ਕੁਦਰਤ ਬਹੁਤ ਸਾਰੇ ਤੋਹਫ਼ੇ ਦੇ ਕੇ ਸਾਨੂੰ ਦੁਨੀਆ ਵਿਚ ਭੇਜਦੀ ਹੈ। ਉਨ੍ਹਾਂ ਤੋਹਫ਼ਿਆਂ ਵਿੱਚੋਂ ਇਕ ਮੁਸਕਰਾਹਟ ਵੀ ਹੈ। ਮੁਸਕਰਾਉਂਦੇ ਚਿਹਰੇ ਦੂਸਰਿਆਂ ਨੂੰ ਵੀ ਖ਼ੁਸ਼ ਕਰ ਦਿੰਦੇ ਹਨ। ਜਿਨ੍ਹਾਂ ਦੇ ਮੂੰਹ ’ਤੇ ਗੁੱਸਾ ਅਤੇ ਆਪਣੇ ਆਪਨੂੰ ਕੁਝ ਸਮਝਣ ਦੇ ਹਾਵ ਭਾਵ ਹੋਣ ਲੋਕ ਉਨ੍ਹਾਂ ਨੂੰ ਪਸੰਦ ਵੀ ਨਹੀਂ ਕਰਦੇ। ਜਦੋਂ ਅਸੀਂ ਮੁਸਕਰਾਉਂਦੇ ਹਾਂ ਤਾਂ ਸਾਡੇ ਚਿਹਰੇ ਦੀਆਂ ਮਾਸਪੇਸ਼ੀਆਂ ਦੀ ਕਸਰਤ ਹੋ ਜਾਂਦੀ ਹੈ। ਜਿਹੜੇ ਮੁਸਕਰਾਉਂਦੇ ਰਹਿੰਦੇ ਹਨ ਅਤੇ ਦਿਲੋਂ ਹੱਸਦੇ ਹਨ, ਉਨ੍ਹਾਂ ਦੇ ਚਿਹਰੇ ’ਤੇ ਝੁਰੜੀਆਂ ਜਲਦੀ ਨਹੀਂ ਪੈਂਦੀਆਂ। ਬਿਮਾਰੀਆਂ ਵੀ ਘੱਟ ਲੱਗਦੀਆਂ ਹਨ। ਜਿਨ੍ਹਾਂ ਨੂੰ ਦੂਸਰਿਆਂ ਦੀਆਂ ਘਟੀਆ ਗੱਲਾਂ ਸੁਣ ਮੁਸਕਰਾਉਣ ਦਾ ਵਲ ਆ ਗਿਆ, ਉਸ ਦਾ ਹਿਸਾਬ ਕਿਤਾਬ ਕੁਦਰਤ ਆਪ ਕਰਨ ਲੱਗ ਜਾਂਦੀ ਹੈ। ਜਿਨ੍ਹਾਂ ਨੂੰ ਸੜੂੰ ਸੜੂੰ ਕਰਨ ਦੀ ਆਦਤ ਹੋਵੇ, ਹਰ ਵੇਲੇ ਵੱਖੀਉਂ ਬੋਲਣ ਦੀ ਆਦਤ ਹੋਵੇ, ਉਸਨੂੰ ਤਾਂ ਆਪਣੀ ਮੁਸਕਰਾਹਟ ਨਾਲ ਹੀ ਜਵਾਬ ਦੇਣਾ ਬਿਹਤਰ ਰਹਿੰਦਾ ਹੈ। ਆਪਣੀ ਮੁਸਕਰਾਹਟ ਨੂੰ ਦੂਸਰੇ ਕਰਕੇ ਖ਼ਤਮ ਨਾ ਕਰੋ। ਸੜੀਅਲ ਸੁਭਾਅ ਵਾਲੇ ਦਾ ਆਪਣਾ ਸੁਭਾਅ ਅਤੇ ਸੋਚ ਹੈ।

ਜਿਹੜੇ ਘਰ ਵਿਚ ਮੁਸਕਰਾਹਟ ਵਾਲੇ ਜੀਅ ਹੋਣ, ਉੱਥੇ ਖ਼ੁਸ਼ੀਆਂ ਖੇੜੇ ਆਪਣੇ ਆਪ ਹੀ ਆਉਂਦੇ ਹਨ। ਉੱਥੇ ਦਾ ਮਾਹੌਲ ਸੁਖਾਵਾਂ ਹੁੰਦਾ ਹੈ। ਜਿੱਥੇ ਹਰ ਵੇਲੇ ਨੁਕਤਾਚੀਨੀ ਹੁੰਦੀ ਰਹੇ, ਉੱਥੇ ਬਹੁਤ ਕੁੱਝ ਰੁੱਸ ਜਾਂਦਾ ਹੈ। ਇਕ ਮੁਸਕਰਾਉਂਦਾ ਚਿਹਰਾ ਆਪਣੇ ਆਲੇ_ਦੁਆਲੇ ਤੀਆਂ ਵਰਗੀਆਂ ਖ਼ੁਸ਼ੀਆਂ ਖਿਲਾਰਦਾ ਹੈ। ਜਦੋਂ ਕਿ ਸੀਨੀਅਸ, ਉਦਾਸ, ਮੂੰਹ ਲਮਕਾ ਚਿਹਰੇ ਵਾਲਾ ਵਿਅਕਤੀ ਵਿਆਕੁਲ ਕਰਨ ਵਾਲੀ ਚੁੱਪ ਦਾ ਮਾਹੌਲ ਹੀ ਪੈਦਾ ਕਰਦਾ ਹੈ। ਅਸੀਂ ਆਪ ਵੀ ਸਾਰਿਆਂ ਨੇ ਅਨੁਭਵ ਕੀਤਾ ਹੋਏਗਾ ਕਿ ਜਿਹੜਾ ਹਰ ਵੇਲੇ ਮੱਥੇ ’ਤੇ ਤਿਊੜੀਆਂ ਪਾਈ ਰੱਖੇ ਅਤੇ ਸੜਿਆ ਜਿਹਾ ਮੂੰਹ ਬਣਾਕੇ ਗੱਲ ਕਰੇ, ਉਸਦਾ ਗੱਲ ਕਰਨ ਦਾ ਢੰਗ ਵੀ ਸੜਿਆ ਜਿਹਾ ਹੀ ਹੋਏਗਾ। ਉਸਦੇ ਮੂੰਹ ਵਿੱਚੋਂ ਨਿਕਲੇ ਸ਼ਬਦਾਂ ਦਾ ਲਹਿਜਾ ਵੀ ਰੁੱਖਾ ਜਿਹਾ ਹੋਏਗਾ। ਅਸੀਂ ਵੀ ਉਸ ਤੋਂ ਪਾਸਾ ਵੱਟ ਲੈਂਦੇ ਹਾਂ। ਮੁਸਕਰਾ ਕੇ ਗੱਲ ਕਰਨ ਨਾਲ ਦੂਸਰੇ ਵੀ ਖ਼ੁਸ਼ੀ-ਖ਼ੁਸ਼ੀ ਤੁਹਾਡੀ ਗੱਲ ਸੁਣ ਲੈਂਦੇ ਹਨ। ਮੁਸਕਰਾਉਂਦੇ ਚਿਹਰੇ ਬਿਗਾਨਿਆਂ ਨੂੰ ਵੀ ਆਪਣਾ ਬਣਾ ਲੈਂਦੇ ਹਨ। ਕੁਦਰਤ ਨੇ ਸਾਨੂੰ ਬਹੁਤ ਵਧੀਆ ਤੋਹਫ਼ਾ ਦਿੱਤਾ ਹੈ। ਮੁਸਕਰਾਉਂਦੇ ਰਹੋ ਅਤੇ ਦੂਸਰਿਆਂ ਨੂੰ ਮੁਸਕਰਾਹਟ ਵੰਡਦੇ ਰਹੋ।

ਜਿਹੜੇ ਘਰਾਂ ਵਿਚ ਮੁਸਕਰਾਹਟ ਬਿਖਰਦੀ ਹੈ, ਉਨ੍ਹਾਂ ਘਰਾਂ ਵਿਚ ਰਹਿਣ ਵਾਲਿਆਂ ਨੂੰ ਕੰਮ ਕਰਨ ਦੀ ਐਨਰਜੀ ਮਿਲਦੀ ਰਹਿੰਦੀ ਹੈ। ਥਕਾਵਟ ਵੀ ਘੱਟ ਮਹਿਸੂਸ ਹੁੰਦੀ ਹੈ। ਸਰੀਰ ਤੰਦਰੁਸਤ ਅਤੇ ਸਿਹਤਮੰਦ ਰਹਿੰਦਾ ਹੈ। ਕਿੰਨੀ ਵਧੀਆ ਸਤਰ ਹੈ,“ਮੁਸਕਰਾਹਟ ਤੁਹਾਡਾ ਸੁਹੱਪਣ ਨਿਖਾਰਨ ਦਾ ਸਭ ਤੋਂ ਸੌਖਾ ਤਰੀਕਾ ਹੈ।’’ ਜਦੋਂ ਅਸੀਂ ਮੁਸਕਰਾਉਣ ਨਾਲ ਖ਼ੂਬਸੂਰਤ ਰਹਿ ਸਕਦੇ ਹਾਂ ਤਾਂ ਸਾਨੂੰ ਬਨਾਵਟੀ ਖ਼ੂਬਸੂਰਤ ਲੱਗਣ ਵਾਲੇ ਝਮੇਲੇ ਵੀ ਨਹੀਂ ਕਰਨੇ ਪੈਂਦੇ। ਜਿੱਥੇ ਹਾਸੇ ਅਤੇ ਮੁਸਕਾਨਾਂ ਹੋਣ ਉੱਥੇ ਤਰੱਕੀ ਅਤੇ ਖ਼ੁਸ਼ਹਾਲੀ ਹੁੰਦੀ ਹੈ। ਸਿਆਣਿਆਂ ਨੇ ਕਿਹਾ ਹੈ,“ਕਲਾ ਕਲੇਸ਼ ਵੱਸੇ, ਘੜਿਓਂ ਪਾਣੀ ਨੱਸੇ।’’ ਬਿਊਟੀਸ਼ੀਅਨ ਕੋਲ ਹਜ਼ਾਰਾਂ ਰੁਪਏ ਖ਼ਰਚ ਕੇ ਕੁਝ ਘੰਟਿਆਂ ਦੀ ਖ਼ੂਬਸੂਰਤੀ ਕਿਸੇ ਕੰਮ ਦੀ ਨਹੀਂ। ਕੁਦਰਤ ਨੇ ਸਾਨੂੰ ਖ਼ੂਬਸੂਰਤ ਰਹਿਣ ਲਈ ਕਈ ਤੋਹਫ਼ੇ ਦਿੱਤੇ ਹਨ। ਮੁਸਕਰਾਉਂਦੇ ਰਹੋ ਅਤੇ ਦੂਸਰਿਆਂ ਨੂੰ ਵੀ ਮੁਸਕਰਾਹਟ ਦੇਵੋ। ਕਹਿੰਦੇ ਨੇ ਗੁਲਾਬ ਵੇਚਣ ਵਾਲੇ ਦੇ ਹੱਥਾਂ ਵਿੱਚੋਂ ਗੁਲਾਬ ਦੀ ਖ਼ੁਸ਼ਬੂ ਆਉਣ ਲੱਗ ਜਾਂਦੀ ਹੈ।

- ਪ੍ਰਭਜੋਤ ਕੌਰ ਢਿੱਲੋਂ

Posted By: Harjinder Sodhi