ਜਦੋਂ ਤੋਂ ਹੋਸ਼ ਸੰਭਾਲੀ ਤਲਖ਼ ਹਕੀਕਤਾਂ ਨਾਲ ਦਗਦਾ ਅਗਸਤ ਮਹੀਨਾ ਮੇਰੇ ਲਈ ਅਸਹਿ ਤੇ ਅਕਹਿ ਪੀੜ ਦੇਣ ਵਾਲਾ ਰਿਹਾ ਹੈ। ਦੇਸ਼ ਦੀ ਵੰਡ ਮੌਕੇ ਦਰ-ਬ-ਦਰ ਹੁੰਦਿਆਂ ਸ਼ਰਨਾਰਥੀ ਕੈਂਪਾਂ ਵਿਚ ਰੁਲਦਿਆਂ ਪਨਾਹਗੀਰ ਹੋਣ ਦੀ ਇਕ ਲੰਬੀ ਦਰਦਨਾਕ ਕਹਾਣੀ ਇਸ ਰੁੱਤੇ ਮੇਰੇ ਘਰ ਵਿਚ ਹੋਰ ਵੀ ਪ੍ਰਜਵਲਿਤ ਹੋ ਜਾਂਦੀ ਸੀ। ਮੇਰੇ ਭਾਈਆ ਜੀ ਤੇ ਮੇਰੇ ਪਾਪਾ ਬੇਸ਼ੁਮਾਰ ਲੋਕਾਂ ਦੇ ਉਜੜਨ ਲੁੱਟੇ ਖਸੁੱਟੇ ਜਾਣ ਤੇ ਧੀਆਂ-ਭੈਣਾਂ ਮਾਵਾਂ ਦੀ ਬੇਹੁਰਮਤੀ ਦੇ ਚਸ਼ਮਦੀਦ ਗਵਾਹ ਸਨ। ਅਗਸਤ ਮਹੀਨੇ ਲਹੂ-ਲੁਹਾਨ ਕਾਫ਼ਲੇ ਮੇਰੀਆਂ ਨਜ਼ਰਾਂ ਅੱਗੋਂ ਲੰਘਣੇ ਸ਼ੁਰੂ ਹੋ ਜਾਂਦੇ ਹਨ। ਉਸੇ ਇਕ ਕਾਫਲੇ 'ਚ ਖ਼ੂਨ ਨਾਲ ਡੱਬ ਖੜੱਬੀ ਹੋਈ ਧਰਤੀ 'ਤੇ ਆਪਣੇ ਸਿਰ ਤੋਂ ਡੱਬ ਖੜੱਬਾ ਪਰਨਾ ਲਾਹ ਮੇਰੇ ਦਾਦਾ ਜੀ ਨੇ ਆਪਣੇ ਦੋ ਸਾਲਾਂ ਦੇ ਜਿਗਰ ਦੇ ਟੋਟੇ ਨੂੰ ਸਪੁਰਦ-ਏ-ਖ਼ਾਕ ਕੀਤਾ ਸੀ। ਆਪਣੇ ਭਾਈਆ ਜੀ ਤੇ ਆਪਣੇ ਪਾਪਾ ਰਾਹੀਂ ਮੈਂ ਉੱਨੀ ਸੌ ਸੰਤਾਲੀ ਦੇ ਦੁਖਾਂਤ ਨੂੰ ਸਿਰਫ਼ ਜਾਣਿਆ ਸਮਝਿਆ ਹੀ ਨਹੀਂ, ਹਰ ਸਾਹ ਨਾਲ ਜੀਵਿਆ ਵੀ ਹੈ। ਆਪਣੇ ਬਜ਼ੁਰਗਾਂ ਨੂੰ ਬੀਤੇ ਦੇ ਦਾਗ਼ਾਂ ਨੂੰ ਆਪਣੇ ਹੰਝੂਆਂ ਨਾਲ ਧੋਂਦਿਆਂ ਕਈ ਵਾਰ ਦੇਖਿਆ ਹੈ। ਮਰ ਚੁੱਕੀ ਇਨਸਾਨੀਅਤ ਤੇ ਜਾਗ ਉੱਠੀ ਹੈਵਾਨੀਅਤ ਦੇ ਇਸ ਕੁਲਹਿਣੇ ਮਹੀਨੇ ਪ੍ਰਤੀ ਮੇਰੇ ਅਚੇਤ ਮਨ ਵਿਚ ਬਚਪਨ ਤੋਂ ਹੀ ਇਕ ਸਹਿਮ ਬੈਠਿਆ ਹੋਇਆ ਹੈ। ਹੈਰਾਨ ਹਾਂ ਕਿ ਵਹਿਮ ਕਿਵੇਂ ਕਈ ਵਾਰ ਸੱਚ ਹੋ ਨਿਬੜਦਾ ਹੈ। ਇਕ ਸੱਲ ਜੋ ਮੇਰੇ ਬਾਪ ਨੇ ਹੱਲਿਆਂ ਵੇਲੇ ਝੱਲਿਆ ਸੀ ਇਕ ਵੱਖਰੀ ਤਰ੍ਹਾਂ ਦਾ ਦਰਦ ਮੈਨੂੰ ਤਹੱਤਰ ਸਾਲ ਬਾਅਦ ਝੱਲਣਾ ਪਿਆ। ਚੌਦਾਂ ਅਗਸਤ ਵੀਹ ਸੌ ਵੀਹ ਇਹ ਉਹ ਕਹਿਰਵਾਨ ਸ਼ਾਮ ਸੀ ਜਦੋਂ ਖ਼ੂਨੀ ਮੰਜ਼ਰ ਦੀਆਂ ਬਾਤਾਂ ਸੁਣਾਉਣ ਵਾਲੇ ਮੇਰੇ ਬਾਪ ਦਾ ਸਾਇਆ ਮੇਰੇ ਸਿਰ ਤੋਂ ਚੁੱਕਿਆ ਗਿਆ। ਬਹੁਤ ਲੋਕ ਕਹਿੰਦੇ ਨੇ ਮੇਰੇ ਆਪਣੇ ਅਨੁਭਵ ਮੇਰੀ ਕਲਮ ਦੀ ਨੋਕ ਹੇਠ ਆਉਂਦੇ ਨੇ। ਕੀ ਕਰਾਂ ਆਪਣੇ ਦਰਦ ਨੂੰ ਲਫਜ਼ਾਂ 'ਚੋਂ ਕਸ਼ੀਦ ਕਰ ਕੇ ਸ਼ਾਇਦ ਉਸ ਪੀੜ ਤੋਂ ਸੁਰਖ਼ਰੂ ਹੋਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹਾਂ।

ਹਰ ਧੀ ਲਈ ਉਸ ਦਾ ਬਾਪ ਬਾਦਸ਼ਾਹ ਹੁੰਦਾ ਹੈ। ਉਸ ਦੇ ਸਿਰ ਦਾ ਤਾਜ। ਦੁਨੀਆ ਦਾ ਸਭ ਤੋਂ ਵੱਡਾ ਸਹਾਰਾ। ਜਦੋਂ ਇਹ ਹੱਥ ਸਿਰ ਤੋਂ ਉੱਠਦਾ ਹੈ ਤਾਂ ਇੰਝ ਲੱਗਦਾ ਹੈ ਜਿਵੇਂ ਕੋਈ ਬਾਦਸ਼ਾਹਤ ਗੁਆਚ ਗਈ ਹੋਵੇ। ਹੌਸਲੇ ਢਹਿ ਢੇਰੀ ਹੋ ਜਾਂਦੇ ਨੇ। ਮੁੜ-ਮੁੜ ਕੇ ਖ਼ਿਆਲ ਆਉਂਦਾ ਹੈ ਕਿ ਬਾਪ ਦੇ ਸਿਰ 'ਤੇ ਮਾਣੀਆਂ ਮੌਜਾਂ ਹੁਣ ਫਿਰ ਕਦੇ ਨਹੀਂ ਲੱਭਣੀਆਂ। ਕੁਦਰਤ ਦਾ ਕਾਨੂੰਨ ਹੈ ਮਾਪੇ ਸਦਾ ਨਹੀਂ ਰਹਿੰਦੇ। ਜਨਮ ਤੋਂ ਲੈ ਕੇ ਅੱਜ ਤਕ ਮੇਰੇ ਮੈਂਟਰ ਮੇਰੇ ਦੋਸਤ ਮੇਰੀ ਕਿਸਮਤ ਦੇ ਉਸਰੱਈਏ ਦਾ ਜਾਣਾ ਇੰਝ ਭਾਸਦਾ ਹੈ ਜਿਵੇਂ ਸਿਰ ਤੋਂ ਛੱਤ ਹੀ ਉੱਡ ਗਈ ਹੋਵੇ।

ਮੈਨੂੰ ਮਾਣ ਹੈ ਲੱਖਾਂ ਲੋਕਾਂ ਦੇ ਚਹੇਤੇ ਉਸ ਬਾਪ ਦੀ ਧੀ ਹੋਣ 'ਤੇ ਜੋ ਭਰੇ ਮੇਲੇ ਵਿਚ ਆਪਣੀ ਜ਼ਿੰਦਗੀ ਨੂੰ ਯਾਦਗਾਰੀ ਬਣਾ ਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਇਕ ਅਸੂਲ-ਪ੍ਰਸਤ ਅਧਿਆਪਕ, ਮਾਣ ਮੱਤੇ ਬੁਲਾਰੇ ਸੱਚੇ ਸੁੱਚੇ ਸਮਾਜ ਸੇਵਕ, ਅਦਬੀ ਹਲਕਿਆਂ ਵਿਚ ਜਿਨ੍ਹਾਂ ਦਾ ਨਾਮ ਉਚੇਚੇ ਤੌਰ 'ਤੇ ਲਿਆ ਜਾਂਦਾ ਹੈ। ਕਈ ਦਿਨਾਂ ਤੋਂ ਹਸਪਤਾਲ ਦੇ ਬਾਹਰ ਇਕ ਆਸ ਮਨ ਵਿਚ ਜਗਾਈ ਬੈਠੇ ਸਾਂ, ਪਰ ਡਾਢੀ ਹੋਣੀ ਆਪਣਾ ਵਾਰ ਕਰ ਹੀ ਗਈ। ਅਡੋਲ ਸ਼ਾਂਤ ਗੰਭੀਰ ਤੇ ਬਿਲਕੁਲ ਉਹੀ ਹਸੂੰ ਹਸੂੰ ਕਰਦਾ ਚਿਹਰਾ, ਮਾਨਵਤਾ ਦਾ ਦਰਦੀ, ਸਾਨੂੰ ਰੋਂਦੇ ਕੁਰਲਾਉਂਦਿਆਂ ਛੱਡ ਕੇ ਜਾ ਰਿਹਾ ਸੀ। ਅੱਜ ਚਾਰ ਚੁਫੇਰੇ ਮਾਤਮ ਛਾਇਆ ਹੈ। ਕਰੋਨਾ ਦੇ ਕਹਿਰ ਦੇ ਬਾਵਜੂਦ ਅਣਗਿਣਤ ਡਬ ਡਬਾਈਆਂ ਅੱਖਾਂ ਉਨ੍ਹਾਂ ਨੂੰ ਤੋਰਨ ਆਈਆਂ ਹਨ। ਵੱਡੀ ਗਿਣਤੀ ਵਿਚ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਸ਼ਮੂਲੀਅਤ ਉਨ੍ਹਾਂ ਦੁਆਰਾ ਕੀਤੇ ਨੇਕ ਕੰਮਾਂ ਦੀ ਇਤਿਹਾਸਕ ਗਵਾਹੀ ਹੈ। ਨੜੋਏ ਪਿੱਛੇ ਇੰਨੀ ਲੰਬੀ ਕਤਾਰ ਉਨ੍ਹਾਂ ਦੀ ਲੋਕਾਈ ਨਾਲ ਦਿਲੀ ਮੁਹੱਬਤ ਦਾ ਸਬੂਤ ਹੀ ਤਾਂ ਹੈ। ਇਹ ਮੁਹੱਬਤ ਹੀ ਉਨ੍ਹਾਂ ਦਾ ਅਸਲੀ ਸਰਮਾਇਆ ਸੀ। ਬੇਨਜ਼ੀਰ ਕਮਾਈ, ਜੋ ਲੰਬੀ ਤਪੱਸਿਆ ਅਤੇ ਘਾਲਣਾ ਪਿੱਛੋਂ ਹੀ ਉਨ੍ਹਾਂ ਦੀ ਜਗੀਰ ਬਣੀ ਸੀ। ਉਨ੍ਹਾਂ ਨੂੰ ਪਿਆਰ ਕਰਨ ਵਾਲੇ ਦੋਸਤ, ਮਿੱਤਰ, ਰਿਸ਼ਤੇਦਾਰ ਤੇ ਖ਼ਾਸ ਤੌਰ 'ਤੇ ਉੱਚ ਅਹੁਦਿਆਂ 'ਤੇ ਪਹੁੰਚੇ ਉਨ੍ਹਾਂ ਦੇ ਸ਼ਗਿਰਦ ਇੰਝ ਉਦਾਸ ਹਤਾਸ਼ ਖੜ੍ਹੇ ਨੇ ਜਿਵੇਂ ਸਿਰਫ਼ ਇਕ ਅਧਿਆਪਕ ਹੀ ਨਹੀਂ ਸਗੋਂ ਕੋਈ ਬਹੁਤ ਨੇੜਲਾ ਸਬੰਧੀ ਜਾ ਰਿਹਾ ਹੋਵੇ। ਭਾਵਨਾਤਮਕ ਤੌਰ 'ਤੇ ਉਨ੍ਹਾਂ ਨਾਲ ਜੁੜੇ ਉਨ੍ਹਾਂ ਦੇ ਵਿਦਿਆਰਥੀਆਂ ਦਾ ਵਿਰਲਾਪ ਦੇਖ ਮੈਨੂੰ ਅਹਿਸਾਸ ਹੋਇਆ ਕਿ ਅਧਿਆਪਕ ਹੋਣਾ ਆਪਣੇ ਆਪ ਵਿਚ ਕਿੰਨਾ ਪੁਰ ਖਲੂਸ ਅਹਿਸਾਸ ਹੈ ਜਿਸ ਤੋਂ ਹਜ਼ਾਰਾਂ ਜਨਮ ਕੁਰਬਾਨ ਕੀਤੇ ਜਾ ਸਕਦੇ ਹਨ।

ਆਪਣੇ ਸੁਭਾਅ ਦੇ ਭਾਵੁਕ ਉਲਾਰ ਤੇ ਮੋਹ ਦੇ ਵੇਗ ਕਾਰਨ ਕੁਝ ਵੀ ਲਿਖਣ ਤੋਂ ਅਸਮਰੱਥ ਹਾਂ। ਮੇਰੇ ਮੂੰਹ ਆਏ ਜਜ਼ਬਾਤ ਲਈ ਸ਼ਬਦ ਨਹੀਂ ਅਹੁੜ ਰਹੇ। ਪਿੱਤਰ ਮੋਹ ਵੱਸ ਕਿੰਨੀ ਹੱਥਲ ਹੋ ਗਈ ਹਾਂ। ਇਕ ਹੂਕ ਜਿਹੀ ਵਾਰ-ਵਾਰ ਉਠਦੀ ਹੈ। ਕਿਸ ਤਰ੍ਹਾਂ ਦੀ ਆਂਦਰਾਂ ਦੀ ਸਾਂਝ ਹੈ ਜੋ ਮੇਰੇ ਹੰਝੂਆਂ ਨੂੰ ਥੰਮਣ ਨਹੀਂ ਦੇ ਰਹੀ। ਦਿਲ ਕਰਦਾ ਹੈ ਕਿ ਇਹ ਸੈਲਾਬ ਰੱਜ ਕੇ ਵਹਿ ਜਾਵੇ। ਦਰਦ ਦੀ ਸ਼ਿਦਤ ਐਨੀ ਗਹਿਰੀ ਹੈ ਕਿ ਇੰਝ ਲਗਦਾ ਹੈ ਜਿਵੇਂ ਪਿਆਰ, ਕੋਮਲਤਾ, ਹਮਦਰਦੀ ਤੇ ਸੰਵੇਦਨਾ ਦਾ ਇਕ ਵਹਿੰਦਾ ਦਰਿਆ ਇਕ ਦਮ ਰੁਕ ਗਿਆ ਹੋਵੇ।

ਤੇਰਾਂ ਮਹੀਨੇ ਤੋਂ ਮੌਤ ਨਾਲ ਦਸਤਪੰਜਾ ਲੈਂਦੇ ਇਸ ਬਹਾਦਰ ਯੋਧੇ ਨੂੰ ਮੌਤ ਦੇ ਖ਼ੂਨੀ ਪੰਜੇ ਨੇ ਆਖ਼ਰ ਸਾਥੋ ਖੋਹ ਹੀ ਲਿਆ। ਚੌਥੇ ਪੜਾਅ ਦੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੇ ਉਨ੍ਹਾਂ ਦੇ ਸਰੀਰ ਨੂੰ ਅੰਦਰੋਂ ਖੋਖਲਾ ਕਰ ਦਿੱਤਾ ਸੀ। ਪਰ ਉਨ੍ਹਾਂ ਦੀ ਰੂਹ ਨੂੰ ਮੌਤ ਕਬੂਲ ਨਹੀਂ ਸੀ। ਹਜ਼ਾਰਾਂ ਲੋਕਾਂ ਵਿਚ ਖੜ੍ਹੀ ਨੂੰ ਵਕਤ ਵਾਰ-ਵਾਰ ਪਿੱਛੇ ਧੱਕ ਰਿਹਾ ਹੈ। ਸਾਰੀ ਜ਼ਿੰਦਗੀ ਦੀ ਤਸਵੀਰ ਇਕ ਰੀਲ ਵਾਂਗ ਮੇਰੀਆਂ ਨਜ਼ਰਾਂ ਅਗੋਂ ਗੁਜ਼ਰੀ ਜਾ ਰਹੀ ਹੈ। ਅੰਮ੍ਰਿਤ ਵੇਲੇ ਉੱਠਣਾ ਹਰ ਹਾਲ ਵਿਚ ਸਵੇਰ ਦੀ ਲੰਬੀ ਸੈਰ, ਫੁੱਲਾਂ ਲੱਦੀ ਘਰ ਦੀ ਬਾਗ਼ ਬਗ਼ੀਚੀ ਦੀ ਸਾਂਭ ਸੰਭਾਲ ਦੇ ਨਾਲ-ਨਾਲ ਕਸਰਤ ਤੋਂ ਵਿਹਲੇ ਹੋ ਮਨਚਿਤ ਇਕਾਗਰ ਕਰ ਅਖ਼ਬਾਰਾਂ ਦਾ ਅਧਿਐਨ ਕਰਨਾ ਤੇ ਫਿਰ ਸਾਰੇ ਦਿਨ ਦੇ ਕੰਮਾਂ ਦਾ ਖਾਕਾ ਤਿਆਰ ਕਰਨਾ। ਹਰ ਦਿਨ ਨਵੇਂ ਫ਼ੈਸਲੇ ਨਾਲ ਸ਼ੁਰੂ ਕਰਨਾ। ਟੀਚੇ ਮਿੱਥਣੇ ਤੇ ਫਿਰ ਚੁੱਪਚਾਪ ਮਿੱਥੇ ਟੀਚਿਆਂ ਦੀ ਪੂਰਤੀ ਲਈ ਜੁੱਟ ਜਾਣਾ। ਮੌਤ ਨਾਲ ਜੂਝਦਿਆਂ ਵੀ ਮੇਰੇ ਬਾਪ ਨੇ ਸੁਪਨੇ ਲੈਣੇ ਨਹੀਂ ਸਨ ਛੱਡੇ। ਕੋਈ ਸ਼ੋਰ ਨਹੀਂ, ਕੋਈ ਦਿਖਾਵਾ ਨਹੀਂ। ਲੰਬੇ ਅਧਿਆਪਨ ਕਾਲ ਤੋਂ ਬਾਅਦ ਸੇਵਾ ਮੁਕਤ ਹੋਣ 'ਤੇ ਆਪਣੀ ਪੂਰੀ ਜ਼ਿੰਦਗੀ ਸਾਖਰਤਾ ਮਿਸ਼ਨ ਦੇ ਲੇਖੇ ਲਾਈ। ਉਸ ਵੇਲੇ ਦੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸੀ।

ਰਾਉਲ ਹੋਰਾਂ ਦੇ ਵਾਰ ਵਾਰ ਕਹਿਣ 'ਤੇ ਵੀ ਮਨ ਦੇ ਰੱਜੇ ਮੇਰੇ ਬਾਪ ਨੇ ਸਮਾਜ ਸੇਵਾ ਬਦਲੇ ਮਾਣ ਭੱਤਾ ਵੀ ਪ੍ਰਵਾਨ ਨਹੀਂ ਸੀ ਕੀਤਾ। ਦਲੀਲ ਇਹ ਸੀ ਕਿ ਮੇਰੀ ਪੈਨਸ਼ਨ ਮੇਰੇ ਖ਼ਰਚਿਆਂ ਤੋਂ ਵੱਧ ਹੈ। ਸੋਚਦੀ ਹਾਂ ਕਿੰਨਾ ਸੰਤੁਸ਼ਟ ਸੀ ਮੇਰਾ ਬਾਪ। ਉਨ੍ਹਾਂ ਦੀ ਜ਼ਿੰਦਗੀ ਦਾ ਉੱਚਾ ਸੁੱਚਾ ਆਦਰਸ਼ ਸੀ। ਸਮਾਜ ਸੇਵਾ ਹੀ ਉਨ੍ਹਾਂ ਦਾ ਧਰਮ ਸੀ। ਦੂਸਰਿਆਂ ਦੇ ਕੰਮ ਆਉਣਾ ਉਨ੍ਹਾਂ ਦੀ ਰੂਹ ਦੀ ਖੁਰਾਕ ਸੀ। ਮੈਨੂੰ ਅੱਜ ਵੀ ਯਾਦ ਆ ਰਿਹਾ ਪਿੰਡ ਦੇ ਗ਼ਰੀਬ ਤੇ ਹੋਣਹਾਰ ਬੱਚਿਆਂ ਨਾਲ ਭਰਿਆ ਸਾਡਾ ਵਿਹੜਾ ਜਿਨ੍ਹਾਂ ਨੂੰ ਹਰ ਸ਼ਾਮ ਉਹ ਬਿਨਾਂ ਕਿਸੇ ਇਵਜ਼ਾਨੇ ਦੇ ਅੰਗਰੇਜ਼ੀ ਤੇ ਹਿਸਾਬ ਪੜ੍ਹਾਇਆ ਕਰਦੇ ਸਨ। ਸਾਡੇ ਘਰ ਦੇ ਬੂਹੇ ਦੁੱਖਾਂ ਤਕਲੀਫਾਂ ਦੇ ਝੰਬੇ ਲੋਕਾਂ ਲਈ ਕਦੀ ਰਾਤ ਨੂੰ ਵੀ ਢੋਏ ਨਹੀਂ ਸੀ ਗਏ। ਲੋੜਾਂ ਤੇ ਥੁੜਾਂ ਮਾਰੇ ਲੋਕਾਂ ਦੇ ਜ਼ਖ਼ਮਾਂ 'ਤੇ ਉਹ ਟਕੋਰ ਕਰਦੇ ਸਨ। ਮੈਨੂੰ ਚੇਤੇ ਹੈ ਜਦੋਂ ਇਕ ਵਾਰ ਸਾਡੇ ਪਿੰਡ ਦੇ ਇਕ ਧੱਕੜ ਸਰਮਾਏਦਾਰ ਨੇ ਇਕ ਨਿਰਦੋਸ਼ ਨੌਜਵਾਨ ਦਾ ਕਤਲ ਕਰ ਦਿੱਤਾ ਤਾਂ ਮੇਰਾ ਬਾਪ ਉਸ ਮਜ਼ਲੂਮ ਦੀ ਧਿਰ ਹੀ ਨਹੀਂ ਬਣਿਆ ਸਗੋਂ ਸਾਰਾ ਇਲਾਕਾ ਇਕੱਠਾ ਕਰ ਕਾਨੂੰਨੀ ਲੜਾਈ ਲੜੀ ਤੇ ਤਦ ਤਕ ਦਮ ਨਹੀਂ ਸੀ ਲਿਆ ਜਦ ਤਕ ਹੰਕਾਰੇ ਹੋਏ ਕਾਤਲਾਂ ਨੂੰ ਜੇਲ੍ਹ ਵਿਚ ਨਾ ਡੱਕ ਦਿੱਤਾ ਗਿਆ। ਉਨੀ ਸੌ ਚੁਰਾਸੀ ਦੇ ਝੱਖੜ ਵੀ ਇਸ ਪ੍ਰਤਿਬੱਧ ਕਾਮਰੇਡ ਦੀ ਵਿਚਾਰਧਾਰਾ ਨੂੰ ਦਬਾਅ ਨਾ ਸਕੇ। ਧਾਰਮਿਕ ਜਨੂੰਨੀਆਂ ਦੀ ਕੱਟੜਤਾ ਦੇ ਖ਼ਿਲਾਫ਼ ਹਰ ਦੌਰ ਵਿਚ ਉਨ੍ਹਾਂ ਦੀ ਸੁਰ ਉੱਚੀ ਹੀ ਰਹੀ।

ਆਪ ਕੈਂਸਰ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਹੀ ਉਹ ਤਾਂ ਇਸ ਨਾਮੁਰਾਦ ਬਿਮਾਰੀ ਦੇ ਖ਼ਿਲਾਫ਼ ਲੋਕ ਚੇਤਨਾ ਪੈਦਾ ਕਰ ਰਹੇ ਸਨ। ਕੀਟਨਾਸ਼ਕ ਦਵਾਈਆਂ ਦੇ ਖ਼ਿਲਾਫ਼ ਜ਼ਹਿਰੀਲੀਆਂ ਰਸਾਇਣਕ ਖਾਦਾਂ ਦੇ ਖ਼ਿਲਾਫ਼, ਦੁਹਾਈਆਂ ਪਾਉਂਦੇ ਰਹਿੰਦੇ ਸਨ। ਪੰਜਾਬ ਦੀ ਮੁਕੱਦਸ ਧਰਤੀ 'ਤੇ ਵਹਿ ਰਹੇ ਨਸ਼ਿਆਂ ਦੇ ਦਰਿਆ ਤੋਂ ਉਹ ਚਿੰਤਤ ਸਨ। ਭਰੂਣ ਹੱਤਿਆ ਦੇ ਖ਼ਿਲਾਫ਼ ਗੂੰਜਦੀ ਉਨ੍ਹਾਂ ਦੀ ਆਵਾਜ਼ ਵਾਰ-ਵਾਰ ਮੇਰੇ ਕੰਨਾਂ ਨਾਲ ਟਕਰਾ ਰਹੀ ਹੈ। ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਆਪਣੇ ਇਲਾਕੇ 'ਚ ਨੁੱਕੜ ਨਾਟਕ ਕਰਵਾ ਲੋਕਾਂ ਦੀ ਜ਼ਮੀਰ ਨੂੰ ਜਗਾਉਣਾ ਹਰ ਸਾਲ ਉਨ੍ਹਾਂ ਦੇ ਤਰਜੀਹੀ ਕੰਮਾਂ ਵਿਚ ਸੀ। ਜਿਸ ਦੀ ਜ਼ਿੰਮੇਵਾਰੀ ਉਹ ਅਕਸਰ ਮੈਨੂੰ ਸੌਂਪਦੇ ਸਨ, ਉਸ ਇਕਲੌਤੀ ਧੀ ਨੂੰ ਜਿਸ ਦੇ ਜਨਮ 'ਤੇ ਅੱਜ ਤੋਂ ਪਚਵੰਜਾ ਸਾਲ ਪਹਿਲਾਂ ਮੇਰੇ ਅਗਾਂਹਵਧੂ ਬਾਪ ਨੇ ਲੱਡੂ ਵੰਡੇ ਸਨ। ਕਿਤਾਬਾਂ ਨਾਲ ਬੇਅੰਤ ਮੁਹੱਬਤ। ਆਪਣੀ ਨਿੱਜੀ ਲਾਇਬ੍ਰੇਰੀ ਵਿੱਚੋਂ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਕਿਤਾਬਾਂ ਪੜ੍ਹਨ ਦੀ ਚੇਟਕ ਲਾਈ ਹੋਵੇਗੀ। ਕਿਤਾਬਾਂ ਸਿਰਫ਼ ਪੜ੍ਹਦੇ ਹੀ ਨਹੀਂ ਸਨ ਕਿਤਾਬਾਂ 'ਤੇ ਦਿੱਤੇ ਨੋਟਸ ਉਨ੍ਹਾਂ ਦੇ ਪ੍ਰਤੀਕਰਮ ਦੀ ਪੁਸ਼ਟੀ ਕਰਦੇ ਹਨ। ਜੇਬ ਵਿਚ ਨਿੱਕੀ ਡਾਇਰੀ, ਪੈਨ ਅਤੇ ਗੁੱਟ 'ਤੇ ਘੜੀ ਤੋਂ ਬਿਨਾਂ ਕਦੇ ਘਰੋਂ ਬਾਹਰ ਨਹੀਂ ਸਨ ਨਿਕਲੇ। ਜੀਵ ਜੰਤੂ ਫਲਾਂ ਫੁੱਲਾਂ ਨੂੰ ਪਿਆਰਨ ਵਾਲੇ ਵਾਤਾਵਰਨ ਸ਼ੁੱਧਤਾ ਦਾ ਪਰਚਮ ਸਦਾ ਬੁਲੰਦ ਰੱਖਦੇ ਸਨ। ਉਹ ਤਾਂ ਸੋਹਣਾ ਸੁਣੱਖਾ ਸਮਾਜ ਸਿਮਰਨ ਸਿਰਜਣ ਲਈ ਧਰਮ ਦੀ ਪਾਕੀਜ਼ਗੀ ਵਾਂਗ ਜੁੱਟੇ ਹੋਏ ਸਨ। ਆਪਣੇ ਜੀਵਨ ਸੰਘਰਸ਼ ਵਿਚ ਵੱਡੀ ਤੋਂ ਵੱਡੀ ਮੁਸ਼ਕਿਲ ਵੇਲੇ ਵੀ ਕਦੇ ਘਬਰਾਏ ਨਹੀਂ। ਲੋਹੜੇ ਦੇ ਜਜ਼ਬਾਤੀ ਸਨ, ਪਰ ਹਾਲਾਤ ਤੋਂ ਨਿਰਾਸ਼, ਉਦਾਸ, ਉਪਰਾਮ, ਮੈਂ ਕਦੇ ਉਨ੍ਹਾਂ ਨੂੰ ਨਹੀਂ ਦੇਖਿਆ। ਨਿਰਛਲ, ਨਿਰਵੈਰ ਦਿਲ ਵਾਲੇ ਖ਼ਲੂਸ ਇਨਸਾਨ। ਸਰੀਰਕ ਕਸ਼ਟ ਦੌਰਾਨ ਉਨ੍ਹਾਂ ਦੀ ਸ਼ਖ਼ਸੀਅਤ ਹੋਰ ਨਿੱਖਰੀ ਜਿਵੇਂ ਸੋਨਾ ਭੱਠੀ ਵਿਚ ਪੈ ਕੇ ਹੋਰ ਲਿਸ਼ਕਦਾ ਹੈ।

ਬਾਪ ਦੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ। ਬੇਸ਼ੱਕ ਉਹ ਉੱਚੀ ਸੁੱਚੀ ਸੰਗਤ ਹੁਣ ਮੇਰਾ ਨਸੀਬ ਨਹੀਂ ਹੋਵੇਗੀ ਹਰ ਇਨਸਾਨ ਆਪਣੇ ਪਿਆਰਿਆਂ ਦੀਆਂ ਯਾਦਾਂ ਨੂੰ ਸਹੇਜਣ ਦਾ ਆਪਣੇ-ਆਪਣੇ ਢੰਗ-ਤਰੀਕਿਆਂ ਨਾਲ ਯਤਨ ਕਰਦਾ ਹੈ। ਆਪਣੇ ਸਤਿਕਾਰਤ ਪਾਪਾ ਦੀ ਅੱਖਰ-ਅੱਖਰ ਸਿਮਰਤੀ ਨੂੰ ਸਾਂਭਣ ਦਾ ਮੂਲ ਮੰਤਰ ਮੇਰੇ ਕੋਲ ਤਾਂ ਇਹੀ ਹੈ ਕਿ ਮੈਂ ਉਨ੍ਹਾਂ ਦੇ ਆਦਰਸ਼ਾਂ ਨੂੰ ਸਦਾ ਜ਼ਿੰਦਾ ਰੱਖਾਂ। ਜ਼ਿੰਦਗੀ ਪ੍ਰਤੀ ਉਨ੍ਹਾਂ ਦਾ ਫ਼ਲਸਫ਼ਾ ਕਿ ਸਿਰਫ਼ ਆਪਣੇ ਲਈ ਜੀਣਾ ਜ਼ਿੰਦਗੀ ਨਹੀ, ਜ਼ਿੰਦਗੀ ਉਹੀ ਖ਼ੂਬਸੂਰਤ ਹੈ ਜਿਸ ਦਾ ਕੋਈ ਮਕਸਦ ਹੋਵੇ ਤੇ ਉਹ ਮਕਸਦ ਲੋਕ ਭਲਾਈ ਨਾਲ ਸਬੰਧਿਤ ਹੋਵੇ, ਇਹ ਫ਼ਲਸਫ਼ਾ ਹਰ ਪੈਰ 'ਤੇ ਮੇਰਾ ਕਰਮ ਬਣੇ। ਉਨ੍ਹਾਂ ਦੀਆਂ ਇਹ ਨਸੀਹਤਾਂ ਉਨ੍ਹਾਂ ਦੀ ਦਿੱਤੀ ਜੀਵਨ ਸੇਧ ਸਦਾ ਮੇਰੇ ਦਿਲ ਵਿਚ ਧੜਕਦੀ ਰਹੇਗੀ। ਉਹ ਸਰੀਰਕ ਰੂਪ 'ਚ ਸਾਡੇ ਦਰਮਿਆਨ ਨਾ ਹੋ ਕੇ ਵੀ ਆਤਮਿਕ ਤੌਰ 'ਤੇ ਸਦਾ ਮੇਰੇ ਅੰਗ-ਸੰਗ ਰਹਿਣਗੇ। ਉਨ੍ਹਾਂ ਦੇ ਹੱਥੀਂ ਲਾਏ ਬੂਟੇ ਉਨ੍ਹਾਂ ਦੀਆਂ ਅਨਮੋਲ ਕਿਤਾਬਾਂ ਜ਼ਿੰਦਗੀ ਦੇ ਮਾਅਨਿਆਂ ਨੂੰ ਸਮਝਾਉਂਦੇ ਉਨ੍ਹਾਂ ਦੇ ਅਲਫ਼ਾਜ਼ ਤੇ ਉਨ੍ਹਾਂ ਦੀ ਜ਼ਿੰਦਗੀ ਦੇ ਸਿਧਾਂਤ ਮੇਰੀ ਰੂਹ ਨੂੰ ਸਦਾ ਸਰਸ਼ਾਰ ਕਰਦੇ ਰਹਿਣਗੇ।

- ਡਾ. ਨਵਜੋਤ

Posted By: Harjinder Sodhi