'ਆਤਮ ਸਨਮਾਨ ਜੀਵਨ ਦੀਆਂ ਮੂਲ ਪ੍ਰਵਿਰਤੀਆਂ ਵਿੱਚੋਂ ਇਕ ਹੈ। ਆਤਮ ਸਨਮਾਨ ਜੀਵਨ ਦੀ ਮੌਲਿਕ ਜ਼ਰੂਰਤ ਹੈ। ਜਿਸ ਤਰ੍ਹਾਂ ਸਰੀਰ ਲਈ ਭੋਜਨ ਜ਼ਰੂਰੀ ਹੁੰਦਾ ਹੈ, ਉਸੇ ਤਰ੍ਹਾਂ ਸਰੀਰ ਨੂੰ ਜੀਵਤ ਰੱਖਣ ਵਾਲੀ ਆਤਮਾ ਲਈ ਆਤਮ ਸਨਮਾਨ ਬਹੁਤ ਜ਼ਰੂਰੀ ਹੁੰਦਾ ਹੈ। ਮਨੋਵਿਗਿਆਨ ਅਨੁਸਾਰ ਸੰਸਾਰ ਵਿਚ ਦੋ ਪ੍ਰਕਾਰ ਦੇ ਲੋਕ ਹੁੰਦੇ ਹਨ, ਇਕ ਤਾਂ ਉਹ ਜਿਨ੍ਹਾਂ ਵਿਚ ਆਤਮ ਸਨਮਾਨ ਦੀ ਭਾਵਨਾ ਭਰੀ ਹੁੰਦੀ ਹੈ ਅਤੇ ਦੂਸਰੇ ਉਹ ਜਿਨ੍ਹਾਂ ਵਿਚ ਆਤਮ ਸਨਮਾਨ ਘੱਟ ਜਾਂ ਫਿਰ ਨਾ ਮਾਤਰ ਹੀ ਹੁੰਦਾ ਹੈ। ਜਿਸ ਵਿਅਕਤੀ ਵਿਚ ਆਤਮ ਸਨਮਾਨ ਦੀ ਭਾਵਨਾ ਪ੍ਰਬਲ ਹੁੰਦੀ ਹੈ, ਉਹ ਕਦੇ ਵੀ ਆਪਣੇ ਆਪ ਤੋਂ ਨਿਰਾਸ਼ ਨਹੀਂ ਹੁੰਦਾ। ਉਹ ਆਪਣੇ ਆਪ ਨਾਲ ਪਿਆਰ ਕਰਦਾ ਹੈ ਅਤੇ ਸਭ ਨਾਲ ਪਿਆਰ ਅਤੇ ਸਤਿਕਾਰ ਨਾਲ ਹੀ ਵਿਵਹਾਰ ਕਰਦਾ ਹੈ।

ਆਤਮ ਸਨਮਾਨ ਨਾਲ ਭਰਪੂਰ ਵਿਅਕਤੀ ਕਦੇ ਵੀ ਆਪਣੇ ਕਰਮ ਖੇਤਰ ਤੋਂ ਦੂਰ ਨਹੀਂ ਭੱਜਦਾ। ਉਹ ਜੀਵਨ ਦੀਆਂ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ, ਮੁਸ਼ਕਿਲ ਤੋਂ ਮੁਸ਼ਕਿਲ ਹਾਲਤਾਂ ਦਾ ਡਟ ਕੇ ਮੁਕਾਬਲਾ ਕਰਦਾ ਹੈ। ਉਸਦਾ ਆਪਣੇ ਅਤੇ ਹੋਰਾਂ ਪ੍ਰਤੀ ਸੋਚਣ ਦਾ ਨਜ਼ਰੀਆ ਬਹੁਤ ਸਕਾਰਾਤਮਕ ਹੁੰਦਾ ਹੈ। ਉਸ ਵਿਚ ਆਤਮ ਵਿਸ਼ਵਾਸ ਭਰਪੂਰ ਹੁੰਦਾ ਹੈ ਅਤੇ ਉਹ ਕਦੇ ਵੀ ਅਜਿਹੇ ਕਰਮ ਨਹੀਂ ਕਰਦਾ ਜਿਸ ਨਾਲ ਆਪਣੀਆਂ ਹੀ ਨਜ਼ਰਾਂ ਵਿਚ ਗਿਰ ਜਾਵੇ। ਉਹ ਆਪਣੀਆਂ ਗ਼ਲਤੀਆਂ ਨੂੰ ਸਵੀਕਾਰ ਕਰਦੇ ਹੋਏ, ਉਨ੍ਹਾਂ ਨੂੰ ਸੁਧਾਰਨ ਦਾ ਯਤਨ ਕਰਦਾ ਹੈ। ਪ੍ਰਬਲ ਆਤਮ ਸਨਮਾਨ ਵਾਲਾ ਵਿਅਕਤੀ ਜੀਵਨ ਦੀਆਂ ਤਲਖ਼ ਹਕੀਕਤਾਂ ਨਾਲ ਰੂਬਰੂ ਹੁੰਦਾ ਹੋਇਆ ਆਪਣੀਆਂ ਖ਼ੁਸ਼ੀਆਂ ਦੀ ਖੋਜ ਵਿਚ ਦਿਲਚਸਪੀ ਰੱਖਦਾ ਹੈ।

ਦੂਸਰੇ ਲੋਕ ਉਸ ਬਾਰੇ ਕੀ ਸੋਚਦੇ ਹਨ, ਉਹ ਇਸ ਬਾਰੇ ਕੋਈ ਚਿੰਤਾ ਨਹੀਂ ਕਰਦਾ ਸਗੋਂ ਦੂਸਰੇ ਲੋਕਾਂ ਨੂੰ ਬਣਦਾ ਸਤਿਕਾਰ ਦੇਣ ਦੇ ਨਾਲ-ਨਾਲ ਆਪਣੇ ਆਪ ਨੂੰ ਵੀ ਇੱਜ਼ਤ ਮਾਣ ਦਿੰਦਾ ਹੈ। ਉਹ ਹਰ ਉਸ ਚੀਜ਼ ਤੋਂ ਦੂਰੀ ਬਣਾ ਕੇ ਰੱਖਦਾ ਹੈ ਜਿਸ ਨਾਲ ਉਸਦੇ ਆਤਮ ਸਨਮਾਨ ਨੂੰ ਕੋਈ ਫ਼ਰਕ ਪੈਂਦਾ ਹੋਵੇ। ਇਸ ਦੇ ਉਲਟ ਘੱਟ ਆਤਮ ਸਨਮਾਨ ਵਾਲੇ ਵਿਅਕਤੀ ਵਿਚ ਆਤਮ ਵਿਸ਼ਵਾਸ ਦੀ ਕਮੀ ਹੋ ਜਾਂਦੀ ਹੈ ਜਿਸ ਕਾਰਨ ਉਹ ਕਿਸੇ ਵੀ ਖੇਤਰ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਉਂਦਾ।

ਅਜਿਹਾ ਵਿਅਕਤੀ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਦੂਸਰਿਆਂ ਸਾਹਮਣੇ ਆਪਣੇ ਮਨ ਦੇ ਭਾਵ ਉਜਾਗਰ ਕਰਨ ਤੋਂ ਵੀ ਝਿਜਕਦਾ ਰਹਿੰਦਾ ਹੈ। ਉਹ ਆਪਣੀਆਂ ਗ਼ਲਤੀਆਂ ਨੂੰ ਸਵੀਕਾਰ ਕਰਨ ਤੋਂ ਵੀ ਡਰਦਾ ਹੈ ਅਤੇ ਆਪਣੀਆਂ ਗ਼ਲਤੀਆਂ ਲਈ ਦੂਜਿਆਂ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕਰਦਾ ਹੈ। ਆਤਮ ਸਨਮਾਨ ਤੋਂ ਖ਼ਾਲੀ ਮਨੁੱਖ ਆਪਣੀਆਂ ਪ੍ਰਾਪਤੀਆਂ ਦੇ ਬਾਵਜੂਦ ਆਪਣੇ ਆਪ ਨੂੰ ਅੰਦਰੋਂ ਖੋਖਲਾ ਅਤੇ ਅਸ਼ਾਂਤ ਮਹਿਸੂਸ ਕਰਦਾ ਹੈ। ਜਦੋਂ ਕੋਈ ਵਿਅਕਤੀ ਆਪਣੇ ਬੁਰੇ ਕਰਮਾਂ ਦੀ ਵਜ੍ਹਾ ਨਾਲ ਜਾਂ ਆਪਣੇ ਬੁਰੇ ਖ਼ਿਆਲਾਂ ਕਾਰਨ ਆਪਣੀਆਂ ਹੀ ਨਜ਼ਰਾਂ ਵਿਚ ਗਿਰ ਜਾਂਦਾ ਹੈ ਤਾਂ ਉਸਦੀ ਆਤਮਾ ਉਸ ਨੂੰ ਹਮੇਸ਼ਾ ਅੰਦਰੋਂ ਝੰਜੋੜਦੀ ਰਹਿੰਦੀ ਹੈ, ਲਾਹਨਤਾਂ ਪਾਉਂਦੀ ਰਹਿੰਦੀ ਹੈ। ਅਜਿਹੀ ਹਾਲਤ ਵਿਚ ਹੌਲੀ-ਹੌਲੀ ਵਿਅਕਤੀ ਵਿਚ ਆਤਮ-ਵਿਸ਼ਵਾਸ ਦੀ ਘਾਟ ਹੁੰਦੀ ਜਾਂਦੀ ਹੈ ਅਤੇ ਉਹ ਆਪਣਾ ਆਤਮ ਸਨਮਾਨ ਗੁਆ ਬੈਠਦਾ ਹੈ।

ਹੋ ਸਕਦਾ ਹੈ ਕਿ ਲੋਕ ਸਾਡੀ ਇੱਜ਼ਤ ਮਾਣ ਕਰਦੇ ਹੋਣ ਪਰ ਜਦ ਸਾਡੀ ਅੰਤਰ ਆਤਮਾ ਉਸ ਇੱਜ਼ਤ ਮਾਣ ਨੂੰ ਸਵੀਕਾਰ ਨਹੀਂ ਕਰਦੀ ਤਾਂ ਸਮਝ ਲਓ ਕਿ ਇਹ ਖੋਖਲਾ ਸਨਮਾਨ ਹੈ ਜੋ ਲੋਕ ਸਾਨੂੰ ਸ਼ਾਇਦ ਸਾਡੀ ਰਾਜਸੀ ਪਦਵੀ ਜਾਂ ਪਹੁੰਚ ਕਾਰਨ, ਜਾਂ ਫਿਰ ਕਿਸੇ ਮਤਲਬ ਕਰਕੇ ਜਾਂ ਸਾਡੀ ਅਮੀਰੀ ਆਦਿ ਕਾਰਨ ਦਿੰਦੇ ਹਨ ਨਾ ਕਿ ਦਿਲੋਂ ਸਾਡਾ ਸਤਿਕਾਰ ਕਰਦੇ ਹਨ। ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਆਤਮ ਸਨਮਾਨ ਦੀ ਪ੍ਰਾਪਤੀ ਕਿਵੇਂ ਅਤੇ ਕਿੱਥੋਂ ਕੀਤੀ ਜਾਵੇ? ਤਾਂ ਇਸ ਦਾ ਬੜਾ ਸਰਲ ਜਿਹਾ ਉੱਤਰ ਇਹ ਹੈ ਕਿ ਆਤਮ ਸਨਮਾਨ ਦੀ ਪ੍ਰਾਪਤੀ ਅਸੀਂ ਆਪਣੇ ਅੰਦਰੋਂ ਹੀ ਕਰ ਸਕਦੇ ਹਾਂ।

ਆਤਮ ਸਨਮਾਨ ਕੋਈ ਭੌਤਿਕ ਪਦਾਰਥ ਨਹੀਂ ਜਿਸ ਨੂੰ ਬਾਹਰੋਂ ਕਿਤਿਓਂ ਹਾਸਿਲ ਕੀਤਾ ਜਾ ਸਕੇ। ਇਹ ਤਾਂ ਇਕ ਭਾਵ ਹੈ, ਇਕ ਅਹਿਸਾਸ ਹੈ, ਜਿਹੜਾ ਸਾਨੂੰ ਆਪਣੀ ਆਤਮਾ ਦੇ ਮਹਿਸੂਸ ਕਰਨ ਨਾਲ ਹੀ ਪ੍ਰਾਪਤ ਹੁੰਦਾ ਹੈ। ਜਦੋਂ ਅਸੀਂ ਆਪਣੇ ਬਾਰੇ ਚੰਗਾ ਸੋਚਦੇ ਹਾਂ, ਸਕਾਰਾਤਮਕ ਸੋਚ ਰੱਖਦੇ ਹਾਂ ਅਤੇ ਹਮੇਸ਼ਾ ਆਤਮਾ ਦੀ ਆਵਾਜ਼ ਸੁਣ ਕੇ ਨੇਕ ਭਲੇ ਕਰਮ ਕਰਦੇ ਹਾਂ ਤਾਂ ਇਸ ਨਾਲ ਸਾਡੇ ਅੰਦਰ ਆਤਮ ਸੰਤੁਸ਼ਟੀ ਅਤੇ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ, ਖ਼ੁਦ ਲਈ ਸਤਿਕਾਰ ਪੈਦਾ ਹੁੰਦਾ ਹੈ। ਅਜਿਹੀ ਹਾਲਤ ਨੂੰ ਆਤਮ ਸਨਮਾਨ ਕਿਹਾ ਜਾਂਦਾ ਹੈ। ਆਪਣੇ ਆਪ ਬਾਰੇ ਉੱਤਮ ਅਤੇ ਚੰਗੀ ਸੋਚ ਰੱਖਣ ਨਾਲ ਆਤਮ ਸਨਮਾਨ ਦੀ ਪ੍ਰਾਪਤੀ ਹੁੰਦੀ ਹੈ।

ਆਪਣੇ ਆਪ ਨਾਲ ਪਿਆਰ ਕਰਨ ਨਾਲ ਆਤਮ ਸਨਮਾਨ ਦੀ ਪ੍ਰਾਪਤੀ ਹੁੰਦੀ ਹੈ। ਆਪਣੇ ਔਗੁਣਾਂ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਨੂੰ ਸੁਧਾਰਨ ਦਾ ਯਤਨ ਕਰਨ ਨਾਲ ਵੀ ਆਤਮ ਸਨਮਾਨ ਦੀ ਪ੍ਰਾਪਤੀ ਹੁੰਦੀ ਹੈ। ਹਮੇਸ਼ਾ ਸਕਾਰਾਤਮਕ ਸੋਚ ਰੱਖਦੇ ਹੋਏ ਮਨ, ਵਚਨਾਂ ਅਤੇ ਕਰਮਾਂ ਵਿਚ ਚੰਗਿਆਈ ਅਤੇ ਸ਼ੁੱਧਤਾ ਰੱਖਣ ਨਾਲ ਵੀ ਆਤਮ ਸਨਮਾਨ ਦੀ ਭਾਵਨਾ ਪੈਦਾ ਹੁੰਦੀ ਹੈ। ਬੁਰਿਆਈ ਹਮੇਸ਼ਾ ਅਪਮਾਨ ਦਿਵਾਉਂਦੀ ਹੈ ਅਤੇ ਚੰਗਿਆਈ ਹਮੇਸ਼ਾ ਸਨਮਾਨ। ਇਸੇ ਲਈ ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਹਮੇਸ਼ਾ ਮਾਨਵ ਹਿਤੈਸ਼ੀ ਕੰਮ ਕਰਨ ਨਾਲ ਹੀ ਆਤਮ ਸਨਮਾਨ ਪੈਦਾ ਹੁੰਦਾ ਹੈ।

ਆਤਮ ਸਨਮਾਨ ਦੀ ਪ੍ਰਾਪਤੀ ਲਈ ਸਾਨੂੰ ਗਿਆਨਯੋਗੀ ਅਤੇ ਕਰਮਯੋਗੀ ਬਣਨਾ ਪੈਂਦਾ ਹੈ। ਸੱਚ-ਝੂਠ ਦਾ ਗਿਆਨ ਹੋਣਾ ਬੜਾ ਲਾਜ਼ਮੀ ਹੈ ਕਿਉਂਕਿ ਅਜਿਹੇ ਗਿਆਨ ਦੀ ਘਾਟ ਕਾਰਨ

ਅਸੀਂ ਕਦੇ ਵੀ ਸਚਾਈ 'ਤੇ ਆਧਾਰਿਤ ਕਰਮ ਨਹੀਂ ਕਰ ਸਕਦੇ। ਡਾਕਟਰ ਏ .ਪੀ. ਜੇ. ਅਬਦੁਲ ਕਲਾਮ ਕਿਹਾ ਕਰਦੇ ਸਨ ਕਿ 'ਆਤਮ ਸਨਮਾਨ ਦੀ ਪ੍ਰਾਪਤੀ ਹਮੇਸ਼ਾ ਆਤਮ ਨਿਰਭਰਤਾ ਨਾਲ ਹੁੰਦੀ ਹੈ'।

ਇਹ ਸੌ ਫ਼ੀਸਦੀ ਸੱਚ ਹੈ ਕਿ ਜੇ ਅਸੀਂ ਆਪਣੀਆਂ ਨਿੱਕੀਆਂ-ਨਿੱਕੀਆਂ ਜ਼ਰੂਰਤਾਂ ਲਈ ਵੀ ਦੂਸਰਿਆਂ 'ਤੇ ਨਿਰਭਰ ਰਹਿੰਦੇ ਹਾਂ ਅਤੇ ਹੋਰਾਂ 'ਤੇ ਹੀ ਆਸ ਰੱਖਦੇ ਹਾਂ ਤਾਂ ਕਦੇ ਵੀ ਆਤਮ ਸਨਮਾਨ ਹਾਸਲ ਨਹੀਂ ਕਰ ਸਕਦੇ। ਖ਼ੁਦ ਨੂੰ ਆਤਮ ਨਿਰਭਰ ਬਣਾਉਣ ਨਾਲ ਹੀ ਅਸੀਂ ਆਪਣੇ ਲਈ ਹੋਰਾਂ ਦੇ ਦਿਲਾਂ ਵਿਚ ਸਤਿਕਾਰ ਪੈਦਾ ਕਰ ਸਕਦੇ ਹਾਂ। ਮਿਹਨਤ ਦੀ ਕਮਾਈ ਕਰਕੇ ਆਪਣੀਆਂ ਲੋੜਾਂ ਆਪ ਪੂਰੀਆਂ ਕਰਨ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ ਅਤੇ ਹਰ ਛੋਟੇ ਮੋਟੇ ਕੰਮ ਲਈ ਦੂਸਰਿਆਂ 'ਤੇ ਨਿਰਭਰ ਨਹੀਂ ਰਹਿਣਾ ਚਾਹੀਦਾ।

ਦੂਸਰਿਆਂ ਸਾਹਮਣੇ ਹੱਥ ਫੈਲਾਉਣ ਵਾਲੇ ਕਦੇ ਵੀ ਸਤਿਕਾਰੇ ਨਹੀਂ ਜਾਂਦੇ। ਕਿਸੇ ਮਹਾਤਮਾ ਦਾ ਕਥਨ ਹੈ ਕਿ ਮੰਗਣ ਨਾਲੋਂ ਆਤਮ ਸਨਮਾਨ ਬਰਕਰਾਰ ਰੱਖਣ ਲਈ ਮਰਨਾ ਚੰਗਾ ਹੁੰਦਾ ਹੈ। ਜੋ ਆਪਣੀ ਮਦਦ ਆਪ ਕਰਦੇ ਹਨ, ਪਰਮਾਤਮਾ ਵੀ ਉਨ੍ਹਾਂ ਦੀ ਮਦਦ ਕਰਦਾ ਹੈ। ਉਰਦੂ ਦੀ ਇਕ ਤੁੱਕ ਹੈ ਕਿ 'ਹਿੰਮਤੇ ਮਰਦਾਂ ਮਦਦੇ ਖੁਦਾ'। ਹਰ ਪਲ ਦੂਸਰਿਆਂ ਦੀ ਮਦਦ 'ਤੇ ਨਿਰਭਰ ਰਹਿਣ ਵਾਲੇ ਜ਼ਿੰਦਗੀ ਬਤੀਤ ਤਾਂ ਭਾਵੇਂ ਕਰ ਲੈਣ, ਪਰ ਜ਼ਿੰਦਗੀ ਦੇ ਹਰ ਪਲ ਦਾ ਲੁਤਫ਼ ਨਹੀਂ ਮਾਣ ਸਕਦੇ। ਇਸ ਲਈ ਇਹ ਯਾਦ ਰੱਖਣਾ ਚਾਹੀਦਾ ਕਿ ਜਿੰਦਾਦਿਲੀ ਨਾਲ ਆਪਣੇ ਅਨਮੋਲ ਜੀਵਨ ਨੂੰ ਅਨੰਦਮਈ ਬਣਾਉਣ ਲਈ ਆਪਣੀ ਮਦਦ ਖ਼ੁਦ ਆਪ ਕਰੀਏ, ਆਪਣੀਆਂ ਖ਼ੁਸ਼ੀਆਂ ਲਈ ਆਪ ਉੱਦਮ ਕਰੀਏ ਅਤੇ ਆਤਮ ਵਿਸ਼ਵਾਸ ਤੇ ਆਤਮ ਨਿਰਭਰਤਾ ਦੇ ਬਲਬੂਤੇ ਆਤਮ ਸਨਮਾਨ ਨੂੰ ਕਾਇਮ ਰੱਖੀਏ। ਆਤਮ ਸਨਮਾਨ ਨਾਲ ਹੀ ਮਨੁੱਖ ਨੂੰ ਉੱਤਮ ਜੀਵਨ ਦੀ ਪ੍ਰਾਪਤੀ ਹੋ ਸਕਦੀ ਹੈ।'

- ਯਸ਼ਪਾਲ ਮਾਹਵਰ

9041347351

Posted By: Harjinder Sodhi