ਸੰਸਾਰ ਵਿਚ ਵਿਚਰਦੇ ਸਾਰੇ ਜੀਵਾਂ ਦੀ ਬੁੱਧੀ ਇੰਨੀ ਕੁ ਵਿਕਸਤ ਤਾਂ ਜ਼ਰੂਰ ਹੁੰਦੀ ਹੈ ਕਿ ਉਹ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਜਾਗਰੂਕ ਹੁੰਦੇ ਹਨ। ਉਨ੍ਹਾਂ ਕੋਲ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੀ ਸ਼ਕਤੀ ਮੌਜੂਦ ਹੁੰਦੀ ਹੈ। ਮਨੁੱਖ ਕੋਲ ਇਹ ਸ਼ਕਤੀ ਸਾਰੇ ਜੀਵਾਂ ਨਾਲੋਂ ਜ਼ਿਆਦਾ ਹੈ। ਮਨੁੱਖੀ ਜਾਮਾ ਹੋਰ ਸਾਰੇ ਜੀਵਾਂ ਨਾਲੋਂ ਵਿਸ਼ੇਸ਼ ਬੁੱਧੀ ਰੱਖਦਾ ਹੈ। ਹਰ ਇਕ ਮਨੁੱਖ ਨੂੰ ਆਪਣੇ ਚੰਗੇ ਅਤੇ ਮਾੜੇ ਦੀ ਪਰਖ ਕਰਨ ਦੀ ਸੋਝੀ ਹੁੰਦੀ ਹੈ। ਇਨਸਾਨੀ ਵਿਸ਼ੇਸ਼ਤਾ ਹੀ ਹੈ ਕਿ ਹਰ ਇਨਸਾਨ ਦੇ ਅੰਦਰ ਨਕਾਰਾਤਮਕ ਅਤੇ ਸਕਾਰਾਤਮਕ ਵਿਚਾਰਾਂ ਦਾ ਸੰਚਾਲਣ ਹੁੰਦਾ ਹੈ। ਸਾਰਥਕ ਸੋਚ-ਵਿਚਾਰ ਮਨੁੱਖ ਆਪਣੇ ਜਨਮ ਦੇ ਨਾਲ ਲੈ ਕੇ ਹੀ ਇਸ ਧਰਤੀ 'ਤੇ ਪ੍ਰਵੇਸ਼ ਕਰਦਾ ਹੈ। ਇਹ ਸਾਰਥਕ ਸੋਚ ਉਦੋਂ ਨਿਰਾਰਥਕ ਸੋਚ ਵਿਚ ਬਦਲਣ ਲੱਗਦੀ ਹੈ, ਜਦੋਂ ਮਨੁੱਖ ਸਮਾਜ ਵਿਚ ਵਿਚਰਣ ਲੱਗਦਾ ਹੈ। ਸਮਾਜਿਕ ਜੀਵਨ ਦਾ ਸਫ਼ਰ ਕਰਦਿਆਂ ਮਨੁੱਖ ਨੂੰ ਚਾਹੇ-ਅਣਚਾਹੇ ਰਸਤਿਆਂ 'ਚੋਂ ਹੋ ਕੇ ਗੁਜ਼ਰਨਾ ਪੈਂਦਾ ਹੈ। ਸਫ਼ਰ ਦੀਆਂ ਤੰਗ ਗਲੀਆਂ 'ਚੋਂ ਗੁਜ਼ਰਦਿਆਂ ਮਨੁੱਖ ਦੀ ਸੋਚ ਵਿਚ ਵੀ ਤੰਗ ਦਿਲੀ ਆਉਣ ਲੱਗਦੀ ਹੈ। ਸਾਰਥਕ ਵਿਚਾਰਧਾਰਾ ਕਦੋਂ ਨਿਰਾਰਥਕ 'ਚ ਬਦਲਣ ਲੱਗਦੀ ਹੈ ਪਤਾ ਵੀ ਨਹੀਂ ਲੱਗਦਾ। ਕਮਜ਼ੋਰ ਮਨੋਵੇਗ ਵਾਲੇ ਇਨਸਾਨ ਨਕਾਰਾਤਮਕ ਸੋਚਣੀ ਦੇ ਵੱਸ ਵਿਚ ਬਹੁਤ ਜਲਦੀ ਆ ਜਾਂਦੇ ਹਨ। ਜਿਵੇਂ-ਜਿਵੇਂ ਮਨੁੱਖ ਕਮਜ਼ੋਰ ਮਨੋਵੇਗਾਂ ਦੇ ਵੱਸ ਪੈਂਦਾ ਜਾਂਦਾ, ਉਹ ਮਾਨਸਿਕ ਤੌਰ 'ਤੇ ਕਮਜ਼ੋਰ ਹੁੰਦਾ ਜਾਂਦਾ ਹੈ।

ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਮਾਨਸਿਕ ਤੌਰ 'ਤੇ ਕਮਜ਼ੋਰ ਵਿਅਕਤੀ ਨਿਖੇਧ ਵਿਚਾਰਾਂ ਨੂੰ ਆਮ ਇਨਸਾਨ ਨਾਲੋਂ ਜਲਦੀ ਗ੍ਰਹਿਣ ਕਰਦਾ ਹੈ। ਅਜਿਹੇ ਲੋਕ ਆਪਣਾ ਮਾਨਸਿਕ ਸੰਤੁਲਨ ਗਵਾ ਲੈਂਦੇ ਹਨ। ਮਾਨਸਿਕ ਰੋਗ ਦੇ ਚੱਲਦਿਆਂ ਅਜਿਹੇ ਇਨਸਾਨ ਆਤਮ-ਹੱਤਿਆ ਦਾ ਰਸਤਾ ਅਖਤਿਆਰ ਕਰ ਲੈਂਦੇ ਹਨ। ਆਤਮ-ਹੱਤਿਆ ਜੋ ਅੱਜ ਪੂਰੇ ਸੰਸਾਰ ਵਿਚ ਮਹਾਮਾਰੀ ਦਾ ਰੂਪ ਧਾਰਨ ਕਰ ਚੁੱਕੀ ਹੈ। ਪੁਰੀ ਦੁਨੀਆ ਨੂੰ ਆਪਣੀ ਪਕੜ ਵਿਚ ਲੈ ਲਿਆ ਹੈ। ਨਿੱਤ-ਦਿਨ ਅਖ਼ਬਾਰਾਂ ਵਿਚ ਆਤਮ-ਹੱਤਿਆ ਦੀਆਂ ਖ਼ਬਰਾਂ ਛਪਦੀਆਂ ਹਨ। ਛਪਣੀਆਂ ਵੀ ਚਾਹੀਦੀਆਂ ਹਨ। ਅਜਿਹੀ ਜਾਣਕਾਰੀ ਜਨਤਕ ਹੋਣੀ ਵੀ ਚਾਹੀਦੀ ਹੈ। ਇਹ ਜਾਣਨ ਲਈ ਕਿ ਜਿਸ ਦੇ ਸਾਹਮਣੇ ਸਾਰੀ ਜ਼ਿੰਦਗੀ ਪਈ ਸੀ, ਉਸ ਨੇ ਆਤਮ ਹੱਤਿਆ ਕਿਉਂ ਕੀਤੀ।

ਜ਼ਿੰਦਗੀ ਜਿਊਣ ਲਈ ਹੈ, ਫਿਰ ਕਿਉਂ ਆਪਣੀ ਜ਼ਿੰਦਗੀ ਖ਼ੁਦ ਖ਼ਤਮ ਕੀਤੀ ਜਾ ਰਹੀ ਹੈ। ਆਤਮ ਹੱਤਿਆ ਕਰਨ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸਰਕਾਰ ਦੁਆਰਾ ਦੱਸੇ ਜਾਂਦੇ ਅੰਕੜਿਆਂ ਨਾਲੋਂ ਕਿਤੇ ਜ਼ਿਆਦਾ ਆਤਮ ਹੱਤਿਆਵਾਂ ਹੋ ਰਹੀਆਂ ਹਨ। 6 ਸਾਲ ਦੀ ਉਮਰ ਤੋਂ ਲੈ ਕੇ 100 ਸਾਲ ਤਕ ਦੀ ਉਮਰ ਦੇ ਲੋਕ ਆਤਮ-ਹੱਤਿਆ ਕਰ ਰਹੇ ਹਨ। ਖ਼ੁਦਕੁਸ਼ੀ ਕਰਨ ਦੇ ਕਾਰਨ ਭਾਵੇਂ ਕੋਈ ਵੀ ਰਹੇ ਹੋਣ , ਪਰ ਵਾਧਾ ਨਿਰੰਤਰ ਹੋ ਰਿਹਾ ਹੈ ।

ਮਨੁੱਖ ਅੰਦਰ ਘੱਟ ਰਹੀ ਸਹਿਣਸ਼ੀਲਤਾ ਨੇ ਮਨੁੱਖ ਨੂੰ ਗ਼ਲਤ ਰਸਤਾ ਚੁਣਨ ਲਈ ਮਜਬੂਰ ਕੀਤਾ ਹੈ। ਜਿਨ੍ਹਾਂ ਇਨਸਾਨਾਂ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੁੰਦੀ, ਉਹੀ ਆਤਮ-ਹੱਤਿਆ ਵਰਗਾ ਖ਼ਤਰਨਾਕ ਕਦਮ ਚੁੱਕਦੇ ਹਨ। ਲਾਈਲੱਗ ਜਾਂ ਕਹਿ ਲਵੋ ਕਿ ਕੰਨਾਂ ਦੇ ਕੱਚੇ ਇਨਸਾਨ ਜਲਦੀ ਤੈਸ਼ ਵਿਚ ਆ ਜਾਂਦੇ ਹਨ। ਉਦੋਂ ਉਹ ਆਪਣਾ ਆਪਾ ਖੋਹ ਲੈਂਦੇ ਹਨ। ਫਿਰ ਬਗ਼ੈਰ ਸੋਚ-ਵਿਚਾਰ ਕੀਤਿਆਂ ਗ਼ਲਤ ਕਦਮ ਚੁੱਕ ਲੈਂਦੇ ਹਨ।

ਸੰਤੁਲਤ ਮਨੁੱਖ ਕਦੇ ਵੀ ਖ਼ੁਦਕੁਸ਼ੀ ਨਹੀਂ ਕਰਦੇ। ਜ਼ਿਆਦਾ ਸੋਚ ਵਿਚਾਰ ਕਰਨ ਵਾਲੇ ਮਨੁੱਖ ਵੀ ਆਤਮਹੱਤਿਆ ਨਹੀਂ ਕਰਦੇ। ਆਤਮ-ਹੱਤਿਆ ਕਰਨ ਦਾ ਕਾਰਨ ਕੋਈ ਵੀ ਹੋਵੇ, ਇਕ ਗੱਲ ਤਾਂ ਤਹਿ ਹੈ ਕਿ ਅਜਿਹਾ ਕਦਮ ਕੋਈ ਵੀ ਮਨੁੱਖ ਬਹੁਤ ਹੀ ਮਜਬੂਰ ਹੋ ਕੇ ਉਠਾਉਂਦਾ ਹੈ। ਆਤਮ ਹੱਤਿਆ ਕਿਸੇ ਦਬਾਅ ਹੇਠ ਆ ਕੇ ਕੀਤੀ ਜਾਂਦੀ ਹੈ। ਅਧਨਿਕਤਾ ਦੇ ਰੁਝਾਨ ਨੇ ਮਨੁੱਖ ਨੂੰ ਆਤਮ-ਹੱਤਿਆ ਕਰਨ ਲਈ ਆਪਣੇ ਆਪ ਮਜਬੂਰ ਕੀਤਾ ਹੈ। ਦੇਖਾ ਦੇਖੀ ਆਧੁਨਿਕ ਸਾਧਨਾਂ ਦੀ ਦੌੜ ਨੇ ਮਨੁੱਖ ਦੀ ਸੁੱਖ ਸ਼ਾਂਤੀ ਅਰਾਮ, ਸਕੂਨ ਸਾਰਾ ਕੁੱਝ ਖੋਹ ਲਿਆ ਹੈ। ਇਕੱਲਤਾ ਦਾ ਸ਼ਿਕਾਰ ਹੋਇਆ ਮਨੁੱਖ ਮਾਨਸਿਕ ਰੋਗਾਂ ਨਾਲ ਪੀੜਤ ਹੋ ਰਿਹਾ ਹੈ।

ਬਜ਼ੁਰਗ ਬਿਮਾਰੀ ਜਾਂ ਇਕੱਲਤਾ ਦਾ ਸੰਤਾਪ ਹੰਢਾ ਰਹੇ ਹਨ। ਜਿਸ ਕਾਰਨ ਉਹ ਆਤਮ ਹੱਤਿਆ ਵਰਗਾ ਭਿਆਨਕ ਕਦਮ ਚੁੱਕਦੇ ਹਨ। ਸਾਰੀ ਜ਼ਿੰਦਗੀ ਹੱਡ ਤੋੜਵੀਂ ਮਿਹਨਤ ਕਰ ਕੇ ਉਹ ਬੁਢਾਪੇ ਵਿਚ ਆਪਣੇ ਆਪ ਨੂੰ ਹਾਰਿਆ ਹੋਇਆ ਮਹਿਸੂਸ ਕਰਦੇ ਹਨ, ਤਾਂ ਉਹ ਆਪਣੇ ਆਪ ਨੂੰ ਖ਼ਤਮ ਕਰਨ ਬਾਰੇ ਸੋਚਦੇ ਹਨ।ਅੰਤਾਂ ਦੀ ਗ਼ਰੀਬੀ ਦਾ ਸ਼ਿਕਾਰ ਹੋਏ ਮਨੁੱਖ, ਆਪਣਾ ਪਰਿਵਾਰ ਪਾਲਣ ਤੋਂ ਅਸਮਰੱਥ ਹੁੰਦੇ ਹਨ। ਅਜਿਹੇ ਘਰਾਂ ਵਿਚ ਨਿਤ-ਦਿਹਾੜੇ ਲੜਾਈ ਕਲੇਸ਼ ਰਹਿਣ ਲੱਗਦਾ ਹੈ। ਗ਼ਰੀਬੀ ਦੇ ਸਤਾਏ ਹੋਏ ਅਜਿਹੇ ਪਰਿਵਾਰ ਦਾ ਮੁਖੀ ਆਪਣੇ ਆਪ ਨੂੰ ਅਸਮਰੱਥ ਸਮਝਦਾ ਹੋਇਆ, ਮਾਨਸਿਕ ਬੋਝ ਥੱਲੇ ਦੱਬ ਜਾਂਦਾ ਹੈ। ਰੋਜ਼-ਰੋਜ਼ ਦੀਆਂ ਮਜਬੂਰੀਆਂ ਉਸ ਇਨਸਾਨ ਨੂੰ ਖ਼ੁਦਕੁਸ਼ੀ ਵਰਗਾ ਅਤਿ ਦੁਖਦਾਈ ਫ਼ੈਸਲਾ ਲੈਣ ਲਈ ਮਜਬੂਰ ਕਰ ਦਿੰਦੀਆਂ ਹਨ।

ਜਦੋਂ ਇਨਸਾਨ ਸਾਰੇ ਪਾਸਿਆਂ ਤੋਂ ਨਾ ਉਮੀਦ ਹੋ ਜਾਂਦਾ ਹੈ ਉਹ ਇਹੋ ਜਿਹੇ ਨਕਾਰਾਤਮਕ ਵਿਚਾਰਾਂ ਦੀ ਜਕੜ ਵਿਚ ਆ ਜਾਂਦਾ ਹੈ ਕਿ ਮੇਰਾ ਇਸ ਦੁਨੀਆ ਵਿਚ ਕੁਝ ਨਹੀਂ ਹੈ। ਜਦੋਂ ਅਜਿਹੀ ਸੋਚ ਮਨੁੱਖ 'ਤੇ ਭਾਰੂ ਪੈਣ ਲੱਗਦੀ ਹੈ, ਤਾਂ ਉਹ ਆਪਣੀ ਬੁੱਧੀ ਵਿਵੇਕ ਖੋਹ ਬੈਠਦਾ ਹੈ। ਉਸਦੀ ਬੁੱਧੀ ਕੰਮ ਕਰਨਾ ਬੰਦ ਕਰ ਦਿੰਦੀ ਹੈ। ਮਨੁੱਖ ਉਦੋਂ ਇਹੋ ਜਿਹੇ ਫ਼ੈਸਲੇ ਲੈ ਬੈਠਦਾ ਹੈ, ਜਿਨ੍ਹਾਂ ਬਾਰੇ ਉਸ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਣਾ। ਨਕਾਰਾਤਮਕ ਪਾਸੇ ਝੁਕਣਾ ਹੀ ਇਨਸਾਨ ਤੋਂ ਖ਼ੁਦਕੁਸ਼ੀ ਕਰਵਾ ਦਿੰਦਾ ਹੈ। ਸਮਾਜ ਦੀ ਪਰਵਾਹ ਕਰਦੇ-ਕਰਦੇ ਇਨਸਾਨ ਖ਼ੁਦ ਦੀ ਪਰਵਾਹ ਭੁੱਲ ਜਾਂਦਾ ਹੈ। ਬੇਸ਼ੱਕ ਭਾਰਤੀ ਸੰਵਿਧਾਨ ਆਤਮ-ਹੱਤਿਆ ਦੀ ਮਨਾਹੀ ਕਰਦਾ ਹੈ, ਸੰਵਿਧਾਨ ਵੱਲੋਂ ਸਜ਼ਾਵਾਂ ਅਤੇ ਜੁਰਮਾਨੇ ਨਿਰਧਾਰਤ ਕੀਤੇ ਹਨ। ਫਿਰ ਵੀ ਸਮਾਜ ਵੱਲੋਂ ਮਿਲੇ ਜ਼ਖ਼ਮਾਂ ਉੱਤੇ ਸੰਵਿਧਾਨ ਦੀਆਂ ਧਾਰਾਵਾਂ ਮੱਲ੍ਹਮ ਨਹੀਂ ਲਗਾ ਸਕੀਆਂ, ਨਾ ਹੀ ਕਦੇ ਲਗਾ ਸਕਣਗੀਆਂ। ਆਪਣੇ ਦੁੱਖ-ਦਰਦ ਆਪ ਹੀ ਸੁਲਝਾਉਣੇ ਪੈਣੇ ਹਨ। ਖ਼ੁਦ ਨੂੰ ਇੰਨਾ ਮਜ਼ਬੂਤ ਬਣਾਇਆ ਜਾਵੇ ਕਿ ਵੱਡੇ ਤੋਂ ਵੱਡੇ ਦੁੱਖ ਸਹਿਣ ਦੀ ਸ਼ਕਤੀ ਦਾ ਸੰਚਾਰ ਹੋ ਜਾਵੇ। ਜਿਸ ਇਨਸਾਨ ਨੇ ਇਸ ਧਰਤੀ 'ਤੇ ਜਨਮ ਲੈ ਲਿਆ ਹੈ। ਦੁੱਖ-ਸੁੱਖ ਉਸਦੀ ਜ਼ਿੰਦਗੀ 'ਚ ਆਉਣੇ ਹੀ ਆਉਣੇ ਹਨ। ਕਿਸੇ ਦੇ ਹਿੱਸੇ ਘੱਟ, ਕਿਸੇ ਦੇ ਹਿੱਸੇ ਵੱਧ ਆ ਸਕਦੇ ਹਨ। ਕੋਈ ਵੀ ਇਨਸਾਨ ਅਜਿਹਾ ਨਹੀਂ ਹੈ, ਜਿਸ 'ਤੇ ਦੁੱਖਾਂ ਤਕਲੀਫਾਂ ਦਾ ਅਸਰ ਨਾ ਹੁੰਦਾ ਹੋਵੇ। ਕੁਝ ਇਨਸਾਨ ਦੁੱਖਾਂ ਨਾਲ ਲੜਨ ਦੀ ਸ਼ਕਤੀ ਰੱਖਦੇ ਹੁੰਦੇ ਹਨ। ਦੁੱਖ-ਤਕਲੀਫਾਂ ਤਾਂ ਗੁਰੂਆਂ-ਪੀਰਾਂ, ਦੇਵਤਿਆਂ, ਫ਼ਕੀਰਾਂ ਦੇ ਹਿੱਸੇ ਵੀ ਆਈਆਂ ਹਨ। ਇਨਸਾਨ ਦੀ ਫਿਰ ਕੀ ਹਸਤੀ ਹੈ?

ਹਰ ਇਕ ਇਨਸਾਨ ਨੂੰ ਆਪਣਾ ਦੁੱਖ ਸਭ ਨਾਲੋਂ ਵੱਡਾ ਲੱਗਦਾ ਹੈ। ਜਦ ਕਿ ਅਜਿਹਾ ਨਹੀਂ ਹੁੰਦਾ ਹੈ। ਮਨੁੱਖ ਦੀ ਇਸ ਸੋਚ ਦਾ ਕਾਰਨ ਸਿਰਫ਼ ਇਹੋ ਹੀ ਹੈ ਕਿ ਉਹ ਹਮੇਸ਼ਾ ਆਪਣੇ ਨਾਲੋਂ ਸੁਖੀ ਇਨਸਾਨ ਵੱਲ ਹੀ ਦੇਖਦਾ ਹੈ। ਜਦ ਕਿ ਸੁਖੀ ਦਿਸਣ ਵਾਲਿਆਂ ਦੇ ਵੀ ਆਪਣੇ ਦੁੱਖ ਹੁੰਦੇ ਹਨ। ਦੁੱਖ ਦੂਰ ਕਰਨ ਦਾ ਇਕ ਬਹੁਤ ਹੀ ਸਰਲ ਤਰੀਕਾ ਆਪਣੇ ਆਪ ਨੂੰ ਕਿਸੇ ਆਪਣੇ ਨਾਲੋਂ ਜ਼ਿਆਦਾ ਦੁਖੀ ਦੇ ਬਰਾਬਰ ਰੱਖ ਕੇ ਦੇਖੋ, ਅੱਧਾ ਦੁੱਖ ਤਾਂ ਜ਼ਰੂਰ ਦੂਰ ਹੋ ਜਾਣਾ ਹੈ।ਆਪਣੇ ਆਪ ਨੂੰ ਗੁਰੂਆਂ ਦੇ ਦਿਖਾਏ ਮਾਰਗ 'ਤੇ ਲੈ ਕੇ ਚੱਲੋ, ਗੁਰੂ ਦਾ ਦਿਖਾਇਆ ਰਸਤਾ ਕਦੇ ਵੀ ਰਾਹ 'ਚ ਭਟਕਣ ਨਹੀਂ ਦੇਵੇਗਾ।

ਸੱਚੀ ਕਿਰਤ ਕਰਦਿਆਂ, ਆਪਣੇ ਕਰਮ ਕਰਦਿਆਂ ਜ਼ਿੰਦਗੀ ਹੌਲੀ-ਹੌਲੀ, ਮੱਠੀ ਚਾਲ ਤੁਰਦੀ ਜਾਂਦੀ ਹੈ। ਦੁਜਿਆਂ ਵੱਲ ਦੇਖ ਕੇ ਕਦੇ ਵੀ ਅੱਗੇ ਨਹੀਂ ਵਧਿਆ ਜਾ ਸਕਦਾ। ਆਲਾ-ਦੁਆਲਾ ਤੱਕਦਿਆਂ ਕਦਮ ਅਕਸਰ ਭਟਕ ਜਾਂਦੇ ਹਨ। ਆਪਣੀਆਂ ਆਸਾਂ-ਉਮੀਦਾਂ ਨੂੰ ਸੀਮਤ ਰੱਖਣ ਨਾਲ ਦੁੱਖ ਘੱਟਦੇ ਹਨ।ਸਾਦੀ ਜੀਵਨ ਸ਼ੈਲੀ ਅਪਨਾਉਣ ਨਾਲ ਵਿਚਾਰਾਂ 'ਚ ਵੀ ਸ਼ੂੱਧਤਾ ਆਉਂਦੀ ਹੈ। ਜੀਵਨ ਖ਼ੁਦ-ਬ-ਖੁਦ ਸੁਖਾਲਾ ਹੋ ਜਾਂਦਾ ਹੈ।ਬੇਸ਼ੱਕ ਆਤਮਹੱਤਿਆ ਕੋਈ ਵੀ ਮਨੁੱਖ ਬਹੁਤ ਹੀ ਮਜਬੂਰ ਹੋ ਕੇ ਕਰਦਾ ਹੈ। ਪਰ ਖ਼ੁਦਕੁਸ਼ੀ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ, ਸਗੋਂ ਸਮੱਸਿਆਵਾਂ 'ਚ ਵਾਧਾ ਹੀ ਕਰਦੀ ਹੈ।ਅਜਿਹਾ ਰਸਤਾ ਲੱਭਣ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ, ਜਿਸ ਨਾਲ ਇਹੋ-ਜਿਹੇ ਖ਼ਤਰਨਾਕ ਇਰਾਦਿਆਂ 'ਤੇ ਰੋਕ ਲੱਗ ਸਕੇ। ਕੋਈ ਬੇਕਸੂਰ ਜਿੰਦ ਆਪਣੀ ਜਾਨ ਨਾ ਗਵਾਵੇ। ਪੂਰੀ ਦੁਨੀਆ ਨਾਲ ਪਿਆਰ ਕਰੋ ਖ਼ੁਦਕੁਸ਼ੀ ਦਾ ਖ਼ਿਆਲ ਹੀ ਮਨ ਵਿਚ ਨਹੀਂ ਆਵੇਗਾ। ਸੱਚਾ ਪਿਆਰ ਕਰਨ ਵਾਲੇ ਕਦੇ ਵੀ ਆਤਮ-ਹੱਤਿਆ ਨਹੀਂ ਕਰਦੇ। ਬਹੁਤ ਜ਼ਿਆਦਾ ਸੋਚ ਵਿਚਾਰ ਕਰਨ ਵਾਲੇ ਮਨੁੱਖ ਵੀ ਖ਼ੁਦਕੁਸ਼ੀ ਨਹੀਂ ਕਰਦੇ। ਆਪਣੇ -ਆਪ 'ਚ ਮਸਤ-ਮੌਲਾ ਰਹਿਣ ਵਾਲੇ ਲੋਕ ਵੀ ਆਤਮਹੱਤਿਆ ਨਹੀਂ ਕਰਦੇ। ਗੁਰੂ ਦਾ ਭਾਣਾ ਮੰਨਣ ਵਾਲੇ, ਗੁਰੁ ਦੀ ਰਜ਼ਾ ਵਿਚ ਰਾਜ਼ੀ ਰਹਿਣ ਵਾਲੇ ਮਨੁੱਖ ਵੀ ਕਦੇ ਆਤਮਹੱਤਿਆ ਨਹੀਂ ਕਰਦੇ।

ਜੇਕਰ ਮਰਨਾ ਸੱਚ ਹੈ ਤਾਂ ਜਿਊਣਾ ਵੀ ਸੱਚ ਹੈ। ਦੁਨੀਆ 'ਤੇ ਆਉਣ ਦਾ ਕਾਰਨ ਹੀ ਜਿਊਣਾ ਹੈ। ਦੁਨੀਆ 'ਚ ਪ੍ਰਵੇਸ਼ ਹੀ ਜਿਊਣ ਲਈ ਹੋਇਆ ਹੈ। ਕੋਈ ਵੀ ਮਨੁੱਖ ਆਪਣੀ ਮਰਜ਼ੀ ਨਾਲ ਨਹੀਂ ਆਉਂਦਾ ਤਾਂ ਫਿਰ ਜਿਊਣਾ ਕਿਵੇਂ ਝੂਠ ਹੋ ਸਕਦਾ ਹੈ।

ਫਿਰ ਕਿਉਂ ਆਪਣੇ ਆਪ ਨੂੰ ਖ਼ਤਮ ਕਰਨ ਦਾ ਰਸਤਾ ਅਪਣਾਇਆ ਜਾਵੇ। ਆਪਣੇ ਆਪ ਨੂੰ ਕਿਸੇ ਕਾਬਲ ਬਣਾ ਕੇ, ਕੁਝ ਕਰ ਕੇ ਦਿਖਾਉਣ ਦਾ ਰਸਤਾ ਅਪਣਾਇਆ ਜਾਵੇ। ਆਤਮ-ਹੱਤਿਆ ਦਾ ਰਸਤਾ ਤਾਂ ਜਦੋਂ ਚਾਹੋ ਅਪਣਾਇਆ ਜਾ ਸਕਦਾ ਹੈ। ਦੁਨੀਆ 'ਤੇ ਆਉਣਾ ਤਾਂ ਫਿਰ ਸਫਲ ਹੈ, ਜੇਕਰ ਦੁੱਖ-ਦਰਦ, ਤਕਲੀਫ਼ਾਂ ਦੇ ਦਰਿਆ ਨੂੰ ਪਾਰ ਕਰ ਕੇ ਦਿਖਾਇਆ ਜਾਵੇ।

ਆਤਮ-ਹੱਤਿਆ ਦਾ ਨਹੀਂ ਜ਼ਿੰਦਗੀ ਦਾ ਰਸਤਾ ਚੁਣਿਆ ਜਾਵੇ। ਆਪਣੇ ਸਨੇਹੀਆਂ ਦਾ ਦਿਲ ਦੁਖਾਇਆ ਨਹੀਂ ਜਿੱਤਿਆ ਜਾਵੇ। ਖ਼ੁਦਕੁਸ਼ੀ ਕਰਨ ਵਾਲੇ ਖ਼ੁਦ ਤਾਂ ਚਲੇ ਜਾਂਦੇ ਹਨ ਜਾਂ ਸੁਖਾਲੇ ਹੋ ਜਾਂਦੇ ਹਨ, ਪਰ ਜਿਨ੍ਹਾਂ ਨੂੰ ਉਹ ਮਾਰ ਜਾਂਦੇ ਹਨ ਉਨ੍ਹਾਂ ਬਾਰੇ ਵੀ ਸੋਚਿਆ ਜਾਵੇ ਤਾਂ ਆਤਮ-ਹੱਤਿਆ ਦਾ ਖ਼ਿਆਲ ਵੀ ਨਹੀਂ ਆਵੇਗਾ।

- ਵੀਰਪਾਲ ਕੌਰ ਕਮਲ

Posted By: Harjinder Sodhi