ਵਿਅੰਗਮਈ ਗੱਲਾਂ ਅਕਸਰ ਮਨ ਨੂੰ ਭਾਉਂਦੀਆਂ ਹਨ ਪ੍ਰੰਤੂ ਮਨੁੱਖ ਇਨ੍ਹਾਂ ਗੁੱਝੀਆਂ ਗੱਲਾਂ ਵਿਚ ਛਿਪੇ ਭੇਦ ਨੂੰ ਸਹਿਜੇ ਨਹੀਂ ਸਮਝਦਾ ਜਿਸ ਕਾਰਨ ਕਦੇ-ਕਦਾਈਂ ਵਿਅੰਗ ਉਸ ਦੀ ਖ਼ੁਦ ਦੀ ਸ਼ਖ਼ਸੀਅਤ ਨੂੰ ਹਾਸੋਹੀਣਾ ਬਣਾ ਦਿੰਦਾ ਹੈ ਤੇ ਉਹ ਭਰੀ ਸੱਥ ਵਿਚ ਆਪਣੀ ਆਬਰੂ ਦਾ ਦਰਦਮਈ ਲੁਤਫ ਲੁੱਟਦਾ ਦੇਖਿਆ ਜਾ ਸਕਦਾ ਹੈ। ਜਿਸ ਤਰ੍ਹਾਂ ਗੱਲਬਾਤ ਕਰਨ ਦੇ ਮਾਅਨੇ ਬਹੁਤ ਹੁੰਦੇ ਹਨ ਠੀਕ ਉਸੇ ਤਰ੍ਹਾਂ ਵਿਅੰਗਮਈ ਵਾਰਤਾਲਾਪ ਦੇ ਉਦੇਸ਼ ਵੀ ਵੱਖ-ਵੱਖ ਹੁੰਦੇ ਹਨ।

ਸਾਡੇ ਸਮਾਜ ਦੇ ਅਜੋਕੇ ਦੌਰ ਵਿਚ ਹਾਸਰਸੀ ਵਿਅੰਗ ਨੂੰ ਬਹੁਤਾ ਪਸੰਦ ਕੀਤਾ ਜਾਂਦਾ ਹੈ ਕਿਉਂਕਿ ਅਜੋਕਾ ਮਨੁੱਖ ਹੁਣ ਸੂਝਵਾਨ ਹੋਣ ਦੀ ਥਾਂ ਵਿਅੰਗਮਈ ਕਿਰਦਾਰ ਵਿਚ ਆਪਣੇ ਆਪ ਨੂੰ ਵਧੇਰੇ ਢਾਲਦਾ ਨਜ਼ਰੀਂ ਆਉਂਦਾ ਹੈ। ਵਿਅੰਗ ਕਾਰਨ ਕਈ ਵਾਰ ਸਮਾਜ ਦੀਆਂ ਪ੍ਰਸਿੱਧ ਅਤੇ ਮਾਨਯੋਗ ਸ਼ਖ਼ਸੀਅਤਾਂ ਨੂੰ ਮਜ਼ਾਕ ਦਾ ਪਾਤਰ ਵੀ ਬਣਨਾ ਪੈਂਦਾ ਹੈ। ਭੱਦਾ ਮਜ਼ਾਕ ਸੂਝਵਾਨ ਮਨੁੱਖ ਦੀ ਕਿਰਦਾਰਕੁਸ਼ੀ ਕਰਦਾ ਹੈ। ਇਸੇ ਕਿਰਦਾਰਕੁਸ਼ੀ ਦੇ ਪਾਤਰ ਸਾਡੇ ਧਾਰਮਿਕ, ਸਿਆਸੀ, ਅਤੇ ਸਮਾਜਿਕ ਅਜ਼ੀਮ ਬਣ ਰਹੇ ਹਨ। ਕਈ ਵਾਰ ਤਾਂ ਕੋਝਾ ਮਜ਼ਾਕ ਕਿਸੇ ਦੀ ਮੌਤ ਦਾ ਕਾਰਨ ਵੀ ਹੋ ਨਿਬੜਦਾ ਹੈ ਜਿਸ ਕਾਰਨ ਸਮਾਜ ਦੇ ਕਈ ਪਰਿਵਾਰਾਂ ਦਾ ਤਾਣਾ-ਬਾਣਾ ਹੀ ਸਮੇਟਿਆ ਜਾ ਚੁੱਕਾ ਹੈ। ਸਾਡੀ ਨੌਜਵਾਨ ਪੀੜ੍ਹੀ ਦੀ ਫਿਤਰਤ ਉਚੇਰਾ ਗਿਆਨ ਪ੍ਰਾਪਤ ਕਰਨ ਦੀ ਬਜਾਇ ਕੋਝਾ ਮਜ਼ਾਕ ਤੇ ਮੰਤਵਹੀਣ ਟਿੱਪਣੀਆਂ ਬਣੀਆਂ ਹੋਈਆਂ ਹਨ।

ਸੋਸ਼ਲ ਮੀਡੀਆ ਮੰਚ ਹੋਵੇ ਜਾਂ ਕੋਈ ਸਮਾਜਿਕ ਪੱਧਰ ਦਾ ਸੱਭਿਆਚਾਰਕ ਮੰਚ ਹੋਵੇ ਉੱਥੇ ਤੁਸੀਂ ਸੱਭਿਅਕ ਵਿਚਾਰ ਘੱਟ ਸੁਣੋਗੇ ਪ੍ਰੰਤੂ ਸਮਾਜ ਦੀਆਂ ਉਚੇਰੀਆਂ ਸ਼ਖ਼ਸੀਅਤਾਂ ਦਾ ਮਜ਼ਾਕ ਜਾਂ ਫਿਰ ਹਾਸੋਹੀਣੇ ਅਜਿਹੇ ਵਿਅੰਗ ਜਿਹੜੇ ਮਨੁੱਖ ਦੇ ਮਨੋਬਲ ਨੂੰ ਤੋੜਦੇ ਹੋਣ ਵਧੇਰੇ ਸੁਣਨ ਨੂੰ ਮਿਲਦੇ ਹਨ। ਵਿਅੰਗਮਈ ਗੱਲਬਾਤ ਨੂੰ ਸਿਰਫ਼ ਹਾਸੇ ਦੇ ਸਾਧਨ ਵਜੋਂ ਹੀ ਨਹੀਂ ਦੇਖਿਆ ਜਾ ਸਕਦਾ ਇਸ ਦਾ ਮੰਤਵ ਭਾਵਪੂਰਨ ਕਟਾਖਸ਼ ਵੀ ਹੋ ਸਕਦਾ ਹੈ। ਪੁਰਾਣੇ ਸਮਿਆਂ ਵਿਚ ਵਿਅੰਗ ਜਾਂ ਟੋਟਕਿਆਂ ਦਾ ਪ੍ਰਯੋਗ ਕਿਸੇ ਖ਼ਾਸ ਸਮੇਂ ਹਾਸੇ ਮਖੌਲ ਲਈ ਕੀਤਾ ਜਾਂਦਾ ਸੀ ਤੇ ਇਨ੍ਹਾਂ ਟੋਟਕਿਆਂ ਵਿਚ ਹਾਸੇ-ਠੱਠੇ, ਸਿੱਖਿਆਮੂਲਕ ਵਿਚਾਰਾਂ ਅਤੇ ਸਮਾਜ ਨੂੰ ਸੇਧ ਦੇਣ ਲਈ ਮੰਤਵਪੂਰਨ ਕਟਾਖਸ਼ ਦਾ ਪ੍ਰਭਾਵ ਹੁੰਦਾ ਸੀ। ਬਜ਼ੁਰਗਾਂ ਦੁਆਰਾ ਕੀਤਾ ਵਿਅੰਗ ਹਮੇਸ਼ਾ ਸਿੱਖਿਆਦਾਇਕ ਹੀ ਸਮਝਿਆ ਜਾਂਦਾ ਸੀ।

ਅੱਜ ਦੇ ਦੌਰ ਵਿਚ ਸਥਿਤੀ ਬਿਲਕੁਲ ਉਲਟ ਹੈ ਜੇ ਕੋਈ ਸਿਆਣਾ ਜਾਂ ਅਧੇੜ ਉਮਰ ਦਾ ਵਿਅਕਤੀ ਕਿਸੇ ਨੌਜਵਾਨ ਸ਼ਖ਼ਸ ਨੂੰ ਮਜ਼ਾਕ ਕਰਦਾ ਹੈ ਤਾਂ ਇਸ ਦੇ ਪ੍ਰਤੀਕਰਮ ਵਜੋਂ ਨੌਜਵਾਨ ਆਪਣਾ ਗੁੱਸਾ ਪ੍ਰਗਟਾਉਂਦੇ ਹਨ ਕਿ ਉਨ੍ਹਾਂ ਨੂੰ ਅਜਿਹੀ ਟਿੱਪਣੀ ਕਿਉਂ ਕੀਤੀ ਗਈ ਹੈ ਤੇ ਉਹ ਸਿਆਣੇ ਵਿਅਕਤੀ ਨਾਲ ਲੜਨ ਤਕ ਵੀ ਪਹੁੰਚ ਜਾਂਦੇ ਹਨ ਜਦਕਿ ਅਜਿਹਾ ਹੀ ਮਜ਼ਾਕ ਜੇ ਉਨ੍ਹਾਂ ਦਾ ਕੋਈ ਹਮਉਮਰ ਸਾਥੀ ਕਰੇ ਤਾਂ ਉਹ ਇਸ ਨੂੰ ਅਣਗੌਲਿਆਂ ਕਰ ਦਿੰਦੇ ਹਨ। ਇਸ ਤੋਂ ਸਪਸ਼ਟ ਹੈ ਕਿ ਨੌਜਵਾਨ ਅੱਜ ਵੀ ਸਿਆਣੇ ਵਿਅਕਤੀ ਦੀ ਗੱਲ ਜਰਨ ਦਾ ਜੇਰਾ ਨਹੀਂ ਰੱਖਦੇ। ਉਨ੍ਹਾਂ ਨੇ ਸਹਿਣਸ਼ੀਲਤਾ ਦਾ ਘਾਣ ਵੀ ਇਸ ਕਦਰ ਕਰ ਲਿਆ ਹੈ ਕਿ ਜਿਹੜੀ ਕਿਸੇ ਸਿਆਣੇ ਦੀ ਗੱਲ ਸੁਣਨ ਦੀ ਬਜਾਇ ਬੁਜ਼ਦਿਲਾਂ ਦੇ ਕੋਝੇ ਮਜ਼ਾਕ ਦਾ ਲੁਤਫ਼ ਵਧੇਰੇ ਲੈਂਦੀ ਹੈ।

ਸੋਸ਼ਲ ਮੀਡੀਏ ਦੇ ਸਾਧਨਾਂ ਅਤੇ ਹੋਰ ਇਲੈਕਟ੍ਰੌਨਿਕ ਮਨੋਰੰਜਕ ਸਾਧਨ ਜਿਵੇਂ ਟੈਲੀਵਿਜ਼ਨ, ਰੇਡੀਓ ਆਦਿ ਉੱਪਰ ਚਲਦੇ ਪ੍ਰੋਗਰਾਮ ਵੀ ਅਕਸਰ ਸਾਨੂੰ ਮੰਤਵਹੀਣ ਮਜ਼ਾਕ ਵਿਅੰਗ ਹੀ ਪਰੋਸੇ ਦੇਖੇ ਜਾ ਸਕਦੇ ਹਨ। ਰਿਐਲਟੀ ਸ਼ੋਆਂ ਵਿਚ ਵਿਅੰਗ ਤੇ ਮਜ਼ਾਕ ਮਜ਼ੇਦਾਰ ਟੋਟਕਿਆਂ ਦੇ ਰੂਪ ਵਿਚ ਅਜੋਕੀ ਪੀੜ੍ਹੀ ਲਈ ਆਨੰਦ ਪ੍ਰਾਪਤ ਕਰਨ ਦਾ ਸਾਧਨ ਬਣ ਰਹੇ ਹਨ।

ਵਪਾਰੀ ਵਰਗ ਅਜਿਹੇ ਸ਼ੋਅਜ਼ ਤੋਂ ਲੱਖਾਂ ਰੁਪਏ ਕਮਾ ਰਿਹਾ ਹੈ ਜਿਸ ਤੋਂ ਇਹ ਪਤਾ ਚੱਲਦਾ ਹੈ ਕਿ ਲੋਕ ਬੇਵਕੂਫ ਬਣਨ ਲਈ ਅਤੇ ਆਪਣੀ ਹੀ ਸ਼ਖ਼ਸੀਅਤ ਦਾ ਮਜ਼ਾਕ ਉੱਡਦਾ ਦੇਖਣ ਲਈ ਵੀ ਪੈਸਾ ਖ਼ਰਚ ਕਰ ਸਕਦੇ ਹਨ। ਲੋੜ ਹੈ ਵਿਅੰਗ ਨੂੰ ਸਿੱਖਿਆਮੂਲਕ ਮੁਹਾਵਰਿਆਂ ਅਤੇ ਅਖੌਤਾਂ ਵਜੋਂ ਵਰਤਣ ਦੀ। ਸੋ ਇਹ ਤਬਦੀਲੀ ਸਾਡੀ ਸੋਚ ਦੀ ਤਸਵੀਰ ਬਦਲਣ ਨਾਲ ਹੀ ਆ ਸਕਦਾ ਹੈ। ਇਸ ਬਾਰੇ ਸਾਨੂੰ ਬਹੁਤ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।

- ਗੁਰਪ੍ਰੀਤ ਸਿੰਘ

98881-40052

Posted By: Harjinder Sodhi