ਜ਼ਿੰਦਗੀ ਇਕ ਅਜੀਬ ਪਹੇਲੀ ਹੈ। ਇਹ ਪਾਣੀ ਦੇ ਬੁਲਬੁਲੇ ਦੀ ਤਰ੍ਹਾਂ ਹੈ, ਜੋ ਪਤਾ ਨਹੀਂ ਕਦੋਂ ਮਿਟ ਜਾਵੇ। ਇਸ ਦਾ ਸਾਰ, ਇਸ ਦੀ ਵਿਉਂਤਬੱਧਤਾ, ਇਸ ਦੀ ਸਮਝ ਕਿਸੇ ਨੂੰ ਨਹੀਂ ਆਈ। ਕਿਸੇ ਲਈ ਜ਼ਿੰਦਗੀ ਫੁੱਲਾਂ ਦੀ ਸੇਜ ਬਣ ਜਾਂਦੀ ਹੈ ਤੇ ਕਿਸੇ ਲਈ ਕੰਡਿਆਂ ਭਰਿਆ ਸਫ਼ਰ। ਪਰ ਜ਼ਿੰਦਗੀ ਵਿਚ ਇਕ ਲੈਅ ਹੋਣਾ, ਇਕ ਮੰਜ਼ਿਲ ਹੋਣਾ, ਜ਼ਿੰਦਗੀ 'ਚ ਰੋਚਿਕਤਾ ਹੋਣਾ ਜ਼ਿੰਦਗੀ ਜਿਊਣ ਦੇ ਲਈ ਬਹੁਤ ਹੀ ਜ਼ਰੂਰੀ ਹੈ।

ਜ਼ਿੰਦਗੀ ਵਿਚ ਉਤਸ਼ਾਹ, ਉਮੰਗ, ਤਰੋਤਾਜ਼ਗੀ, ਭਾਵਨਾਵਾਂ, ਅਹਿਸਾਸ, ਕੋਮਲਤਾ ਤੇ ਸਕਾਰਾਤਮਕਤਾ ਜ਼ਿੰਦਗੀ ਨੂੰ ਖ਼ੁਸ਼ਨੁਮਾ ਬਣਾ ਛੱਡਦੇ ਹਨ। ਇਹ ਤਦ ਹੀ ਸੰਭਵ ਹੈ ਜੇ ਜ਼ਿੰਦਗੀ 'ਚ 'ਪਿਆਰ' ਨੂੰ ਥਾਂ ਦਿੱਤੀ ਜਾਵੇ। ਪਿਆਰ ਵੰਡਿਆ ਜਾਵੇ, ਪਿਆਰ ਦਾ ਅਹਿਸਾਸ ਜਗਾਇਆ ਜਾਵੇ, ਕਿਸੇ ਨੂੰ ਪਿਆਰ ਕੀਤਾ ਜਾਵੇ । ਪਿਆਰ ਅਜਿਹੀ ਸਥਿਤੀ ਹੈ ਜੋ ਤਿਆਗ ਵੱਲ ਲੈ ਜਾਂਦੀ ਹੈ। ਤਿਆਗ ਤੋਂ ਸੇਵਾ, ਸੇਵਾ ਤੋਂ ਸਮਰਪਣ, ਸਮਰਪਣ ਤੋਂ ਸਾਦਗੀ, ਸਾਦਗੀ ਤੋਂ ਖ਼ੁਸ਼ੀ ਤੇ ਖ਼ੁਸ਼ੀ ਤੋਂ ਅਲੌਕਿਕ ਅਨੰਦ ਦੀ ਅਨੁਭੂਤੀ ਹੁੰਦੀ ਹੈ।

ਇਹ ਸਭ ਕੁਝ ਕੇਵਲ ਤੇ ਕੇਵਲ ਪਿਆਰ 'ਤੇ ਨਿਰਭਰ। ਪਿਆਰ ਹੈ ਤਾਂ ਜ਼ਿੰਦਗੀ ਹੈ, ਪਿਆਰ ਹੈ ਤਾਂ ਭਾਵਨਾਵਾਂ ਹਨ, ਪਿਆਰ ਹੈ ਤਾਂ ਅਹਿਸਾਸ ਹੈ, ਪਿਆਰ ਹੈ ਤਾਂ ਸਕਾਰਾਤਮਕਤਾ ਹੈ। ਪਿਆਰ ਜ਼ਿੰਦਗੀ ਦਾ ਹੈ ਆਧਾਰ। ਇਹ ਆਸਾਂ -ਉਮੀਦਾਂ ਦੀ ਖਾਨ ਹੈ। ਪਿਆਰ ਹਿੰਸਾ ਦੀ ਅਣਹੋਂਦ ਹੈ।

ਪਿਆਰ ਦੀ ਸਥਿਤੀ ਵਿਅਕਤੀ ਨੂੰ ਉਸ ਦੇ ਉੱਚ ਵਿਅਕਤੀਤਵ ਤਕ ਪਹੁੰਚਾ ਦਿੰਦੀ ਹੈ ਤੇ ਪਰਮੇਸ਼ਰ ਦੇ ਨਾਲ ਜੋੜਨ ਦਾ ਰਾਹ ਪੱਧਰਾ ਕਰ ਦਿੰਦੀ ਹੈ। ਪਿਆਰ ਕਿਸੇ ਵੀ ਪ੍ਰਾਣੀ , ਵਿਅਕਤੀ ਜੀਵ -ਜੰਤੂ , ਦਰੱਖ਼ਤ , ਸਥਾਨ ਤੇ ਸਥਿਤੀ ਨਾਲ ਹੋ ਸਕਦਾ ਹੈ। ਖ਼ੁਦਾਈ-ਪਿਆਰ ਤਕ ਪਹੁੰਚਣ ਲਈ ਮਨੁੱਖ ਨੂੰ ਜ਼ਿੰਦਗੀ ਵਿਚ ਪਿਆਰ ਜ਼ਰੂਰ ਚਾਹੀਦਾ ਹੈ । ਪਿਆਰ ਇਕ ਅਜਿਹੀ ਭਾਵਨਾ ਹੈ, ਜੋ ਪਿਆਰ ਕਰਨ ਵਾਲੇ ਦੇ ਮਨ ਵਿਚ ਅਦਭੁੱਤ ਉਮੰਗ, ਤਰੰਗ, ਆਨੰਦ, ਖੇੜਾ, ਜੋਸ਼, ਉਤਸ਼ਾਹ ਭਰ ਦਿੰਦਾ ਹੈ ।

'ਜ਼ਿੰਦਗੀ ਵਿਚ ਕਿਸੇ ਨੂੰ

ਜ਼ਰੂਰ ਕਰੋ ਪਿਆਰ,

ਜਾਵੇਗੀ ਨੀਰਸਤਾ ਤੇ ਆਵੇਗੀ ਬਹਾਰ,

ਕਰੋਗੇ ਜੇ ਪਿਆਰ ਦਾ ਅਹਿਸਾਸ,

ਜਿਉਣ ਲਈ ਪੈਦਾ ਹੁੰਦੀ ਹੈ ਆਸ ,

ਕਰੋ ਪਿਆਰ, ਦਿਓ ਪਿਆਰ,

ਲਓ ਪਿਆਰ,

ਜੀਵਨ ਹੋ ਜਾਵੇਗਾ ਖੁਸ਼ਗਵਾਰ ,

ਪਿਆਰ, ਪਿਆਰ, ਪਿਆਰ,

ਜ਼ਿੰਦਗੀ ਜਿਊਣ ਦਾ ਆਧਾਰ।'

- ਸੰਜੀਵ ਧਰਮਾਣੀ

9478561356

Posted By: Harjinder Sodhi