ਇਹ ਗੱਲ ਤਾਂ ਤਕਰੀਬਨ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਦੁੱਖ ਤੇ ਸੁੱਖ ਸਿੱਕੇ ਦੇ ਦੋ ਪਾਸੇ ਹੁੰਦੇ ਹਨ। ਜੇ ਵੇਖਿਆ ਜਾਵੇ ਤਾਂ ਜ਼ਿੰਦਗੀ ਵਿਚ ਇਨ੍ਹਾਂ ਦੋਵਾਂ ਦਾ ਬਹੁਤ ਵੱਡਾ ਮਹੱਤਵ ਹੈ। ਇਨ੍ਹਾਂ ਬਿਨਾਂ ਜ਼ਿੰਦਗੀ ਅਧੂਰੀ ਹੈ। ਲੇਕਿਨ ਸੁੱਖ ਹਰ ਕੋਈ ਚਾਹੁੰਦਾ ਅਤੇ ਦੁੱਖਾਂ ਤੋਂ ਅਸੀਂ ਸਾਰੇ ਭੱਜਦੇ ਹਾਂ। ਪਰ ਜੇ ਜ਼ਿੰਦਗੀ ਵਿਚ ਦੁੱਖ ਨਾ ਹੁੰਦੇ ਤਾਂ ਸ਼ਾਇਦ ਬੰਦੇ ਨੂੰ ਐਨੀ ਅਕਲ ਨਾ ਆਉਂਦੀ। ਜਿਵੇਂ ਕਹਿੰਦੇ ਹੁੰਦੇ ਨੇ ਕਿ ਅਕਲ ਬਦਾਮ ਖਾਣ ਨਾਲ ਨਹੀਂ ਠੋਕਰਾਂ ਖਾਣ ਨਾਲ ਆਉਂਦੀ ਹੈ। ਦੁੱਖਾਂ ਵਿੱਚੋਂ ਹੀ ਮਹਾਨ ਵਿਅਕਤੀ ਜਨਮ ਲੈਂਦੇ ਹਨ। ਹਰ ਇਨਸਾਨ ਨੂੰ ਚਾਹੀਦਾ ਹੈ ਕਿ ਜਦੋਂ ਵੀ ਜ਼ਿੰਦਗੀ 'ਚ ਕੋਈ ਦੁੱਖ ਆਵੇ ਤਾਂ ਕਦੇ ਘਬਰਾਵੇ ਨਾ। ਸਗੋਂ ਇਨ੍ਹਾਂ ਦਾ ਡੱਟਕੇ ਮੁਕਾਬਲਾ ਕਰੇ। ਜਿਵੇਂ ਫੁੱਲ ਮੁਰਝਾ ਕੇ ਨਵੇਂ ਖਿੜਦੇ ਹਨ ਅਤੇ ਪੱਤੇ ਝੜ ਕੇ ਨਵੇਂ ਆਉਂਦੇ ਹਨ। ਠੀਕ ਉਸੇ ਤਰ੍ਹਾਂ ਦੁੱਖਾਂ ਪਿੱਛੋਂ ਸੁੱਖਾਂ ਦਾ ਆਉਣਾ ਨਿਸ਼ਚਿਤ ਹੈ।

ਹਰ ਬੰਦੇ ਦੀ ਜ਼ਿੰਦਗੀ ਵਿਚ ਇਕ ਅਜਿਹਾ ਦੌਰ ਜ਼ਰੂਰ ਆਉਂਦਾ ਹੈ। ਜਿਸ ਵਿਚ ਉਹ ਬਹੁਤ ਜ਼ਿਆਦਾ ਸੁਖੀ ਅਤੇ ਕਦੇ ਬਹੁਤ ਦੁਖੀ ਹੁੰਦਾ ਹੈ। ਸੁੱਖਾਂ ਵਿਚ ਤਾਂ ਸਭ ਰਿਸਤੇਦਾਰ ਸਾਕ ਸਬੰਧੀ,ਦੋਸਤ ਮਿੱਤਰ ਬਹੁਤ ਨੇੜੇ ਹੁੰਦੇ ਹਨ। ਜਦੋਂ ਬੰਦਾ ਦੁੱਖਾਂ ਵਿਚ ਘਿਰ ਜਾਂਦਾ ਉਹੀ ਰਿਸ਼ਤੇਦਾਰ,ਦੋਸਤ,ਮਿੱਤਰ ਭੱਜ ਜਾਂਦੇ ਨੇ। ਜਿਹੜੀਆਂ ਬਾਹਾਂ ਭੱਜ ਕੇ ਗਲੇ ਮਿਲਦੀਆਂ ਸੀ ਉਹ ਵੀ ਦੂਰ ਭੱਜਦੀਆਂ ਵਿਖਾਈ ਦਿੰਦੀਆਂ ਨੇ। ਸੋ ਅਜਿਹੇ ਸਮੇਂ ਵਿਚ ਇਨਸਾਨ ਨੂੰ ਨਿਰਾਸ਼ ਜਾਂ ਡੋਲਣਾ ਨਹੀਂ ਚਾਹੀਦਾ ਸਗੋਂ ਅੱਗੇ ਹੋ ਕੇ ਦੁੱਖਾਂ ਦਾ ਸਾਹਮਣਾ ਕਰਨਾ ਚਾਹੀਦਾ। ਕਿਉਂਕਿ ਇੱਥੋਂ ਹੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ। ਦੁੱਖਾਂ ਵਿੱਚੋਂ ਪੈਂਦਾ ਹੋਈ ਨਿਰਾਸਤਾ ਜਾਂ ਚਿੰਤਾ ਇਨਸਾਨ ਨੂੰ ਘੁਣ ਵਾਂਗ ਖਾ ਜਾਂਦੀ ਹੈ। ਬੰਦਾ ਬਸ ਦਿਨ ਰਾਤ ਇਹੀ ਸੋਚਦਾ ਰਹਿੰਦਾ ਕਿ ਰੱਬ ਨੇ ਸਾਰੀ ਦੁਨੀਆ ਦੇ ਦੁੱਖ ਮੈਨੂੰ ਹੀ ਦੇ ਦਿੱਤੇ। ਬਾਕੀ ਤਾਂ ਸਭ ਸੁਖੀ ਹਨ ਤੇ ਇਕੱਲਾ ਮੈਂ ਹੀ ਦੁਖੀ ਹਾਂ। ਇਹੀ ਚਿੰਤਾ ਉਸ ਨੂੰ ਇਕ ਦਿਨ ਮਰਨ ਕਨਾਰੇ ਲੈ ਜਾਂਦੀ ਹੈ। ਉਸ ਨੂੰ ਇਹ ਨਹੀਂ ਪਤਾ ਕਿ ਸਾਰੀ ਦੁਨੀਆ ਦਾ ਇਹੀ ਹਾਲ ਹੈ ਭਰਾਵਾ। ਸਭ ਅਜਿਹੇ ਹਾਲਾਤ 'ਚੋਂ ਨਿਕਲ ਕੇ ਜਾਂਦੇ ਹਨ।

ਜੇ ਮਨੁੱਖ ਇਹ ਮਨ ਬਣਾ ਲਏ ਕਿ ਜਦੋਂ ਵੀ ਦੁੱਖ ਮੇਰੇ ਹਿੱਸਾ ਆਇਆ ਉਹ ਉਸ ਤੋਂ ਭੱਜੇਗਾ ਨਹੀਂ ਉਸ ਨਾਲ ਲੜੇਗਾ। ਇਹ ਹਿੰਮਤ ਉਸਨੂੰ ਹੋਰ ਬਲ ਦੇ ਕੇ ਆਸ਼ਾਵਾਦੀ ਬਣਾਏਗੀ। ਨਿਰਾਸ਼ਾਵਾਦੀ ਇਨਸਾਨ ਜ਼ਿੰਦਗੀ ਵਿਚ ਕਦੇ ਸਫਲ ਨਹੀਂ ਹੁੰਦੇ ਅਤੇ ਨਾ ਹੀ ਕਿਸੇ ਮੁਕਾਮ 'ਤੇ ਪਹੁੰਚ ਸਕਦੇ ਹਨ। ਕਈ ਮਨੁੱਖ ਸੋਚਦੇ ਹਨ ਕਿ ਦੁਨੀਆ ਵਿਚ ਹਰ ਰੋਗ ਦਾ ਇਲਾਜ ਹੈ। ਪਰ ਦੁੱਖਾਂ ਦਾ ਕੋਈ ਇਲਾਜ ਨਹੀਂ ਇਹ ਲਾਇਲਾਜ ਹੈ। ਨਹੀਂ ਜੀ ਨਹੀਂ ਇਹ ਗ਼ਲਤ ਸੋਚ ਹੈ। ਦੁੱਖਾਂ ਦਾ ਇਲਾਜ ਵੀ ਹੈ। ਕੀ ਹੈ ? ਦੁੱਖਾਂ ਤੋਂ ਦੂਰ ਨਾ ਭੱਜਣਾ ਇਨ੍ਹਾਂ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣਾ। ਦੁੱਖ ਨੂੰ ਸੁੱਖ ਵਿਚ ਵੇਖਣਾ। ਨਿਰਾਸ਼ਾ ਦਾ ਪੱਲਾ ਛੱਡ ਕੇ ਆਸ ਦਾ ਪੱਲਾ ਫੜਨਾ ਹੀ ਦੁੱਖਾਂ ਦਾ ਇਲਾਜ ਹੈ।

ਦੁੱਖ ਅਤੇ ਸੁੱਖ ਦੋਵੇਂ ਹਾਣੋ-ਹਾਣੀ ਨੇ। ਦੁੱਖਾਂ ਪਿੱਛੋਂ ਸੁੱਖਾਂ ਦਾ ਜਾਂ ਸੁੱਖਾਂ ਪਿੱਛੋਂ ਦੁੱਖਾਂ ਦਾ ਆਉਣਾ ਜ਼ਿੰਦਗੀ ਦਾ ਦਸਤੂਰ ਹੈ। ਇਕ ਗੱਲ ਯਾਦ ਰੱਖਿਓ ਦੁੱਖਾਂ ਪਿੱਛੋਂ ਆਇਆ ਸੁੱਖ ਮਨ ਨੂੰ ਬਹੁਤ ਜ਼ਿਆਦਾ ਖ਼ੁਸ਼ੀ ਤੇ ਸ਼ਾਂਤੀ ਦਿੰਦਾ ਹੈ। ਜ਼ਿੰਦਗੀ ਫੁੱਲਾਂ ਦੀ ਤਰ੍ਹਾਂ ਖਿੜ ਉੱਠਦੀ ਹੈ। ਲੇਕਿਨ ਦੁੱਖਾਂ ਵਿੱਚੋਂ ਸੁੱਖਾਂ ਨੂੰ ਲੱਭਣ ਲਈ ਸਾਨੂੰ ਸ਼ਕਤੀ ਆਪਣੇ ਅੰਦਰੋਂ ਹੀ ਪੈਦਾ ਕਰਨੀ ਪਵੇਗੀ। ਫੇਰ ਜ਼ਿੰਦਗੀ ਵਿਚ ਆਉਣ ਵਾਲੀ ਹਰ ਮੁਸ਼ਕਿਲ ਨੂੰ ਹਰਾ ਕੇ ਬੰਦਾ ਆਪਣੀ ਮੰਜ਼ਿਲ ਉੱਪਰ ਜਾ ਪਹੁੰਚਦਾ ਹੈ।

ਸੋ ਅੰਤ ਵਿਚ ਮੈਂ ਇਹੀ ਕਹਾਂਗਾ ਕਿ ਜ਼ਿੰਦਗੀ ਸੁੱਖਾਂ ਦਾ ਸਾਗਰ ਅਤੇ ਦੁੱਖਾਂ ਦਾ ਭਵਸਾਗਰ ਹੁੰਦੀ ਹੈ। ਇਸ ਕਰਕੇ ਕਦੇ ਵੀ ਆਪਣੇ ਆਪ ਨੂੰ ਨਿਰਾਸ਼ਾਵਾਦੀ ਨਾ ਬਣਨ ਦਿਓ। ਹਮੇਸ਼ਾ ਆਸ਼ਾਵਾਦੀ ਬਣ ਕੇ ਜੀਵੋ। ਫੇਰ ਤੁਹਾਨੂੰ ਦੁੱਖਾਂ ਦਾ ਭਵਸਾਗਰ ਵੀ ਡੁਬੋ ਨਹੀਂ ਸਕੇਗਾ। ਗੁਰਬਾਣੀ ਦੁੱਖ ਨੂੰ ਦਾਰੂ ਮੰਨਦੀ ਹੈ। ਅਜਿਹੀ ਸੋਚ ਰੱਖਣਾ ਹੀ ਜ਼ਿੰਦਦਿਲੀ ਹੈ।

- ਗੁਰਵਿੰਦਰ ਗੋਸਲ

97796-96042

Posted By: Harjinder Sodhi