ਸੰਘਰਸ਼ ਅਤੇ ਜੀਵਨ ਇਕ ਸਿੱਕੇ ਦੇ ਦੋ ਪਹਿਲੂ ਹਨ ਜਿਨ੍ਹਾਂ ਨੂੰ ਇਕ ਦੂਜੇ ਤੋਂ ਜੁਦਾ ਨਹੀਂ ਕੀਤਾ ਜਾ ਸਕਦਾ। ਦੁੱਖ-ਸੁੱਖ ਜ਼ਿੰਦਗੀ ’ਚ ਸਮਾਨਤਾ ਬਣਾਕੇ ਚੱਲਦੇ ਹਨ। ਡਾ. ਏ ਪੀ ਜੇ ਅਬਦੁਲ ਕਲਾਮ ਅਨੁਸਾਰ ਜ਼ਿੰਦਗੀ ਵਿਚ ਦੁੱਖ ਤਕਲੀਫ਼ਾਂ, ਕਠਿਨਾਈਆਂ ਦਾ ਆਉਣਾ ਬਹੁਤ ਜ਼ਰੂਰੀ ਹੈ ਕਿਉਕਿ ਮੁਸ਼ਕਿਲ ਅਤੇ ਸੰਘਰਸ਼ ਨਾਲ ਪ੍ਰਾਪਤ ਕੀਤੀ ਸਫਲਤਾ ਜ਼ਿਆਦਾ ਆਨੰਦਮਈ ਅਤੇ ਰੂਹ ਨੂੰ ਖ਼ੁੁਸ਼ ਕਰਨ ਵਾਲੀ ਹੁੰਦੀ ਹੈ। ਸੰਘਰਸ਼ਮਅਕਤੀ ਰਾਜਨੀਤਕ, ਆਰਥਿਕ ਅਤੇ ਸਮਾਜਿਕ ਪੜਾਵਾਂ ਵਿੱਈ ਵਿਚੋਂ ਲੰਘਦਾ ਹੋਇਆ ਇਕ ਚਿੱਤ ਹੋ ਕੇ ਨਿਸ਼ਾਨਾ ਮਿੱਥ ਕੇ ਲਗਾਤਾਰ ਉਸ ਨੂੰ ਪ੍ਰਾਪਤ ਕਰਨ ਦੀ ਤਾਂਘ ਰੱਖਦਾ ਹੋਇਆ ਉਦਮ ਦਾ ਪੱਲਾ ਫੜੀ ਰੱਖਦਾ ਹੈ। ਸਿਆਣੇ ਕਹਿੰਦੇ ਹਨ ਕਿ ਉੱਦਮ ਅੱਗੇ ਲੱਛਮੀ ਅਤੇ ਪੱਖੇ ਅੱਗੇ ਪੌਣ ਜੋ ਮਨੁੱਖ ਦੀ ਸੰਘਰਸ਼ਮਈ ਅਤੇ ਮੰਜ਼ਿਲ ਪ੍ਰਾਪਤੀ ਦੀ ਇੱਛਾ ਲਈ ਢੁੱਕਵੀਂ ਅਤੇ ਦਰੁਸਤ ਹੈ। ਸੰਘਰਸ਼ ਜ਼ਿੰਦਗੀ ਵਿਚ ਇੱਕ ਨਵਾਂ ਅਧਿਆਇ ਅਤੇ ਗਿਆਨ ਦੀ ਇਕ ਨਵੀਂ ਕਿਤਾਬ ਖੋਲਦਾ ਹੈ, ਕਹਿੰਦੇ ਹਨ ਕਿ ਜ਼ਿੰਦਗੀ ਪਹਿਲਾਂ ਇਮਤਿਹਾਨ ਲੈਂਦੀ ਹੈ ਫਿਰ ਸਬਕ ਸਿਖਾਉਦੀ ਹੈ।

ਸੰਘਰਸ਼ ਵਿੱਚੋਂ ਪ੍ਰਾਪਤ ਕੀਤਾ ਗਿਆਨ ਕਿਸੇ ਕਿਤਾਬ ਜਾਂ ਯੂਨੀਵਰਸਿਟੀ ਦੀ ਕਿਸੇ ਡਿਗਰੀ ਨਾਲ ਨਹੀਂ ਮਿਲਦਾ ਸਗੋਂ ਸਮੇਂ ਦੇ ਹਾਲਾਤ ਨਾਲ ਮਨੁੱਖ ਵਿੱਚੋਂ ਉਪਜਦਾ ਹੈ। ਮਨੁੱਖੀ ਸਰੀਰ ਦੀਆਂ ਗਿਆਨ ਇੰਦਰੀਆਂ ਵੀ ਮਨੁੱਖ ਨੂੰ ਗਿਆਨਵਾਨ ਅਤੇ ਵਿਦਵਾਨ ਬਣਾਉਣ ਲਈ ਓਨੀਆਂ ਹੀ ਜ਼ਰੂਰੀ ਹਨ ਜਿੰਨੀਆਂ ਕਿ ਪਾਠ ਪੁਸਤਕਾਂ ਹਨ। ਅੱਖਾਂ ਦੁਆਰਾ ਪਾਠ ਪੁਸਤਕਾਂ ਨੂੰ ਪੜ੍ਹਨ, ਬੌਧਿਕ ਸ਼ਕਤੀਆਂ ਦੁਆਰਾ ਪੜ੍ਹੇ ਹੋਏ ਨੂੰ ਸਮਝਣ ਅਤੇ ਹੱਥਾਂ ਦੀ ਮਦਦ ਨਾਲ ਉਸਨੂੰ ਅਮਲਾਂ ਵਿਚ ਲਿਆਉਣ ਲਈ ਗਿਆਨ ਇੰਦਰੀਆਂ ਹੀ ਸਾਡੀ ਮਦਦ ਕਰਦੀਆਂ ਹਨ। ਸੰਘਰਸ਼ ਜ਼ਿੰਦਗੀ ਨੂੰ ਨਹੀਂ ਬਦਲਦਾ ਸਗੋਂ ਨਵਾਂ ਇਤਿਹਾਸ ਹੀ ਰਚਣ ਲਈ ਕਾਰਗਰ ਸਾਬਤ ਹੋ ਨਿੱਬੜਦਾ ਹੈ। ਡਾ. ਭੀਮ ਰਾਓ ਅੰਬੇਡਕਰ, ਲਾਲ ਬਹਾਦਰ ਸ਼ਾਸਤਰੀ, ਸ਼ਹੀਦ ਏ ਆਜ਼ਮ ਸ. ਭਗਤ ਸਿੰਘ, ਸ਼ਹੀਦ ਊਧਮ ਸਿੰਘ, ਮਦਨ ਲਾਲ ਢੀਂਗਰਾ, ਕਰਤਾਰ ਸਿੰਘ ਸਰਾਭਾ ਅਤੇ ਡਾ. ਏ ਪੀ ਦੇ ਅਬਦੁਲ ਕਲਾਮ ਵਰਗੀਆਂ ਕਿੰਨੀਆਂ ਹੀ ਮਿਸਾਲਾਂ ਸਾਡੇ ਸਾਹਮਣੇ ਹਨ ਜਿਨ੍ਹਾਂ ਨੇ ਹਿੰਮਤ ਅਤੇ ਹੌਸਲੇ ਨੂੰ ਆਪਣੀ ਮਦਦਗਾਰ ਅਤੇ ਕਲਮ ਨੂੰ ਆਪਣਾ ਹਥਿਆਰ ਬਣਾਇਆ। ਕਲਮ ਦਾ ਸੰਘਰਸ਼ ਵਿਚ ਆਪਣਾ ਯੋਗਦਾਨ ਹੁੰਦਾ ਹੈ। ਆਜ਼ਾਦੀ ਦੇ ਸੰਘਰਸ਼ ਵਿਚ ਦੇਸ਼ ਭਗਤਾਂ ਦੁਆਰਾ ਕੱਢੇ ਜਾਂਦੇ ਗ਼ਦਰ ਨਾਂ ਦੇ ਅਖ਼ਬਾਰ ਨੇ ਅੰਗਰੇਜ਼ਾਂ ਦੀ ਫੁੱਟ ਪਾਉ ਤੇ ਰਾਜ ਕਰੋ ਵਰਗੀਆਂ ਨੀਤੀਆਂ ਨੂੰ ਲੋਕਾਂ ਸਾਹਮਣੇ ਉਜਾਗਰ ਕਰਕੇ ਦੇਸ਼ ਭਗਤੀ ਦੀ ਚਿੰਗਾਰੀ ਨੂੰ ਹੋਰ ਭਖਾ ਦਿੱਤਾ ਜੋ ਇੰਨੀ ਭਖੀ ਕਿ ਅੰਗਰੇਜ਼ੀ ਸਾਮਰਾਜ ਦੇ ਪਤਨ ਦੇ ਨਾਲ ਹੀ ਬੁਝੀ। ਜ਼ਿੰਦਗੀ ਵਿਚ ਭੁੱਖ ਪਿਆਸ, ਦੁੱਖ ਤਕਲੀਫ਼ਾਂ ਅਤੇ ਨੰਗੇ ਪੈਰਾਂ ਵਿਚ ਪਏ ਜ਼ਖ਼ਮਾਂ ਦੇ ਨਿਸ਼ਾਨਾ ਦਾ ਆਪਣਾ ਹੀ ਤਰਜਮਾ ਹੁੰਦਾ ਹੈ। ਜਦੋਂ ਲੰਘੇ ਸਮੇਂ ਬਾਰੇ ਸੋਚਦੇ ਹਾਂ ਤਾਂ ਇਕ ਬੰਦ ਕਿਤਾਬ ਮੁੜ ਸਾਡੇ ਸਾਹਮਣੇ ਖੁੱਲ੍ਹ ਜਾਂਦੀ ਹੈ ਅਤੇ ਅਸੀਂ ਮੁੜ ਇਤਿਹਾਸ ਦੇ ਪੰਨਿਆਂ ਵਿਚ ਦਰਜ ਘਟਨਾਵਾਂ ਵਿਚ ਗੁਆਚ ਜਾਂਦੇ ਹਾਂ। ਇਤਿਹਾਸ ਵਿਚ ਦਰਜ ਅਜਿਹੇ ਪੰਨੇ ਜ਼ਿੰਦਗੀ ਨੂੰ ਤਕਲੀਫ਼ ਨਹੀਂ ਆਨੰਦ ਦਿੰਦੇ ਹਨ। ਪੂਰੀ ਕਾਇਨਾਤ ਅਤੇ ਕੁਦਰਤ ਦੀ ਹਰ ਇਕ ਸ਼ਹਿ ਸਾਡੀ ਖ਼ੁਸ਼ੀ ਵਿਚ ਸ਼ਰੀਕ ਹੁੰਦੀ ਨਜ਼ਰ ਆਉਦੀ ਹੈ, ਨਾ ਤਾਂ ਦੁੱਖ ਤਕਲੀਫ਼ਾਂ ਵਿਚ ਅਸੀਂ ਇਕੱਲੇ ਸੀ ਅਤੇ ਨਾ ਹੀ ਖ਼ੁਸ਼ੀ ਵਿਚ ਇਕੱਲੇ ਹੋਵਾਂਗੇ। ਸਮਾਂ ਚਾਹੇ ਕਿਹੋ ਜਿਹਾ ਵੀ ਕਿਉ ਨਾ ਹੋਵੇ ਪਰ ਫਲ ਸਾਡੇ ਕੀਤੇ ਕੰਮਾਂ ਦਾ ਹੀ ਮਿਲੇਗਾ ਕਿਉਕਿ ਜੋ ਕਰੇਗਾ ਸੋ ਭਰੇਗਾ।

ਸੰਘਰਸ਼ਮਈ ਵਿਅਕਤੀ ਦੇ ਕਰਮ ਕਲਿਆਣਕਾਰੀ ਅਤੇ ਮਨੁੱਖਤਾ ਦੀ ਭਲਾਈ ਵੱਲ ਸੇਧਿਤ ਹੁੰਦੇ ਹਨ। ਉਸਦੇ ਕੰਮ ਹੋਰਾਂ ਲਈ ਪ੍ਰੇਰਨਾ ਅਤੇ ਜਜ਼ਬਾ ਪੈਦਾ ਕਰਨ ਲਈ ਸਹਾਈ ਹੁੰਦੇ ਹਨ। ਸੰਘਰਸ਼ ਤੋਂ ਭੱਜਣਾ ਬਹਾਦਰੀ ਨਹੀਂ ਕਾਇਰਤਾ ਹੈ। ਬਹਾਦਰੀ ਤਾਂ ਜ਼ਿੰਦਗੀ ਵਿਚ ਸਾਹਮਣੇ ਆ ਰਹੀਆਂ ਚੁਣੌਤੀਆਂ ਨੂੰ ਆਪਣੀ ਸੋਚਣ ਸ਼ਕਤੀ ਅਨੁਸਾਰ ਪਰਮਾਤਮਾ ਦੀ ਰਹਿਨੁਮਾਈ ਹੇਠ ਉਸਦਾ ਹੱਲ ਲੱਭਣ ਵਿਚ ਹੈ। ਸਮੱਸਿਆ ਚਾਹੇ ਕਿਸੇ ਵੀ ਤਰ੍ਹਾਂ ਦੀ ਹੋਵੇ ਦੇਰ ਸਵੇਰ ਉਸਦਾ ਹੱਲ ਲੱਭ ਹੀ ਜਾਂਦਾ ਹੈ ਲੋੜ ਹੈ ਤਾਂ ਕੇਵਲ ਆਪਣੀਆਂ ਮਨ ਦੀਆਂ ਸ਼ਕਤੀਆਂ ਨੂੰ ਇਕਾਗਰਚਿੱਤ ਕਰਨ ਦੀ ਅਤੇ ਇਸਦੇ ਨਾਲ-ਨਾਲ ਇਹ ਵੀ ਯਾਦ ਰੱਖਣਾ ਹੋਵੇਗਾ ਜ਼ਿੰਦਗੀ ਇਕ ਸੰਘਰਸ਼ ਹੈ ਅਤੇ ਸੰਘਰਸ਼ ਹੀ ਜੀਵਨ ਹੈ।

- ਰਜਵਿੰਦਰ ਪਾਲ ਸ਼ਰਮਾ

Posted By: Harjinder Sodhi