ਇਸ ਵਿਚ ਕੋਈ ਸ਼ੱਕ ਨਹੀਂ ਕਿ ਮਨੁੱਖ ਜਾਂ ਕੋਈ ਵੀ ਜਾਨਦਾਰ ਪ੍ਰਾਣੀ ਮੌਤ ਤੋਂ ਬਹੁਤ ਡਰਦਾ ਹੈ। ਮੌਤ ਦਾ ਡਰ ਮਰਨ ਨਾਲੋਂ ਵੀ ਖ਼ੌਫ਼ਨਾਕ ਹੁੰਦਾ ਹੈ। ਮੌਤ ਹੋਣ ਨਾਲ ਤਾਂ ਸਾਰਾ ਸਿਆਪਾ ਖ਼ਤਮ ਹੋ ਜਾਂਦਾ ਹੈ, ਪਰ ਮੌਤ ਆ ਨਾ ਜਾਵੇ, ਇਹ ਡਰ ਮੌਤ ਹੋਣ ਤਕ ਮਾਰਦਾ ਰਹਿੰਦਾ ਹੈ। ਇਸ ਦੀ ਪੁਸ਼ਟੀ ਮਿਰਜ਼ਾ ਗ਼ਾਲਿਬ ਦੀ ਗ਼ਜ਼ਲ ਦਾ ਇਕ ਮਿਸਰਾ ਕਰਦਾ ਹੈ-

ਮੁਝੇ ਕਿਆ ਬੁਰਾ ਮਰਨਾ

ਅਗਰ ਏਕ ਬਾਰ ਹੋਤਾ।

ਮੌਤ ਦੇ ਡਰ ਦੀ ਗੱਲ ਗ਼ਾਲਿਬ ਇਕ ਹੋਰ ਸ਼ੇਅਰ ਵਿਚ ਵੀ ਕਰਦੇ ਹਨ-

ਮੌਤ ਕਾ ਇਕ ਦਿਨ ਮੁਅਈਯਨ ਹੈ,

ਨੀਂਦ ਕਿਉ ਰਾਤ ਭਰ ਨਹੀਂ ਆਤੀ।

ਵੈਸੇ ਤਾਂ ਹਰੇਕ ਪ੍ਰਾਣੀ ਨੂੰ ਮੌਤ ਦਾ ਖ਼ਤਰਾ ਦਿਖਾਈ ਦੇਵੇ ਤਾਂ ਉਹ ਭੱਜ ਕੇ, ਉੱਡ ਕੇ ਜਾਂ ਸਾਹਮਣੇ ਦਿਸ ਰਹੀ ਮੌਤ ਦਾ ਮੁਕਾਬਲਾ ਕਰ ਕੇ ਪਹਿਲ ਆਪਣੀ ਜਾਨ ਬਚਾਉਣ ਨੂੰ ਹੀ ਦੇਂਦਾ ਹੈ। ਮਨੁੱਖ ਬਾਕੀ ਪ੍ਰਾਣੀਆਂ ਦੀ ਬਨਿਸਪਤ ਆਪਣੇ-ਆਪ ਨੂੰ ਮੌਤ ਤੋਂ ਲੰਮਾ ਸਮਾਂ ਬਚਾਉਣ ਲਈ ਆਪਣੇ ਦੁਸ਼ਮਣਾਂ ਨੂੰ ਖ਼ਤਮ ਕਰ ਕੇ ਖ਼ੁਦ ਜਿਊਣ ਦੀ ਲਾਲਸਾ ਨਾਲ ਮਾਰੂ ਹਥਿਆਰ ਤੇ ਟਨਾਂ ਦੇ ਟਨ ਬਰੂਦ ਇਕੱਠਾ ਕਰੀ ਬੈਠਾ ਹੈ। ਜਨਮ ਤੇ ਮੌਤ ਸਬੰਧੀ ਉਪਦੇਸ਼ ਦੇਣ ਵਾਲੇ ਅਖੌਤੀ ਸੰਤ-ਸੰਤਣੀਆਂ ਤੇ ਬਾਬੇ-ਬਾਬੀਆਂ, ਆਪਣੇ-ਆਪ ਨੂੰ ਪਹੁੰਚੇ ਹੋਣ ਦਾ ਦਾਅਵਾ ਕਰਨ ਵਾਲੇ, ਮੌਤ ਅਟੱਲ ਹੈ ਦਾ ਹੋਕਾ ਦੇਣ ਵਾਲੇ, ਕੁਰਬਾਨੀਆਂ ਦੇਣ ਲਈ ਤਿਆਰ ਰਹਿਣ ਲਈ ਕਹਿਣ ਵਾਲੇ, ਮੌਤ ਸਾਹਮਣੇ ਵੇਖ ਕੇ ਗਿੜਗਿੜਾਉਣ ਲੱਗਦੇ ਹਨ। ਅੰਦਰੋ-ਅੰਦਰੀ ਆਪ ਮੌਤ ਤੋਂ ਡਰਦੇ ਹਥਿਆਰਾਂ ਨਾਲ ਲੈਸ ਅੰਗ ਰੱਖਿਅਕਾਂ ’ਚ ਹਮੇਸ਼ਾ ਘਿਰੇ ਰਹਿੰਦੇ ਹਨ। ਅਸਲ ਵਿਚ ਹਰੇਕ ਮਨੁੱਖ ਮੌਤ ਦੇ ਡਰ ਕਰਕੇ ਜਿਨ੍ਹਾਂ ਰਿਸ਼ਤਿਆਂ ’ਤੇ ਮਾਣ ਵੀ ਕਰਦਾ ਹੈ, ਆਪਣੇ-ਆਪ ਨੂੰ ਬਚਾਉਣ ਲਈ ਉਨ੍ਹਾਂ ਤੋਂ ਵੀ ਕਿਨਾਰਾ ਕਰ ਲੈਂਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਮੌਤ ਦੇ ਖ਼ੌਫ਼ ਦੀ ਉਦਾਹਰਣ ਦੇਂਦੇ ਆਪਣੇ ਇਸ ਸ਼ਲੋਕ ਵਿਚ ਲਿਖਦੇ ਹਨ-

ਘਰਿ ਕੀ ਨਾਰਿ ਬਹੁਤੁ ਹਿਤੁ ਜਾ

ਸਿਉ ਸਦਾ ਰਹਤ ਸੰਗ ਲਾਗੀ॥

ਜਬ ਹੀ ਹੰਸ ਤਜੀ ਇਹ ਕਾਇਆ

ਪ੍ਰੇਤ ਪ੍ਰੇਤ ਕਰ ਭਾਗੀ॥

ਧੀਆਂ-ਪੁੱਤਰ, ਮਾਂ-ਬਾਪ, ਭੈਣ-ਭਰਾ ਅਤੇ ਹੋਰ ਕਈ ਰਿਸ਼ਤੇ ਭਾਵਨਾਤਮਿਕ ਤੌਰ ’ਤੇ ਮਨੁੱਖ ਨਾਲ ਜੁੜੇ ਹੁੰਦੇ ਹਨ। ਗੁਰੂ ਸਾਹਿਬ ਨੇ ਨਾਰ ਦੀ ਮਿਸਾਲ ਇਸ ਲਈ ਦਿੱਤੀ ਹੈ ਕਿ ਔਰਤ ਮਰਦ ਦਾ ਜਿਸਮਾਨੀ ਹੀ ਨਹੀਂ ਰੂਹ ਦਾ ਰਿਸ਼ਤਾ ਵੀ ਇਕ-ਦੂਜੇ ਨਾਲ ਜੁੜਦਾ ਹੈ। ਦੂਜੇ ਰਿਸ਼ਤਿਆਂ ਨਾਲੋਂ ਇਹ ਰਿਸ਼ਤਾ ਸਭ ਤੋਂ ਵੱਧ ਨੇੜੇ ਰਹਿੰਦਾ ਹੈ। ਪਰ ਮੌਤ ਦਾ ਖ਼ੌਫ਼ ਅਜਿਹਾ ਹੁੰਦਾ ਹੈ ਕਿ ਬੰਦੇ ਦੇ ਪ੍ਰਾਣ-ਪੰਖੇਰੂ ਉੱਡਣ ਤੋਂ ਬਾਅਦ ਹਮੇਸ਼ਾ ਸਾਥ-ਸੰਗ ’ਚ ਰਹਿਣ ਵਾਲੀ ਔਰਤ ਡਰਦੀ ਇਸ ਲਈ ਨੇੜੇ ਨਹੀਂ ਆਉਦੀ ਕਿ ਕਿਧਰੇ ਪ੍ਰੇਤ ਬਣ ਚੁੱਕੀ ਆਤਮਾ ਮੈਨੂੰ ਹੀ ਨਾ ਚੰਬੜ ਜਾਵੇ।

ਮਾਂ ਦੀ ਆਗੋਸ਼ ਤੋਂ ਵੱਧ ਬੱਚੇ ਲਈ ਸੁਰੱਖਿਅਤ ਜਗ੍ਹਾ ਹੋਰ ਕੋਈ ਨਹੀਂ ਹੋ ਸਕਦੀ।ਪਰ ਸਾਹਮਣੇ ਮੌਤ ਦਿਸਦੀ ਹੋਵੇ ਤਾਂ ਪਹਿਲ ਆਪਣੀ ਜਾਨ ਬਚਾਉਣ ਨੂੰ ਹੀ ਦਿੱਤੀ ਜਾਂਦੀ ਹੈ। ਸ਼ਾਇਦ ਅਜਿਹਾ ਕੁਝ ਵੇਖ ਕੇ ਹੀ ਇਹ ਅਖਾਣ ਬਣਿਆ ਹੋਵੇਗਾ ਕਿ, ਔਖੇ ਵੇਲੇ ਤਾਂ ਮਾਵਾਂ ਵੀ ਪੁੱਤ ਨਹੀਂ ਸੰਭਾਲਦੀਆਂ। ਵਰਤਮਾਨ ਸਦੀ ਵਿਚ ਫ਼ੈਲੀ ਕੋਰੋਨਾ ਨਾਮਕ ਮਹਾਂਮਾਰੀ ਨੇ ਮਨੁੱਖੀ ਰਿਸ਼ਤਿਆਂ ਦਾ ਕੱਚ-ਸੱਚ ਸਭ ਦੇ ਸਾਹਮਣੇ ਲੈ ਆਂਦਾ ਸੀ। ਹਰੇਕ ਰਿਸ਼ਤਾ ਹੀ ਆਪਣੀ ਜਾਨ ਬਚਾਉਣ ਨੂੰ ਪਹਿਲ ਦੇ ਰਿਹਾ ਸੀ। ਮਨੁੱਖ ਦੀ ਅੰਤਿਮ ਜਗ੍ਹਾ ਨੂੰ ਤਾਲੇ ਮਾਰਨਾ, ਹਸਪਤਾਲਾਂ ’ਚੋਂ ਆਪਣਿਆਂ ਦੀਆਂ ਲਾਸ਼ਾਂ ਲੈਣ ਤੋਂ ਇਨਕਾਰ ਕਰਨਾ, ਸਿਵੇ ਨੂੰ ਅੱਗ ਲਾਉਣ ਤੋਂ ਡਰਨ ਦੇ ਕੀ ਅਰਥ ਕੱਢੇ ਜਾਣ? ਕੀ ਕਦੀ ਆਪਣੇ ਨੇੜਲੇ ਦੀ ਮੌਤ ਹੋਣ ’ਤੇ ਉੱਚੀਆਂ-ਉੱਚੀਆਂ ਲੇਰਾਂ ਮਾਰਨੀਆਂ, ਛੱੁਟ-ਛੱੁਟ ਬਲਦੇ ਸਿਵੇ ’ਚ ਪੈਣ ਨੂੰ ਅਹੁਲਣਾ ਸਭ ਨਾਟਕ ਹੀ ਸਨ?

ਇਸ ਸਭ ਨੂੰ ਨਾਟਕ ਹੀ ਕਹਿਣਾ ਬਣਦਾ ਹੈ ਕਿਉਕਿ ਇਸ ਮੌਕੇ ਹਰੇਕ ਜੀਅ ਘਰ ਦੇ ਜੀਆਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਹੀ ਵੇਖ ਰਿਹਾ ਸੀ ਸਿਰਫ਼, ਅਦਿੱਖ ਮੌਤ ਦੇ ਡਰ ਕਰਕੇ।ਮੌਤ ਇਕ ਅਟੱਲ ਸੱਚਾਈ ਹੈ। ਇਸ ਤੋਂ ਕੁਝ ਉਪਰਾਲੇ ਕਰ ਕੇ ਕੁਝ ਸਮਾਂ ਤਾਂ ਬਚਿਆ ਜਾ ਸਕਦਾ ਹੈ ਪਰ ਸਦੀਵੀ ਨਹੀਂ।ਜੋ ਪੈਦਾ ਹੋਇਆ ਹੈ ਉਸਨੇ ਮਰਨਾ ਵੀ ਹੈ। ਕਈ ਉਪਦੇਸ਼ਕ ਆਖਦੇ ਹਨ ਕਿ ਦੁਨੀਆ ਨਾਸ਼ਵਾਨ ਹੈ।ਪਰ ਗੁਰਬਾਣੀ ਅਨੁਸਾਰ ਦੁਨੀਆ ਨਾਸ਼ਵਾਨ ਨਹੀਂ ਨਵੀਂ ਪੁਰਾਣੀ ਹੁੰਦੀ ਰਹਿੰਦੀ ਹੈ।ਸੁਖਮਨੀ ਸਾਹਿਬ ਵਿਚ ਗੁਰੂ ਅਰਜਨ ਦੇਵ ਜੀ ਫ਼ਰਮਾਉਦੇ ਹਨ-

ਆਵਨ ਜਾਨੁ ਇਕ ਖੇਲੁ ਬਨਾਇਆ

ਆਗਿਆਕਾਰੀ ਕੀਨੀ ਮਾਇਆ॥

ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਵੀ ਦੁਨੀਆ ਆਣੀ-ਜਾਣੀ ਨੂੰ ਆਪਣੇ ਸ਼ਲੋਕ ਵਿਚ ਇੰਜ ਆਖਦੇ ਹਨ,

ਜੈਸੇ ਜਲ ਤੇ ਬੁਦ ਬੁਦਾ ਉਪਜੈ ਬਿਨਸੈ ਨੀਤ

ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨ ਮੀਤ॥

ਜੇ ਕੁਦਰਤ ਨੇ ਇਸ ਧਰਤੀ ਨੂੰ ਜੀਵਨ ਯੋਗ ਬਣਾਇਆ ਹੈ ਤਾਂ ਇਸ ਧਰਤੀ ’ਤੇ ਜਾਨਦਾਰ ਪ੍ਰਾਣੀਆਂ, ਬਨਸਪਤੀ ਅਤੇ ਪੇੜ-ਪੌਦਿਆਂ ਦੇ ਜਿੰਦਾ ਰਹਿਣ ਲਈ ਲੋੜੀਂਦੀ ਮਾਤਰਾ ਵਿਚ ਹਰੇਕ ਚੀਜ਼ ਉਪਲਬਧ ਵੀ ਕਰਵਾਈ ਹੈ। ਕੁਝ ਲੋਕ ਇਹ ਸਮਝਦੇ ਹਨ ਕਿ ਕੁਦਰਤ ਦੀ ਹਰ ਨਿਹਮਤ ਸਿਰਫ਼ ਉਨ੍ਹਾਂ ਵਾਸਤੇ ਹੀ ਹੈ। ਉਹ ਆਪਣੇ ਜਿਊਣ ਅਤੇ ਆਪਣੇ ਕੋੜਮਿਆਂ ਦੇ ਐਸ਼ੋ-ਆਰਾਮ ਵਾਸਤੇ ਸਾਧਨ ਇਕੱਠੇ ਕਰਦੇ ਹੀ ਉਮਰ ਗੁਜ਼ਾਰ ਦੇਂਦੇ ਹਨ।ਜਿਵੇਂ ਸਾਰਾ ਕੁਝ ਇਕੱਠਾ ਕੀਤਾ ਮਰਨ ਵੇਲੇ ਆਪਣੇ ਨਾਲ ਹੀ ਲੈ ਜਾਣਗੇ। ਲੁੱਟ-ਮਾਰ ਤੇ ਖੋਹ-ਖਿੰਝ ਵੀ ਇਸ ਦਾ ਹੀ ਸਿੱਟਾ ਹੈ। ਜੇ ਕੁਦਰਤ ਨੇ ਮਰਨ ਤੋਂ ਬਾਅਦ ਧਨ-ਦੌਲਤ ਆਪਣੀ ਮਰਜ਼ੀ ਮੁਤਾਬਿਕ ਆਪਣੇ ਨਾਲ ਲਿਜਾਣ ਦਾ ਕੋਈ ਕਾਨੂੰਨ ਬਣਾਇਆ ਹੁੰਦਾ ਤਾਂ ਦੁਨੀਆ ਦੇ ਰੰਗ ਹੀ ਵੱਖਰੇ ਹੋਣੇ ਸਨ। ਪਰ ਕੁਦਰਤ ਦੇ ਕਾਨੂੰਨ ਆਪਣੇ ਹਨ, ਜਿਸ ’ਤੇ ਮਨੁੱਖਾਂ ਵੱਲੋਂ ਬਣਾਏ ਕਾਨੂੰਨ ਕਦੀ ਵੀ ਹਾਵੀ ਨਹੀਂ ਹੋ ਸਕਦੇ। ਮਨੁੱਖ ਜਿੰਨੀ ਮਰਜ਼ੀ ਤਰੱਕੀ ਕਰ ਕੇ ਅਸਮਾਨ ਗਾਹ ਲਵੇ, ਕੁਦਰਤ ਦੇ ਭੇਦ ਜਾਣਨ ਦੀ ਕੋਸ਼ਿਸ਼ ਕਰੇ ਪਰ ਕੁਦਰਤ ਦਾ ਹਾਣੀ ਨਹੀਂ ਬਣ ਸਕਦਾ। ਵੈਸੇ ਸਾਰੇ ਪੁਆੜੇ ਮਨੁੱਖ ਦੀ ਸਿਆਣਪ ਦੇ ਹੀ ਹਨ। ਗਿਆਨ, ਵਿਗਿਆਨ ਅਤੇ ਕੁਦਰਤ ਨੂੰ ਨਖੇੜ ਕੇ ਨਹੀਂ ਵੇਖਿਆ ਜਾ ਸਕਦਾ। ਕੁਦਰਤ ਦੀ ਬਿਨਾਂ ਰੁਕਿਆਂ ਨਿਰੰਤਰ ਕਾਰਜਸ਼ੀਲਤਾ ਅਤੇ ਬ੍ਰਹਿਮੰਡੀ ਵਰਤਾਰਿਆਂ ਦੇ ਭੇਦਾਂ ਦੀ ਜਾਣਕਾਰੀ ਹਾਸਿਲ ਕਰਨ ਨੂੰ ਗਿਆਨ ਕਿਹਾ ਜਾ ਸਕਦਾ ਹੈ। ਜਾਣਕਾਰੀ ਹਾਸਿਲ ਕਰਨ ਵਾਲੇ ਸਾਧਨਾਂ ਨੂੰ ਵਿਗਿਆਨ ਕਹਿ ਸਕਦੇ ਹਾਂ। ਮਨੁੱਖ ਨੂੰ ਇਹ ਸਮਝਣ ਦੀ ਲੋੜ ਹੈ ਕਿ ਜੋ ਭੂਚਾਲ ਨਾਲ ਧਰਤੀ ਹਿਲਦੀ ਹੈ, ਉਹ ਮਨੁੱਖ ਨਹੀਂ ਹਿਲਾਉਦਾ।ਹੜ੍ਹ, ਤੂਫ਼ਾਨ ਅਤੇ ਜੋ ਸੁਨਾਮੀਆਂ ਆਉਦੀਆਂ ਹਨ। ਇਹ ਮਨੁੱਖ ਵੱਲੋਂ ਕੁਦਰਤ ਨਾਲ ਕੀਤੀ ਛੇੜ-ਛਾੜ ਦਾ ਹੀ ਨਤੀਜਾ ਹੈ। ਅਜੋਕਾ ਮਨੁੱਖ ਆਪਣੇ ਗਿਆਨ ਤੇ ਵਿਗਿਆਨ ਸਦਕਾ ਕੁਦਰਤ ਨਾਲ ਛੇੜ-ਛਾੜ ਕਰ ਕੇ ਉਸਦਾ ਸ਼ਰੀਕ ਬਣ ਕੇ ਉਸਨੂੰ ਆਪਣੇ ਵੱਸ ਵਿਚ ਕਰਨ ਦੀ ਕੋਸ਼ਿਸ਼ ’ਚ ਲੱਗਾ ਹੋਇਆ ਹੈ। ਇਸੇ ਕੋਸ਼ਿਸ਼ ’ਚ ਲੱਗਾ ਕਈ ਵਾਰ ਆਪਣੀ ਮੌਤ ਵੀ ਸਹੇੜ ਲੈਂਦਾ ਹੈ। ਕੁਦਰਤ ਮਨੁੱਖ ਨੂੰ ਸ਼ੀਸ਼ਾ ਵਿਖਾਉਦੀ ਹੈ ਕਿ ਤੂੰ ਮੇਰਾ ਲਾਡਲਾ ਪੁੱਤਰ ਹੈਂ, ਬਾਪ ਬਣਨ ਦੀ ਕੋਸ਼ਿਸ਼ ਨਾ ਕਰ।

ਮਨੁੱਖੀ ਇਤਿਹਾਸ ਗਵਾਹ ਹੈ ਕਿ ਮਨੁੱਖ ਨੇ ਹੀ ਮਨੁੱਖ ’ਤੇ ਜ਼ੁਲਮ ਢਾਏ ਹਨ ਤੇ ਮਨੁੱਖ ਹੀ ਦਾਰੂ ਬਣਿਆ ਹੈ। ਆਫ਼ਤਾਂ ਕੁਦਰਤੀ ਹੋਣ ਜਾਂ ਮਨੁੱਖ ਦੀਆਂ ਆਪੰੂ ਸਹੇੜੀਆਂ, ਹਮੇਸ਼ਾ ਮਨੁੱਖ ਹੀ ਇਕ-ਦੂਜੇ ਦਾ ਸਹਿਯੋਗੀ ਬਣਿਆ ਹੈ। ਸੋ ਆਓ, ਇਕ ਦੂਜੇ ਦੇ ਸਹਿਯੋਗੀ ਬਣਦੇ ਕੁਦਰਤ ਦੇ ਵੀ ਸਹਿਯੋਗੀ ਬਣ ਕੇ ਆਪਣਾ ਫ਼ਰਜ਼ ਪਛਾਣੀਏ। ਨਹੀਂ ਫਿਰ ਕੁਦਰਤ ਆਪਣਾ ਸੰਤੁਲਨ ਬਣਾਉਣਾ ਜਾਣਦੀ ਹੈ।

- ਤਰਸੇਮ ਸਿੰਘ ਭੰਗੂ

Posted By: Harjinder Sodhi