ਕੁਦਰਤ ਨੇ ਮਨੁੱਖ ਨੂੰ ਬਹੁਤ ਹੀ ਬਿਹਤਰੀਨ ਜਜ਼ਬਾਤ ਅਤੇ ਅਦਾਵਾਂ ਨਾਲ ਨਿਵਾਜਿਆ ਹੈ। ਜਿਨ੍ਹਾਂ ਰਾਹੀਂ ਉਹ ਆਪਣੇ ਦੁੱਖ-ਸੁੱਖ ਨੂੰ ਮਹਿਸੂਸ ਕਰਦਾ ਹੈ ਅਤੇ ਦੂਸਰਿਆਂ ਨਾਲ ਸਾਂਝੇ ਕਰਦਾ ਹੈ। ਜਜ਼ਬਾਤ ਹਰ ਇਕ ਕੋਲ ਹੁੰਦੇ ਹਨ ਪ੍ਰੰਤੂ ਉਨ੍ਹਾਂ ਨੂੰ ਵਿਅਕਤ ਕਰਨ ਦਾ ਤਰੀਕਾ, ਹਰ ਕਿਸੇ ਦਾ ਆਪਣਾ ਹੁੰਦਾ ਹੈ। ਕਈਆਂ ਦਾ ਆਪਣੇ ਜਜ਼ਬਾਤ ਉੱਪਰ ਕੰਟਰੋਲ ਨਹੀਂ ਹੁੰਦਾ ਅਤੇ ਕਈ ਉਨ੍ਹਾਂ ਨੂੰ ਲਕਾਉਣਾ ਬਾਖੂਬੀ ਜਾਣਦੇ ਹਨ। ਇਨ੍ਹਾਂ ਦਾ ਹੀ ਇਕ ਹਿੱਸਾ ਹੈ ਅਦਾ। ਅਦਾ, ਜਿਸਦੇ ਸ਼ਾਬਦਿਕ ਅਰਥ ਹਨ-ਢੰਗ, ਤਰੀਕਾ, ਨਖਰਾ। ਹਰ ਮਨੁੱਖ ਦਾ ਹਰ ਚੀਜ਼ ਨੂੰ ਦੇਖਣ, ਸਮਝਣ ਦਾ ਆਪਣਾ ਢੰਗ ਹੁੰਦਾ ਹੈ। ਉਸ ਦੀਆਂ ਪਿਆਰ ਕਰਨ, ਕਿਸੇ ਰੁੱਸੇ ਨੂੰ ਮਨਾਉਣ ਤੇ ਰਿਝਾਉਣ ਦੀ ਆਪਣੀਆਂ ਅਦਾਵਾਂ ਹੁੰਦੀਆਂ ਹਨ ਜੋ ਉਸ ਨੂੰ ਦੂਸਰਿਆਂ ਤੋਂ ਅਲੱਗ ਬਣਾਉਂਦੀਆਂ ਹਨ। ਅਕਬਰ ਇਲਾਹਾਬਾਦੀ “ਅਦਾ” ਨੂੰ ਖ਼ੂਬਸੂਰਤੀ ਦੇ ਮੰਦਰ ਵਿਚ ਇਉ ਪੇਸ਼ ਕਰਦੇ ਹਨ :

ਕਿਸ ਕਿਸ ਅਦਾ ਸੇ ਤੂਨੇ ਜਲਵਾ ਦਿਖਾ ਕੇ ਮਾਰਾ

ਅਜ਼ਾਦ ਹੋ ਚੁੱਕੇ ਥੇ, ਬੰਦਾ ਬਨਾ ਕੇ ਮਾਰਾ

ਅੱਵਲ ਬਨਾ ਕੇ ਪੁਤਲਾ, ਪੁਤਲੇ ਮੇਂ ਜਾਨ ਡਾਲੀ

ਫਿਰ ਉਸਕੋ ਖ਼ੁਦ ਕਜਾ ਕੀ ਸੂਰਤ ਮੇਂ ਆ ਕੇ ਮਾਰਾ।

ਜਿਵੇਂ ਇਸ਼ਕ ਕਰਨਾ, ਰੁੱਸਣਾ, ਮਨਾਉਣਾ ਸਾਰੀਆਂ ਅਦਾਵਾਂ ਨੂੰ ਅਸੀਂ ਬਾਖੂਬੀ ਨਿਭਾਉਣਾ ਜਾਣਦੇ ਹਾਂ। ਇਨ੍ਹਾਂ ਤੋਂ ਇਲਾਵਾ ਇਕ ਅਦਾ ਹੋਰ ਵੀ ਹੈ, ਜਿਸ ਨੂੰ ਅਸੀਂ ਜਾਣਦੇ ਤਾਂ ਬਹੁਤ ਚੰਗੀ ਤਰ੍ਹਾਂ ਹਾਂ ਪਰ ਉਸ ਨੂੰ ਮਾਨਣਾ ਭੁੱਲ ਬੈਠੇ ਹਾਂ। ਇਹ ਹੈ-ਜਿਊਣ ਦੀ ਅਦਾ।

ਅੱਜ ਦੇ ਦੌਰ ਵਿਚ ਮਨੁੱਖ ਸਿਰਫ਼ ਦੌੜ ਰਿਹਾ ਹੈ। ਕਦੀ ਸਫਲਤਾ ਪਿੱਛੇ, ਕਦੇ ਦੂਸਰਿਆਂ ਪਿੱਛੇ ਤੇ ਕਦੀ ਆਪਣੀਆਂ ਲਾਲਸਾਵਾਂ ਪਿੱਛੇ। ਇਹ ਸਭ ਦੇ ਚੱਲਦੇ, ਉਹ ਜ਼ਿੰਦਗੀ ਗੁਜ਼ਾਰ ਤਾਂ ਰਿਹਾ ਹੈ ਪਰ ਜਿਊ ਨਹੀਂ ਰਿਹਾ। ਉਹ ਸਿਰਫ਼ ਇਸ ਜੱਦੋ-ਜਹਿਦ ਵਿਚ ਹੈ ਕਿ ਮੇਰਾ ਸਟੇਟਸ, ਮੇਰਾ ਰੁਤਬਾ ਬਣਿਆ ਰਹੇ, ਇਸਨੂੰ ਕੋਈ ਖੋਹ ਨਾ ਲਵੇ। ਅਸੀਂ ਆਪਣੇ-ਆਪ ਨੂੰ ਇੰਨਾ ਕੁ ਵਿਅਸਤ ਕਰ ਲਿਆ ਹੈ ਕਿ ਸਾਡੇ ਕੋਲ ਕਿਸੇ ਦੂਸਰੇ ਲਈ ਸਮਾਂ ਹੈ ਹੀ ਨਹੀਂ। ਸਾਡੇ ਰਿਸ਼ਤੇ-ਨਾਤੇ ਫੋਨ ਸੁਨੇਹਿਆਂ ਤਕ ਸੀਮਤ ਹੋ ਕੇ ਰਹਿ ਗਏ ਹਨ। ਸਾਡਾ ਹਾਸਾ-ਇਕ ਬਨਾਵਟੀ ਜਿਹੀ ਮੁਸਕਾਨ ਬਣ ਕੇ ਰਹਿ ਗਿਆ ਹੈ। ਅਸੀਂ ਆਪਣੇ ਆਪ ਨੂੰ ਅਜਿਹੀ ਮਸ਼ੀਨ ਬਣਾ ਰਹੇ ਹਾਂ ਜਿਸ ਵਿਚ ਜਜ਼ਬਾਤ ਤਾਂ ਬਹੁਤ ਹਨ ਪਰ ਹੁਣ ਉਨ੍ਹਾਂ ਨੂੰ ਦੌਲਤ-ਸ਼ੋਹਰਤ ਦਾ ਘੁਣ ਲੱਗ ਚੁੱਕਾ। ਜੇ ਇਹ ਸਭ ਇਸ ਤਰ੍ਹਾਂ ਹੀ ਚਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਮਸ਼ੀਨਾਂ, ਇਨਸਾਨ ਨੂੰ ਚਲਾਉਣਗੀਆਂ।

ਅੱਜ ਦੇ ਮਨੁੱਖ ਦੀ ਸਭ ਤੋਂ ਵੱਡੀ ਤ੍ਰਾਸਦੀ ਹੈ ਕਿ ਉਹ ਕੁਦਰਤ ਤੋਂ ਬਹੁਤ ਦੂਰ ਹੁੰਦਾ ਜਾ ਰਿਹਾ ਹੈ। ਜਦਕਿ ਜੀਣ ਦੀ ਸਭ ਤੋਂ ਵੱਡੀ ਅਦਾ, ਸਾਨੂੰ ਕੁਦਰਤ ਸਿਖਾÀੁਂਦੀ ਹੈ। ਕੁਦਰਤ ਸਿਰਫ਼ ਦੇਣਾ ਜਾਣਦੀ ਹੈ ਅਤੇ ਬਦਲੇ ਵਿਚ ਸਾਡੇ ਕੋਲੋਂ ਸਿਰਫ਼, ਪਿਆਰ ਅਤੇ ਅਪਣੱਤ ਦੀ ਮੰਗ ਕਰਦੀ ਹੈ। ਕੁਦਰਤ ਸਾਨੂੰ ਸਿਖਾਉਂਦੀ ਹੈ ਕਿ ਬਿਨਾਂ ਸਵਾਰਥ ਦੇ ਦੂਸਰਿਆਂ ਲਈ ਜਿਊਣਾ ਚਾਹੀਦਾ ਹੈ। ਇਕੱਲੇ ਆਪਣੇ ਲਈ ਸੋਚਣ, ਜਿਊਣ ਵਿਚ ਉਹ ਆਨੰਦ ਨਹੀਂ, ਜੋ ਦੂਸਰਿਆਂ ਦੀ ਖ਼ੁਸ਼ੀ ਦੀ ਵਜ੍ਹਾ ਬਣਨ ਵਿਚ ਹੁੰਦਾ ਹੈ। ਸਾਨੂੰ ਜ਼ਿੰਦਗੀ ਦੇ ਹਰ ਪਹਿਲੂ ਨੂੰ ਸਕਾਰਾਤਮਕ ਦ੍ਰਿਸ਼ਟੀ ਤੋਂ ਵਾਚਣਾ ਚਾਹੀਦਾ ਹੈ। ਕਿਉਂਕਿ ਅਸੀਂ ਜਿਹੋ-ਜਿਹਾ ਸੋਚਦੇ ਹਾਂ, ਉਹੋ ਜਿਹੇ ਹੀ ਹੋ ਜਾਂਦੇ ਹਾਂ ਅਤੇ ਸਾਡੇ ਨਾਲ ਉਸੇ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ। ਇਸ ਲਈ ਹਮੇਸ਼ਾ ਦੂਸਰਿਆਂ ਦਾ ਚੰਗਾ ਸੋਚੇ, ਤੁਹਾਡੇ ਨਾਲ ਕਦੇ ਵੀ ਬੁਰਾ ਨਹੀਂ ਹੋਵੇਗਾ। ਸਾਨੂੰ ਆਪਣੇ ਮਨ ਅੰਦਰ ਮੁਸੀਬਤਾਂ ਦਾ ਹੱਸ ਕੇ ਮੁਕਾਬਲਾ ਕਰਨ ਦੀ ਅਦਾ ਉਜਾਗਰ ਕਰਨ ਦੀ ਲੋੜ ਹੈ। ਸਾਡਾ ਖ਼ੁਸ਼ਨੁਮਾ ਸੁਭਾਅ ਹੀ ਸਾਡੇ ਮਿੱਥੇ ਹੋਏ ਮਨੋਰਥ ਤਕ ਪਹੁੰਚਣ ਵਿਚ ਸਹਾਇਕ ਹੁੰਦਾ ਹੈ। ਆਪਣੇ ਮਨੋਰਥ, ਉਦੇਸ਼ ਨੂੰ ਹਮੇਸ਼ਾ ਕੇਂਦਰ ਬਿੰਦੂ 'ਤੇ ਰੱਖੋ, ਉਸ ਤੋਂ ਕਦੇ ਵੀ ਭਟਕੋ ਨਾ।

ਜ਼ਿੰਦਗੀ ਚਾਹੇ ਕਿੰਨੇ ਵੀ ਜ਼ੁਲਮ

ਕਰਦੀ ਰਹੇ,

ਜਿਊਣ ਦਾ ਮਕਸਦ ਨਹੀਂ ਭੁੱਲੀਦਾ

ਹੀਰਿਆਂ ਦੀ ਤਾਲਾਸ਼ 'ਚ ਨਿਕਲੇ

ਹੋਈਏ ਤਾਂ,

ਪੱਥਰਾਂ 'ਤੇ ਨਹੀਂ ਡੁੱਲ੍ਹੀਦਾ।

ਅਸੀਂ ਆਪਣੇ ਦ੍ਰਿੜ ਨਿਸ਼ਚੇ ਅਤੇ ਮਿਹਨਤ ਨਾਲ ਹਰ ਮੈਦਾਨ ਫ਼ਤਹਿ ਕਰ ਸਕਦੇ ਹਾਂ। ਜ਼ਿੰਦਗੀ ਨੂੰ ਜੇ ਸੱਚ-ਮੁੱਚ ਹੀ ਖ਼ੁਸ਼ਨੁਮਾ ਬਣਾਉਣਾ ਚਾਹੁੰਦੇ ਹੋ ਤਾਂ 'ਵਰਤਮਾਨ' ਵਿਚ ਜਿਊਣਾ ਸਿੱਖੋ। ਬੀਤ ਚੁੱਕੇ (ਭੂਤਕਾਲ) ਜਾਂ ਆਉਣ ਵਾਲੇ (ਭਵਿੱਖ) ਬਾਰੇ ਸੋਚ ਕੇ ਆਪਣਾ ਅੱਜ ਖਰਾਬ ਨਾ ਕਰੋ।

ਆਪਣੇ ਅੱਜ ਨੂੰ ਮਾਣੋ, ਕਿਉਂਕਿ ਸਾਡਾ ਕੱਲ, ਸਾਡਾ ਅੱਜ ਤੈਅ ਕਰਦਾ ਹੈ। ਜੇ ਅੱਜ ਨੂੰ ਬਿਹਤਰੀਨ ਬਣਾਵਾਂਗੇ, ਆਉਣ ਵਾਲਾ ਕੱਲ੍ਹ ਦੋਵੇਂ ਬਾਹਵਾਂ ਪਾਸਾਰ ਕੇ ਸਾਡਾ ਸਵਾਗਤ ਕਰੇਗਾ। ਕਦੇ ਵੀ ਜ਼ਿੰਦਗੀ ਵਿਚ ਹਾਰ ਨਾ ਮੰਨੋ ਅਤੇ ਆਪਣੇ ਵਲੋਂ ਹਰ ਸੰਭਵ, ਅਸੰਭਵ ਕੋਸ਼ਿਸ਼ ਕਰੋ ਸਫਲਤਾ ਜ਼ਰੂਰ ਤੁਹਾਡੇ ਕਦਮ ਚੁੰਮੇਗੀ।

ਆਪਣੇ ਪਿਤਾ ਜੀ ਦੀ ਮੌਤ ਦਾ ਭਿਆਨਕ ਮੰਜ਼ਰ ਮੈਂ ਬਹੁਤ ਛੋਟੀ ਉਮਰੇ ਵੇਖਿਆ। ਉਸ ਵੇਲੇ ਮੈਨੂੰ ਆਪਣੀ ਜ਼ਿੰਦਗੀ ਖ਼ਤਮ ਹੋ ਚੁੱਕੀ ਜਾਪਦੀ ਸੀ ਪਰ ਕਹਿੰਦੇ ਨੇ ਕਿ ਜੋ ਦੁੱਖ ਦਿੰਦਾ ਹੈ, ਉਹ ਉਸਨੂੰ ਸਹਿਣ ਕਰਨ ਦਾ ਹੌਸਲਾ ਪਹਿਲਾਂ ਬਖ਼ਸ਼ ਦਿੰਦਾ ਹੈ। ਮੈਂ ਇਹ ਨਹੀਂ ਕਹਿ ਰਹੀ ਅਸੀਂ ਉਨ੍ਹਾਂ ਨੂੰ ਭੁੱਲ ਜਾਂਦੇ ਹਾਂ ਬਲਕਿ ਅਸੀਂ ਉਨ੍ਹਾਂ ਦੀ ਖ਼ਾਤਰ, ਉਨ੍ਹਾਂ ਦੇ ਸੁਪਨਿਆਂ ਦੀ ਖ਼ਾਤਰ ਨਵੇਂ ਸਿਰਿਉਂ ਜੀਣਾ ਸ਼ੁਰੂ ਕਰਦੇ ਹਾਂ। ਜੋ ਚਲੇ ਜਾਂਦੇ ਹਨ ਉਨ੍ਹਾਂ ਦੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ ਪਰ ਜੇ ਅਸੀਂ ਜ਼ਰਾ ਧਿਆਨ ਨਾਲ ਵੇਖੀਏ ਤਾਂ ਬਹੁਤ ਸਾਰੀਆਂ ਸੰਭਾਵਨਾਵਾਂ ਸਾਡੇ ਆਸ-ਪਾਸ ਹੀ ਮੌਜੂਦ ਹੁੰਦੀਆਂ ਹਨ ਜੋ ਜਿਊਣ ਦਾ ਨਵਾਂ ਮਕਸਦ ਬਖ਼ਸ਼ਦੀਆਂ ਹਨ। ਉਹ ਸ਼ਬਦ ਕਿਤਾਬਾਂ ਵੀ ਨਹੀਂ ਸਿਖਾ ਸਕਦੀਆਂ ਜੋ ਤੁਹਾਨੂੰ ਤੁਹਾਡਾ ਬੁਰਾ ਵਕਤ ਅਤੇ ਜ਼ਿੰਦਗੀ ਸਿਖਾਉਦੀ ਹੈ। ਕਦੇ ਵੀ ਆਪਣੇ ਜੀਵਨ ਵਿਚ ਖੜੋਤ ਨਾ ਆਉਣ ਦਿਉ। ਮੇਰਾ ਮੰਨਣਾ ਹੈ ਕਿ ਸਾਨੂੰ ਇਸ ਤਰ੍ਹਾਂ ਜਿਊਣਾ ਚਾਹੀਦਾ ਹੈ ਕਿ ਸਾਡਾ ਜੀਵਨ ਦੂਸਰਿਆਂ ਲਈ ਮਾਰਗ ਦਰਸ਼ਨ ਬਣ ਸਕੇ। ਇਨ੍ਹਾਂ ਸਾਰਿਆਂ ਨੁਕਤਿਆਂ ਬਾਰੇ ਮੈਂ ਆਪਣੇ ਨਿੱਜੀ ਜੀਵਨ ਅਨੁਭਵ ਤੋਂ ਸਿੱਖਿਆ ਹੈ। ਸ੍ਰੀ ਗੁਰੁ ਨਾਨਕ ਦੇਵ ਜੀ ਫਰਮਾਉਂਦੇ ਹਨ

ਮਨ ਤੂੰ ਜੋਤਿ ਸਰੂਪ ਹੈ,

ਆਪਣਾ ਮੂਲ ਪਛਾਣ

ਸੱਚ-ਮੁੱਚ ਹੀ ਸਾਡੇ ਮਨ ਵਿਚ ਉਸ ਪਰਮਾਤਮਾ ਦੀ ਜੋਤ ਜਗ ਰਹੀ ਹੈ, ਇਸ ਨੂੰ ਇੰਝ ਜਗਦੇ ਰੱਖਣ ਲਈ ਸਾਨੂੰ ਆਪਣਾ ਜੀਵਨ, ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਦੂਸਰਿਆਂ ਦੇ ਭਲੇ ਲਈ ਲਗਾਉਣਾ ਚਾਹੀਦਾ ਹੈ, ਅਜਿਹੀ ਅਦਾ ਨਾਲ ਜ਼ਿੰਦਗੀ ਜੀਓ ਕਿ ਤੁਹਾਡੀ ਜ਼ਿੰਦਗੀ ਦੂਸਰਿਆਂ ਲਈ ਪਾਰਸ ਬਣ ਜਾਵੇ।

- ਮੋਨਿਕਾ ਕਟਾਰੀਆ

99145-37506

Posted By: Harjinder Sodhi