ਰਿਸ਼ਤਾ ਚਾਹੇ ਕੋਈ ਵੀ ਹੋਵੇ ਉਸ ਦੀ ਬੁਨਿਆਦ ਸਿਰਫ਼ ਤੇ ਸਿਰਫ਼ ਇਮਾਨਦਾਰੀ ’ਤੇ ਖੜ੍ਹੀ ਹੁੰਦੀ ਹੈ। ਜਦੋਂ ਕਿਤੇ ਇਮਾਨਦਾਰੀ ਦੀ ਨੀਂਹ ਹਿੱਲ ਜਾਵੇ ਤਾਂ ਉਸ ਨੀਹ ’ਤੇ ਖੜ੍ਹਾ ਰਿਸ਼ਤਾ ਵੀ ਲੜਖੜਾਉਣ ਲੱਗ ਜਾਂਦਾ ਹੈ। ਜਦੋਂ ਅਸੀਂ ਰਿਸ਼ਤਿਆਂ ਵਿੱਚ ਦਿਖਾਵੇ ਵਾਲੀਆਂ ਕੋਝੀਆਂ ਹਰਕਤਾਂ ਕਰਨ ਲੱਗ ਜਾਂਦੇ ਹਾਂ ਤਾਂ ਉਸ ਰਿਸ਼ਤੇ ਦੇ ਟਿਕਣ ਦੀ ਕੋਈ ਉਮੀਦ ਵੀ ਨਹੀਂ ਹੁੰਦੀ। ਓਹ ਰਿਸ਼ਤਾ ਟਿਕ ਵੀ ਕਿਵੇਂ ਸਕਦਾ ਹੈ ਜਿਸ ਦੀ ਨੀਂਹ ਵਿਸ਼ਵਾਸ ਹੀ ਟੁੱਟ ਗਿਆ ਹੋਵੇ।

ਹਰ ਰੋਜ਼ ਆਮ ਹੀ ਇਹੋ ਜਿਹੇ ਬੇਬੁਨਿਆਦੀ ਰਿਸ਼ਤਿਆਂ ਦੀਆਂ ਤਰੇੜਾਂ ਨੂੰ ਦੇਖਿਆ ਜਾ ਸਕਦਾ ਹੈ। ਕਈ ਰਿਸ਼ਤੇ ਤਾਂ ਸਿਰਫ਼ ਲੋਕਦਿਖਾਵੇ ਦੇ ਬਣ ਕੇ ਹੀ ਰਹਿ ਗਏ ਹਨ। ਉਹ ਅੰਦਰੋਂ ਘੁਣ ਦੇ ਖਾਧੇ ਹੁੰਦੇ ਹਨ। ਲੋਕਾਂ ਨੂੰ ਵੀ ਹੌਲੀ-ਹੌਲੀ ਆਪੇ ਪਤਾ ਲੱਗ ਜਾਂਦਾ ਹੈ ਕਿ ਇਸ ਰਿਸ਼ਤੇ ਦੀ ਬੁਨਿਆਦ ਹੀ ਨਹੀਂ। ਬਸ ਲੋਕ ਲੋਕਾਂ ਨੂੰ ਦਿਖਾਉਣ ਲਈ ਇੱਕ ਝੂਠਾ ਜਿਹਾ ਰਿਸ਼ਤਾ ਬਣਾ ਕੇ ਰੱਖਦੇ ਹਨ, ਕਿ ਚਲੋ ਜਦੋਂ ਕਦੇ ਲੋੜ ਪਈ ਤਾਂ ਇਸ ਨੂੰ ਵੀ ਵਰਤ ਲਵਾਂਗੇ। ਉਹ ਵੀ ਆਪਣੇ ਥਾਂ ਸੱਚੇ ਹਨ ਲੋੜ ਤਾਂ ਕਈ ਵਾਰ ਗਲੀ ਦੇ ਕੁੱਤੇ ਤਕ ਪੈ ਜਾਂਦੀ ਹੈ। ਜਿਸ ਨੂੰ ਐਵੇਂ ਅਵਾਰਾ ਜਿਹਾ ਸਮਝਦੇ ਸੀ ਉਸ ਨੇ ਪਤਾ ਨਹੀਂ ਕਿੰਨੇ ਘਰਾਂ ਦੀ ਲੁੱਟ ਬਚਾ ਦਿੱਤੀ। ਜਦੋਂ ਬਾਹਰ ਗਲੀ ਵਿੱਚ ਕੋਈ ਹਲਚਲ ਹੁੰਦੀ ਹੈ ਓਹ ਸੁੱਕੀਆਂ ਖਾਧੀਆਂ ਰੋਟੀਆਂ ਦਾ ਫ਼ਰਜ਼ ਜ਼ਰੂਰ ਨਿਭਾਉਂਦਾ ਹੈ।

ਹੁਣ ਇਹ ਇਨਸਾਨੀ ਰਿਸ਼ਤਿਆਂ ਨੂੰ ਬਚਾਇਆ ਵੀ ਕਿਵੇਂ ਜਾ ਸਕਦਾ ਹੈ, ਜਿਹੜੇ ਅੰਦਰੋਂ ਖੋਖਲੇ ਹੋ ਕੇ ਰਹਿ ਗਏ ਹਨ। ਕਈ ਤਾਂ ਇਹੋ ਜਿਹੇ ਬੇਸ਼ਰਮ ਵੀ ਦੇਖੇ ਜਾਂਦੇ ਹਨ ਉਨ੍ਹਾਂ ਨੂੰ ਪਤਾ ਹੁੰਦਾ ਕਿ ਮੇਰਾ ਤਾਂ ਜਲੂਸ ਨਿੱਕਲ ਰਿਹਾ ਪਰ ਉਹ ਵਿਚਾਰੇ ਤਰਸ ਦੇ ਪਾਤਰ ਫਟਿਆ ਜਿਹਾ ਰਿਸ਼ਤਾ ਆਪਣੇ ਮੋਢਿਆਂ ’ਤੇ ਲਾਸ਼ ਵਾਂਗ ਢੋਈ ਜਾਂਦੇ ਹਨ। ਕੀ ਕਰਨ ਵਿਚਾਰੇ ਐਡਵਾਂਸ ਹੋਣ ਵਾਲਾ ਸਰੀਆ ਧੌਣ ਵਿੱਚ ਫਸਾਈ ਫਿਰਦੇ ਨੇ। ਇਹੋ ਜਿਹੇ ਲੋਕ ਜ਼ਿੰਦਗੀ ਨੂੰ ਧੱਕਾ ਹੀ ਇਨ੍ਹਾਂ ਦੇ ਅਸਲੀ ਰਿਸ਼ਤੇ ਘੁਣ ਲੱਗੀ ਕਣਕ ਵਰਗੇ ਹੁੰਦੇ ਹਨ। ਜਿਸ ਨੂੰ ਛੱਟਣ ’ਤੇ ਹੇਠਾਂ ਬਣਿਆ ਸੁਸਰੀਆਂ ਵਾਲਾ ਆਟਾ ਹੀ ਸਿਰ ਵਿੱਚ ਪੈਂਦਾ ਹੈ। ਇਹੋ ਜਿਹੇ ਲੋਕਾਂ ਕੋਲੋਂ ਆਪਣੇ ਰਿਸ਼ਤੇ ਤਾਂ ਸੰਭਾਲੇ ਨਹੀਂ ਜਾਂਦੇ, ਪਰ ਕੇ ਕੋਈ ਸਰਕਾਰੀ ਅਫ਼ਸਰ ਨਾਲ ਥੋੜ੍ਹੀ ਜਿਹੀ ਨੇੜਤਾ ਹੋਵੇ ਜਾਂ ਕੋਈ ਅਸਰ ਰਸੂਖ ਵਾਲਾ ਬੰਦਾ ਮਿਲ ਜਾਵੇ ਉਸ ਨੂੰ ਫੁੱਫੜ ਵੀ ਮਿੰਟਾਂ ਵਿੱਚ ਬਣਾ ਲੈਂਦੇ ਹਨ। ਪੁਰਾਣੇ ਸਮਿਆਂ ਵਿੱਚ ਇਹੋ ਜਿਹੇ ਬਨਾਉਟੀ ਰਿਸ਼ਤੇ ਨਹੀਂ ਸਨ ਹੁੰਦੇ ਅਤੇ ਨਾ ਕੋਈ ਰਿਸ਼ਤੇ ਦਾ ਨਾਮ ਬਦਨਾਮ ਕਰਦਾ ਸੀ। ਰਿਸ਼ਤੇ ਹੁੰਦੇ ਸਨ ਪੱਕੇ ਇੱਟ ਵਰਗੇ ਲੋਕ ਆਪਣੇ ਚਾਚਿਆਂ ਤਾਇਆਂ ਦੀ ਤਾਂ ਕੀ ਦੂਰ ਦੀ ਰਿਸ਼ਤੇਦਾਰੀ ਦੀ ਵੀ ਪਰਵਾਹ ਕਰਦੇ ਸਨ ਪਰ ਅੱਜ ਦੇ ਇਨ੍ਹਾਂ ਫਟੇ ਹੋਏ ਰਿਸ਼ਤਿਆ ਦੀ ਤਰ੍ਹਾਂ ਮਾੜੀ ਜਿਹੀ ਖਿੱਚ ਪੈਣ ’ਤੇ ਲੀਰਾਂ ਨਹੀਂ ਬਣਦੇ ਸੀ।

ਜੇ ਹਾਲਾਤ ਇਹੀ ਰਹੇ ਤਾਂ ਅੱਗੋਂ ਹੋਰ ਵੀ ਫਟੇ ਪੁਰਾਣੇ ਰਿਸ਼ਤੇ ਦੇਖਣ ਨੂੰ ਮਿਲ ਸਕਦੇ ਹਨ। ਜੇ ਸਮਾਂ ਰਹਿੰਦੇ ਰਿਸ਼ਤਿਆਂ ਦੀ ਕਦਰ ਨਾ ਕੀਤੀ ਗਈ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਇਹ ਜਮਾਂ ਹੀ ਹੱਥੋਂ ਨਿਕਲ ਜਾਣਗੇ। ਫੇਰ ਪਛਤਾਵੇ ਦੇ ਸਿਵਾਏ ਕੁਛ ਵੀ ਹੱਥ ਨਹੀਂ ਹੋਣਾ। ਕਿਉਂਕਿ ਨਾ ਤਾਂ ਅਸੀਂ ਬਾਹਰਲੇ ਮੁਲਕਾਂ ਵਿੱਚ ਪੈਦਾ ਹੋਏ ਹਾਂ ਅਤੇ ਨਾ ਹੀ ਅਜੇ ਇਸ ਦੇਸ਼ ਦਾ ਸੱਭਿਆਚਾਰ ਬਾਹਰਲੇ ਮੁਲਕਾਂ ਵਰਗਾ ਹੋ ਸਕਦਾ ਹੈ। ਸੋ ਕੋਸ਼ਿਸ਼ ਇਹ ਹੋਵੇ ਕਿ ਅਸੀਂ ਐਡਵਾਂਸ ਤਾਂ ਹੋ ਜਾਈਏ ਪਰ ਸਾਡੇ ਪੈਰ ਜ਼ਮੀਨ ’ਤੇ ਹੀ ਰਹਿਣ ਤਾਂ ਕਿ ਸਾਡੇ ਨਾਲ ਜੁੜੇ ਸਾਡੇ ਲੋਕ ਸਾਡੇ ਭੈਣ ਭਰਾ ਪਹਿਲਾਂ ਵਾਂਗ ਹੀ ਸਾਡੇ ਨਾਲ ਸੰਪਰਕ ਵਿੱਚ ਰਹਿਣ ਅਤੇ ਰਿਸ਼ਤੇ ਨਿਭਾਉਂਦੇ ਰਹਿਣ। ਅਸੀਂ ਉਨ੍ਹਾਂ ਉਪਰ ਅਤੇ ਉਹ ਸਾਡੇ ਉੱਪਰ ਮਾਣ ਜਿਹਾ ਮਹਿਸੂਸ ਕਰਨ।

- ਧਰਮਿੰਦਰ ਸਿੰਘ ਮੁੱਲਾਂਪੁਰੀ

Posted By: Harjinder Sodhi