ਬੋਲ, ਭਾਵਾਂ ਦਾ ਦਾਨ-ਪ੍ਰਦਾਨ, ਗੱਲਬਾਤ ਦਾ ਸਬੱਬ, ਨਿੱਜੀ ਭਾਵਨਾਵਾਂ ਦਾ ਪ੍ਰਵਾਹ, ਦਿਲ ਦੀਆਂ ਰਮਜ਼ਾਂ ਨੂੰ ਉਲਥਾਉਣਾ ਅਤੇ ਇਨ੍ਹਾਂ ਨੂੰ 'ਵਾ ਦੇ ਕੰਨੀਂ ਬੰਨ੍ਹ ਕੇ ਸੱਜਣਾਂ ਨੂੰ ਪਹੁੰਚਾਣਾ। ਬੋਲ, ਸਮਾਜਿਕ ਵਰਤਾਰੇ ਦਾ ਅਹਿਮ ਅੰਗ, ਪਰਿੰਦਿਆਂ ਦੇ ਚੁੰਝ-ਚੋਚਲੇ ਦਾ ਸਬੱਬ, ਇਕ ਦੂਜੇ ਨੂੰ ਸੰਦੇਸ਼ ਪਹੁੰਚਾਣ ਲਈ ਤਰਕੀਬ, ਤਜਵੀਜ਼ ਅਤੇ ਤਰਜ਼ੀਹ। ਬੋਲ, ਖ਼ਾਸ ਰਿਦਮ ਅਨੁਸ਼ਾਸਨ ਅਤੇ ਤਰਤੀਬ ਵਿਚ ਅਰਥਮਈ ਹੁੰਦੇ ਜਦ ਕਿ ਉਗੜੇ-ਦੁੱਗੜੇ ਬੋਲ ਬੇਅਰਥੇ ਹੁੰਦੇ।

ਬੋਲ ਦੀ ਸੁੱਚਮਤਾ ਤੇ ਉਤਮਤਾ ਇਸ ਗੱਲ ਦੀ ਗਵਾਹ ਕਿ ਬੋਲ ਕਿਸ ਮੁਖਾਰਬਿੰਦ ਵਿੱਚੋਂ ਉਚਰੇ ਗਏ? ਕਿਸ ਨੂੰ ਮੁਖਾਤਿਬ ਹੋ ਕੇ ਉਚਾਰੇ ਗਏ? ਬੋਲਾਂ ਵਿਚ ਕਿਹੜਾ ਮਕਸਦ ਅਤੇ ਆਸਥਾ? ਬੋਲਾਂ ਦੀ ਤਾਸੀਰ ਇਸ ਗੱਲ 'ਤੇ ਵੀ ਨਿਰਭਰ ਕਰਦੀ ਕਿ ਇਹ ਬੋਲ ਕਿਸ ਸਮੇਂ, ਕਿਹੜੀ ਥਾਂ ਅਤੇ ਕਿਨ੍ਹਾਂ ਹਾਲਤਾਂ ਵਿਚ ਆਪਣੀ ਹੋਂਦ ਪ੍ਰਗਟਾਉਂਦੇ?

ਬੋਲ, ਅਬੋਲ ਤੇ ਅਗਾਧ ਵੀ। ਉਦਾਸ ਵੀ ਤੇ ਹਾਸੇ-ਠੱਠੇ ਨਾਲ ਭਰਪੂਰ ਵੀ। ਗੁੰਮਸ਼ੁਦੀ ਦੀ ਦੱਸ ਵੀ ਤੇ ਹਾਜ਼ਰੀ ਦਾ ਪਤਾ ਵੀ। ਬੋਲਾਂ ਦੀ ਤਾਸੀਰ, ਤਰਬੀਅਤ ਅਤੇ ਤਰੰਗਾਂ ਵਿੱਚੋਂ ਹੀ ਇਨ੍ਹਾਂ ਦੇ ਅੰਤਰੀਵ ਵਿਚ ਬੈਠੀ ਸੋਚ-ਸਪੱਸ਼ਟਤਾ ਦਾ ਝਲਕਾਰਾ।

ਬੋਲ, ਸੁਹਜਮਈ ਤੇ ਕੁਹਜੇ ਵੀ। ਅਵੈੜੇ ਵੀ ਤੇ ਮਲੂਕ ਵੀ। ਰਸੀਲੇ ਵੀ ਤੇ ਗੁਸੈਲੇ ਵੀ। ਝਗੜਾਲੂ ਵੀ ਤੇ ਸਮਝੌਤਾਵਾਦੀ ਵੀ। ਜ਼ਖ਼ਮ ਵੀ ਤੇ ਜ਼ਖ਼ਮਾਂ ਲਈ ਮਰ੍ਹਮ ਵੀ। ਦਰਦਵੰਤੇ ਵੀ ਅਤੇ ਦਰਦ ਦੀ ਦਵਾ ਵੀ। ਦੁੱਖ ਵਿਹਾਜਣੇ ਵੀ ਅਤੇ ਸੁੱਖ ਵਰਤਾਉਣੇ ਵੀ। ਬਹੁਤ ਹੀ ਰੂਪ ਨੇ ਬੋਲਾਂ ਦੇ।

ਬੋਲ ਜਦ ਚੀਸਾਂ, ਚੀਕ-ਚਿਹਾੜਾ, ਕੁਰਲਾਹਟ, ਕੀਰਨੇ ਜਾਂ ਕੂਕ ਬਣਦੇ ਤਾਂ ਵਕਤ ਦੇ ਪਿੰਡੇ 'ਤੇ ਲਾਸਾਂ ਪੈਂਦੀਆਂ। ਇਨ੍ਹਾਂ ਦੀ ਚਸਕ ਰੂਹ ਨੂੰ ਲੀਰਾਂ ਕਰਦੀ। ਬੋਲ, ਕਦੇ ਸੱਸੀ ਦੀਆਂ ਥਲ ਵਿਚਲੀਆਂ ਕੂਕਾਂ, ਕਦੇ ਮਿਰਜ਼ੇ ਦੀ ਲਾਸ਼ ਕੋਲ ਕੀਰਨੇ ਪਾਉਂਦਾ ਸਾਹਿਬਾਂ ਦਾ ਵਿਰਲਾਪ, ਕਦੇ ਝਨਾਂ ਵਿਚ ਮਹੀਵਾਲ ਨੂੰ ਹਾਕਾਂ ਮਾਰਦੀ ਸੋਹਣੀ ਦਾ ਆਖ਼ਰੀ ਤਰਲਾ ਅਤੇ ਕਦੇ ਖੇੜਿਆਂ ਦੀ ਡੋਲੀ ਵਿਚ ਬਹਿ ਕੇ ਰੋਂਦੀ ਹੀਰ ਦੀਆਂ ਭੁੱਬਾਂ ਹੁੰਦੇ।

ਇਹ ਬੋਲ ਕਰੁਣਾ ਵਿਚ ਪਸੀਜੇ, ਖਾਰੇ ਪਾਣੀਆਂ 'ਚ ਖੁੱਰ, ਹੋਠਾਂ 'ਤੇ ਉਕਰਿਆ ਮਰਸੀਆ ਬਣ ਜਾਂਦੇ। ਬੋਲ, ਮਾਂ ਦੀਆਂ ਬੱਚੇ ਨੂੰ ਦਿਤੀਆਂ ਲੋਰੀਆਂ, ਬਾਪ ਦੇ ਲਡਾਏ ਲਾਡਾਂ, ਮੇਲੀਆਂ ਦੀਆਂ ਪਾਈਆਂ ਬੋਲੀਆਂ, ਜਾਂਝੀਆਂ ਵਲੋਂ ਸਿੱਠਣੀਆਂ ਦੇ ਹੁੰਗਾਰੇ, ਵੀਰਾਂ ਦੇ ਗੁੱਟਾਂ ਦੇ ਬੱਝੀਆਂ ਰੱਖੜੀਆਂ 'ਚ ਭੈਣਾਂ ਦੀ ਅਸੀਸ, ਵਿਆਹ ਸਮੇਂ ਘੋੜੀਆਂ ਤੇ ਸੁਹਾਗ, ਧੀ ਦੇ ਤੋਰਨ ਵਿਚ ਵਿਰਾਗੀ ਮਾਂ ਦੀਆਂ ਲਿੱਲਕੜੀਆਂ, ਬਾਪ ਦਾ ਘਰ ਛੱਡ ਰਹੀ ਧੀ ਦੀਆਂ ਸਿਸਕੀਆਂ, ਨੂੰਹ ਤੋਂ ਪਾਣੀ ਵਾਰਦੀ ਸੱਸ ਦੀਆਂ ਦੁਆਵਾਂ ਦਾ ਰੂਪ ਧਾਰਦੇ ਤਾਂ ਨਵੇਂ ਪਰਿਵਾਰ, ਸਬੰਧਾਂ ਅਤੇ ਸਮਾਜ ਦਾ ਅਰੰਭ ਹੁੰਦਾ ਜਿਸਨੇ ਭਵਿੱਖ ਦੀ ਸਿਰਜਣਾ ਕਰਨੀ ਹੁੰਦੀ।

ਬੋਲ, ਵਿਹੜੇ ਵਿਚ ਵਿੱਛੇ ਸੱਥਰ ਦੀ ਪੀੜ ਫਰੋਲਦੇ, ਆਪਣਿਆਂ ਦੇ ਸਦੀਵੀ ਵਿਛੋੜੇ ਵਿਚ ਪਿੱਘਲ ਕੇ ਕਬਰਾਂ ਨੂੰ ਜਾਂਦੀਆਂ ਰਾਹਾਂ ਧੋਂਦੇ ਅਤੇ ਸਿਵੇ ਵਿਚੋਂ ਉਡਦੀਆਂ ਲਾਟਾਂ ਵਿਚ ਸੜਦੇ ਬੋਲ ਅਵਾਕ ਹੋ ਜਾਂਦੇ। ਇਹਨਾਂ ਬੋਲਾਂ ਵਿਚ ਬਹੁਤ ਕੁਝ ਗੁੰਮ ਜਾਂਦਾ ਜੋ ਧੂਣੀ ਦਾ ਧੂੰਆਂ ਬਣ ਕੇ ਜੀਵਨ ਧੁਆਂਖਦਾ।

ਬੋਲ ਲਲਕਾਰੇ, ਜੈਕਾਰੇ, ਵੰਗਾਰਾਂ, ਤਲਵਾਰਾਂ ਅਤੇ ਛਵੀਆਂ ਦੀਆਂ ਚੀਖ਼ਦੀਆਂ ਅਵਾਜਾਂ। ਅਜੇਹੇ ਬੋਲਾਂ ਵਿਚ ਮੂਕ ਹੋ ਜਾਂਦੇ ਧੜਕਦੀਆਂ ਜਿੰਦਾਂ ਦੇ ਸਾਜ਼। ਧਰਤ 'ਤੇ ਵਿਛੀਆਂ ਲਾਸ਼ਾਂ 'ਤੇ ਗਿਰਝਾਂ ਦੀ ਡਾਰ ਮੰਡਰਾਉਂਦੀ। ਚੀਥੜਿਆਂ 'ਚੋਂ ਪ੍ਰਗਟ ਹੁੰਦੀ ਮਨੁੱਖ ਅੰਦਰ ਵੱਸਦੀ ਹੈਵਾਨੀਅਤ ਜਿਸ ਲਈ ਜਿਊਣ ਨਾਲੋਂ ਮਰਨਾ ਅਤੇ ਮਾਰਨਾ ਹੀ ਜ਼ਿੰਦਗੀ ਦਾ ਦਸਤੂਰ।

ਬੋਲ ਨਿੰਦਿਆ, ਨਕਾਰਤਮਿਕ, ਨਿਰ-ਉਦੇਸ਼ ਅਤੇ ਨਫ਼ਰਤੀ ਹੋਣ ਤਾਂ ਬੋਲ, ਬੋਲ ਨਹੀਂ ਸਗੋਂ ਬੋਲਾਂ ਦੀ ਕੁੱਖ ਵਿਚ ਸਾਹਾਂ ਦਾ ਸੰਤਾਪ ਹੁੰਦਾ।

ਬੋਲ ਜਦ ਧਰਮ ਦੀ ਆੜ ਵਿਚ ਨਫ਼ਰਤ ਬੀਜਦੇ। ਅਰਦਾਸ, ਆਰਤੀ ਤੇ ਅਜ਼ਾਨ ਦੀ ਤਿੱਕੜੀ ਵਿਚ ਸੇਹ ਦਾ ਤੱਕਲਾ ਗੱਡਦੇ। ਮਾਨਵਤਾ ਦੇ ਮੁੱਖ ਨੂੰ ਬੇਦੋਸ਼ਿਆਂ ਦੇ ਖ਼ੂਨ ਵਿਚ ਰੰਗਦੇ ਤਾਂ ਬੋਲ ਖ਼ੁਦਕੁਸ਼ੀ ਕਰ ਜਾਂਦੇ। ਕਿਉਂਕਿ ਧਰਮੀ ਬੋਲ ਤਾਂ ਆਪਸੀ ਪ੍ਰੇਮ-ਭਾਵ ਮਿਲਵਰਤਣ ਅਤੇ ਸਹਿ-ਵਰਤਾਰੇ ਦਾ ਸੰਦੇਸ਼

ਹੁੰਦੇ। ਅਧਰਮੀ ਵਰਤਾਰਾ ਤਾਂ ਸਿਰਫ਼ ਅਡੰਬਰੀ ਲੋਕਾਂ ਦੀ ਜ਼ਹਿਰੀਲੀ ਜ਼ਹਿਨੀਅਤ ਦਾ ਨੰਗਾ ਨਾਚ ਹੈ।

ਬੋਲ, ਬੰਦਗੀ ਲਈ ਰਿਆਜ਼, ਬੰਦਿਆਈ ਦਾ ਬਿਹਤਰੀਨ ਅੰਦਾਜ਼, ਭਲਿਆਈ ਦਾ ਭਗਤੀ-ਨਾਦ ਅਤੇ ਅੰਤਰੀਵੀ ਯਾਤਰਾ ਦਾ ਸ਼ੁਭ-ਅਗਾਜ਼। ਬੋਲ-ਸਾਜ਼ ਜਦ ਅਗੰਮੀ ਨਾਦ ਬਣ ਕੇ ਰੂਹ ਵਿਚ ਗੂੰਜਦਾ ਤਾਂ ਬਹੁਤ ਕੁਝ ਮਨੁੱਖ ਨੂੰ ਹਾਸਲ ਹੁੰਦਾ ਜਿਸ ਤੋਂ ਬਲਿਹਾਰੇ ਜਾਣ ਨੂੰ ਜੀਅ ਕਰਦਾ।

ਬੋਲ ਜਦ ਸੁੰਨ ਸਮਾਧੀ ਵਿਚ ਜਾਂਦੇ ਤਾਂ ਮਨੁੱਖ ਅੰਤਰੀਵ 'ਚ ਉਤਰਦਾ। ਫਿਰ ਅਬੋਲ ਰਹਿ ਕੇ ਬਹੁਤ ਕੁਝ ਸੁਣਾਈ ਦਿੰਦਾ ਜਿਸ ਤੋਂ ਜਾਣ ਬੁੱਝ ਕੇ ਅਣਜਾਣ ਬਣਦੇ। ਸਭ ਤੋਂ ਔਖਾ ਹੁੰਦਾ ਏ ਮਨ ਦੇ ਪਾਕ ਬੋਲਾਂ ਨੂੰ ਸੁਣਨਾ ਅਤੇ ਇਸਦੀ ਉਂਗਲ ਫੜ ਕੇ ਜੀਵਨ ਵਿਉਂਤਣਾ। ਸੱਚ ਨਾਲੋਂ ਕੂੜ-ਮਾਰਗੀ ਬਣਨਾ ਅਸਾਨ ਹੁੰਦਾ ਕਿਉਂਕਿ ਅਸੀਂ ਸਮਾਜ ਦੇ ਗੰਧਲੇਪਣ ਵਿਚ ਰੰਗੇ, ਖ਼ੁਦ ਨੂੰ ਸਫ਼ਾਫ਼ ਬਣਾਉਣ ਵੰਨੀਂ ਕਦੇ ਉਤੇਜਿੱਤ ਹੀ ਨਹੀਂ ਹੁੰਦੇ।

ਬੋਲ, ਕਿਤਾਬਾਂ, ਕਲਾ-ਕਿਰਤਾਂ ਵਿੱਚੋਂ ਵੀ ਉਗਣ ਲਈ ਤਰਲੇ ਲੈਂਦੇ। ਇਨ੍ਹਾਂ ਬੋਲਾਂ ਨੂੰ ਰੂਹ ਵਿਚ ਵਸਾਉਣਾ ਅਤੇ ਇਨ੍ਹਾਂ ਨਾਲ ਆੜੀ ਪਾਉਣਾ, ਸੱਚ ਦੇ ਰਾਹ 'ਤੇ ਚੱਲਣ ਦਾ ਹੁਨਰ ਆਵੇਗਾ।

ਕਦੇ ਬੱਚਿਆਂ ਨੂੰ ਫੁੱਲਾਂ ਨਾਲ ਗੱਲਾਂ ਕਰਦੇ ਸੁਣਨਾ, ਪਾਲਤੂ ਜਾਨਵਰਾਂ ਨਾਲ ਗੱਲਬਾਤ ਵਿਚ ਰੁੱਝਿਆਂ ਨੂੰ ਵਾਚਣਾ, ਸ਼ਾਇਦ ਬਾਤਚੀਤ ਦੀ ਤੁਹਾਨੂੰ ਸਮਝ ਨਾ ਆਵੇ ਪਰ ਉਸ ਬੋਲੀ ਨੂੰ ਫੁੱਲ ਅਤੇ ਜਾਨਵਰ ਬਾਖੂਬੀ ਸਮਝਦੇ।

ਹਵਾ ਦੀ ਰੁਮਕਣੀ, ਪੱਤਿਆਂ ਦੀ ਸਰਸਰਹਾਟ, ਬਿਰਖ਼ਾਂ 'ਚ ਸ਼ੂਕਦੀ ਹਵਾ, ਪਾਣੀਆਂ ਦੀਆਂ ਲਹਿਰਾਂ ਵਿਚਲਾ ਸੰਗੀਤ ਜਾਂ ਪੁਸਤਕ ਦੇ ਵਰਕੇ ਪਰਤਦਿਆਂ ਪੈਦਾ ਹੋਈ ਧੁਨੀ ਨੂੰ ਸੁਣਨਾ, ਰੂਹ ਨਸ਼ਿਆ ਜਾਵੇਗੀ। ਬਹੁਤ ਕੁਝ ਅਨਾਦੀ ਰੂਪ ਵਿਚ ਹਾਸਲ ਹੋਵੇਗਾ।

ਕਦੇ ਬਗ਼ੀਚੀ ਵਿਚ ਭੌਰਿਆਂ, ਤਿੱਤਲੀਆਂ ਤੇ ਮਧੂ ਮੱਖੀਆਂ ਜਾਂ ਦੀਵੇ ਦੀ ਲਾਟ ਦੁਆਲੇ ਪਤੰਗੇ ਦੇ ਪਰਾਂ ਦੀ ਆਵਾਜ਼ ਸੁਣਨਾ। ਪਤਾ ਲੱਗੇਗਾ ਕਿ ਰੰਗ ਤੇ ਮਹਿਕ ਦੀ ਤਲਾਸ਼ ਦੇ ਕੀ ਅਰਥ ਨੇ? ਸ਼ਹਿਦ ਦੀ ਤਲਾਸ਼ ਕਿਵੇਂ ਕਰੀਦੀ? ਜੀਵਨ ਨਿਸ਼ਾਵਰਤਾ ਕੀ ਹੁੰਦੀ?

ਬੋਲ, ਦੋ ਜਣਿਆਂ ਦੀ ਆਪਸੀ ਗੁਫ਼ਤਗੂ। ਸੋਚਾਂ, ਸੁਪਨਿਆਂ, ਸਾਧਨਾਂ ਅਤੇ ਸਮਾਧਾਨਾਂ ਦਾ ਵਿਚਾਰ-ਵਟਾਂਦਰਾ। ਹੰਭਲਿਆਂ ਦੀ ਜਨਮਭੂਮੀ।

ਮਾਂ-ਬੱਚੇ ਦੇ ਬੋਲਾਂ ਵਿਚ ਕੋਮਲ ਗੱਲਾਂ, ਸੁਪਨਿਆਂ ਦੀ ਤਾਮੀਰਦਾਰੀ, ਤੋਤਲੇ ਬੋਲੇ ਵਿਚੋਂ ਅਣਕਿਆਸੇ ਅਤੇ ਅਣਛੋਹੇ ਅਰਥ ਦੀ ਭਾਲ ਅਤੇ ਮਮਤਾ ਦਾ ਜਲੌਅ। ਮਾਂ-ਬੱਚੇ ਦਰਮਿਆਨ ਆਂਦਰਾਂ ਦੀ ਇਕਜੁੱਟਤਾ ਤੇ ਇਕਸਾਰਤਾ ਦਾ ਅਨੂਠਾ ਸਰੂਪ। ਕੋਈ ਨਹੀਂ ਇਸਦਾ ਬਦਲ। ਭੈਣ-ਭਰਾ ਦੇ ਬੋਲਾਂ ਵਿਚ ਸ਼ਰਾਰਤਾਂ, ਰੁੱਸਣ ਅਤੇ ਮਨਾਉਣ ਦੀ ਅਦਾਵਾਂ, ਚਿੜਾਉਣ ਤੇ ਖਿਝਾਉਣ ਦੀ ਅਵੱਗਿਆ ਅਤੇ ਆਖ਼ਰ ਨੂੰ ਇਕ ਦੂਜੇ ਦੇ ਸਾਹੀਂ ਜਿਊਣ ਦਾ ਜਨੂੰਨ। ਬਹੁਤ ਪਾਕੀਜ਼ ਹੁੰਦੀ ਹੈ ਭੈਣ-ਭਰਾ ਜਾਂ ਭੈਣ-ਭੈਣ ਜਾਂ ਭਰਾ- ਭਰਾ ਦੀ ਬਚਪਨੀ ਗੱਲਬਾਤ। ਮਿੱਤਰਾਂ ਦੀ ਗੱਲਬਾਤ ਵਿਚ ਹੁੰਦਾ ਹੈ ਖੁੱਲ੍ਹਾਪਣ, ਬੰਦਸ਼-ਮੁਕਤ, 'ਵਾਵਾਂ ਨੂੰ ਗੰਢਾਂ ਦੇਣ ਦੀ ਬਿਰਤੀ, ਸੁਪਨੇ ਲੈਣ ਅਤੇ ਜੀਵਨੀ ਰੰਗਤ ਨੂੰ ਸੁਪਨਿਆਂ ਦੀ ਤਕਦੀਰ ਬਣਾਉਣ ਦੀ ਜਗਿਆਸਾ। ਇਹ ਸੰਗਤ ਜੇ ਸੁਚਾਰੂ ਮਾਰਗ ਦਰਸ਼ਨਾ ਕਰੇ ਤਾਂ ਸਾਰੀ ਉਮਰ ਦੀਆਂ ਸਾਂਝਾਂ। ਇਸ ਮਿਲ-ਬੈਠਣੀ ਗੱਲਬਾਤ ਵਿੱਚੋਂ ਹੀ ਨਵੀਆਂ ਉਪਲੱਬਧੀਆਂ ਅਤੇ ਨਿਵੇਕਲੀਆਂ ਮੰਜ਼ਿਲਾਂ ਦੀ ਪ੍ਰਾਪਤੀ। ਪ੍ਰੇਮੀ ਤੇ ਪ੍ਰੇਮਿਕਾ ਦੇ ਪਿਆਰ-ਪਰੁੱਚੇ ਬੋਲਾਂ ਵਿਚ ਅੰਬਰ ਨੂੰ ਕਲਾਵੇ 'ਚ ਲੈਣ ਅਤੇ ਸੂਹੀ ਰੰਗਤ ਨੂੰ ਮਾਣਨ ਦੀ ਤਮੰਨਾ। ਉਹ ਸੁਪਨਈ ਦੁਨੀਆ ਦੇ ਵਾਸੀ। ਪਰ ਜੇ ਇਹ ਸੁਪਨਾ ਸੱਚ ਬਣ ਜਾਵੇ ਤਾਂ ਜ਼ਿੰਦਗੀ ਰੰਗੀਨ ਵਰਨਾ ਸਾਰੀ ਉਮਰ ਹੀ ਸੁਪਨਿਆਂ ਦੀ ਅਰਥੀ ਢੋਣੀ ਪੈਂਦੀ। ਮਾਂ-ਧੀ ਦੀਆਂ ਗੱਲਾਂ ਵਿਚ ਜੀਵਨ-ਸਿਆਣਪਾਂ ਤੇ ਸਹਿਜ-ਗਿਆਨ ਦੀਆਂ ਬਾਤਾਂ। ਪਿਉ-ਪੁੱਤ ਵਿਚਲੀ ਗੱਲਬਾਤ ਨਰੋਏ ਦਿਸਹੱਦਿਆਂ ਨੂੰ ਸਿਰਜਣ ਦੀ ਪ੍ਰੇਰਨਾ। ਅਧਿਆਪਕ ਤੇ ਸ਼ਿਸ਼ ਦਾ ਆਪਸੀ ਸੰਵਾਦ, ਉਚੇਰੀ ਤੇ ਮਿਆਰੀ ਵਿਦਿਆ ਰਾਹੀਂ ਜੀਵਨ ਨੂੰ ਹੋਰ ਖ਼ੂਬਸੂਰਤ ਬਣਾਉਣ ਦਾ ਖ਼ਬਤ। ਪਤੀ-ਪਤਨੀ ਦੀਆਂ ਗੱਲਾਂ ਪਰਿਵਾਰਕ ਮਸਲਿਆਂ ਦੀਆਂ ਗੁੰਝਲਾਂ ਨੂੰ ਫਰੋਲਣ ਅਤੇ ਖੋਲ੍ਹਣ ਵਿਚ ਹੀ ਗਵਾਚ ਜਾਂਦੀਆਂ। ਉਨ੍ਹਾਂ ਲਈ ਆਪਣੇ ਹਿੱਸੇ ਦੀ ਜ਼ਿੰਦਗੀ ਜਿਊਣ ਦਾ ਖ਼ਿਆਲ ਹੀ ਵਿਸਰ ਜਾਂਦਾ।

ਬੋਲ-ਬਾਣੀ ਇਸ 'ਤੇ ਨਿਰਭਰ ਕਰਦੀ ਕਿ ਤੁਸੀਂ ਕਿਸ ਨਾਲ, ਕਿਸ ਬਾਰੇ ਅਤੇ ਕਿਹੜੀ ਸੋਚ ਨੂੰ ਲੈ ਕੇ ਗੱਲ ਕਰ ਰਹੇ ਹੋ? ਪਰ ਬੋਲਣ ਤੋਂ ਪਹਿਲਾਂ ਗੱਲਬਾਤ ਦੇ ਵਿਸ਼ੇ ਬਾਰੇ ਮਨ ਵਿਚ ਸਪੱਸ਼ਟਤਾ ਅਤਿ-ਜ਼ਰੂਰੀ। ਅਣਜਾਣੇ ਵਿਚ ਬੋਲੇ ਬੋਲ, 'ਕੇਰਾਂ ਮੂੰਹ ਵਿੱਚੋਂ ਨਿਕਲਣ 'ਤੇ ਵਾਪਸ ਨਹੀਂ ਪਰਤਦੇ। ਕਈ ਵਾਰ ਤਾਂ ਮੁਆਫ਼ੀ ਮੰਗਣ ਦੀ ਨੌਬਤ ਆ ਜਾਂਦੀ।

ਬੋਲ, ਬਹਾਦਰੀ ਵਾਲੇ ਵੀ ਤੇ ਕਾਇਰਤਾ ਵਾਲੇ ਵੀ। ਕਮੀਨਗੀ ਭਰਪੂਰ ਵੀ ਅਤੇ ਖੁੱਲ੍ਹਦਿਲੇ ਵੀ। ਪੁਰ-ਖਲੂਸ ਵੀ ਅਤੇ ਕਿਰਕਿਰੇ ਵੀ। ਕੜਕ ਵੀ ਅਤੇ ਸਹਿਲ ਵੀ। ਸ਼ੁਕਰਗੁਜ਼ਾਰੀ ਵਾਲੇ ਵੀ ਅਤੇ ਅਕ੍ਰਿਤਘਣੇ ਵੀ। ਬੋਲ ਤਾਂ;

ਬੋਲ, ਬੋਲਾਂ ਦੀਆਂ ਪਰਤਾਂ ਹੁੰਦੇ,

ਬੋਲ, ਬੋਲਾਂ ਦੀਆਂ ਰਮਜ਼ਾਂ

ਬੋਲ, ਬੋਲਾਂ ਦੇ ਭਰਮ-ਭੁਲੇਖੇ

ਬੋਲ, ਬੋਲਾਂ ਦੀਆਂ ਸਮਝਾਂ

ਬੋਲ, ਬੋਲਾਂ 'ਚ ਫੁੱਲ ਉਗਾਉਂਦੇ,

ਬੋਲ, ਬੋਲਾਂ 'ਚ ਕੰਡੇ

ਬੋਲ, ਬੋਲਾਂ ਦੀ ਗਲਵਕੜੀ

ਬੋਲ, ਬੋਲਾਂ ਨੂੰ ਵੰਡੇ

ਬੋਲ, ਬੋਲਾਂ 'ਚ ਉਗਦੇ ਤਾਰੇ,

ਬੋਲ, ਬੋਲਾਂ ਦੀ ਸਬਹ-ਸਵੇਰਾ ,

ਬੋਲ, ਬੋਲਾਂ ਵਿਚਲਾ ਸੂਰਜ,

ਬੋਲ, ਬੋਲਾਂ 'ਚ ਅੰਧ-ਘਨੇਰਾ

ਬੋਲ, ਬੋਲਾਂ ਦੀ ਪੱਤਝੱੜ ਹੁੰਦੇ

ਬੋਲਾਂ, ਬੋਲਾਂ ਦੇ ਬੋਲ-ਬਹਾਰਾਂ

ਬੋਲ, ਬੋਲਾਂ ਦੀਆਂ ਰੱਕੜ-ਜੂਹਾਂ,

ਬੋਲ, ਖਿੜੀਆਂ ਗੁਲਜ਼ਾਰਾਂ

ਬੋਲ, ਬੋਲਾਂ 'ਚ ਬਬੀਹਾ ਬੋਲੇ,

ਬੋਲ, ਕੋਚਰੀ ਦੀ ਚੀਖ਼,

ਬੋਲ, ਜੰਗਲੀ ਮੋਰ ਪੈਲਦਾ

ਤੇ ਬੋਲ, ਟਟੀਹਰੀ-ਭੀਖ

ਬੋਲ, ਬੋਲਾਂ ਦੀਆਂ ਬਾਹਾਂ,

ਬੋਲ, ਬੋਲਾਂ ਦੀ ਸੀਰ,

ਬੋਲ, ਬੋਲੀਂ ਚੁੱਪ ਦਾ ਵਾਸਾ

ਬੋਲ, ਹੀ ਗਾਉਂਦਾ ਫ਼ਕੀਰ

ਬੋਲ, ਬੋਲਾਂ ਦਾ ਨਾਦੀ ਰਾਗ

ਤੇ ਬੋਲ ਹੀ ਅਗ਼ਮ-ਅਗਾਜ਼

ਬੋਲ, ਮਨ ਦਾ ਬੋਲ-ਪਰਿੰਦਾ

ਬੋਲ ਹੀ ਰੂਹ ਦਾ ਸਾਜ਼

ਬੋਲ, ਬੋਲਾਂ ਦੀ ਉਧੜੀ ਤਾਣੀ

ਬੋਲ ਹੀ ਸੁਰ ਤੇ ਤਾਲ

ਬੋਲ, ਬੋਲਾਂ ਦੇ ਬੇਲੇ ਘੁੰਮਣਾ,

ਬੋਲ ਹੀ ਖ਼ੁਦ ਦੀ ਭਾਲ

ਬੋਲ, ਸੋਚ-ਧੜਕਣ ਦੀ ਸੂਹ,

ਬੋਲ, ਕਰਮ ਦੀ ਹਾਕ

ਬੋਲ, ਬੋਲਾਂ ਦਾ ਯੋਗ ਕਮਾਣਾ

ਬੋਲ ਹੀ ਵਾਕ-ਅਵਾਕ

ਬੋਲ, ਬੋਲਾਂ ਦਾ ਗੁੰਗਾ ਦਰਦ

ਬੋਲ, ਖਣਕਦੇ ਬੋਲ,

ਬੋਲ ਕਦੇ ਦੂਰੀਆਂ ਬਣਦੇ,

ਬੋਲ, ਹੀ ਬਹਿੰਦੇ ਕੋਲ

ਬੋਲ, ਬੋਲਾਂ ਦੀ ਨਿੰਦਿਆ-ਚੁਗਲੀ

ਬੋਲ, ਬੋਲਾਂ ਦੇ ਪਾਪ

ਬੋਲ ਦੇ ਬੋਲੀਂ ਬੰਦਾ ਬੋਲੇ,

ਬੋਲ ਹੀ ਬਣਦੇ ਜਾਪ

ਬੋਲ, ਬੋਲਾਂ ਨੂੰ ਜਨਮਦੇ

ਬੋਲ, ਬੋਲਾਂ ਦੀਆਂ ਖ਼ਬਰਾਂ।

ਬੋਲ, ਬੋਲਾਂ ਦੇ ਸਾਹ ਬਣੇਂਦੇ

ਬੋਲ, ਬੋਲਾਂ ਦੀਆਂ ਕਬਰਾਂ।

ਬੋਲ, ਬੋਲਾਂ ਦੀ ਰੂਹ-ਪਰਵਾਜ਼,

ਬੋਲ, ਬੋਲਾਂ ਦੀ ਸੂਹ।

ਬੋਲ, ਬੋਲਾਂ ਦਾ ਮਹਿਕ-ਬਸੇਰਾ

ਬੋਲ ਹੀ ਸੰਦਲੀ ਜੂਹ।

ਬੋਲ, ਬੋਲਾਂ ਦਾ ਬੀਜ-ਪੁੰਗਾਰਾ,

ਬੋਲ, ਬੋਲਾਂ ਦੀ ਰੂਹ

ਬੋਲ, ਬੋਲਾਂ ਦਾ ਜੀਣ ਤੇ ਥੀਣ,

ਬੋਲ, ਬੋਲਾਂ ਦੀ ਛੂਹ

ਬੋਲ, ਬੋਲਾਂ ਦੀ ਸ਼ੁਕਰ-ਸਾਬਰੀ,

ਬੋਲ ਹੀ ਸੁਖ਼ਨ-ਸਬੂਰੀ

ਬੋਲ, ਬੋਲਾਂ ਦਾ ਸੁਹਜ-ਸਹਿਜ

ਬੋਲ ਹੀ ਬੋਲ-ਕਸਤੂਰੀ।

ਬੰਦਿਆਂ ਦੇ ਸ਼ੋਰਗੁੱਲ ਵਿਚ ਗੁੰਮ ਗਈ ਏ ਪਰਿੰਦਿਆਂ ਦੀ ਚਹਿਕਣੀ, ਬੋਟਾਂ ਦੀ ਗੁਫ਼ਤਗ,ੂ ਅਤੇ ਜੰਗਲੀ ਜਾਨਵਰਾਂ ਦੀ ਦਹਾੜ। ਜਦ ਬੰਦਾ ਘਰ ਵਿਚ ਕੈਦ ਹੁੰਦਾ ਅਤੇ ਸੜਕਾਂ ਸੁੰਨਸਾਨ ਹੁੰਦੀਆਂ ਤਾਂ ਪੰਛੀਆਂ ਤੇ ਜਾਨਵਰਾਂ ਨੂੰ ਆਪਣੇ ਹਿੱਸੇ ਦੀ ਜ਼ਿੰਦਗੀ ਜਿਊਣਾ ਨਸੀਬ ਹੁੰਦਾ। ਦੁਨਿਆਵੀ ਸ਼ੋਰ ਵਿਚ ਗਵਾਚ ਗਏ ਸੂਖ਼ਮ ਬੋਲ, ਪਿਆਰੀਆਂ ਬੋਲ-ਮਿਲਣੀਆਂ, ਪਿਆਰੇ ਦੇ ਸਾਥ ਦੀ ਸਾਹ-ਤਰੰਗਤਾ ਅਤੇ ਸੱਜਣਾਂ ਦੀ ਬੋਲ-ਛਾਂ 'ਚ ਸੁਸਤਾਣਾ।

ਬਾਬੇ ਨਾਨਕ ਦੇ ਬੋਲ ਜਦ ਮਰਦਾਨੇ ਦੀ ਰਬਾਬੀ ਸੰਗਤ ਵਿਚ ਫ਼ਿਜ਼ਾ ਵਿਚ ਪਿਘਲਦੇ ਤਾਂ ਕਾਇਨਾਤ ਮੰਤਰ-ਮੁਗਧ ਹੋ ਜਾਂਦੀ। ਸਮੁੱਚੀ ਲੋਕਾਈ ਉਹਨਾਂ ਬੋਲਾਂ ਵਿਚਲੀਆਂ ਮੱਤਾਂ ਨੂੰ ਜੀਵਨ ਵਿਚ ਢਾਲਦੀ, ਨਵੀਆਂ ਰਾਹਾਂ ਸਿਰਜਣਾ ਵਿਚ ਰੁੱਝ ਜਾਂਦੀ।

ਟਿਕੀ ਰਾਤ ਵਿਚ ਤਾਰਿਆਂ ਦੇ ਬੋਲ, ਰਾਤ ਦੀ ਸਾਂ ਸਾਂ, ਪਪੀਹੇ ਦੀ ਕੂਕ ਜਾਂ ਕੋਚਰੀ ਦੀ ਹੂਕ ਨੂੰ ਸੁਣਨ ਦੀ ਜਾਚ ਆ ਜਾਵੇ ਤਾਂ ਜੀਵਨ ਦੇ ਰੰਗ-ਬਿਰੰਗੇ ਪਲਾਂ ਨੂੰ ਜਿਊਣ ਦੀ ਜਾਚ ਆ ਜਾਂਦੀ। ਰਾਤ ਨੂੰ ਬੰਦਾ ਚੁੱਪ ਹੋ ਜਾਂਦਾ, ਜਾਨਵਰ ਤੇ ਪਰਿੰਦੇ ਵੀ ਰਾਤ ਨੂੰ ਨੀਂਦ ਦੀ ਆਗੋਸ਼ ਵਿਚ ਚੁੱਪ ਨੂੰ ਮਾਣਦੇ। ਪਰ ਕੁਦਰਤ ਕਦੇ ਵੀ ਨਹੀਂ ਸੌਂਦੀ। ਹਮੇਸ਼ਾ ਜਾਗਦੀ ਤੇ ਜਗਾਉਂਦੀ। ਇਸਦੇ ਬੋਲਾਂ ਦੀ ਨਿਰੰਤਰਤਾ ਹੀ ਜਿਉਂਦੇ ਹੋਣ ਦਾ ਸਬੂਤ। ਕੁਦਰਤ ਦੇ ਬੋਲ ਰੂਹ ਦੇ ਸਭ ਤੋਂ ਕਰੀਬ, ਮਾਨਸਿਕ ਭਟਕਣਾ ਲਈ ਟਿਕਾਅ ਅਤੇ ਦੁਨਿਆਵੀ ਦੌੜ-ਭੱਜ ਤੋਂ ਰਾਹਤ। ਖ਼ੁਦ ਦੇ ਕੋਲ ਕੋਲ ਰਹਿਣ ਅਤੇ ਖ਼ੁਦ ਸੰਗ ਜਿਊਣ ਦਾ ਬਿਹਤਰੀਨ ਮੌਕਾ। ਕਦੇ ਕਦਾਈਂ ਕੁਦਰਤ ਦੇ ਬੋਲਾਂ ਨਾਲ ਸਾਂਝ ਪਾਉਣੀ, ਜੀਵਨ-ਸੁੱਚਮਤਾ ਹਾਸਲ ਹੋਵੇਗੀ।

ਬੋਲ ਸੰਕੋਚਵੇਂ, ਸੱਚੇ, ਸੁੱਚੇ, ਸੁੰਦਰ, ਸੰਜੀਦਾ ਅਤੇ ਸਪੱਸ਼ਟ ਹੋਣ ਤਾਂ ਇਨ੍ਹਾਂ ਦੇ ਅਰਥਾਂ ਦੀ ਅਸੀਮਤਾ ਤੇ ਡੂੰਘਾਈ,

ਸੁਣਨ ਵਾਲੇ ਲਈ ਬੋਲ-ਬਬੀਹਾ ਹੁੰਦੀ ਜਿਸਦੀ ਪੁਕਾਰ ਸੁਣ ਕੇ ਖ਼ੁਦਾ ਵੀ ਦ੍ਰਿਸ਼ਟਮਾਨ ਹੋ ਜਾਂਦਾ। ਬੋਲ ਤਾਂ ਬੋਲ ਹੁੰਦੇ, ਬੋਲਾਂ ਦਾ ਕੀ ਏ। ਬੋਲਾਂ ਵਿਚ ਬੋਲਦਾ, ਤਾਂ ਮਨੁੱਖੀ ਜੀਅ ਹੁੰਦਾ। ਬੋਲਾਂ ਨਾਲ ਜਦ ਕਿਸੇ ਦਾ ਮੂੰਹ ਸੀਅ ਹੁੰਦਾ, ਤਾਂ ਬੋਲਾਂ ਕੋਲੋਂ ਕਹਿ ਨਾ ਸੀਅ ਹੁੰਦਾ। ਬੋਲਾਂ ਨੂੰ ਬੰਦੇ ਦਾ ਮਾਣ ਬਣਾਓ, ਬੋਲਾਂ ਦੀ ਝੋਲੀ ਰਹਿਮਤ ਪਾਓ। ਬੋਲ-ਬਰਕਤਾਂ ਸਮਿਆਂ ਦੇ ਲੇਖੇ ਲਾਓ, ਇਸਦੀ ਰੂਹੇ ਕਾਇਨਾਤ ਦੀ

ਉਪਮਾ ਗਾਓ ਤਾਂ ਕਿ ਕੁਦਰਤ ਵੀ ਤੁਹਾਨੂੰ ਦੁਆਵਾਂ ਦਿੰਦੀ, ਜੀਵਨ-ਤਲੀ 'ਤੇ ਗੂੜ੍ਹੀ ਮਹਿੰਦੀ ਲਾਵੇ।

ਬੋਲ ਕੁਦਰਤ ਦਾ ਸੰਗੀਤਕ ਅੰਗ

ਬੋਲ ਜਦ ਸੁਰ ਤੇ ਤਾਲ ਵਿਚ ਹੁੰਦੇ ਤਾਂ ਸੰਗੀਤ ਹੁੰਦੇ ਜੋ ਰੂਹ ਦਾ ਸਕੂਨ, ਖ਼ੁਦਾਬੰਦ ਦੀ ਇਨਾਇਤ, ਰੱਬ ਦੀ ਭਗਤੀ ਜਾਂ ਰੂਹ ਨੂੰ ਸ਼ਰਸ਼ਾਰ ਕਰ ਕੇ, ਖ਼ੁਦ 'ਚੋਂ ਖ਼ੁਦ ਦੀ ਤਲਾਸ਼ ਆਰੰਭਦੇ। ਜਦ ਸੰਗੀਤ ਸ਼ੋਰ ਵੱਲ ਨੂੰ ਉਲਾਰ ਹੁੰਦਾ ਤਾਂ ਗਵਾਚ ਜਾਂਦਾ ਮਨੁੱਖ। ਕਰਤਾਰੀ ਬਿਰਤੀ, ਸੁਹਜ-ਸੰਵਦੇਨਾ ਅਤੇ ਸੁਰਤੀ-ਸਾਧਨਾ। ਬੋਲ ਜਦ ਮਾਰੂਥਲ ਦੇ ਪਿੰਡੇ 'ਤੇ ਰੇਤ ਦੀਆਂ ਲਹਿਰਾਂ, ਮੀਂਹ ਦੇ ਸੁਰੀਲੇਪਣ ਜਾਂ ਬਿਰਖਾਂ ਦੇ ਟਾਹਣਾਂ ਨਾਲ ਖਹਿੰਦੀ ਪੌਣ ਵਿੱਚੋਂ ਪੈਦਾ ਹੁੰਦੇ ਤਾਂ ਕੁਦਰਤ ਦੇ ਨਿਆਰੇਪਣ ਅਤੇ ਅਦਭੁਤਤਾ ਨਾਲ ਮਨ ਲਬਰੇਜ਼ ਹੋ ਜਾਂਦਾ। ਕੁਦਰਤ ਦੇ ਅੰਗ ਅੰਗ ਵਿਚ ਵਸੀ ਹੈ ਸੰਗੀਤਕ ਬੋਲਾਂ ਦੀ ਰਮਜ਼।

- ਡਾ ਗੁਰਬਖ਼ਸ਼ ਸਿੰਘ ਭੰਡਾਲ

Posted By: Harjinder Sodhi