤਰ ਹਿੱਸਾ ਸਹਿਮ ਦੀ ਜ਼ਿੰਦਗੀ ਜੀ ਰਿਹਾ ਹੈ। ਜਦੋਂ ਕਿ ਸਾਡੇ ਸੰਸਕਾਰ ਅਤੇ ਵਿਰਸਾ ਸਾਨੂੰ ਖ਼ੁਸ਼ ਅਤੇ ਵਧੀਆ ਜੀਵਨ ਜਿਉੂਣ ਦੀ ਪ੍ਰੇਰਨਾ ਦਿੰਦਾ ਹੈ। ਆਮ ਘਰਾਂ ਦਾ ਕਲੇਸ਼ ਹੁਣ ਗਲੀ ਮੁਹੱਲੇ ਤਕ ਖਿਲਰ ਗਿਆ ਹੈ। ਵਕਤ ਬੀਤਣ ਨਾਲ ਸਾਡੀ ਨਿਰਾਸ਼ਤਾ ਵੱਧ ਰਹੀ ਹੈ ਅਤੇ ਮਾਮੂਲੀ ਜਿਹੀ ਘਟਨਾ ਵੀ ਆਤਮ-ਹੱਤਿਆ ਜਾਂ ਹੱਤਿਆ ਦਾ ਕਾਰਨ ਬਣ ਰਹੀ ਹੈ।

ਸੁੱਖ ਸਹੂਲਤਾਂ 'ਚ ਹੋਇਆ ਵਾਧਾ

ਪਿਛਲੀ ਪੌਣੀ ਕੁ ਸਦੀ 'ਚ ਹੋਈ ਤਰੱਕੀ ਨੇ ਸਾਡੀਆਂ ਸੁੱਖ-ਸਹੂਲਤਾਂ ਵਿਚ ਕਾਫੀ ਵਾਧਾ ਕੀਤਾ ਹੈ। ਕੰਮ ਕਰਨੇ ਪਹਿਲਾਂ ਨਾਲੋਂ ਕਾਫੀ ਸੁਖਾਲੇ ਹੋ ਗਏ ਹਨ। ਕੱਪੜਿਆਂ ਅਤੇ ਖਾਣ ਦੇ ਪਦਾਰਥਾਂ ਵਿਚ ਕਾਫੀ ਤਬਦੀਲੀ ਆ ਗਈ ਹੈ। ਸਹੂਲਤਾਂ ਵਾਲੇ ਨਵੇਂ ਮਕਾਨ ਤੇ ਰਹਿਣ-ਸਹਿਣ ਵੀ ਬਦਲ ਰਿਹਾ ਹੈ। ਪੜ੍ਹਾਈ ਦਾ ਮਿਆਰ ਵੀ ਪੇਂਡੂ ਸਕੂਲਾਂ 'ਚੋਂ ਨਿਕਲ ਕੇ ਕਾਲਜਾਂ ਅਤੇ ਯੂਨੀਵਰਸਿਟੀਆਂ ਤਕ ਫੈਲ ਗਿਆ ਹੈ। ਆਦਮੀ ਦੀ ਸੋਚ ਵਿਚ ਆਪਣਾਪਨ ਅਤੇ ਸਿਆਣਪ ਘੱਟਦੀ ਜਾ ਰਹੀ ਹੈ ਅਤੇ ਨਫਰਤ ਤੇ ਚਲਾਕੀਆਂ ਵੱਧਦੀਆਂ ਜਾ ਰਹੀਆਂ ਹਨ। ਆਮ ਲੋਕਾਂ ਦੀ ਸਰਕਾਰ 'ਕੁਝ ਲੋਕਾਂ ਦੀ ਸਰਕਾਰ' ਬਣ ਕੇ ਰਹਿ ਗਈ ਹੈ। ਜਨਤਾ ਦੀ ਵੁਕਤ ਦਿਨ-ਬ-ਦਿਨ ਘੱਟ ਰਹੀ ਹੈ। ਘਟੀਆ ਸੋਚ ਵਾਲੇ ਨੂੰ ਜਦੋਂ ਕੋਈ ਪਦਵੀ ਮਿਲ ਜਾਂਦੀ ਹੈ ਤਾਂ ਉਸ ਦੀਆਂ ਵਾਹਯਾਤ ਗੱਲਾਂ ਉੱਪਰ ਵੀ ਖ਼ੂਬ ਤਾਲੀਆਂ ਵੱਜਦੀਆਂ ਹਨ, ਪਰ ਸਿਆਣੇ ਆਦਮੀ ਦੀਆਂ ਵਧੀਆ ਗੱਲਾਂ ਨੂੰ ਅਣਸੁਣਿਆਂ ਕਰ ਦਿੱਤਾ ਜਾਂਦਾ ਹੈ।

ਜੀਵਨ ਵਿਚ ਕਾਹਲ, ਤੇਜ਼ੀ ਜਾਂ ਛੋਹਲੇਪਣ ਨਾਲ ਕੰਮ ਕੀਤਿਆਂ ਜ਼ਿਆਦਾ ਫ਼ਰਕ ਨਹੀਂ ਪੈਂਦਾ, ਸਗੋਂ ਬੰਦਾ ਛੇਤੀ ਹੰਭ ਜਾਂਦਾ ਹੈ। ਬੱਸ ਦੀ ਅਗਲੀ ਸੀਟ 'ਤੇ ਬੈਠ ਕੇ ਸਫ਼ਰ ਛੇਤੀ ਖ਼ਤਮ ਨਹੀਂ ਹੁੰਦਾ। ਬੱਸ ਨੇ ਇਕੱਠਿਆਂ ਹੀ ਅੱਡੇ ਉੱਪਰ ਪਹੁੰਚਣਾ ਹੁੰਦਾ ਹੈ। ਪਿੱਛੇ ਰਹਿ ਗਿਆ ਦੌੜਾਕ ਤੇਜ਼ ਸੋਚ ਨਾਲ ਅੱਗੇ ਨਹੀਂ ਲੰਘ ਸਕਦਾ, ਅੱਗੇ ਲੰਘਣ ਲਈ ਉਸ ਨੂੰ ਤੇਜ਼ ਦੌੜਨਾ ਪਵੇਗਾ। ਆਦਮੀ ਦੇ ਅੰਦਰ ਪਲ ਰਿਹਾ ਜੁਗਾੜਬੰਦੀ ਦਾ ਛਲੇਡਾ ਉਸਨੂੰ ਚੈਨ ਨਾਲ ਬੈਠਣ ਨਹੀਂ ਦਿੰਦਾ ਅਤੇ ਨਾ ਹੀ ਆਰਾਮ ਨਾਲ ਕੰਮ ਕਰਨ ਦਿੰਦਾ ਹੈ।

ਨੇਮਬੱਧ ਜੀਵਨ ਦੀ ਲੋੜ

ਲੰਮੀ ਉਮਰ ਲਈ ਸਿਰਫ਼ ਖੁਰਾਕ ਅਤੇ ਕਸਰਤ ਦੀ ਜ਼ਰੂਰਤ ਨਹੀਂ ਹੁੰਦੀ, ਸਗੋਂ ਆਦਮੀ ਨੂੰ ਆਪਣਾ ਜੀਵਨ ਨੇਮਬੱਧ ਕਰਨਾ ਪੈਂਦਾ ਹੈ। ਆਪਣੇ ਆਪ ਨੂੰ ਲੋਕਾਂ ਤੋਂ ਅਲੱਗ ਅਤੇ ਵਧੀਆ ਬਣਾਉਣ ਲਈ ਆਪਣੀ ਸ਼ਖ਼ਸੀਅਤ ਨੂੰ ਲੋਕਾਂ ਦੇ ਕੰਮ ਆਉਣ ਵਾਲੀ ਬਣਾਉਣਾ ਪੈਂਦਾ ਹੈ। ਅਸੂਲ ਪਸੰਦ ਲੋਕ, ਕਦੇ ਵੀ ਲੇਟ ਨਹੀਂ ਹੁੰਦੇ ਅਤੇ ਗੁੱਸੇਖੋਰ ਲੋਕ ਕਦੇ ਅਸੂਲ ਅਤੇ ਵਕਤ ਦੇ ਪਾਬੰਦ ਨਹੀਂ ਹੁੰਦੇ। ਮੋਟਾਪਾ ਜ਼ਿਆਦਾ ਖਾਣ ਨਾਲ ਨਹੀਂ ਆਉਂਦਾ ਸਗੋਂ ਮਾਨਸਿਕ ਢਿੱਲੇਪਨ, ਬੇਵਕਤ ਖਾਣ ਅਤੇ ਵਿਹਲੇ ਰਹਿਣ ਕਾਰਨ ਆਉਂਦਾ ਹੈ। ਲੋਕਾਂ ਵਿਚ ਸਹੀ ਢੰਗ ਨਾਲ ਵਿਚਰਨ ਵਾਲੇ ਹੀ ਹਰਮਨ ਪਿਆਰੇ ਬਣਦੇ ਹਨ। ਉਨ੍ਹਾਂ ਦੀਆਂ ਚੰਗਿਆਈਆਂ ਕਰਕੇ ਹੀ ਲੋਕ ਉਨ੍ਹਾਂ ਨਾਲ ਜੁੜਦੇ ਹਨ। ਪਰ ਲੱਗਦੈ ਅੱਜ ਦੇ ਸਮਾਜ ਵਿਚ ਇਨ੍ਹਾਂ ਗੱਲਾਂ ਦਾ ਕੋਈ ਮੁੱਲ ਨਹੀਂ ਰਹਿ ਗਿਆ। ਹਰ ਕੋਈ ਸ਼ਾਰਟਕਟ ਅਤੇ ਆਪਣੇ ਮਤਲਬ ਨਾਲ ਜੁੜਨ ਦਾ ਆਦੀ ਬਣਦਾ ਜਾ ਰਿਹਾ ਹੈ। ਸਾਡੇ ਸਮਾਜ ਵਿਚ ਨਾ ਪੱਖੀ ਸੋਚ ਦਾ ਬੋਲਬਾਲਾ ਹੈ। ਬਹੁਤੇ ਲੋਕ ਦਿਨ ਦਾ ਜ਼ਿਆਦਾ ਸਮਾਂ, ਵਾਧੂ ਪਾਲੀਆਂ ਇਛਾਵਾਂ ਦੀ ਪੂਰਤੀ ਨਾ ਹੋਣ ਕਾਰਨ, ਆਪਣੀ ਖਿੱਝ ਵਿਚ ਕੁੜਦਿਆਂ ਹੀ ਗੁਜ਼ਾਰ ਦਿੰਦੇ ਹਨ। ਖਿੱਝ ਤੇ ਗੁੱਸਾ ਆਦਮੀ ਨੂੰ ਨਿਕੰਮਾ ਅਤੇ ਝਗੜਾਲੂ ਬਣਾ ਦੇਂਦਾ ਹੈ। ਖਿੱਝਿਆ ਬੰਦਾ ਨਾ ਸਹੀ ਤਰੀਕੇ ਨਾਲ ਆਪਣੀ ਗੱਲ ਸਮਝਾ ਸਕਦਾ ਹੈ ਅਤੇ ਨਾ ਹੀ ਠੀਕ ਢੰਗ ਨਾਲ ਕੋਈ ਕੰਮ ਨੇਪੜੇ ਚਾੜ੍ਹ ਸਕਦਾ ਹੈ।

ਖਿਝ ਤੇ ਗੁੱਸੇ ਦਾ ਮਾੜਾ ਅਸਰ

ਖਿਝ ਦਾ ਸਭ ਤੋਂ ਮਾੜਾ ਅਸਰ ਬੱਚਿਆਂ ਦੀ ਪਰਵਰਿਸ਼ ਉੱਪਰ ਪੈਂਦਾ ਹੈ। ਬੰਦਾ ਆਪਣੀ ਅਸਫਲਤਾ ਦੀ ਖਿਝ ਅਕਸਰ ਆਪਣੀ ਪਤਨੀ ਜਾਂ ਬੱਚਿਆਂ ਉੱਪਰ ਹੀ ਕੱਢਦਾ ਹੈ। ਪਤਨੀ ਤਾਂ ਆਪਣੇ ਪਤੀ ਦੇ ਸੁਭਾਅ ਨੂੰ ਸਮਝਦੀ ਹੈ, ਪਰ ਬੱਚੇ ਇਸ ਖਿਝ ਅਤੇ ਦਬਕੇ ਕਾਰਨ ਸਹਿਮ ਜਾਂਦੇ ਹਨ। ਬਿਨਾਂ ਕਾਰਨ ਪਈਆਂ ਝਿੜਕਾਂ ਦਾ ਬੱਚਿਆਂ ਦੇ ਮਨ ਉੱਪਰ ਬਹੁਤ ਮਾੜਾ ਅਸਰ ਪੈਂਦਾ ਹੈ, ਉਹ ਮਾੜੀ ਸੰਗਤ ਵਿਚ ਵੀ ਪੈ ਸਕਦੇ ਹਨ।

ਇਹੀ ਗੱਲ ਅਧਿਆਪਕਾਂ ਉੱਪਰ ਲਾਗੂ ਹੁੰਦੀ ਹੈ, ਘਰ ਦੀ ਖਿਝ ਜਾਂ ਕਿਸੇ ਹੋਰ ਨਾਲ ਤਲਖ਼-ਬਿਆਨੀ ਦਾ ਗੁੱਸਾ ਉਨ੍ਹਾਂ ਨੂੰ ਵਿਦਿਆਰਥੀਆਂ ਉੱਪਰ ਨਹੀਂ ਕੱਢਣਾ ਚਾਹੀਦਾ। ਬੱਚਿਆਂ ਦੀ ਉਮਰ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਉਨ੍ਹਾਂ ਵੱਲੋਂ ਬੋਲੇ ਗ਼ਲਤ ਬੋਲ ਜਾਂ ਮਾੜੀ ਸ਼ਬਦਾਵਲੀ ਬੱਚਿਆਂ ਨੂੰ ਸਾਰੀ ਉਮਰ ਚੁਭਦੀ ਰਹਿੰਦੀ ਹੈ। ਇਹ ਸੱਚ ਹੈ ਕਿ ਆਦਮੀ ਚੌਵੀ ਘੰਟੇ ਖ਼ੁਸ਼ ਨਹੀਂ ਰਹਿ ਸਕਦਾ। ਤਲਖ਼ੀ ਭਰੇ ਮਾਹੌਲ ਵਿਚ ਉਹ ਹਰ ਵੇਲੇ ਸੰਤੁਲਤ ਵੀ ਨਹੀਂ ਰਹਿ ਸਕਦਾ। ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਕਿਸੇ ਨਾਲ ਵੀ ਇਸ ਤਰ੍ਹਾਂ ਦਾ ਵਿਹਾਰ ਨਾ ਕਰੀਏ, ਜਿਸ ਨਾਲ ਸਾਡੀ ਅੰਦਰਲੀ ਕੁੜਤਣ ਨਾਲ ਦੂਸਰੇ ਨੂੰ ਮਾਨਸਿਕ ਤਕਲੀਫ਼ ਪਹੁੰਚੇ। ਖ਼ਾਸ ਕਰ ਬੱਚਿਆਂ ਨਾਲ ਸਾਡੀ ਭਾਸ਼ਾ ਸਲੀਕੇਦਾਰ ਹੋਣੀ ਚਾਹੀਦੀ ਹੈ, ਤਾਂ ਕਿ ਉਹ ਘਰ ਜਾਂ ਸਕੂਲ ਵਿਚ ਚੰਗੀਆਂ ਗੱਲਾਂ ਨਾਲ ਵਾਹ-ਵਾਸਤਾ ਰੱਖਣ। ਸਾਡਾ ਘਰ, ਦੁਕਾਨ ਤੇ ਦਫ਼ਤਰ 'ਚ ਵਿਹਾਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਸਾਡੇ ਨਾਲ ਕੰਮ ਕਰਨ ਵਾਲੇ ਅਤੇ ਗੱਲ ਕਰਨ ਵਾਲੇ ਸਾਡੀ ਬੋਲਬਾਣੀ ਜਾਂ ਵਿਹਾਰ ਦੇ ਮੁਰੀਦ ਹੋ ਜਾਣ।

ਸਕੂਲ ਵਧੇ ਮਿਆਰ ਘਟਿਆ

ਆਜ਼ਾਦੀ ਵੇਲੇ ਦੇਸ਼ ਵਿਚ ਸਕੂਲਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਸੀ। ਆਮ ਲੋਕਾਂ ਵਿਚ ਬੱਚੇ ਪੜ੍ਹਾਉਣ ਦੀ ਜ਼ਿਆਦਾ ਸਮਝ ਨਹੀਂ ਸੀ ਹੁੰਦੀ। ਲਗਪਗ ਅੱਧਾ ਪੰਜਾਬ ਪਾਰੋਂ ਉੱਜੜ ਕੇ ਆਇਆ ਸੀ। ਲੋਕਾਂ ਨੂੰ ਪੜ੍ਹਾਈ ਨਾਲੋਂ ਰੋਟੀ ਦੀ ਜ਼ਿਆਦਾ ਫ਼ਿਕਰ ਹੁੰਦੀ ਸੀ। ਅੱਜ ਵਾਂਗ ਮਾਪੇ ਮਗਰ ਪੈ ਕੇ ਬੱਚਿਆਂ ਨੂੰ ਨਹੀਂ ਸਨ ਪੜ੍ਹਾਉਂਦੇ। ਬੱਚਾ ਜੇ ਸਕੂਲ ਜਾ ਰਿਹਾ ਹੈ, ਹਰ ਸਾਲ ਪਾਸ ਹੋ ਰਿਹਾ ਹੈ, ਉਹ ਏਨੇ ਵਿਚ ਹੀ ਖ਼ੁਸ਼ ਸਨ। ਪਿੰਡਾਂ 'ਚੋਂ ਗਿਣੇ ਚੁਣੇ ਬੱਚੇ ਹੀ ਸਕੂਲ ਜਾਂਦੇ ਸਨ ਅਤੇ ਫਸਲ ਦੀ ਬਿਜਾਈ ਜਾਂ ਕਟਾਈ ਵੇਲੇ ਇਨ੍ਹਾਂ ਬੱਚਿਆਂ ਨੂੰ ਕਈ-ਕਈ ਦਿਨ ਛੁੱਟੀਆਂ ਕਰਨੀਆਂ ਪੈਂਦੀਆਂ ਸਨ। ਸਕੂਲ ਦਾ ਮਾਹੌਲ ਬੜਾ ਖੁਸ਼ਗਵਾਰ ਹੁੰਦਾ ਸੀ। ਕਈ ਬੱਚੇ ਖੇਡਾਂ ਵਿਚ ਅਤੇ ਕਈ ਸ਼ਨੀਵਾਰ ਵਾਲੀ ਬਾਲ-ਸਭਾ ਵਿਚ ਹਿੱਸਾ ਲੈਂਦੇ ਸਨ। ਅਧਿਆਪਕ ਵੀ ਉਨ੍ਹਾਂ ਨੂੰ ਪੂਰਾ ਉਤਸ਼ਾਹਿਤ ਕਰਦੇ ਸਨ, ਉਨ੍ਹਾਂ ਦਿਨਾਂ ਵਿਚ ਟਿਊਸ਼ਨਾਂ ਦਾ ਰਿਵਾਜ ਨਹੀਂ ਸੀ ਹੁੰਦਾ ਅਤੇ ਨਾ ਹੀ ਘਰਦਿਆਂ ਕੋਲ ਸਕੂਲ ਆ ਕੇ ਬੱਚਿਆਂ ਦੀ ਪੜ੍ਹਾਈ ਬਾਰੇ ਪੁੱਛਣ ਦਾ ਵਕਤ ਹੁੰਦਾ ਸੀ। ਬੱਚੇ ਭੁਲ-ਭੁਲੇਖੇ ਦੁਵਾਨੀਆਂ-ਚੁਵਾਨੀਆਂ ਵਿਚ ਫੀਸਾਂ ਦੇ ਕੇ ਮਾੜੀ-ਮੋਟੀ ਲਗਨ ਅਤੇ ਟੀਚਰਾਂ ਦੀਆਂ ਸੋਟੀਆਂ ਤੋਂ ਡਰਦੇ ਜ਼ਿੰਦਗੀ ਵਿਚ ਕੁਝ ਨਾ ਕੁਝ ਬਣਨ ਦੀ ਤਿਆਰੀ ਵਿੱਚ ਲੱਗ ਜਾਂਦੇ ਸਨ।

ਜਿਨ੍ਹਾਂ ਦੇ ਗੁਜ਼ਾਰੇ ਚੰਗੇ ਹੁੰਦੇ ਜਾਂ ਜਿਨ੍ਹਾਂ ਨੂੰ ਪੜ੍ਹਾਈ ਦੀ ਥੋੜ੍ਹੀ ਬਹੁਤ ਸਮਝ ਹੁੰਦੀ ਸੀ। ਉਹ ਆਪਣੇ ਬੱਚਿਆਂ ਨੂੰ ਸ਼ਹਿਰ ਕਾਲਜ ਵਿੱਚ ਦਾਖਲ ਕਰਵਾ ਦੇਂਦੇ ਸਨ। ਕੁਝ ਨੌਕਰੀਆਂ ਵੱਲ ਰੁੱਖ ਕਰ ਆਪਣੇ ਘਰ ਨੂੰ ਅੱਗੇ ਤੋਰਨ ਵਿੱਚ ਰੁੱਝ ਜਾਂਦੇ ਅਤੇ ਜੋ ਸਰੀਰੋਂ ਜ਼ਰਾ ਕੰਡ ਵਿੱਚ ਹੁੰਦੇ, ਉਹ ਫ਼ੌਜ ਜਾਂ ਪੁਲਿਸ ਵਿਚ ਚਲੇ ਜਾਂਦੇ। ਫ਼ੌਜ ਵਿਚ ਵੀ ਸਿਰਫ਼ ਸਿਪਾਹੀ ਹੀ ਨਹੀਂ, ਉਪਰਲੇ ਰੈਂਕਾਂ ਵਿਚ ਵੀ ਉਨ੍ਹਾਂ ਦੀ ਜ਼ਿਕਰ ਯੋਗ ਗਿਣਤੀ ਹੁੰਦੀ ਸੀ। ਉਨ੍ਹਾਂ ਵਕਤਾਂ ਵਿਚ ਕੋਈ ਬਦਕਿਸਮਤ ਹੀ ਹੁੰਦਾ, ਜਿਸ ਨੂੰ ਨੌਕਰੀ ਨਸੀਬ ਨਹੀਂ ਸੀ ਹੁੰਦੀ।

ਵਧਿਆ ਟਿਊਸ਼ਨਾਂ ਦਾ ਰੁਝਾਨ

ਹਰੇ ਇਨਕਲਾਬ ਤੋਂ ਬਾਅਦ ਪਿੰਡਾਂ ਵਿਚ ਅੰਗਰੇਜ਼ੀ ਸਕੂਲਾਂ ਦੀ ਉਸਾਰੀ ਸ਼ੁਰੂ ਹੋ ਗਈ ਸੀ। ਟਰੈਕਟਰਾਂ ਦੇ ਨਾਲ-ਨਾਲ ਕੰਬਾਈਨਾਂ ਅਤੇ ਖੇਤੀ ਦੀ ਹੋਰ ਮਸ਼ੀਨਰੀ ਦਾ ਅਗ਼ਾਜ਼ ਹੋ ਰਿਹਾ ਸੀ। ਮੈਰਿਜ ਪੈਲੇਸ ਅਤੇ ਰਿਜ਼ੋਰਟਸ ਦਾ ਰਿਵਾਜ ਵੀ ਪਿੰਡਾਂ ਵਿਚ ਦਸਤਕ ਦੇ ਚੁੱਕਾ ਸੀ। ਪੰਜਾਬ ਆਪਣੇ 1947 ਵਾਲੇ ਘਾਟੇ ਪੂਰੇ ਕਰਨ ਲਈ ਉਤਸ਼ਾਹਿਤ ਲੱਗਦਾ ਸੀ। ਫੇਰ ਅੱਸੀਵਾਂ ਦਹਾਕਾ ਚੌਰਾਸੀ ਲੱਖ ਜੂਨ ਬਣ ਕੇ ਪੰਜਾਬ ਦੇ ਭਵਿੱਖ ਅੱਗੇ ਆਣ ਖੜ੍ਹਾ ਹੋ ਗਿਆ। ਪੰਜਾਬ ਨੂੰ ਇਕ ਹੋਰ ਬੁਰੀ ਨਜ਼ਰ ਲੱਗ ਗਈ। ਆਪਣੇ ਹੀ ਆਪਣਿਆਂ ਨੂੰ ਮਾਰਨ ਲੱਗ ਪਏ ਸਨ ਜਾਂ ਮਰਵਾ ਰਹੇ ਸਨ। ਕੌਣ ਕਿਸ ਨਾਲ ਕਿਹੜੀ ਦੁਸ਼ਮਣੀ ਕੱਢ ਰਿਹਾ ਸੀ, ਇਸ ਦੀ ਕਿਸੇ ਨੂੰ ਕੋਈ ਸਮਝ ਨਹੀਂ ਸੀ ਆ ਰਹੀ। ਕਿਸ ਦੇ ਹੁਕਮਾਂ ਨਾਲ ਚੁਰਾਸੀ ਦਾ ਚੱਕਰ ਚੱਲ ਰਿਹਾ ਸੀ, ਇਸ ਬਾਰੇ ਹਰੇਕ ਦੀ ਵੱਖਰੀ-ਵੱਖਰੀ ਰਾਏ ਸੀ। ਇਸ ਕਾਲੀ ਹਨੇਰੀ ਦੇ ਚੱਲਦਿਆਂ ਵੀ ਲੱਗਦਾ ਸੀ ਕਿ ਪੰਜਾਬ ਵਿਚ ਸਭ ਕੁਝ ਸਾਧਾਰਨ ਚੱਲ ਰਿਹਾ ਹੈ।

ਅੰਗੇਰਜ਼ੀ ਸਕੂਲਾਂ ਵਿਚ ਪੁਰਾਣੇ ਸਕੂਲਾਂ ਵਾਂਗ ਖੇਡ ਮੈਦਾਨ ਨਹੀਂ ਸਨ ਹੁੰਦੇ, ਨਾ ਹੀ ਇਥੇ ਸ਼ਨੀਵਾਰ ਵਾਲੀਆਂ ਬਾਲ-ਸਭਾਵਾਂ ਲੱਗਦੀਆਂ ਸਨ। ਟੀਚਰਾਂ ਦੀ ਤਨਖਾਹ ਘੱਟ ਸੀ, ਇਸ ਲਈ ਉਹ ਟਿਊਸ਼ਨ ਰੱਖਣ ਲਈ ਜ਼ਰੂਰ ਆਖਦੇ। ਸਕੂਲੀ ਬੱਸਾਂ ਜਾਂ ਹੋਰ ਆਵਾਜਾਈ ਦੇ ਸਾਧਨਾਂ ਦੇ ਪੈਸੇ ਅਲੱਗ ਲੱਗਦੇ ਸਨ। ਪੜ੍ਹਾਈ ਦਾ ਮਿਆਰ ਠੀਕ ਹੀ ਸੀ, ਇਸ ਬਾਰੇ ਕੋਈ ਚਿੰਤਤ ਵੀ ਨਹੀਂ ਸੀ। ਬਸ ਬੱਚੇ ਅੰਗਰੇਜ਼ੀ ਸਕੂਲਾਂ ਵਿਚ ਪੜ੍ਹ ਰਹੇ ਸਨ, ਇਸ ਥੱਲੇ ਸਭ ਕੁਝ ਦੱਬਿਆ ਜਾਂਦਾ ਸੀ। ਪਿੰਡਾਂ ਦੇ ਬੱਚੇ ਜਦੋਂ ਮਾੜੀ ਮੋਟੀ ਅੰਗਰੇਜ਼ੀ ਬੋਲਦੇ ਤਾਂ ਮਾਂ-ਬਾਪ ਇਸੇ ਵਿਚ ਖ਼ੁਸ਼ ਸਨ ਕਿ ਹੁਣ ਸਾਡੇ ਬੱਚਿਆਂ ਦਾ ਭਵਿੱਖ ਉਜਵੱਲ ਹੈ।

ਨਵੀਂ ਸੋਚ ਨੂੰ ਮਿਲਣ ਮੌਕੇ

ਪੰਜਾਬ ਨੂੰ ਜੇ ਅਸਾਂ ਫਿਰ ਤੋਂ ਪੈਰਾਂ 'ਤੇ ਲਿਆਉਣਾ ਹੈ ਤਾਂ ਇਸ ਨੂੰ ਰਾਜਨੀਤਕ, ਵਿਦਿਅਕ, ਸਰੀਰਕ ਅਤੇ ਮਾਨਸਿਕ ਤੌਰ 'ਤੇ ਨਿਵਿਆਉਣ ਦੀ ਜ਼ਰੂਰਤ ਹੈ। ਇਸ ਦੀ ਜੰਗਾਲ ਭਰੀ ਮਾਨਸਿਕਤਾ ਨੂੰ ਸਾਫ਼ ਕਰ ਕੇ, ਇਮਾਨਦਾਰੀ ਨਾਲ ਨਵੀਆਂ ਟੀਮਾਂ ਅੱਗੇ ਲਿਆਉਣੀਆਂ ਪੈਣਗੀਆਂ। ਬੱਚਿਆਂ ਵੱਲ ਲੋੜ ਤੋਂ ਵੱਧ ਧਿਆਨ ਦੇਣ ਦੀ ਜ਼ਰੂਰਤ ਹੈ। ਪੜ੍ਹਾਈ ਦਾ ਸਿਸਟਮ ਬਦਲਣ ਦੀ ਵੀ ਬਹੁਤ ਲੋੜ ਹੈ। ਪੇਪਰਾਂ ਵਾਲੇ ਦਿਨਾਂ ਵਿਚ ਆਪਣੀਆਂ ਵਾਕਫੀਆਂ ਜਾਂ ਰੁਤਬਿਆਂ ਦਾ ਨਜਾਇਜ਼ ਫ਼ਾਇਦਾ ਨਾ ਲੈ ਕੇ ਬੱਚਿਆਂ ਨੂੰ ਹਨੇਰੇ ਵਿੱਚੋਂ ਚਾਨਣ ਵੱਲ ਲਿਆਉਣ ਦੀ ਪੂਰੀ ਕੋਸ਼ਿਸ਼ ਕਰਨੀ ਪੈਣੀ ਹੈ।

ਇਕੱਲੇ ਬੱਚਿਆਂ ਨੂੰ ਹੀ ਨਹੀਂ, ਆਪਣੇ ਚੌਗਿਰਦੇ ਦੇ ਲੋਕਾਂ ਨੂੰ ਵੀ ਇਹ ਸਮਝਾਉਣ ਦੀ ਲੋੜ ਹੈ ਕਿ ਸਾਡੀ ਸਭ ਤੋਂ ਕੀਮਤੀ ਜਾਇਦਾਦ ਬੱਚੇ ਹਨ, ਜੇ ਇਹ ਕੁਰਾਹੇ ਪੈ ਗਏ ਤਾਂ ਸਾਡੀ ਸਾਰੀ ਕਮਾਈ ਮਿੱਟੀ ਹੋ ਜਾਵੇਗੀ। ਬੱਚਿਆਂ ਨੂੰ ਸਹੀ ਵਿਦਿਆ ਅਤੇ ਸਹੀ ਆਦਰਸ਼ ਦੇਣੇ ਬਹੁਤ ਜ਼ਰੂਰੀ ਹਨ। ਜੇ ਵੇਖਿਆ ਜਾਵੇ ਤਾਂ ਜ਼ਿੰਦਗੀ ਵਿਚ ਉਹੀ ਇਨਸਾਨ ਕਾਮਯਾਬ ਹੁੰਦੇ ਹਨ, ਜਿਨ੍ਹਾਂ ਦੀ ਔਲਾਦ ਆਪਣੇ ਪੁਰਖਿਆਂ ਦੇ ਕਾਰੋਬਾਰ ਵਿਚ ਸ਼ਿੱਦਤ ਨਾਲ ਮਿਹਨਤ ਕਰਦੇ ਹਨ। ਬੱਚੇ ਨੂੰ ਸ਼ੁਰੂ ਤੋਂ ਹੀ ਆਪਣਾ ਕੰਮ ਆਪ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਜੇ ਅਸੀਂ ਬੱਚੇ ਨੂੰ ਹਮੇਸ਼ਾ ਟੋਕਦੇ ਹੀ ਰਹਾਂਗੇ, ਉਸ ਨੂੰ ਆਪ ਫ਼ੈਸਲਾ ਕਰਨ ਦਾ ਮੌਕਾ ਹੀ ਨਹੀਂ ਦੇਵਾਂਗੇ ਤਾਂ ਉਸ ਵਿਚ ਆਤਮ ਵਿਸ਼ਵਾਸ ਕਿਵੇਂ ਆਵੇਗਾ?

ਮਾਂ-ਪਿਉ ਸੁਧਾਰਨ ਆਦਤਾਂ

ਬੱਚਿਆਂ ਦੇ ਪੜ੍ਹਨ ਵੇਲੇ ਘਰ 'ਚ ਟੈਲੀਵਿਜ਼ਨ ਨਹੀਂ ਲੱਗਣਾ ਚਾਹੀਦਾ। ਜਦੋਂ ਇਕ ਕਮਰੇ ਵਿਚ ਬੱਚੇ ਪੜ੍ਹ ਰਹੇ ਹਨ ਅਤੇ ਨਾਲ ਦੇ ਕਮਰੇ ਵਿਚ ਤੁਸੀਂ ਟੈਲੀਵਿਜ਼ਨ ਵੇਖ ਰਹੇ ਹੋ, ਫੇਰ ਬੱਚੇ ਦਾ ਪੜ੍ਹਨ ਵਿਚ ਮਨ ਕਿਵੇਂ ਲੱਗੇਗਾ? ਜੇ ਤੁਸੀਂ ਚਾਹੁੰਦੇ ਹੋ ਕਿ ਬੱਚਾ ਮੋਬਾਇਲ ਦੀ ਜ਼ਿਆਦਾ ਵਰਤੋਂ ਨਾ ਕਰੇ ਤਾਂ ਤੁਹਾਨੂੰ ਖ਼ੁਦ ਨੂੰ ਵੀ ਫੋਨ ਤੋਂ ਦੂਰੀ ਬਣਾ ਕੇ ਰੱਖਣੀ ਪਵੇਗੀ। ਸਹੀ ਅਸੂਲਾਂ ਉੱਪਰ ਚੱਲ ਕੇ ਹੀ ਅਸੀਂ ਵਧੀਆ ਪਰਿਵਾਰ ਅਤੇ ਸਮਾਜ ਉਸਾਰ ਸਕਦੇ ਹਾਂ। ਜੇ ਸਾਡੇ ਕੋਲੋਂ ਸਾਡਾ ਪਰਿਵਾਰ ਜਾਂ ਘਰ ਠੀਕ ਤਰ੍ਹਾਂ ਨਹੀਂ ਚਲ ਰਿਹਾ, ਤਾਂ ਸਾਨੂੰ ਆਪਣਾ ਵਤੀਰਾ ਬਦਲ ਲੈਣਾ ਚਾਹੀਦਾ ਹੈ।

ਬੱਚਿਆਂ ਲਈ ਕੱਢੋ ਸਮਾਂ

ਪਹਿਲੇ ਵਕਤਾਂ ਵਿਚ ਮਾਂ-ਬਾਪ ਕੋਲ ਆਪਣੇ ਘਰ ਦੇ ਝਮੇਲਿਆਂ ਅਤੇ ਕਾਰੋਬਾਰਾਂ ਵਿੱਚੋਂ ਬੱਚਿਆਂ ਲਈ ਵਕਤ ਹੀ ਬਹੁਤ ਘੱਟ ਹੁੰਦਾ ਸੀ। ਇਸ ਲਈ ਉਹ ਬੱਚਿਆਂ ਦੀ ਪੜ੍ਹਾਈ ਜਾਂ ਹੋਰ ਗਤੀਵਿਧੀਆਂ ਵਿਚ ਜ਼ਿਆਦਾ ਦਿਲਚਸਪੀ ਨਹੀਂ ਸੀ ਲੈਂਦੇ। ਇਸੇ ਕਰਕੇ ਸ਼ਾਇਦ ਬੱਚਿਆਂ ਵਿਚ ਆਤਮ-ਵਿਸ਼ਵਾਸ ਦਾ ਕਣ ਹੁੰਦਾ ਸੀ। ਉਹ ਜੋ ਵੀ ਪੜ੍ਹਾਈ ਕਰਦਾ ਆਪਣੇ ਸਿਰ 'ਤੇ ਕਰਦਾ ਸੀ। ਇਮਤਿਹਾਨ ਵਿਚ ਵੀ ਨੰਬਰ ਉਸਦੀ ਮਿਹਨਤ ਦੇ ਹੁੰਦੇ ਸਨ। ਨਕਲਾਂ ਵਗੈਰਾ ਦਾ ਉਨ੍ਹਾਂ ਵਕਤਾਂ ਵਿਚ ਨਾਂ-ਨਿਸ਼ਾਨ ਨਹੀਂ ਸੀ ਹੁੰਦਾ। ਮਾਂ-ਬਾਪ ਨੂੰ ਆਪਣੇ ਰੁਝੇਵਿਆਂ ਵਿੱਚੋਂ ਕੁਝ ਸਮਾਂ ਆਪਣੇ ਬੱਚਿਆਂ ਲਈ ਜ਼ਰੂਰ ਕੱਢਣਾ ਚਾਹੀਦਾ ਹੈ। ਉਨ੍ਹਾਂ ਨਾਲ ਕੁਝ ਗੱਲਾਂ ਕਰਨ ਲਈ, ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣਨ ਲਈ, ਉਨ੍ਹਾਂ ਦੀਆਂ ਜ਼ਿੰਦਗੀ ਬਾਰੇ ਯੋਜਨਾ ਜਾਣਨ ਲਈ, ਜੇ ਅਸੀਂ ਬੱਚੇ ਨਾਲ ਕੋਈ ਗੁਫਤਗੂ ਲਈ ਵਕਤ ਨਹੀਂ ਕੱਢਦੇ, ਤਾਂ ਹੌਲੀ-ਹੌਲੀ ਉਹ ਤੁਹਾਡੇ ਤੋਂ ਦੂਰੀ ਬਣਾਉਣ ਲੱਗ ਪੈਂਦੇ ਹਨ। ਕਈ ਤਰ੍ਹਾਂ ਦੀਆਂ ਹੋਰ ਨਕਾਰਾਤਮਿਕ ਗੱਲਾਂ ਉਨ੍ਹਾਂ ਦੇ ਦਿਮਾਗ਼ ਵਿਚ ਆਉਣ ਲੱਗ ਪੈਂਦੀਆਂ ਹਨ। ਜਦੋਂ ਤੁਸੀਂ ਬੱਚੇ ਨੂੰ ਉਸ ਦੀਆਂ ਪ੍ਰਾਪਤੀਆਂ ਲਈ ਸ਼ਾਬਾਸ਼ ਦੇਂਦੇ ਹੋ ਤਾਂ ਉਹ ਧੁਰ ਅੰਦਰੋਂ ਖੁਸ਼ ਹੋ ਜਾਂਦਾ ਹੈ ਅਤੇ ਉਸ ਦੀ ਸਾਰਥਕ ਊਰਜਾ ਬਹੁਤ ਵੱਧ ਜਾਂਦੀ ਹੈ।

ਕਿਉਂ ਰੁਕਿਆ ਵਿਕਾਸ

ਪੇਪਰਾਂ ਵਿਚ ਭਾਵੇਂ ਅੰਗਰੇਜ਼ੀ ਸਕੂਲ ਹੁੰਦੇ ਜਾਂ ਪੰਜਾਬੀ ਇਮਤਿਹਾਨਾਂ ਵਿਚ ਜ਼ਿਆਦਾਤਰ ਸਟਾਫ ਧਮਕੀਆਂ ਪੱਤਰ ਲਿਖਣ ਵਾਲਿਆਂ ਦੀ ਮਰਜ਼ੀ ਨਾਲ ਹੀ ਲੱਗਦਾ। ਇਸ ਨਾਲ ਪੰਜਾਬ ਦਾ ਸਾਰਾ ਸਿਸਟਮ ਹੀ ਰਲਗਡ ਹੋ ਕੇ ਰਹਿ ਗਿਆ। ਉਨ੍ਹਾਂ ਦਿਨਾਂ ਵਿਚ ਨੌਕਰੀਆਂ ਵੀ ਬਾਬਿਆਂ ਦੀ ਮੈਰਿਟ ਮੁਤਾਬਿਕ ਮਿਲਣ ਲੱਗ ਪਈਆਂ ਸਨ । ਪੰਜਾਬ ਦੇ ਮੌਜੂਦਾ ਹਾਲਾਤ ਸ਼ਾਇਦ ਉਨ੍ਹਾਂ ਫੇਕ ਮੈਰਿਟਾਂ ਵਾਲਿਆਂ ਕਰਕੇ ਹੀ ਹੋਏ ਹਨ। ਅੱਜ ਪੰਜਾਬ ਵਿਚ ਬੇਰੁਜ਼ਗਾਰੀ ਵਧਣ ਦਾ ਸਭ ਤੋਂ ਵੱਡਾ ਕਾਰਨ ਵੀ ਇਹ ਹੈ ਕਿ ਸਾਡੇ ਬੱਚੇ ਯੋਗਤਾ ਟੈਸਟ ਵੀ ਪਾਸ ਨਹੀਂ ਕਰ ਰਹੇ। ਉਹ ਵਿਦਿਅਕ ਹੀ ਨਹੀਂ ਸਗੋਂ ਸਰੀਰਕ ਅਤੇ ਮਾਨਸਿਕ ਤੌਰ 'ਤੇ ਵੀ ਪੱਛੜ ਰਹੇ ਹਨ। ਨਕਲ ਨਾਲ ਪਾਸ ਬੱਚਿਆਂ ਵਿਚ ਆਤਮ ਵਿਸ਼ਵਾਸ ਦੀ ਘਾਟ ਲਾਜ਼ਮੀ ਹੈ, ਇਹ ਨਿਰਾਸ਼ਾ ਬੱਚਿਆਂ ਨੂੰ ਨਸ਼ਿਆਂ ਵੱਲ ਅਤੇ ਫੇਰ ਉਸ ਦੀ ਪੂਰਤੀ ਲਈ ਹੋਰ ਮਾੜੀਆਂ ਅਲਾਮਤਾਂ ਵੱਲ ਧੱਕ ਰਹੀ ਹੈ। ਚਿੱਠੀਆਂ ਅਤੇ ਧਮਕੀਆਂ ਨਾਲ ਪ੍ਰਾਪਤ ਕੀਤੀਆਂ ਨੌਕਰੀਆਂ ਵਾਲਿਆਂ ਨੇ ਪੰਜਾਬ ਦੀ ਹਰ ਖੇਤਰ ਵਿਚ ਰਫ਼ਤਾਰ ਮੱਠੀ ਕਰ ਦਿੱਤੀ ਹੈ। ਜਿਸ ਨੂੰ ਆਪਣੇ ਕੰੰਮ ਬਾਰੇ ਪੂਰਾ ਗਿਆਨ ਹੀ ਨਹੀਂ, ਉਹ ਆਪਣਾ ਕੰਮ ਠੀਕ ਢੰਗ ਨਾਲ ਕਿਵੇਂ ਕਰ ਸਕਦੈ?

- ਦੇਵਿੰਦਰ ਦੀਦਾਰ

98142-45911

Posted By: Harjinder Sodhi