ਰਿਸ਼ਤੇ ਬਹੁਤ ਅਨਮੋਲ ਹੁੰਦੇ ਹਨ ਜਿਨ੍ਹਾਂ ਦੀ ਛਾਵੇਂ ਅਤੇ ਬੁੱਕਲ 'ਚ ਅਸੀਂ ਬਚਪਨ, ਜਵਾਨੀ ਅਤੇ ਬੁਢਾਪੇ ਦੇ ਸਾਰੇ ਰੰਗ ਮਾਣਦੇ ਹਾਂ। ਇਕ ਬੱਚੇ ਜਾਂ ਬੱਚੀ ਦੇ ਪੈਦਾ ਹੁੰਦਿਆਂ ਹੀ ਉਸ ਨਾਲ ਅਨੇਕਾਂ ਸਮਾਜਿਕ ਰਿਸ਼ਤੇ ਜੁੜ ਜਾਂਦੇ ਹਨ। ਝੱਟ ਸਭ ਰਿਸ਼ਤੇਦਾਰ ਕੋਈ ਇਸ ਬੱਚੇ ਦਾ ਮਾਮਾ-ਮਾਮੀ, ਭੂਆ-ਫੁੱਫੜ, ਚਾਚਾ-ਚਾਚੀ, ਤਾਇਆ-ਤਾਈ, ਭੈਣ-ਭਾਈ ਅਤੇ ਮਾਤਾ-ਪਿਤਾ ਆਦਿ ਬਣ ਜਾਂਦੇ ਹਨ, ਪਰ ਕਈ ਵਾਰ ਚਿੰਤਾ ਅਤੇ ਅਫ਼ਸੋਸ ਦਾ ਵਿਸ਼ਾ ਇਹ ਰਿਸ਼ਤੇ ਉਦੋਂ ਬਣ ਜਾਂਦੇ ਹਨ, ਜਦੋਂ ਹਾਲਤਾਂ ਹੱਥੋਂ ਕੁਦਰਤੀ ਅਤੇ ਗ਼ੈਰ-ਕੁਦਰਤੀ ਮਾਰਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿਚ ਪਹਿਲੀ ਮਾਰ ਤਾਂ ਇਨਸਾਨ ਨੂੰ ਪਰਮਾਤਮਾ ਮਾਰ ਦਿੰਦਾ ਹੈ ਅਤੇ ਦੂਸਰੀ ਮਾਰ ਉਸ ਦਾ ਪਰਿਵਾਰ ਤੇ ਤੀਸਰੀ ਮਾਰ ਉਸ ਦੇ ਰਿਸ਼ਤੇਦਾਰ ਮਾਰ ਦਿੰਦੇ ਹਨ। ਬਾਕੀ ਜੋ ਸੰਸਾਰਿਕ ਮਾਰਾਂ ਇਸ ਰੱਬ ਦੇ ਬੰਦੇ ਨੂੰ ਪੈਂਦੀਆਂ ਹਨ, ਉਨ੍ਹਾਂ ਦਾ ਕੋਈ ਲੇਖਾ-ਜੋਖਾ ਨਹੀਂ।

ਕਈ ਵਾਰ ਪਰਿਵਾਰਾਂ ਵਿਚ ਅਕਸਰ ਆਮ ਵੇਖਿਆ ਜਾਂਦਾ ਹੈ ਕਿ ਇਕ ਘਰ ਵਿਚ ਦੋ ਭਰਾ ਰਹਿੰਦੇ ਹੁੰਦੇ ਹਨ। ਜਿਨ੍ਹਾਂ 'ਚੋਂ ਇਕ ਕੰਮ ਕਰਦਾ ਹੈ ਤੇ ਦੂਜਾ ਕੰਮ ਨਾ ਮਿਲਣ ਦੀ ਮਜਬੂਰੀ ਕਾਰਨ ਰੁਜ਼ਗਾਰ ਤੋਂ ਵਾਂਝਾ ਹੁੰਦਾ ਹੈ। ਅਜਿਹੇ ਹਾਲਾਤ ਵਿਚ ਸਾਡੇ ਮਾਪੇ ਕਾਮੇ ਬੱਚੇ ਨੂੰ ਚੰਗਾ ਅਤੇ ਦੂਜੇ ਬੱਚੇ ਦਾ ਦਰਦ ਨਾ ਜਾਣਨ ਉਪਰੰਤ ਉਸ ਨੂੰ ਮਾੜਾ ਐਲਾਨ ਕਰ ਦਿੰਦੇ ਹਨ। ਫਿਰ ਅਜਿਹੇ ਮਾਹੌਲ ਵਿਚ ਦੋਵੇਂ ਭਰਾਵਾਂ ਵਿਚਕਾਰ ਮੁਕਾਬਲੇ ਵਾਲੀ ਸਥਿਤੀ ਸਿਰਜੀ ਜਾਂਦੀ ਹੈ। ਜਿਸ ਦੇ ਸਿੱਧੇ ਰੂਪ ਵਿਚ ਸਾਡੇ ਮਾਂ-ਪਿਓ ਅਤੇ ਉਹ ਸਾਕ-ਸਬੰਧੀ ਜ਼ਿੰਮੇਵਾਰ ਹੁੰਦੇ ਹਨ, ਜਿਨ੍ਹਾਂ ਨੇ ਮੌਕੇ ਦੇ ਹਾਲਾਤ ਦਾ ਸਹੀ ਜਾਇਜ਼ਾ ਲੈਣ ਉਪਰੰਤ ਵੀ ਸ਼ਾਂਤ ਮਾਹੌਲ ਦੀ ਥਾਵੇਂ ਅਸ਼ਾਂਤ ਮਾਹੌਲ ਸਿਰਜਿਆ ਹੋਵੇ। ਭਾਵੇਂ ਬਹੁਤੇ ਮਾਪੇ ਅਤੇ ਰਿਸ਼ਤੇਦਾਰ ਇੱਕੋ ਜਿਹੇ ਨਹੀਂ ਹੁੰਦੇ ਪਰ ਥੋੜ੍ਹੇ ਮਤਲਬਪ੍ਰਸਤ ਬਹੁਤਿਆਂ ਦੀ ਸਤਿਕਾਰਤਾ ਨੂੰ ਵੀ ਵੱਡੀ ਢਾਹ ਲਾ ਜਾਂਦੇ ਹਨ। ਬਾਕੀ ਅਜਿਹੇ ਮੈਂ ਆਪਣੇ ਅੱਖੀਂ ਵੀ ਵੇਖੇ ਹਨ ਅਤੇ ਮੇਰੀ ਮਾਤਾ ਦੇ ਦੇਹਾਂਤ ਤੋਂ ਬਾਅਦ ਇਹ ਸਭ ਕੁਝ ਆਪਣੇ ਪਿਤਾ ਨਾਲ ਵਾਪਰਦਾ ਵੀ ਵੇਖਿਆ ਹੈ।

ਅਸਲ ਵਿਚ ਪਰਿਵਾਰਕ ਮੁਖੀ ਨੂੰ ਲੋੜ ਤਾਂ ਇਸ ਗੱਲ ਨੂੰ ਸਮਝਣ ਦੀ ਹੁੰਦੀ ਹੈ ਕਿ ਸਦਾ ਇਨਸਾਨ ਤੇ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ। ਕਿਉਂਕਿ ਰਾਤ ਤੋਂ ਬਾਅਦ ਦਿਨ ਦਾ ਹੋਣਾ ਵੀ ਯਕੀਨਨ ਹੁੰਦਾ ਹੈ, ਪਰ ਫਿਰ ਵੀ ਉਹ ਆਪਣੇ ਬੱਚੇ ਨੂੰ ਤਰ੍ਹਾਂ-ਤਰ੍ਹਾਂ ਦੇ ਤਾਅਨੇ-ਮਿਹਣੇ ਦੇਣ ਉਪਰੰਤ ਘਰ ਦੀ ਦਹਿਲੀਜ਼ ਤੋਂ ਬਾਹਰ ਪੈਰ ਪਾਉਣ ਲਈ ਮਜਬੂਰ ਕਰ ਦਿੰਦੇ ਹਨ। ਅਜਿਹੀਆਂ ਹਾਲਤਾਂ ਵਿਚ ਇਨਸਾਨ ਕੋਲ ਸਿਰਫ਼ ਦੋ ਰਾਹ ਹੁੰਦੇ ਹਨ, ਪਹਿਲਾ ਰਸਤਾ ਹਿੰਮਤ, ਹੌਸਲਾ, ਦਲੇਰੀ, ਨਿਡਰਤਾ, ਅਡੋਲਤਾ ਅਤੇ ਚੱਟਾਨ ਵਰਗੇ ਵਿਸ਼ਵਾਸ ਭਰਪੂਰ ਇਰਾਦਿਆਂ ਨੂੰ ਸ਼ਿੰਗਾਰ ਕੇ ਆਪਣੀ ਮੰਜ਼ਿਲ ਵੱਲ ਤੁਰ ਪਵੇ। ਦੂਸਰਾ ਸੌਖਾ ਰਾਹ ਜੋ ਅੱਜ-ਕੱਲ੍ਹ ਕਿਸਾਨ ਭਰਾ ਵੀ ਅਪਨਾ ਰਹੇ ਹਨ, ਖ਼ੁਦਕੁਸ਼ੀ। ਇਨ੍ਹਾਂ ਦੋਵਾਂ ਵਿੱਚੋਂ ਆਦਮੀ ਨੇ ਆਪਣੀ ਸੋਚ ਦੇ ਅਨੁਸਾਰ ਕਿਸੇ ਇਕ ਨੂੰ ਚੁਣਨਾ ਹੁੰਦਾ ਹੈ। ਬਹੁਤੇ ਔਖੇ ਕੰਮ ਦਾ ਰਿਸਕ ਨਾ ਲੈਂਦੇ ਹੋਏ ਸੌਖਾ ਰਾਹ ਅਖ਼ਤਿਆਰ ਕਰ ਲੈਂਦੇ ਹਨ ਤੇ ਥੋੜ੍ਹੇ ਇਸ ਧਰਤੀ ਮਾਂ ਦਾ ਅਸ਼ੀਰਵਾਦ ਲੈ ਕੇ ਔਖੇ ਰਾਹ 'ਤੇ ਤੁਰ ਪੈਂਦੇ ਹਨ। ਜਿਨ੍ਹਾਂ ਦੀ ਫਿਰ ਸੰਘਰਸ਼ ਨਾਲ ਲੰਮੀ ਜੱਦੋ-ਜਹਿਦ ਸ਼ੁਰੂ ਹੁੰਦੀ ਹੈ।

ਜੇ ਅਸੀਂ ਮਿਹਨਤ ਨਾਲ ਕੋਈ ਵੀ ਕੰਮ ਕਰਦੇ ਹਾਂ, ਉਸ ਨੂੰ ਬੂਰ ਪੈਣਾ ਲਾਜ਼ਮੀ ਹੁੰਦਾ ਹੈ। ਸਮੇਂ ਸਿਰ ਜ਼ਿੰਦਗੀ ਨੂੰ ਹਾਂ ਅਤੇ ਖ਼ੁਦਕੁਸ਼ੀ ਨੂੰ ਨਾਂਹ ਵਾਲਾ ਮਿਹਨਤੀ ਅਤੇ ਪਰਿਵਾਰ ਵੱਲੋਂ ਬੇਦਖ਼ਲ ਕੀਤਾ ਇਹੀ ਪੁੱਤਰ ਅੱਜ ਆਪਣੇ ਜੀਵਨ 'ਤੇ ਜਿੱਤ ਪ੍ਰਾਪਤ ਕਰ ਕੁਝ ਨਾ ਕੁਝ ਬਣ ਚੁੱਕਾ ਹੈ। ਉਹ ਆਪਣਾ ਚੰਗਾ ਨਾਂ ਕਮਾ, ਕਾਰੋਬਾਰ ਸੈਟਲ ਕਰਨ ਦੇ ਨਾਲ-ਨਾਲ ਆਪਣਾ ਘਰ-ਬਾਰ ਵੀ ਬਣਾ ਚੁੱਕਾ ਹੁੰਦਾ ਹੈ।

ਚਾਰ ਪੈਸੇ ਆਪਣੇ ਹੱਥ ਹੇਠ ਕਰਨ ਉਪਰੰਤ ਇਸ ਦੁਨੀਆ ਵਿੱਚੋਂ ਆਪਣੇ ਹਮਸਫ਼ਰ ਨੂੰ ਤਲਾਸ਼ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਵੀ ਕਰ ਚੁੱਕਾ ਹੁੰਦਾ ਹੈ। ਫਿਰ ਉਸ ਨਾਲ ਇਸ ਦਾ ਪਰਿਵਾਰ ਅਤੇ ਰਿਸ਼ਤੇਦਾਰ ਗਹਿਰਾ ਨਾਤਾ ਰੱਖਣ ਲੱਗ ਪੈਂਦੇ ਹਨ। ਉਨ੍ਹਾਂ ਦੇ ਮਨਾਂ 'ਚ ਪਨਪਦੇ ਇਹ ਵਿਚਾਰ 'ਇਹ ਇੱਥੋਂ ਤਕ ਕਿਉਂ ਅਤੇ ਕਿਵੇਂ ਆ ਗਿਆ, ਲਗਦਾ ਤਾਂ ਹੈ ਨਹੀਂ ਸੀ ਇਸ ਤਰ੍ਹਾਂ ਦਾ' ਆਦਿ ਕਿਸੇ ਹੇਠਲੇ ਪੱਧਰ ਦੀ ਸੋਚ ਦਾ ਪ੍ਰਮਾਣ ਦਿੰਦੇ ਨਜ਼ਰ ਆਉਂਦੇ ਹਨ। ਆਪਣਿਆਂ ਲਈ ਅਜਿਹਾ ਸੋਚਣ ਵਾਲਿਆਂ ਲਈ ਸਮਾਜ ਵਿਚ ਕੋਈ ਥਾਂ ਨਹੀਂ ਹੁੰਦੀ।

ਸਮੇਂ ਦੇ ਨਾਲ-ਨਾਲ ਬਦਲਿਆਂ ਬਹੁਤੀ ਵਾਰ ਕੁਝ ਸਾਕ-ਸਬੰਧੀ ਗ਼ਲਤੀ ਮੰਨ ਕੇ ਇਕ-ਦੂਜੇ ਨਾਲ ਜੁੜ ਵੀ ਜਾਂਦੇ ਹਨ, ਪਰ ਫਿਰ ਜਿਹੜੀਆਂ ਬਗਾਰਾਂ ਉਹ ਪਾਉਂਦੇ ਹਨ, ਬਸ ਰਹੇ ਰੱਬ ਦਾ ਨਾਂਅ। ਅਸਲ ਵਿਚ ਹੋ ਰਿਹਾ ਇਹ ਸਭ ਕੁਝ ਮਤਲਬਪ੍ਰਸਤੀ ਵੱਲ ਇਸ਼ਾਰਾ ਕਰਦਾ ਹੈ। ਜੋ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਲਈ ਸਹੀ ਨਹੀਂ ਹੈ।

ਸੋ, ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਚਾਹੀਦਾ ਤਾਂ ਪਹਿਲਾਂ ਹੀ ਇਹ ਸੀ ਕਿ ਜਦ ਉਨ੍ਹਾਂ ਦੇ ਜਿਗਰ ਦਾ ਟੁਕੜਾ ਹਾਲਤਾਂ ਹੱਥੋਂ ਮਜਬੂਰ ਸੀ, ਉਸ ਦਾ ਸਾਥ ਦਿੰਦੇ ਅਤੇ ਉਸ ਨੂੰ ਯੋਗ ਸਿੱਖਿਆ ਦੇਣ ਦੇ ਨਾਲ-ਨਾਲ ਸਹੀ ਦਿਸ਼ਾ ਵੱਲ ਵਧਣ ਲਈ ਪ੍ਰੇਰਿਤ ਕਰਦੇ ਤਾਂ ਜੋ ਅੱਜ ਇਹ ਤਾਣਾ-ਬਾਣਾ ਸ਼ਾਇਦ ਨਾ ਉਲਝਦਾ। ਪ੍ਰੰਤੂ ਹੁਣ ਵੀ ਜੋ ਹੋ ਗਿਆ, ਉਸ 'ਤੇ ਮਿੱਟੀ ਪਾਉਂਦੇ ਹੋਏ ਆਪਣੇ ਬੇਟੇ, ਨੂੰਹ, ਪੋਤਾ, ਪੋਤੀ ਅਤੇ ਸਾਂਝੇ ਪਰਿਵਾਰ ਵਿਚ ਰਹਿਣ ਦਾ ਨਿਰਣੇ ਕਰਨ ਅਤੇ ਭਵਿੱਖ ਵਿਚ ਕੋਈ ਵੀ ਨਵੀਂ ਗ਼ਲਤੀ ਨਾ ਕਰਨ ਦਾ ਇਕ-ਦੂਜੇ ਨੂੰ ਵਚਨ ਦੇਈਏ।

- ਦਰਦੀ ਸਰਬਜੀਤ

90419-95800

Posted By: Harjinder Sodhi