ਜ਼ਿੰਦਗੀ ਕੁਦਰਤ ਦੀ ਇਕ ਨਿਆਮਤ ਹੈ। ਜਿਸ ਵਿਚ ਸੁੱਖ-ਦੁੱਖ ਦੇ ਅਨੇਕ ਰੰਗ ਇਸ ਨੂੰ ਸੰਘਰਸ਼ਮਈ ਅਤੇ ਰੋਚਕ ਬਣਾ ਦਿੰਦੇ ਹਨ। ਇਕ ਮੁਸਾਫਿਰ ਦੀ ਤਰ੍ਹਾਂ ਸਾਡਾ ਇਹ ਸਫ਼ਰ ਬਚਪਨ ਤੋਂ ਸ਼ੁਰੂ ਹੁੰਦਾ ਹੈ ਅਤੇ ਜਵਾਨੀ ਦੀ ਮਸਤੀ ਵਿੱਚੋਂ ਝੂਮਦਾ ਹੋਇਆ ਬੁਢਾਪੇ 'ਤੇ ਆ ਕੇ ਖ਼ਤਮ ਹੋ ਜਾਂਦਾ ਹੈ। ਇਸ ਪੰਧ ਵਿਚ ਵਿਚਰਦਿਆਂ ਹੋਇਆਂ ਕਿੰਨੀਆਂ ਹੀ ਖੱਟੀਆਂ-ਮਿੱਠੀਆਂ ਯਾਦਾਂ ਇਸ ਦਾ ਹਿੱਸਾ ਬਣ ਜਾਂਦੀਆਂ ਹਨ। ਕਈ ਰਿਸ਼ਤੇ ਸਾਨੂੰ ਵਿਰਾਸਤ ਵਿੱਚੋਂ ਮਿਲਦੇ ਹਨ ਅਤੇ ਕਈ ਅਸੀਂ ਖ਼ੁਦ ਸਿਰਜਦੇ ਹਾਂ। ਕਈ ਵਾਰ ਇਨ੍ਹਾਂ ਰਿਸ਼ਤਿਆਂ ਵਿਚ ਥੋੜ੍ਹੀ ਜਿਹੀ ਖਟਾਸ ਹੀ ਸਾਡੀ ਚਿੰਤਾ ਦਾ ਕਾਰਨ ਬਣ ਜਾਂਦੀ ਹੈ।

ਜੇ ਅਜੋਕੇ ਸਮਾਜਿਕ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਅੱਜ ਇਨ੍ਹਾਂ ਦਾ ਬੜਾ ਘਾਣ ਹੋ ਰਿਹਾ ਹੈ। ਅੱਜ ਦਾ ਕਲਯੁਗੀ ਇਨਸਾਨ ਸਿਰਫ਼ ਜ਼ਮੀਨਾਂ, ਪੈਸਿਆਂ, ਨਜਾਇਜ਼ ਰਿਸ਼ਤਿਆਂ, ਨਸ਼ਿਆਂ ਅਤੇ ਲਾਲਚ ਵਸ ਆਪਣਿਆਂ ਨੂੰ ਜਾਨੋਂ ਮਾਰਨ ਲਈ ਬਿਨਾਂ ਕਿਸੇ ਸੰਕੋਚ ਦੇ ਤਿਆਰ ਹੋ ਜਾਂਦਾ ਹੈ। ਅੱਜ ਮਨੁੱਖੀ ਜ਼ਿੰਦਗੀ ਬੜੀ ਹੀ ਸਸਤੀ ਹੋ ਗਈ ਹੈ। ਭਰੂਣ ਹੱਤਿਆ, ਅਣਖ ਖ਼ਾਤਰ ਕਤਲ ਅਤੇ ਦਹੇਜ ਲਈ ਧੀਆਂ ਨੂੰ ਬੇਰਹਿਮੀ ਨਾਲ ਮਾਰਨਾ ਸਾਡੇ ਸਮਾਜ ਵਿਚ ਆਮ ਜਿਹੀ ਗੱਲ ਹੋ ਗਈ ਹੈ। ਹਰ ਕੋਈ ਪੈਸੇ ਪਿੱਛੇ ਭੱਜਿਆ ਫਿਰਦਾ ਹੈ। ਇਸ ਅੰਨ੍ਹੀ ਦੌੜ ਵਿਚ ਅਸੀਂ ਜ਼ਿੰਦਗੀ ਜੀਣੀ ਹੀ ਭੁੱਲ ਗਏ ਹਾਂ। ਹਾਸਾ ਸਾਡੇ ਮੂੰਹੋਂ ਗਾਇਬ ਹੋ ਗਿਆ ਹੈ। ਫੋਕਾ ਦਿਖਾਵਾ, ਫੋਕੀ ਟੌਹਰ ਸਾਡੀ ਜ਼ਿੰਦਗੀ ਦਾ ਮੁੱਖ ਮੰਤਵ ਹੋ ਗਿਆ ਹੈ। ਇਸ ਲਈ ਦਿਨ ਰਾਤ ਅਸੀਂ ਗ਼ਲਤ ਤਰੀਕਿਆਂ ਨਾਲ ਮਾਇਆ 'ਕੱਠੀ ਕਰਨ ਵਿਚ ਰੁੱਝੇ ਰਹਿੰਦੇ ਹਾਂ। ਈਰਖਾ, ਸਾੜਾ, ਨਿੰਦਿਆ, ਲੋਭ ਆਦਿ ਨੇ ਚਾਰੇ ਪਾਸਿਆਂ ਤੋਂ ਸਾਨੂੰ ਜਕੜਿਆ ਪਿਆ ਹੈ। ਆਪਣੀ ਵਡਿਆਈ ਅਤੇ ਕਿਸੇ ਦੂਜੇ ਦੀ ਨਿੰਦਿਆ ਸਾਨੂੰ ਬੜੀ ਚੰਗੀ ਲਗਦੀ ਹੈ। ਇਕ ਦੂਜੇ ਦੀਆਂ ਰੀਸਾਂ ਕਰਦੇ ਅਸੀਂ ਫ਼ਜ਼ੂਲ ਖ਼ਰਚਿਆਂ ਤੋਂ ਵੀ ਗੁਰੇਜ਼ ਨਹੀਂ ਕਰਦੇ, ਫਿਰ ਕਰਜ਼ਿਆਂ ਦੀ ਦਲਦਲ ਵਿਚ ਫਸੇ ਬੇਵੱਸ ਮਹਿਸੂਸ ਕਰਦੇ ਹਾਂ।

ਸਾਡਾ ਕੋਈ ਵੀ ਸਮਾਗਮ ਸ਼ਰਾਬਾਂ, ਮੀਟਾਂ ਤੋਂ ਬਿਨਾਂ ਅਧੂਰਾ ਸਮਝਿਆ ਜਾਂਦਾ ਹੈ। ਵਿਆਹਾਂ, ਪਾਰਟੀਆਂ ਆਦਿ ਸਮਾਗਮਾਂ 'ਤੇ ਸਾਡੇ ਅਮੀਰ ਵਿਰਸੇ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾਂਦੀਆਂ ਹਨ। ਆਰਕੈਸਟਰਾ ਦੇ ਨਾਂ 'ਤੇ ਅਸੀਂ ਆਪਣੀਆਂ ਧੀਆਂ ਭੈਣਾਂ ਨਾਲ ਬੈਠੇ ਉਨ੍ਹਾਂ ਵਰਗੀਆਂ ਕੁੜੀਆਂ ਦੇ ਠੁਮਕਿਆਂ ਨੂੰ ਬੜਾ ਇੰਜੁਆਏ ਕਰਦੇ ਹਾਂ ਅਤੇ ਕਈ ਤਾਂ ਨਸ਼ੇ ਦੀ ਲੋਰ ਵਿਚ ਉਨ੍ਹਾਂ ਨਾਲ ਸਟੇਜ 'ਤੇ ਜਾ ਕੇ ਨੱਚਣ ਤੋਂ ਗੁਰੇਜ ਵੀ ਨਹੀਂ ਕਰਦੇ। ਫੋਕੇ ਹੰਕਾਰਾਂ ਦੇ ਮਾਰੇ ਅਸੀਂ ਪਿਸਟਲ, ਬੰਦੂਕਾਂ ਇਸ ਤਰ੍ਹਾਂ ਸ਼ਗਨਾਂ ਦੇ ਸਮਾਗਮਾਂ 'ਤੇ ਲੈ ਕੇ ਜਾਂਦੇ ਹਾਂ ਜਿਵੇਂ ਕਿਸੇ ਜੰਗ 'ਤੇ ਚੱਲੇ ਹੋਈਏ ਤੇ ਲੋਕ ਦਿਖਾਵੇ ਲਈ ਚਲਾਈਆਂ ਗੋਲੀਆਂ ਨਾਲ ਕਿੰਨੀਆਂ ਅਨਮੋਲ ਜਿੰਦੜੀਆਂ ਨੂੰ ਆਪਣੀ ਸੌੜੀ ਸੋਚ ਦੀ ਭੇਟ ਚੜ੍ਹਾ ਦਿੰਦੇ ਹਾਂ।

ਸਾਡੀ ਸੋਚ ਇਸ ਕਦਰ ਛੋਟੀ ਅਤੇ ਸਵਾਰਥੀ ਹੋ ਗਈ ਹੈ ਕਿ ਸਾਡੇ ਜਨਮ ਦਾਤੇ ਬਿਰਧ ਆਸ਼ਰਮਾਂ ਵਿਚ ਰੁਲ ਰਹੇ ਹਨ। ਆਲੀਸ਼ਾਨ ਘਰਾਂ ਵਿਚ ਉਨ੍ਹਾਂ ਲਈ ਕੋਈ ਥਾਂ ਨਹੀਂ, ਪੈਸੇ ਕਮਾਉਣ ਦੀ ਦੌੜ ਵਿਚ ਅਸੀਂ ਇਸ ਕਦਰ ਰੁੱਝੇ ਹੋਏ ਹਾਂ ਕਿ ਬੱਚਿਆਂ ਲਈ ਸਾਡੇ ਕੋਲ ਕੋਈ ਸਮਾਂ ਨਹੀਂ। ਸਾਡੇ ਬੱਚਿਆਂ ਦੀ ਸੋਚ ਵੀ ਪਦਾਰਥਵਾਦੀ ਹੋ ਗਈ ਹੈ। ਸਾਡੀ ਆਧੁਨਿਕ ਪੀੜੀ ਨੇ ਟੀ.ਵੀ, ਇੰਟਰਨੈੱਟ, ਮੋਬਾਈਲ ਫੋਨਾਂ, ਫੇਸਬੁੱਕਾਂ ਅਤੇ ਟਵਿੱਟਰਾਂ ਆਦਿ ਦੇ ਖ਼ਿਆਲੀ ਸੰਸਾਰ ਵਿਚ ਅਲੱਗ ਹੀ ਦੁਨੀਆ ਵਸਾ ਲਈ ਹੈ ਜੋ ਕਿ ਤਕਨਾਲੋਜੀ ਤੋਂ ਕੋਰੇ ਮਾਪਿਆਂ ਲਈ ਇਕ ਬੁਝਾਰਤ ਬਣ ਗਈ ਹੈ। ਨਿੱਤ ਉਹ ਮਾਪਿਆਂ ਅੱਗੇ ਮਹਿੰਗੀਆ ਤੋਂ ਮਹਿੰਗੀਆਂ ਚੀਜ਼ਾਂ ਦੀਆਂ ਮੰਗਾਂ ਰੱਖਦੇ ਹਨ ਅਤੇ ਨਾ ਮਿਲਣ ਦੀ ਹਾਲਾਤ ਵਿਚ ਉਹ ਆਤਮ ਹੱਤਿਆ ਜਾਂ ਹੋਰ ਅਪਰਾਧਿਕ ਕਾਰਨਾਮਿਆਂ ਨੂੰ ਬਿਨਾਂ ਕੁਝ ਸੋਚੇ ਵਿਚਾਰੇ ਅੰਜਾਮ ਦਿੰਦੇ ਹਨ। ਅੱਜ ਸਾਡੇ ਬੱਚਿਆਂ ਨੂੰ ਪੈਸੇ ਦੀ ਕੋਈ ਕਦਰ ਨਹੀਂ। ਮਾਪਿਆਂ ਦੁਆਰਾ ਘਾਲੀ ਘਾਲਣਾ ਦਾ ਉਨ੍ਹਾਂ ਦੀਆਂ ਨਜ਼ਰਾਂ ਵਿਚ ਕੋਈ ਮੁੱਲ ਨਹੀਂ। ਇਸ ਲਈ ਅਸੀਂ ਖ਼ੁਦ ਵੀ ਕੁਝ ਹੱਦ ਤਕ ਜ਼ਿੰਮੇਵਾਰ ਹਾਂ।

ਅੱਜ ਅਸੀਂ ਉਸ ਸਮੇਂ ਵਿਚ ਜੀ ਰਹੇ ਹਾਂ ਜਦ ਲੱਗ ਰਿਹਾ ਹੈ ਕਿ ਪੰਜਾਬ ਵਿੱਚੋਂ ਪੰਜਾਬੀ ਲਗਪਗ ਖ਼ਤਮ ਹੀ ਹੋ ਜਾਣਗੇ। ਪੰਜਾਬ ਵਿਚ ਕਿਸੇ ਨੂੰ ਵੀ ਆਪਣਾ ਭਵਿੱਖ ਸੁਰੱਖਿਅਤ ਨਜ਼ਰ ਨਹੀਂ ਆ ਰਿਹਾ। ਸਰਕਾਰਾਂ ਕੁੰਭਕਰਨੀ ਨੀਂਦ ਸੌਂ ਰਹੀਆਂ ਹਨ। ਸਾਡੀ ਸਾਰੀ ਜਵਾਨੀ ਕੈਨੇਡਾ ਅਤੇ ਅਮਰੀਕਾ ਦੇ ਜਹਾਜ਼ ਚੜ੍ਹਨ ਲਈ ਉਤਾਵਲੀ ਹੋ ਰਹੀ ਹੈ। ਮਾਪੇ ਖ਼ੁਦ 30-40 ਲੱਖ ਰੁਪਇਆ ਲਾ ਕੇ ਸਟੱਡੀ ਵੀਜ਼ੇ ਦੀ ਆੜ ਹੇਠ ਆਪਣੇ ਫ਼ਰਜ਼ੰਦਾਂ ਨੂੰ ਬਾਹਰਲੇ ਮੁਲਕਾਂ ਦੇ ਬਾਸ਼ਿੰਦੇ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਕਈਆਂ ਨੂੰ ਏਜੰਟ ਸ਼ਰੇਆਮ ਲੁੱਟ ਰਹੇ ਹਨ ਅਤੇ ਕਈਆਂ ਨੂੰ ਰਿਸ਼ਤਿਆਂ ਦੇ ਨਾਂ 'ਤੇ ਕੀਤੀ ਸੌਦੇਬਾਜ਼ੀ ਦਗਾ ਦੇ ਰਹੀ ਹੈ। ਕਿਸੇ ਦਾ ਜਵਾਈ ਧੋਖਾ ਦੇ ਕੇ ਧੀ ਦੀ ਜ਼ਿੰਦਗੀ ਬਰਬਾਦ ਕਰ ਗਿਆ, ਕਿਸੇ ਦੀ ਨੂੰਹ ਆਇਲਟ ਦਾ ਟੈਸਟ ਕਲੀਅਰ ਕਰ ਕੇ ਸਹੁਰਿਆਂ ਦਾ ਲੱਖਾਂ ਰੁਪਇਆ ਲੁਆ ਕੇ ਕੈਨੇਡਾ ਪਹੁੰਚ ਗਈ ਅਤੇ ਫਿਰ ਸਾਰੇ ਟੱਬਰ ਨੂੰ ਗੂਠਾ ਦਿਖਾ ਗਈ। ਇਸੇ ਸਦਮੇ ਹੇਠ ਕਿਸੇ ਦਾ ਮੁੰਡਾ ਖ਼ੁਦਕੁਸ਼ੀ ਕਰ ਗਿਆ ਕਿਸੇ ਦਾ ਦਿਮਾਗ਼ੀ ਸੰਤੁਲਨ ਖੋ ਗਿਆ। ਕੋਈ ਸਾਰਾ ਟੱਬਰ ਬਾਹਰ ਸੈੱਟ ਹੋਣ ਲਈ ਧੀ ਨੂੰ ਬਾਪ ਦੇ ਹਾਣੀ ਵਰਗੇ ਨਾਲ ਵਿਆਹੁਣ ਨੂੰ ਵੀ ਤਿਆਰ ਹੋਈ ਬੈਠੇ ਹਨ।

ਇਸੇ ਸੰਦਰਭ ਵਿਚ ਜੇ ਅਸੀਂ ਆਪਣੇ ਬਜ਼ੁਰਗਾਂ ਜਾਂ ਪੁਰਾਣੇ ਜ਼ਮਾਨੇ ਦੇ ਲੋਕਾਂ ਦੀ ਗੱਲ ਕਰੀਏ ਤਾਂ ਸੋਚ ਅਤੇ ਸ਼ਖ਼ਸੀਅਤ ਪੱਖੋਂ ਅਸੀਂ ਉਨ੍ਹਾਂ ਤੋਂ ਕਾਫ਼ੀ ਪੱਛੜ ਚੁੱਕੇ ਹਾਂ। ਤਰੱਕੀ ਭਾਵੇਂ ਅਸੀਂ ਉਨ੍ਹਾਂ ਨਾਲੋਂ ਕਾਫ਼ੀ ਜ਼ਿਆਦਾ ਕਰ ਲਈ ਹੈ ਪਰ ਜ਼ਿੰਦਗੀ ਦੀ ਦੌੜ ਵਿਚ ਅਸੀਂ ਫਾਡੀ ਰਹਿ ਗਏ ਹਾਂ। ਉਨ੍ਹਾਂ ਦੇ ਘਰ ਭਾਵੇਂ ਕੱਚੇ ਅਤੇ ਛੋਟੇ ਸਨ ਪਰ ਦਿਲ ਕਾਫ਼ੀ ਵੱਡੇ ਸਨ। ਅੱਜ ਸਾਡੇ ਘਰ ਤਾਂ ਵੱਡੇ ਹੋ ਗਏ ਪਰ ਦਿਲ ਓਨੇ ਹੀ ਛੋਟੇ ਹੋ ਗਏ ਹਨ। ਚਾਹੇ ਉਨ੍ਹਾਂ ਕੋਲ ਸਾਡੇ ਜਿੰਨੀਆਂ ਸੁੱਖ-ਸਹੂਲਤਾਂ ਨਹੀਂ ਸਨ ਪਰ ਫਿਰ ਵੀ ਉਹ ਸਖ਼ਤ ਮਿਹਨਤਾਂ ਕਰਦੇ, ਪਰਮਾਤਮਾ ਦਾ ਸ਼ੁਕਰਾਨਾ ਕਰਦੇ ਸੰਤੁਸ਼ਟ ਅਤੇ ਖ਼ੁਸ਼ਹਾਲ ਜ਼ਿੰਦਗੀ ਜਿਉਂਦੇ ਸਨ। ਸਾਂਝੇ ਘਰਾਂ ਵਿਚ ਰਹਿੰਦਿਆਂ ਇਕ ਦੂਜੇ ਦਾ ਸੁੱਖ-ਦੁੱਖ ਵੰਡਾਉਂਦੇ ਉਹ ਲੋਕ ਸੰਜਮੀ, ਸਾਫ਼ ਦਿਲ ਅਤੇ ਹਸਮੁੱਖ ਹੁੰਦੇ ਸਨ ਪਰ ਅੱਜ ਉਨ੍ਹਾਂ ਦੇ ਵਾਰਿਸ ਅਖਵਾਉਣ ਵਾਲੇ ਅਸੀਂ ਚਾਰ ਜੀਅ ਹੀ ਘਰ ਵਿਚ ਕਲੇਸ਼ ਪਾ ਕੇ ਰੱਖਦੇ ਹਾਂ। ਗੁੱਸੇ ਵਿਚ ਆ ਕੇ ਮਰਨ-ਮਾਰਨ ਨੂੰ ਝੱਟ ਤਿਆਰ ਹੋ ਜਾਂਦੇ ਹਾਂ। ਅਸੀਂ ਹਰੇਕ ਰਿਸ਼ਤੇ ਨੂੰ ਨਫ਼ੇ ਨੁਕਸਾਨ ਦੇ ਮਾਪਦੰਡ ਵਿਚ ਤੋਲਦੇ ਹਾਂ। ਅੱਜ ਵਿਆਹ ਅਤੇ ਤਲਾਕ ਇਕ ਖੇਡ ਜਿਹੀ ਬਣ ਗਈ ਹੈ। ਰਿਸ਼ਤਿਆਂ ਵਿੱਚੋਂ ਆਪਸੀ ਪਿਆਰ, ਨਿੱਘ ਅਤੇ ਵਿਸ਼ਵਾਸ ਖ਼ਤਮ ਹੋ ਰਿਹਾ ਹੈ। ਚਾਰੇ ਪਾਸੇ ਮੈਂ-ਮੈਂ ਦਾ ਹੀ ਰੌਲਾ ਹੈ। ਹਰ ਕੋਈ ਹੱਕਾਂ ਦੀ ਗੱਲ ਤਾਂ ਕਰਦਾ ਹੈ ਪਰ ਫ਼ਰਜ਼ਾਂ ਤੋਂ ਅਸੀਂ ਮੁਨਕਰ ਹੋ ਗਏ ਹਾਂ।

ਜ਼ਿੰਦਗੀ ਇਕ ਬੁਝਾਰਤ ਜਿਹੀ ਬਣ ਕੇ ਰਹਿ ਗਈ ਹੈ। ਚਾਰੇ ਪਾਸੇ ਹਫੜਾ -ਦਫੜੀ ਮਚੀ ਪਈ ਹੈ। ਹਰ ਪਾਸੇ ਸਿਰਫ਼ ਪੈਸੇ ਦੀ ਚੌਧਰ ਹੈ। ਭ੍ਰਿਸ਼ਟਾਚਾਰ ਨੇ ਸਾਡੇ ਸਮਾਜ ਦੀਆਂ ਜੜ੍ਹਾਂ ਖੋਖਲੀਆਂ ਕਰ ਦਿੱਤੀਆਂ ਹਨ। ਨਸ਼ਿਆਂ ਨੇ ਵਸਦੇ ਘਰਾਂ ਨੂੰ ਸ਼ਮਸ਼ਾਨ ਬਣਾ ਦਿੱਤਾ ਹੈ। ਸਾਡੇ ਦੇਸ਼ ਦੇ ਨੁਮਾਇੰਦੇ ਸ਼ਰੇਆਮ ਆਮ ਜਨਤਾ ਨੂੰ ਬੁੱਧੂ ਬਣਾ ਕੇ ਸਿਰਫ਼ ਵੋਟਾਂ ਦੀ ਰਾਜਨੀਤੀ ਕਰਦੇ ਹਨ। ਹਰ ਕੋਈ ਸਿਰਫ਼ ਆਪਣੇ ਬਾਰੇ ਹੀ ਸੋਚਦਾ ਹੈ ਦੇਸ਼, ਸਮਾਜ ਜਾਵੇ ਖੂਹ ਖਾਤੇ। ਗ਼ਰੀਬ ਹੋਰ ਗ਼ਰੀਬ ਹੋ ਰਿਹਾ ਹੈ ਅਤੇ ਅਮੀਰਾਂ ਨੂੰ ਆਪਣੀ ਬੇਸ਼ੁਮਾਰ ਦੌਲਤ ਬਾਰੇ ਪਤਾ ਹੀ ਨਹੀਂ ਕਿ ਕਿੰਨੀ ਕੁ ਖਾਤਿਆਂ ਵਿਚ ਜਮ੍ਹਾਂ ਹੋ ਗਈ ਹੈ। ਇਸ ਆਰਥਿਕ ਪਾੜੇ ਨੇ ਸਮਾਜ ਦਾ ਤਾਣਾ-ਬਾਣਾ ਬੁਰੀ ਤਰ੍ਹਾਂ ਉਲਝਾ ਦਿੱਤਾ ਹੈ। ਇਹ ਜ਼ਿੰਦਗੀ ਸਾਡੀ ਆਪਣੀ ਹੈ। ਇਹ ਸਮਾਜ ਸਾਡਾ ਹੈ। ਜਿੰਨਾ ਹੋ ਸਕੇ ਆਪਣੇ ਆਪ ਨੂੰ ਜਾਣੀਏ। ਆਪਣੇ ਆਪ ਨੂੰ ਸੁਧਾਰਨ ਦਾ ਯਤਨ ਕਰੀਏ। ਜੇਕਰ ਕੋਈ ਸਮਾਜ ਲਈ ਉਸਾਰੂ ਕੰਮ ਕਰ ਰਿਹਾ ਹੈ ਤਾਂ ਉਸ ਦੀਆਂ ਲੱਤਾਂ ਖਿੱਚਣ ਦੀ ਬਜਾਏ ਉਸ ਦਾ ਹੌਸਲਾਂ ਵਧਾਈਏ। ਆਪਣੇ ਫਰਜਾਂ ਪ੍ਰਤੀ ਇਮਾਨਦਾਰ ਬਣੀਏ ਤੇ ਸਮਾਜ ਦੇ ਉਸਾਰੂ ਵਿਕਾਸ 'ਚ ਬਣਦਾ ਯੋਗਦਾਨ ਪਾਈਏ, ਇਸ ਨਾਲ ਆਤਮਿਕ ਸੰਤੁਸ਼ਟੀ ਮਿਲੇਗੀ ਬਸ਼ਰਤੇ ਤੁਹਾਡਾ ਜ਼ਮੀਰ ਜ਼ਿੰਦਾ ਹੋਵੇ।

ਮੰਜ਼ਿਲ ਮਿਲ ਹੀ ਜਾਏਗੀ,

ਭਟਕ ਕਰ ਹੀ ਸਹੀ,

ਗੁਮਰਾਹ ਤੋ ਵੋਹ ਹੈਂ,

ਜੋ ਘਰ ਸੇ ਨਿਕਲੇ ਹੀ ਨਹੀਂ।

Posted By: Harjinder Sodhi