ਕਿਸੇ ਵੀ ਇਨਸਾਨ ਦੇ ਵਿਅਕਤਿਤਵ ਦੇ ਨਿਖ਼ਾਰ ਅਤੇ ਸੁਨਹਿਰੇ ਭਵਿੱਖ ਦੀ ਉਸਾਰੀ ਵਿਚ ਉਸਦੇ ਪਰਿਵਾਰ ਦੀ ਵਿਰਾਸਤ, ਵਾਤਾਵਰਨ ਅਤੇ ਜਿਹੋ ਜਹੇ ਹਾਲਾਤ ਵਿਚ ਉਹ ਵਿਚਰ ਰਿਹਾ ਹੁੰਦਾ ਹੈ, ਉਸਦਾ ਗਹਿਰਾ ਪ੍ਰਭਾਵ ਪੈਂਦਾ ਹੈ। ਉਸ ਪ੍ਰਭਾਵ ਦੇ ਕਰਕੇ ਹੀ ਉਹ ਵਿਅਕਤੀ ਸਮਾਜ ਵਿਚ ਆਪਣਾ ਸਥਾਨ ਬਣਾਉਂਦਾ ਹੈ। ਅਮਰੀਕਾ ਦੀਆਂ ਤਿੰਨ ਨਵੰਬਰ 2020 ਨੂੰ ਹੋਈਆਂ ਜਨਰਲ ਚੋਣਾਂ ਵਿਚ ਪਹਿਲੀ ਅਮਰੀਕੀ ਸਿਆਹਫਾਮ ਤੇ ਦੱਖਣ ਏਸ਼ੀਆਈ ਮੂਲ ਦੀ ਇਸਤਰੀ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਮਾਈਕ ਪੈਂਸ ਨੂੰ ਹਰਾ ਕੇ ਉਪ ਰਾਸ਼ਟਰਪਤੀ ਬਣਨ ਅਤੇ ਉਸਦੇ ਵਿਅਕਤਿਤਵ ਦੇ ਉਭਰਨ ਵਿਚ ਇਹ ਤਿੰਨੋ ਗੱਲਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਕਮਲਾ ਹੈਰਿਸ ਦੇ ਪਰਿਵਾਰ ਦੀ ਵਿਰਾਸਤ ਨਾਨਾ ਅਤੇ ਨਾਨੀ ਦੋਵੇਂ ਸੁਤੰਤਰਤਾ ਸੰਗਰਾਮੀ, ਉਸਦੇ ਮਾਤਾ ਪਿਤਾ ਅਮਰੀਕਾ ਵਰਗੇ ਦੇਸ਼ ਵਿਚ ਸਿਆਹਫਾਮ ਲੋਕਾਂ ਦੇ ਮਨੁੱਖੀ ਹੱਕਾਂ ਲਈ ਕੰਮ ਕਰਨ ਵਾਲੇ, ਉਸਦਾ ਪਾਲਣ ਪੋਸ਼ਣ ਆਜ਼ਾਦ ਖਿਆਲਾਤ ਵਾਲੇ ਵਾਤਵਰਨ ਅਤੇ ਉਚ ਪੜ੍ਹਾਈ ਸਮੇਂ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦੀ ਜਥੇਬੰਦੀ ਵਿਚ ਕੰਮ ਕਰਨ ਕਰਕੇ ਨੇਤਾਗਿਰੀ ਨੂੰ ਪ੍ਰਫੁਲਤ ਹੋਣ ਦਾ ਮੌਕਾ ਮਿਲਦਾ ਰਿਹਾ। ਜਿਸ ਤਰ੍ਹਾਂ ਸੰਸਾਰ ਵਿਚ ਭਾਰਤੀ ਆਪਣੀਆਂ ਸਿਆਸੀ ਜਿੱਤਾਂ ਦੇ ਝੰਡੇ ਗੱਡੀ ਜਾ ਰਹੇ ਹਨ, ਉਸੇ ਲੜੀ ਵਿਚ ਕਮਲਾ ਦੇਵੀ ਹੈਰਿਸ ਭਾਰਤੀ ਮੂਲ ਦੀ ਪਹਿਲੀ ਇਸਤਰੀ ਹੈ, ਜਿਹੜੀ ਅਮਰੀਕਾ ਦੀ ਉਪ ਰਾਸ਼ਟਰਪਤੀ ਬਣੀ ਹੈ। ਇਸ ਤੋਂ ਪਹਿਲਾਂ ਕੋਈ ਅਮਰੀਕਨ ਇਸਤਰੀ ਵੀ ਇਸ ਅਹੁਦੇ ਤੱਕ ਨਹੀਂ ਪਹੁੰਚ ਸਕੀ ਸੀ। ਉਹ 20 ਜਨਵਰੀ ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕ ਰਹੀ ਹੈ। ਕਮਲਾ ਦੇਵੀ ਹੈਰਿਸ ਦੇ ਨਾਨਾ ਪੀ ਵੀ ਗੋਪਾਲਨ ਅਤੇ ਨਾਨੀ ਰਾਜਮ ਗੋਪਾਲਨ ਦੋਵੇਂ ਭਾਰਤ ਵਿਚ ਸੁਤੰਤਰਤਾ ਸੰਗਰਾਮੀਏ ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਦੇ ਸਨ। ਸਿਆਸਤ ਦੀ ਗੁੜ੍ਹਤੀ ਕਮਲਾ ਹੈਰਿਸ ਨੂੰ ਆਪਣੇ ਨਾਨਾ ਅਤੇ ਨਾਨੀ ਦੀ ਪ੍ਰੇਰਨਾ ਨਾਲ ਹੀ ਮਿਲੀ ਸੀ। ਉਨ੍ਹਾਂ ਦੇ ਨਾਨਾ ਪੀ ਵੀ ਗੋਪਾਲਨ ਭਾਰਤ ਦੀ ਆਜ਼ਾਦੀ ਤੋਂ ਬਾਅਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੇ ਦੇ ਦਫਤਰ ਵਿਚ ਸੰਯੁਕਤ ਸਕੱਤਰ ਦੇ ਤੌਰ ਤੇ ਕੰਮ ਕਰਦੇ ਰਹੇ ਸਨ। ਅਮਰੀਕਾ ਵਿਚ ਕਮਲਾ ਹੈਰਿਸ ਦੀ ਮਾਤਾ ਅਤੇ ਪਿਤਾ ਵੀ ਦੋਵੇਂ ਹੀ ਕਾਲੇ ਲੋਕਾਂ ਦੇ ਹੱਕਾਂ ਲਈ ਜਦੋਜਹਿਦ ਕਰਦੇ ਰਹੇ ਹਨ। ਲਿਖਣ ਤੋਂ ਭਾਵ ਸਿਆਸਤ ਕਮਲਾ ਹੈਰਿਸ ਦੇ ਖ਼ੂਨ ੍ਯਵਚ ਹੈ।

ਕਮਲਾ ਹੈਰਿਸ ਦਾ ਨਾਨਕਾ ਪਿੰਡ ਉਸਦੇ ਨਾਨਾ ਦੇ ਪਿੰਡ ਦੇ ਨਾਲ ਲਗਦਾ ਪਾਇੰਗਾਨਾਇਡੂ ਸੀ। ਉਨ੍ਹਾਂ ਦੇ ਨਾਨਾ ਨਾਨੀ ਦਿੱਲੀ ਵਿਚ ਆ ਕੇ ਵਸ ਗਏ ਸਨ। ਕਮਲਾ ਹੈਰਿਸ ਦੀ ਮਾਂ ਸ਼ਿਆਮਾਲਾ ਗੋਪਾਲਨ 1958 ਵਿਚ 19 ਸਾਲ ਦੀ ਉਮਰ ਵਿਚ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਵਿਚ ਨਿਊਟਰੀਸ਼ਨ ਦੀ ਪੜ੍ਹਾਈ ਕਰਨ ਲਈ ਆਏ ਸਨ। ਉਨ੍ਹਾਂ ਦਿਨਾ ਵਿਚ ਕੋਈ ਟਾਵਾਂ ਟਾਵਾਂ ਭਾਰਤੀ ਹੀ ਅਮਰੀਕਾ ਪੜ੍ਹਨ ਲਈ ਆਉਂਦਾ ਸੀ। ਯੂਨੀਵਰਸਿਟੀ ਵਿਚ ਸਿਆਹਫਾਮ ਵਿਦਿਆਰਥੀ ਹਫਤੇ ਵਿਚ ਇਕ ਦਿਨ ਆਪਣੀਆਂ ਸਮੱਸਿਆਵਾਂ ਅਤੇ ਹੱਕਾਂ ਲਈ ਆਪਸ ਵਿਚ ਮਿਲਕੇ ਵਿਚਾਰ ਵਟਾਂਦਰਾ ਕਰਦੇ ਸਨ। ਡੌਨਾਲਡ ਜੇ ਹੈਰਿਸ ਜਮਾਇਕਾ ਤੋਂ ਪੜ੍ਹਨ ਲਈ ਆਇਆ ਹੋਇਆ ਸੀ। ਸ਼ਿਅਮਾਲਾ ਗੋਪਾਲਨ ਦੇ ਭਾਸ਼ਣ ਤੋਂ ਡੌਨਲਡ ਜੇ ਹੈਰਿਸ ਪ੍ਰਭਾਵਤ ਹੋ ਗਏ। ਉਸ ਤੋਂ ਬਾਅਦ ਉਨ੍ਹਾਂ ਦਾ ਪਿਆਰ ਵਿਆਹ ਪੜ੍ਹਾਈ ਦੌਰਾਨ ਹੀ ਹੋ ਗਿਆ। ਪੜ੍ਹਾਈ ਕਰਕੇ ਸ਼ਿਆਮਾਲਾ ਨੇ ਇਸਤਰੀਆਂ ਦੀ ਛਾਤੀ ਦੇ ਕੈਂਸਰ ਦੇ ਵਿਸ਼ੇ ’ਤੇ 1964 ਵਿਚ ਪੀ ਐੱਚ ਡੀ ਕਰਕੇ ਸਾਇੰਟਿਸਟ ਬਣ ਗਏ। ਉਨ੍ਹਾਂ ਦੇ ਦੋ ਲੜਕੀਆਂ ਕਮਲਾ ਦੇਵੀ ਹੈਰਿਸ ਅਤੇ ਮਾਇਆ ਦੇਵੀ ਹੈਰਿਸ ਪੈਦਾ ਹੋਈਆਂ। ਸਿਆਮਲਾ ਗੋਪਾਲਨ ਹੈਰਿਸ ਦਾ ਪਤੀ ਸਟੈਂਡਫੋਰਡ ਯੂਨੀਵਰਸਿਟੀ ਵਿਚ ਪ੍ਰੋਫੈਸਰ ਲੱਗ ਗਿਆ ਪ੍ਰੰਤੂ ਸ਼ਿਆਮਲਾ ਉਥੇ ਜਾਣਾ ਨਹੀਂ ਚਾਹੁੰਦੇ ਸਨ। ਫਿਰ ਇਸੇ ਤਕਰਾਰਬਾਜ਼ੀ ਵਿਚ ਉਨ੍ਹਾਂ ਦਾ ਤਲਾਕ ਹੋ ਗਿਆ। ਸ਼ਿਆਮਾਲਾ ਦਾ ਆਪਣੇ ਪਤੀ ਡੌਨਾਲਡ ਜੇ ਹੈਰਿਸ ਨਾਲੋਂ ਤਲਾਕ ਉਦੋਂ ਹੋ ਗਿਆ ਜਦੋਂ ਕਮਲਾ ਅਜੇ 7 ਸਾਲ ਦੇ ਸਨ। ਅਮਰੀਕਾ ਵਰਗੇ ਦੇਸ਼ ਵਿਚ ਇਕੱਲੀ ਇਸਤਰੀ ਨੂੰ ਪਰਦੇਸ ਵਿਚ, ਜਿੱਥੇ ਉਨ੍ਹਾਂ ਨੂੰ ਕੋਈ ਬਹੁਤਾ ਜਾਣਦਾ ਵੀ ਨਾ ਹੋਵੇ, ਲਈ ਬੱਚਿਆਂ ਦੇ ਪਾਲਣ ਪੋਸ਼ਣ ਦੀ ਸਮੱਸਿਆ ਖੜ੍ਹੀ ਹੋ ਗਈ। ਸ਼ਿਆਮਾਲਾ ਨੇ ਸਖਤ ਮਿਹਨਤ ਕਰਕੇ ਦਲੇਰੀ ਨਾਲ ਆਪਣੀਆਂ ਦੋਵੇਂ ਲੜਕੀਆਂ ਦੀ ਪਾਲਣ ਪੋਸ਼ਣ ਕੀਤੀ ਅਤੇ ਪੜ੍ਹਾਇਆ। ਕਮਲਾ ਹੈਰਿਸ ਨੇ ਮਾਂ ਬਾਪ ਦੇ ਤਲਾਕ ਤੋਂ ਬਾਅਦ ਵੀ ਆਪਣੇ ਪਿਤਾ ਨਾਲ ਆਪਣੇ ਸੰਬੰਧ ਬਰਕਰਾਰ ਰੱਖੇ। ਕਮਲਾ ਹੈਰਿਸ ਆਪਣੇ ਨਾਨਾ ਤੋਂ ਬਹੁਤ ਪ੍ਰਭਾਵਤ ਸਨ, ਜਿਨ੍ਹਾਂ ਨੇ ਉਨ੍ਹਾਂ ਦੀ ਮਾਂ ਨੂੰ ਅਮਰੀਕਾ ਵਿਚ ਪੜ੍ਹਨ ਲਈ ਭੇਜਣ ਦਾ ਪ੍ਰਬੰਧ ਕੀਤਾ ਸੀ। ਇਸ ਲਈ ਉਹ ਬਚਪਨ ਤੋਂ ਹੀ ਆਪਣੇ ਨਾਨਾ ਦੇ ਪਦ ਚਿੰਨਾਂ ਤੇ ਚਲਣ ਦੀ ਇੱਛਾ ਰਖਦੀ ਸੀ। ਕਮਲਾ ਹੈਰਿਸ ਦੀ ਮਾਤਾ ਕਿਉਂਕਿ ਮਨੁੱਖੀ ਹੱਕਾਂ ਲਈ ਕੰਮ ਕਰਦੀ ਸੀ। ਇਸ ਲਈ ਬੱਚਿਆਂ ਤੇ ਪ੍ਰਭਾਵ ਪੈਣਾ ਕੁਦਰਤੀ ਸੀ। ਕਮਲਾ ਹੈਰਿਸ ਨੇ ਆਪਣੀ ਮਾਂ ਦੀ ਤਰ੍ਹਾਂ ਪੜ੍ਹਾਈ ਦੌਰਾਨ ਹੀ ਵਿਦਿਆਰਥੀ ਜਥੇਬੰਦੀ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਸਭ ਤੋਂ ਪਹਿਲਾਂ ਸਿਆਹਫਾਮ ਵਿਦਿਆਰਥੀਆਂ ਨੂੰ ਲਾਮਬੰਦ ਕੀਤਾ। ਕਮਲਾ ਹੈਰਿਸ ਦਾ ਵਿਆਹ ਵੀ ਉਨ੍ਹਾਂ ਦੀ ਮਾਤਾ ਦੀ ਤਰ੍ਹਾਂ ਬਹੁਤੀ ਦੇਰ ਨਾ ਚਲਿਆ । ਉਨ੍ਹਾਂ ਦੇ ਦੋ ਬੱਚੇ ਕੋਲ ਐਮਹੌਫ ਅਤੇ ਈਲਾ ਹਨ। ਫਿਰ ਉਨ੍ਹਾਂ 2014 ਵਿਚ ਦੁਬਾਰਾ ਡੌਗਲਸ ਐਮਹਾਫ ਨਾਲ ਵਿਆਹ ਕਰਵਾ ਲਿਆ।

ਕਮਲਾ ਹੈਰਿਸ ਦਾ ਜਨਮ 20 ਅਕਤੂਬਰ 1964 ਕੈਲੇਫੋਰਨੀਆਂ ਦੇ ਓਕਲੈਂਡ ਵਿਚ ਹੋਇਆ। ਉਨ੍ਹਾਂ ਨੇ ਹਾਈ ਸਕੂਲ ਤੱਕ ਦੀ ਪੜ੍ਹਾਈ ਸੇਂਟ ਵੈਸਟ ਮਾਊਂਟ ਹਾਈ ਸਕੂਲ ਵਿਚੋਂ 1981 ਵਿਚ ਮੁਕੰਮਲ ਕਰ ਲਈ। ਉਸਤੋਂ ਬਾਅਦ ਹਾਵਰਡ ਯੂਨੀਵਰਸਿਟੀ ਵਿਚੋਂ ਅੰਡਰ ਗ੍ਰੈਜੂਏਸ਼ਨ 1986 ਵਿਚ ਪਾਸ ਕੀਤੀ। ਗ੍ਰੈਜੂਏਸ਼ਨ ਕਰਨ ਤੋਂ ਬਾਅਦ ਯੂਨੀਵਰਸਿਟੀ ਆਫ ਦਾ ਕੈਲੇਫੋਰਨੀਆਂ ਦੇ ਹਾਸਟਿੰਗ ਕਾਲਜ ਆਫ ਲਾਅ ਵਿਚ ਦਾਖਲਾ ਲੈ ਲਿਆ ਅਤੇ 1989 ਵਿਚ ਲਾਅ ਦੀ ਡਿਗਰੀ ਪ੍ਰਾਪਤ ਕੀਤੀ। ਉਹ ਯੂਨੀਵਰਸਿਟੀ ਵਿਚ ਬਲੈਕ ਲਾਅ ਸਟੂਡੈਂਟਸ ਐਸੋਸੀਏਸ਼ਨ ਦੀ ਪ੍ਰਧਾਨ ਵੀ ਰਹੇ ਹਨ। ਡੈਮੋਕਰੈਟਿਕ ਪਾਰਟੀ ਵਿਚ ਉਹ ਪਹਿਲਾਂ ਹੀ ਸਰਗਰਮੀ ਨਾਲ ਜੁੜੇ ਹੋਏ ਸਨ। 1990 ਵਿਚ ਕਮਲਾ ਹੈਰਿਸ ਕੈਲੇਫੋਰਨੀਆ ਦੀ ਬਾਰ ਦੀ ਮੈਂਬਰ ਬਣ ਗਈ। ਲਾਅ ਦੀ ਡਿਗਰੀ ਕਰਨ ਤੋਂ ਬਾਅਦ ਪਹਿਲਾਂ ਉਨ੍ਹਾਂ ਅਲਾਮਡਾ ਕਾਊਂਟੀ ਦੀ ਜਿਲ੍ਹਾ ਅਟਾਰਨੀ ਦੇ ਤੌਰ ਤੇ ਕੰਮ ਕੀਤਾ। 2003 ਵਿਚ ਸਨਫਰਾਂਸਿਸਕੋ ਦੇ ਜ਼ਿਲ੍ਹਾ ਅਟਾਰਨੀ ਬਣ ਗਏ ਜਿੱਥੇ ਦੋ ਟਰਮਾਂ ਕੰਮ ਕਰਦੇ ਰਹੇ। ਜਦੋਂ ਉਨ੍ਹਾਂ ਦਾ ਕਾਨੂੰਨ ਦੇ ਖੇਤਰ ਵਿਚ ਨਾਮ ਬਣ ਗਿਆ ਤਾਂ ਉਹ 2010 ਵਿਚ ਕੈਲੇਫੋਰਨੀਆਂ ਦੇ ਅਟਾਰਨੀ ਚੁਣੇ ਗਏ। ਅਮਰੀਕਾ ਦੇ ਇਤਿਹਾਸ ਵਿਚ ਪਹਿਲੀ ਇਸਤਰੀ ਉਹ ਵੀ ਸਿਆਹਫਾਮ ਉਪ ਰਾਸ਼ਟਰਪਤੀ ਬਣਨ ਵਾਲੀ ਕਮਲਾ ਹੈਰਿਸ ਹੈ।

3 ਨਵੰਬਰ 2020 ’ਚ ਹੋਈਆਂ ਚੋਣਾਂ ਵਿਚ 18 ਭਾਰਤੀ ਮੂਲ ਦੇ ਅਮਰੀਕਨ ਸੈਨਟ ਅਤੇ ਪ੍ਰਤੀਨਿਧੀ ਸਭਾ ਲਈ ਚੁਣੇ ਗਏ ਹਨ, ਜਿਨ੍ਹਾਂ ਵਿਚ ਦੋ ਭਾਰਤੀ ਮੂਲ ਦੀਆਂ ਇਸਤਰੀਆਂ ਪ੍ਰੋਮਿਲਾ ਜੈਪਾਲ ਅਤੇ ਹੀਰਲ ਤਿ੍ਰਪਨਾਨ ਹਨ। ਭਾਰਤੀਆਂ ਲਈ ਮਾਣ ਦੀ ਗੱਲ ਹੈ ਕਿ ਉਨ੍ਹਾਂ ਦੇ ਦੇਸ਼ ਦੀ ਮੂਲ ਨਿਵਾਸੀ ਮਹਿਲਾ ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਅਮਰੀਕਾ ਦੀ ਉਪ ਰਾਸ਼ਟਰਪਤੀ ਚੁਣੀ ਗਈ ਹੈ।

ਇੰਜ ਹੋਈ ਚੋਣ

ਕਮਲਾ ਹੈਰਿਸ 2016 ਵਿਚ ਪਹਿਲੀ ਵਾਰੀ ਕੈਲੇਫੋਰਨੀਆਂ ਤੋਂ ਸੈਨੇਟਰ ਚੁਣੀ ਗਈ ਸੀ। ਉਹ ਸੈਨਟ ਦੀਆਂ ਬਹੁਤ ਸਾਰੀਆਂ ਮਹੱਤਵਪੂਰਨ ਕਮੇਟੀਆਂ ਦੀ ਮੈਂਬਰ ਰਹੀ ਹੈ। ਸੈਨਟ ਦੀ ਮੈਂਬਰ ਬਣਨ ਵਾਲੀ ਉਹ ਦੂਜੀ ਸਿਆਹਫਾਮ ਇਸਤਰੀ ਹੈ। ਉਨ੍ਹਾਂ ਨੇ ਰਾਸ਼ਟਰਪਤੀ ਦੀ ਚੋਣ ਲੜਨ ਲਈ ਡੈਮੋਕਰੈਟਿਕ ਪਾਰਟੀ ’ਚ ਨਾਮਜ਼ਦਗੀ ਲਈ ਦਾਅਵਾ ਪੇਸ਼ ਕੀਤਾ ਸੀ ਪ੍ਰੰਤੂ ਪਾਰਟੀ ਦਾ ਬਹੁਮਤ ਜੋਅ ਬਾਇਡਨ ਨਾਲ ਹੋਣ ਦੇ ਖਦਸ਼ੇ ਕਰਕੇ ਉਨ੍ਹਾਂ ਪ੍ਰਾਇਮਰੀ ਵਿਚੋਂ ਹੀ ਆਪਣਾ ਨਾਮ ਵਾਪਸ ਲੈ ਲਿਆ। ਟਰੰਪ ਪ੍ਰਸ਼ਾਸਨ ਦੌਰਾਨ ਕਾਲੇ ਲੋਕਾਂ ਤੇ ਕੀਤੇ ਜਾਂਦੇ ਅਤਿਆਚਾਰਾਂ ਕਰਕੇ ਸਿਆਹਫਾਮ ਸਮੁਦਾਏ ਦੇਸ਼ ਵਿਚ ਮੁਜ਼ਾਹਰੇ ਕਰ ਰਹੇ ਸਨ। ਇਸ ਮੌਕੇ ਨੂੰ ਭਾਂਪਦਿਆਂ ਜੋਅ ਬਾਇਡਨ ਨੇ ਸਿਆਣਪ ਤੋਂ ਕੰਮ ਲੈਂਦਿਆਂ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਲਈ ਨਾਮਜ਼ਦ ਕਰ ਦਿੱਤਾ ।

- ਉਜਾਗਰ ਸਿੰਘ

Posted By: Harjinder Sodhi