ਸੂਰਜਮੁਖੀ ਦਾ ਨਵਾਂ ਫੁੱਲ ਸੂਰਜ ਵੱਲ ਜ਼ਿਆਦਾ ਮੁਖ਼ਾਤਿਬ ਹੁੰਦਾ ਹੈ। ਇਸ ਫੁੱਲ ਦੀ ਇਸ ਖਾਸ ਗਤੀਵਿਧੀ ਨੂੰ ਜਾਣਨ ਲਈ ਤੁਹਾਨੂੰ ਉਸ ਵੱਲ ਗ਼ੌਰ ਕਰਨਾ ਪਵੇਗਾ। ਸਭ ਤੋਂ ਪਹਿਲਾਂ ਉਸ ਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਦੇਖੋ। ਤੁਸੀਂ ਦੇਖੋਗੇ ਕਿ ਸਾਰੇ ਫੁੱਲ ਪੂਰਬ ਦਿਸ਼ਾ ਵੱਲ ਹਨ ਪਰ ਹਾਲੇ ਪੂਰੀ ਤਰ੍ਹਾਂ ਖਿੜੇ ਨਹੀਂ ਹਨ। ਦੇਖ ਕੇ ਤੁਹਾਨੂੰ ਪਤਾ ਚੱਲ ਜਾਵੇਗਾ ਕਿ ਉਹ ਖਿੜਨ ਦੀ ਤਿਆਰੀ ਵਿਚ ਹਨ ਤੇ ਪੂਰਬ ਵੱਲ ਉਨ੍ਹਾਂ ਦੀ ਮੂਵਮੈਂਟ ਹੌਲੀ-ਹੌਲੀ ਪਰ ਲਗਾਤਾਰ ਹੈ। ਜਦੋਂ ਸੂਰਜ ਚੜ੍ਹ ਜਾਵੇ ਤਾਂ ਫੁੱਲਾਂ 'ਤੇ ਗ਼ੌਰ ਕਰੋ। ਤੁਸੀਂ ਦੇਖੋਗੇ ਕਿ ਨਵੇਂ ਅਤੇ ਤਾਜ਼ੇ ਫੁੱਲਾਂ ਦਾ ਝੁੰਡ ਸੂਰਜ ਦੀ ਦਿਸ਼ਾ ਵਿਚ ਹੈ ਤੇ ਸੂਰਜ ਦੀਆਂ ਕਿਰਨਾਂ ਦਾ ਆਨੰਦ ਮਾਣ ਰਿਹਾ ਹੈ।

ਸੂਰਜਮੁਖੀ ਬਾਰੇ ਕਈ ਗੱਲਾਂ ਕਹੀਆਂ ਜਾਂਦੀਆਂ ਹਨ। ਜਿਵੇਂ ਠੰਢ ਦੇ ਮੁਕਾਬਲੇ ਇਹ ਗਰਮੀ ਦੇ ਸੀਜ਼ 'ਚ ਜ਼ਿਆਦਾ ਐਕਟਿਵ ਰਹਿੰਦਾ ਹੈ। ਦਿਨ ਭਰ ਇਸ ਦੇ ਫੁੱਲ ਦੀ ਦਿਸ਼ਾ ਬਦਲਦੀ ਰਹਿੰਦੀ ਹੈ। ਉਨ੍ਹਾਂ ਇਲਾਕਿਆਂ 'ਚ ਇਹ ਠੀਕ ਤਰ੍ਹਾਂ ਵਧਦਾ ਹੈ ਜਿੱਥੇ 6 ਘੰਟੇ ਤੋਂ ਜ਼ਿਆਦਾ ਦੇਰ ਤਕ ਧੁੱਪ ਰਹਿੰਦੀ ਹੈ। ਇਹ ਉਂਝ ਵਾਤਾਵਰਨ 'ਚ ਜ਼ਿਆਦਾ ਵਿਕਾਸ ਕਰਦਾ ਹੈ, ਜਿੱਥੇ ਪ੍ਰਚੰਡ ਗਰਮੀ ਪੈਂਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਸੋਕਾ ਵੀ ਆ ਜਾਵੇ ਤਾਂ ਸੂਰਜ ਮੁਖੀ ਨੂੰ ਕੋਈ ਫ਼ਰਕ ਨਹੀਂ ਪੈਂਦਾ। ਅਖੀਰ ਵਿਚ ਸਭ ਤੋਂ ਅਹਿਮ ਗੱਲ ਸੂਰਜਮੁਖੀ ਦੇ ਫੁੱਲ ਦੀ ਦਿਸ਼ਾ ਓਧਰ ਹੁੰਦੀ ਹੈ ਜਿੱਧਰ ਸੂਰਜ ਹੁੰਦਾ ਹੈ। ਇਹ ਸਾਰੀਆਂ ਗੱਲਾਂ ਦਾ ਵਿਗਿਆਨਕ ਆਧਾਰ ਹੈ।

ਫੁੱਲਾਂ ਦੀ ਦਿਸ਼ਾ ਬਦਲਣਾ

ਵਿਗਿਆਨਕ ਆਧਾਰ 'ਤੇ ਖੋਜਬੀਣ ਕਰੀਏ ਤਾਂ ਦੇਖਾਂਗੇ ਕਿ ਸੂਰਜਮੁਖੀ ਦੇ ਫੁੱਲਾਂ ਦਾ ਪੂਰਬ ਵੱਲ ਖਿੜਨਾ ਜਾਂ ਸੂਰਜ ਦੀ ਗਤੀ ਨੂੰ ਫਾਲੋ ਕਰਨਾ ਇਕ ਖਾਸ ਵਿਧੀ ਹੈ ਜਿਸ ਨੂੰ ਵਿਗਿਆਨ 'ਚ ਹੈਲੀਓਟ੍ਰੌਪਿਜ਼ਮ (Heliotropism) ਕਿਹਾ ਜਾਂਦਾ ਹੈ। ਇਸ ਵਿਧੀ ਜ਼ਰੀਏ ਸੂਰਜਮੁਖੀ ਦੇ ਫੁੱਲ ਸਵੇਰੇ ਸੂਰਜ ਵੱਲ ਖਿੜਦੇ ਹਨ ਤੇ ਜਿਵੇਂ-ਜਿਵੇਂ ਸੂਰਜ ਦੀ ਦਿਸ਼ਾ ਪੱਛਮ ਵੱਲ ਵਧਦੀ ਹੈ, ਫੁੱਲ ਵੀ ਪੱਛਣ ਵੱਲ ਵਧਦੇ ਹਨ। ਪਰ ਰਾਤ ਨੂੰ ਉਹ ਆਪਣੀ ਦਿਸ਼ਾ ਪੂਰਬ ਵੱਲ ਬਦਲ ਲੈਂਦੇ ਹਨ ਤੇ ਸਵੇਰ ਹੋਣ ਤਕ ਸੂਰਜ ਚੜ੍ਹਨ ਦਾ ਇੰਤਜ਼ਾਰ ਕਰਦੇ ਹਨ।

ਕੀ ਹੈ ਹੈਲੀਓਟ੍ਰੌਪਿਜ਼ਮ

ਸਾਲ 2016 'ਚ ਹੈਲੀਓਟ੍ਰੌਪਿਜ਼ਮ "ਤੇ ਇਕ ਗੰਭੀਰ ਸਟੱਡੀ ਕੀਤੀ ਗਈ ਸੀ। ਇਸ ਸਟੱਡੀ 'ਚ ਕਿਹਾ ਗਿਆ ਕਿ ਜਿਸ ਤਰ੍ਹਾਂ ਇਨਸਾਨਾਂ 'ਚ 'ਬਾਇਓਲੌਜੀਕਲ ਕਲਾਕ' ਜਾਂ ਜੈਵਿਕ ਘੜੀ ਹੁੰਦੀ ਹੈ, ਉਸੇ ਤਰ੍ਹਾਂ ਸੂਰਜਮੁਕੀ ਦੇ ਫੁੱਲਾਂ 'ਚ ਵੀ ਅਜਿਹੀ ਘੜੀ ਪਾਈ ਜਾਂਦੀ ਹੈ। ਇਹ ਘੜੀ ਸੂਰਜ ਦੀ ਰੋਸ਼ੀ ਨੂੰ ਡਿਟੈਕਟ ਕਰਦੀ ਹੈ ਤੇ ਫੁੱਲਾਂ ਨੂੰ ਉਸ ਵੱਲ ਮੁੜਨ ਲਈ ਪ੍ਰੇਰਿਤ ਕਰਦੀ ਹੈ। ਰਿਸਰਚ ਵਿਚ 24 ਘੰਟੇ ਦੇ 'ਸਰਕੇਡੀਅਮ ਰਿਦਮ' ਦਾ ਜ਼ਿਕਰ ਕੀਤਾ ਗਿਆ। ਇਸ ਵਿਚ ਦੱਸਿਆ ਗਿਆ ਕਿ ਸੂਰਜਮੁਖੀ ਦੇ ਫੁੱਲ ਠੀਕ ਇਨਸਾਨਾਂ ਦੀ ਤਰ੍ਹਾਂ ਰਾਤ ਨੂੰ ਆਰਾਮ ਕਰਦੇ ਹਨ ਤੇ ਦਿਨ ਵੇਲੇ ਸਰਗਰਮ ਰਹਿੰਦੇ ਹਨ। ਜਿਵੇਂ-ਜਿਵੇਂ ਕਿਰਨਾਂ ਵਧਦੀਆਂ ਹਨ, ਫੁੱਲਾਂ ਦੀ ਸਰਗਰਮੀ ਵਧਦੀ ਹੈ।

ਇਹ ਹੈ ਅਸਲੀ ਕਾਰਨ

ਸੂਰਜਮੁਖੀ ਦੇ ਨਵੇਂ ਪੌਦਿਆਂ ਦੇ ਤਣੇ ਰਾਤ ਵੇਲੇ ਜ਼ਿਆਦਾ ਵਿਕਾਸ ਕਰਦੇ ਹਨ ਤੇ ਵਧਦੇ ਹਨ। ਪਰ ਤਨੇ ਵਿਚ ਇਹ ਵਿਕਾਸ ਸਿਰਫ ਪੱਛਮ ਦਿਸ਼ਾ ਵੱਲ ਹੁੰਦਾ ਹੈ। ਇਸ ਕਾਰਨ ਤਣੇ 'ਤੇ ਲੱਗੇ ਫੁੱਲ ਆਪਣੇ-ਆਪ ਪੂਰਬ ਵੱਲ ਝੁਕ ਜਾਂਦੇ ਹਨ। ਦਿਨ ਜਿਵੇਂ-ਜਿਵੇਂ ਵਧਦਾ ਹੈ, ਤਣੇ ਦੇ ਵਿਕਾਸ ਦੀ ਦਿਸ਼ਾ ਬਦਲਦੀ ਜਾਂਦੀ ਹੈ। ਤਣਾ ਪੂਰਬ ਵੱਲ ਵਧਦਾ ਹੈ ਤੇ ਉਸ 'ਤੇ ਲੱਗੇ ਫੁੱਲ ਪੱਛਮ ਵੱਲ ਝੁਕਦੇ ਜਾਂਦੇ ਹਨ। ਇਹ ਚੱਕਰ ਇਸੇ ਤਰ੍ਹਾਂ ਚੱਲਦਾ ਰਹਿੰਦਾ ਹੈ ਤੇ ਫੁੱਲਾਂ ਤੇ ਤਣਿਆਂ ਦੀ ਦਿਸ਼ਾ ਬਦਲਦੀ ਰਹਿੰਦੀ ਹੈ।

Posted By: Seema Anand