ਵਿਸ਼ਵ ਵਿਚ ਹਰ ਸਾਲ 10 ਲੱਖ ਤੋਂ ਵੱਧ ਲੋਕ ਸੜਕ ਦੁਰਘਟਨਾਵਾਂ ’ਚ ਜਾਨਾਂ ਗੁਆ ਰਹੇ ਹਨ ਅਤੇ ਪੰਜ ਕਰੋੜ ਤੋਂ ਵੱਧ ਲੋਕ ਜ਼ਖ਼ਮੀ ਹੋ ਜਾਂਦੇ ਹਨ। ਸੜਕ ਹਾਦਸਿਆਂ ਕਾਰਨ ਦੁਨੀਆ ਵਿਚ ਸਭ ਤੋਂ ਵੱਧ ਮੌਤਾਂ ਭਾਰਤ ਵਿਚ ਹੁੰਦੀਆਂ ਹਨ ਅਤੇ ਸਭ ਤੋਂ ਵੱਧ ਜ਼ਖ਼ਮੀ ਵੀ ਇਥੇ ਹੀ ਹੁੰਦੇ ਹਨ। ਇਨ੍ਹਾਂ ਹਾਦਸਿਆਂ ਕਾਰਨ ਭਾਰਤ ਨੂੰ ਦੇਸ਼ ਦੇ ਕੁੱਲ ਘਰੇਲੂ ਉਤਪਾਦਨ ਦਾ 3 ਲੱਖ ਕਰੋੜ ਤੋਂ ਵੀ ਵੱਧ ਦਾ ਹਰ ਸਾਲ ਨੁਕਸਾਨ ਝੱਲਣਾ ਪੈਂਦਾ ਹੈ। ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਦਾਅ ’ਤੇ ਲਾ ਕੇ ਵੱਖ-ਵੱਖ ਸਰਕਾਰਾਂ ਵੱਲੋਂ ਮੋਟਰ-ਗੱਡੀਆਂ ਦੇ ਉਦਯੋਗਿਕ ਵਿਕਾਸ ਨੂੰ ਬਿਨਾਂ ਸੋਚੇ-ਸਮਝੇ ਪਹਿਲ ਦੇਣ ਦਾ ਆਖ਼ਰ ਨਤੀਜਾ ਇਹ ਨਿਕਲਿਆ ਹੈ ਕਿ ਅੱਜ ਭਾਰਤ ਵਿਚ ਸੜਕ ਹਾਦਸਿਆਂ ਕਾਰਨ ਰੋਜ਼ 400 ਤੋਂ ਵੱਧ ਵਿਅਕਤੀ (ਸਮੇਤ 25 ਬੱਚੇ ਅਠਾਰਾਂ ਸਾਲਾਂ ਤੋਂ ਘੱਟ ਉਮਰ ਦੇ) ਮੌਤ ਦੇ ਜਬਾੜਿ੍ਹਆਂ ’ਚ ਪੀਸੇ ਜਾ ਰਹੇ ਹਨ ਅਤੇ ਇਸ ਹਿਸਾਬ ਨਾਲ ਹਰ ਚਾਰ ਮਿੰਟਾਂ ਤੋਂ ਪਹਿਲਾਂ ਇਕ ਭਾਰਤੀ ਨਾਗਰਿਕ ਸੜਕ ਹਾਦਸੇ ਵਿਚ ਮੌਤ ਦੇ ਮੂੰਹ ’ਚ ਜਾ ਪੈਂਦਾ ਹੈ।

ਹਾਦਸਿਆਂ ’ਚ ਸਭ ਤੋਂ ਮੋਹਰੇ

ਵਿਸ਼ਵ ਸਿਹਤ ਸੰਸਥਾ ਦੇ ਅੰਕੜਿਆਂ ਮੁਤਾਬਕ ਭਾਰਤ ਆਬਾਦੀ ਦੇ ਲਿਹਾਜ਼ ਨਾਲ ਵਿਸ਼ਵ ’ਚ ਦੂਜੇ ਨੰਬਰ ’ਤੇ ਅਤੇ ਚੀਨ ਪਹਿਲੇ ਨੰਬਰ ’ਤੇ ਹੈ ਪਰ ਸੜਕ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ ਵਿਚ ਭਾਰਤ ਦੁਨੀਆ ਦਾ ਪਹਿਲਾ ਦੇਸ਼ ਹੈ ਜਿੱਥੇ ਸਭ ਤੋਂ ਵੱਧ ਮੌਤਾਂ ਹੁੰਦੀਆਂ ਹਨ ਅਤੇ ਚੀਨ ਦੂਜੇ ਨੰਬਰ ’ਤੇ ਹੈ। ਦੁਨੀਆ ਵਿਚ ਹੋਣ ਵਾਲੇ ਸੜਕ ਹਾਦਸਿਆਂ ਵਿੱਚੋਂ 11 ਫ਼ੀਸਦੀ ਇਕੱਲੇ ਭਾਰਤ ’ਚ ਹੀ ਹੁੰਦੇ ਹਨ।

ਕਾਰਨ ਇਹ ਹੈ ਕਿ ਸਰਕਾਰਾਂ ਨੇ ਮੋਟਰ-ਗੱਡੀਆਂ ਦੇ ਉਦਯੋਗ ਨੂੰ ਤਾਂ ਉਤਪਾਦਨ ਕਰਨ ਦੀ ਖੁੱਲ੍ਹ ਦੇ ਦਿੱਤੀ ਪਰ ਇਨ੍ਹਾਂ ਮੋਟਰ-ਗੱਡੀਆਂ ਨੇ ਜਿਨ੍ਹਾਂ ਸੜਕਾਂ ਉੱਪਰ ਦੌੜਨਾ ਸੀ ਸਰਕਾਰਾਂ ਉਨ੍ਹਾਂ ਦੇ ਨਿਰਮਾਣ ਵਿਚ ਬੁਰੀ ਤਰ੍ਹਾਂ ਫ਼ੇਲ੍ਹ ਹੋ ਗਈਆਂ ਜਿਸ ਕਰਕੇ ਭਾਰਤ ਵਿਚ ਹਰ ਵਰ੍ਹੇ ਤਕਰੀਬਨ ਡੇਢ ਲੱਖ ਤੋਂ ਵੱਧ ਭਾਰਤੀ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਰਾਸ਼ਟਰੀ ਸਮੱਸਿਆ ਦਾ ਇਸ ਤੋਂ ਵੀ ਭਿਆਨਕ ਪੱਖ ਇਹ ਹੈ ਕਿ ਇਨ੍ਹਾਂ ਹਾਦਸਿਆਂ ਵਿਚ ਮਰਨ ਵਾਲਿਆਂ ਵਿਚ 15 ਤੋਂ 45 ਸਾਲਾਂ ਦੇ ਲੋਕ ਹੀ ਜ਼ਿਆਦਾ ਹੁੰਦੇ ਹਨ ਅਤੇ ਇਨ੍ਹਾਂ ਵਿੱਚੋਂ ਵੀ 15 ਤੋਂ 30 ਸਾਲ ਦੇ ਮਰਨ ਵਾਲਿਆਂ ਦੀ ਗਿਣਤੀ 90 ਫ਼ੀਸਦੀ ਹੈ। ਦੇਸ਼ ਦਾ ਵੱਡਾ ਨੌਜਵਾਨ ਸਰਮਾਇਆ ਸੜਕਾਂ ’ਤੇ ਦਨਦਨਾਉਂਦੀ ਮੌਤ ਦੀ ਭੇਟ ਚੜ੍ਹਦਾ ਜਾ ਰਿਹਾ ਹੈ।

ਸੜਕੀ ਨੈੱਟਵਰਕ

ਭਾਰਤ ਵਿਚ ਸੜਕਾਂ ਦੇ ਕੁੱਲ ਨੈੱਟਵਰਕ ਵਿਚ ਕੌਮੀ-ਮਾਰਗ ਦੋ ਅਤੇ ਰਾਜ-ਮਾਰਗ ਤਿੰਨ ਫ਼ੀਸਦੀ ਹਨ ਪਰ ਦੇਸ਼ ਵਿਚ ਹੋਣ ਵਾਲੇ ਸੜਕੀ ਹਾਦਸਿਆਂ ’ਚੋਂ 28 ਫ਼ੀਸਦੀ ਕੌਮੀ-ਮਾਰਗਾਂ ਅਤੇ 24 ਫ਼ੀਸਦੀ ਰਾਜ-ਮਾਰਗਾਂ ਉੱਪਰ ਵਾਪਰ ਰਹੇ ਹਨ ਭਾਵ ਦੇਸ਼ ਵਿਚ 5 ਫ਼ੀਸਦੀ ਸੜਕਾਂ (ਕੌਮੀ ਤੇ ਰਾਜ) ਉੱਪਰ ਦੇਸ਼ ਦੇ 52 ਫ਼ੀਸਦੀ ਸੜਕ ਹਾਦਸੇ ਵਾਪਰ ਰਹੇ ਹਨ। ਦੇਸ਼ ਦੀਆਂ ਬਾਕੀ 95 ਫ਼ੀਸਦੀ ਸੜਕਾਂ ਉਪਰ 48 ਫ਼ੀਸਦੀ ਹਾਦਸੇ ਹੁੰਦੇ ਹਨ; ਇਨ੍ਹਾਂ 95 ਫ਼ੀਸਦੀ ਸੜਕਾਂ ਵਿਚ ਪਿੰਡਾਂ ਦੀਆਂ ਲਿੰਕ-ਸੜਕਾਂ, ਪ੍ਰਧਾਨ-ਮੰਤਰੀ ਗ੍ਰਾਮੀਣ ਸੜਕਾਂ, ਲੋਕ ਨਿਰਮਾਣ ਵਿਭਾਗ ਦੀਆਂ ਸੜਕਾਂ, ਬੌਰਡਰ ਰੋਡ ਆਰਗੇਨਾਈਜੇਸ਼ਨ ਦੀਆਂ ਸੜਕਾਂ ਆਦਿ ਸ਼ਾਮਲ ਹਨ।

ਹਰ ਸਾਲ ਔਸਤ ਹਾਦਸੇ

ਸਾਡੇ ਮੁਲਕ ਵਿਚ ਹਰ ਸਾਲ ਪੌਣੇ ਪੰਜ ਲੱਖ ਦੇ ਕਰੀਬ ਸੜਕ ਹਾਦਸੇ ਹੁੰਦੇ ਹਨ ਜਿਨ੍ਹਾਂ ਵਿਚ ਤਕਰੀਬਨ ਡੇਢ ਲੱਖ ਮੌਤਾਂ ਹੋ ਜਾਂਦੀਆਂ ਹਨ ਅਤੇ ਪੰਜ ਲੱਖ ਦੇ ਨੇੜੇ-ਤੇੜੇ ਲੋਕ ਜ਼ਖ਼ਮੀ ਹੋ ਜਾਂਦੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਭਾਰਤ ਵਿਚ ਹੁੰਦੇ ਹਾਦਸਿਆਂ ਵਿਚ ਮਰਨ ਵਾਲਿਆਂ ਵਿਚ 85 ਫ਼ੀਸਦੀ ਮਰਦ ਅਤੇ 15 ਫ਼ੀਸਦੀ ਔਰਤਾਂ ਹੁੰਦੀਆਂ ਹਨ। ਸਭ ਤੋਂ ਵੱਧ 34 ਫ਼ੀਸਦੀ ਮੌਤਾਂ ਦੋ/ਤਿੰਨ ਪਹੀਆ ਵਾਹਨਾਂ ਦੇ ਹਾਦਸਿਆਂ ਵਿਚ ਹੋ ਰਹੀਆਂ ਹਨ। ਇਸ ਤੋਂ ਇਲਾਵਾ 13 ਫ਼ੀਸਦੀ ਬੱਸਾਂ/ਟਰੱਕਾਂ (ਭਾਰੇ ਵਾਹਨ),17 ਫ਼ੀਸਦੀ ਕਾਰਾਂ/ਜੀਪਾਂ/(ਹਲਕੇ 4 ਪਹੀਆ ਵਾਹਨ) ਨੌ ਫ਼ੀਸਦੀ ਪੈਦਲ ਯਾਤਰੀਆਂ, ਸੱਤ ਫ਼ੀਸਦੀ ਬੱਸਾਂ/ਟਰੱਕਾਂ (ਮਿੰਨੀ ਵਾਹਨ) ਚਾਰ ਫ਼ੀਸਦੀ ਸਾਈਕਲ ਚਾਲਕਾਂ ਅਤੇ 16 ਫ਼ੀਸਦੀ ਬਾਕੀ ਵਾਹਨਾਂ ਜਿਵੇਂ ਟਾਂਗਾ, ਟਰੈਕਟਰ, ਰਿਕਸ਼ਾ, ਗੱਡਾ, ਰੇਹੜੀ, ਘੜੁਕੇ ਆਦਿ ਦੇ ਹਾਦਸਿਆਂ ਵਿਚ ਜਾਨਾਂ ਵਿਅਰਥ ਜਾ ਰਹੀਆਂ ਹਨ।

ਉਪਰੋਕਤ ਤੱਥਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਮੋਟਰ ਗੱਡੀਆਂ ਦਾ ਵਾਧਾ ਬੇਤਹਾਸ਼ਾ ਅਤੇ ਬਿਨਾਂ ਕਿਸੇ ਕੰਟਰੋਲ ਤੋਂ ਹੋਇਆ ਜਿਸ ਦਾ ਸਿੱਧਾ ਲਾਭ ਉਦਯੋਗ, ਵਪਾਰੀ ਜਗਤ ਅਤੇ ਸਰਕਾਰਾਂ ਦੀਆਂ ਜੇਬਾਂ ਵਿਚ ਗਿਆ ਪਰ ਇਨ੍ਹਾਂ ਮੋਟਰ ਗੱਡੀਆਂ ਨੇ ਜਿਨ੍ਹਾਂ ਸੜਕਾਂ ਉੱਪਰ ਦੌੜਨਾ ਸੀ ਸਰਕਾਰਾਂ ਉਨ੍ਹਾਂ ਸੜਕਾਂ ਦਾ ਵਿਸਥਾਰ ਕਰਨ ਵਿਚ ਅਸਫਲ ਅਤੇ ਲਾਪਰਵਾਹ ਰਹੀਆਂ। ਸਰਕਾਰਾਂ ਦੀ ਇਸ ਬੱਜਰ ਗ਼ਲਤੀ ਦਾ ਵੱਡਾ ਜੁਰਮਾਨਾ ਨਾਗਰਿਕਾਂ ਨੂੰ ਜਾਨਾਂ ਗੁਆ ਕੇ ਤਾਰਨਾ ਪੈ ਰਿਹਾ ਹੈ। ਇਸ ਵਰਤਾਰੇ ਦਾ ਫ਼ਾਇਦਾ ਮੋਟਰ-ਗੱਡੀ-ਉਦਯੋਗ, ਵੱਡੀਆਂ-ਵੱਡੀਆਂ ਵਰਕਸ਼ਾਪਾਂ, ਬੀਮਾ-ਕੰਪਨੀਆਂ, ਨਿੱਜੀ ਹਸਪਤਾਲਾਂ, ਪੁਲਿਸ, ਹੋਟਲਾਂ,ਢਾਬਿਆਂ, ਟੋਲ-ਪਲਾਜ਼ਾ, ਸੜਕ ਨਿਰਮਾਣ ਦੀਆਂ ਨਿੱਜੀ ਫਰਮਾਂ, ਸਪੇਅਰ ਪਾਰਟਸ ਵਪਾਰ ਵਾਲ਼ਿਆਂ ਆਦਿ ਨੂੰ ਹੋ ਰਿਹਾ ਹੈ।

ਹਾਦਸਿਆਂ ਦਾ ਸਮਾਂ ਤੇ ਕਾਰਨ

ਕੇਂਦਰ ਸਰਕਾਰ ਦੇ ਸੜਕ ਪਰਿਵਹਨ ਵਿਭਾਗ ਦੇ ਅੰਕੜਿਆਂ ਅਨੁਸਾਰ ਇਹ ਹਾਦਸੇ ਸਵੇਰੇ ਨੌਂ ਵਜੇ ਤੋਂ ਰਾਤੀ ਨੌਂ ਵਜੇ ਦੇ ਦਰਮਿਆਨ ਹੀ ਜ਼ਿਆਦਾ ਵਾਪਰਦੇ ਹਨ । ਰਾਤ ਸਮੇਂ ਸੜਕ ਦੁਰਘਟਨਾਵਾਂ ਘੱਟ ਵਾਪਰਦੀਆਂ ਹਨ ਕਿਉਂਕਿ ਰਾਤ ਨੂੰ ਆਵਾਜਾਈ ਘੱਟ ਜਾਂਦੀ ਹੈ। ਇਨ੍ਹਾਂ ਹਾਦਸਿਆਂ ਦੇ ਕਾਰਨਾਂ ਨੂੰ ਜੇਕਰ ਤਰਤੀਬ ਦੇਣੀ ਹੋਵੇ ਤਾਂ ਸਭ ਤੋਂ ਵੱਡਾ ਕਾਰਨ ਹੈ ਤੇਜ਼ ਰਫ਼ਤਾਰ ਨਾਲ ਡਰਾਇਵਿੰਗ ਕਰਨਾ ਅਤੇ ਦੂਜੇ ਨੰਬਰ ’ਤੇ ਹਾਦਸਿਆਂ ਲਈ ਸ਼ਰਾਬ ਦਾ ਨੰਬਰ ਆਉਂਦਾ ਹੈ। ਇਨ੍ਹਾਂ ਕਾਰਨਾਂ ਤੋਂ ਇਲਾਵਾ ਛੋਟੀ ਉਮਰੇ ਡਰਾਇਵਿੰਗ ਕਰਨਾ, ਵਾਹਨ ਚਲਾਉਂਦਿਆਂ ਫੋਨ ਕਰਨਾ, ਡੀ ਵੀ ਡੀ/ਰੇਡੀਓ ਚਲਾਉਣਾ, ਕੁਝ ਖਾਣਾ ਜਾਂ ਪੀਣਾ, ਵਾਹਨ ਵਿਚ ਬੱਚਿਆਂ/ਮੁਸਾਫਰਾਂ ਦਾ ਰੌਲ਼ਾ-ਰੱਪਾ, ਪਾਲਤੂ ਜਾਨਵਰਾਂ ਨਾਲ ਸਫ਼ਰ ਕਰਨਾ, ਲਾਲ ਬੱਤੀ ਦੀ ਉਲੰਘਣਾ, ਸੜਕਾਂ ਦੀ ਕਮੀ, ਸੜਕਾਂ ਦੀ ਮਾੜੀ ਹਾਲਤ, ਮੋਟਰ-ਗੱਡੀਆਂ ’ਚ ਤਕਨੀਕੀ ਨੁਕਸ, ਅਚਾਨਕ ਟਾਇਰ ਦਾ ਫਟ ਜਾਣਾ, ਵਾਹਨਾਂ ਦੀ ਸਹੀ ਦੇਖ-ਰੇਖ ਨਾ ਕਰਨੀ, ਛੋਟੀ ਉਮਰ ਦੇ ਡਰਾਇਵਰ, ਬਿਨਾਂ ਹੈਲਮਟ ਅਤੇ ਬੈਲਟ ਤੋਂ ਸਫ਼ਰ ਕਰਨਾ, ਸ਼ੀਸ਼ੇ ਦੀ ਵਰਤੋਂ ਨਾ ਕਰਨਾ, ਮੁੜਨ ਤੋਂ ਪਹਿਲਾਂ ਇਸ਼ਾਰਾ ਨਾ ਦੇਣਾ, ਗ਼ਲਤ ਥਾਂ ’ਤੇ ਪਾਰਕਿੰਗ ਕਰਨੀ, ਟਰੱਕਾਂ /ਟਰਾਲੀਆਂ ਦੇ ਵਿਡ੍ਹਾਂ ਤੋਂ ਬਾਹਰ ਲੱਦ ਭਰਨੀ, ਗੱਡਿਆਂ, ਟਾਂਗਿਆਂ, ਰੇਹੜੀਆਂ, ਸਾਈਕਲਾਂ, ਟਰਾਲੀਆਂ, ਘੜੁਕਿਆਂ ਆਦਿ ਦੇ ਪਿੱਛੇ ਰਿਫਲੈਕਟਰ ਨਾ ਹੋਣੇ, ਸੜਕਾਂ ਦਾ ਨਿਰਮਾਣ ਲੋਕਾਂ ਦੀ ਸਹੂਲਤ ਮੁਤਾਬਿਕ ਨਾ ਹੋਣਾ, ਸੜਕਾਂ ਦੇ ਨਿਰਮਾਣ ਸਮੇਂ ਨਿਰਮਾਣ ਵਾਲੀਆਂ ਥਾਵਾਂ ’ਤੇ ਇਸ਼ਾਰੇ ਅਤੇ ਰੌਸ਼ਨੀ ਨਾ ਹੋਣੀ ਆਦਿ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ।

ਬਿਮਾਰੀ ਦੀ ਸਥਿਤੀ, ਵਡੇਰੀ ਉਮਰ ਵਿਚ (ਜਦੋਂ ਲੋੜੋਂ ਵਧ ਕਮਜ਼ੋਰੀ ਹੋਵੇ) ਵਾਹਨ ਚਲਾਉਣੇ, ਸੜਕ ਦੇ ਗ਼ਲਤ ਪਾਸਿਓਂ ਜਾਣਾ/ਆਉਣਾ, ਬਿਨਾਂ ਇਸ਼ਾਰੇ ਦੇ ਮੁੜਨਾ, ਅੱਗੇ ਜਾ ਰਹੇ ਵਾਹਨ ਦੇ ਬਿਲਕੁਲ ਨਾਲ-ਨਾਲ ਪਿੱਛੇ ਚੱਲਣਾ, ਸੜਕਾਂ ’ਤੇ ਕਰਤਬ ਕਰਨੇ, ਇਕ ਲਾਇਨ ’ਚੋਂ ਦੂਜੀ ਲਾਇਨ ’ਚ ਗ਼ਲਤ ਢੰਗ ਨਾਲ ਵੜਨਾ, ਥਕਾਵਟ ’ਚ ਡਰਾਇਵਿੰਗ ਕਰਨੀ, ਰੇਸ ਲਾਉਣੀ, ਛੋਟੀ ਸੜਕ ਤੋਂ ਵੱਡੀ ਸੜਕ ’ਤੇ ਜਾਣ ਸਮੇਂ ਰੁਕ ਕੇ ਦੋਹੀਂ ਪਾਸੇ ਨਾ ਵੇਖਣਾ, ਮੀਂਹ, ਹਨੇਰੀ, ਬਰਫ਼ਬਾਰੀ ਆਦਿ ਵੀ ਸੜਕ ਦੁਰਘਟਨਾਵਾਂ ਦੇ ਕਾਰਨ ਬਣਦੇ ਹਨ।

ਸਰਕਾਰ ਹੀ ਨਹÄ ਲੋਕ ਵੀ ਜ਼ਿੰਮੇਵਾਰ

ਸੜਕੀ ਹਾਦਸਿਆਂ ਲਈ ਅਸੀਂ ਬਾਹਲ਼ਾ ਇਲਜ਼ਾਮ ਲੋਕਾਂ ਉੱਪਰ ਹੀ ਮੜਦੇ ਹਾਂ, ਜੋ ਕਿਸੇ ਹੱਦ ਤਕ ਠੀਕ ਵੀ ਹੈ ਪਰ ਜਦੋਂ ਲੋਕ ਵੇਖਦੇ ਹਨ ਕਿ ਸਰਕਾਰੀ ਬੱਸਾਂ, ਸਰਕਾਰੀ ਕਾਰਾਂ, ਪੁਲਿਸ ਅਫ਼ਸਰ/ਕਰਮਚਾਰੀ, ਵੀ ਆਈ ਪੀ ਅਤੇ ਲਾਲ-ਬੱਤੀ ਵਾਲੀਆਂ ਕਾਰਾਂ ਵੀ ਟਰੈਫ਼ਿਕ ਚੌਕ ਦੀ ਲਾਲ ਬੱਤੀ ਦੀ ਪਰਵਾਹ ਨਹੀਂ ਕਰਦੇ ਅਤੇ ਚੌਕ ਵਿਚ ਖੜਿ੍ਹਆ ਟਰੈਫ਼ਿਕ ਪੁਲਿਸ ਮੁਲਾਜ਼ਮ ਵੀ ਲਾਪਰਵਾਹੀ ਵਰਤਦਾ ਹੈ ਤਾਂ ਲੋਕ ਵੀ ਸ਼ਹਿ ਲੈ ਲੈਂਦੇ ਹਨ।

ਵਿਸ਼ਵ ਸਿਹਤ ਸੰਸਥਾ ਅਤੇ ‘ਰਾਸ਼ਟਰ ਸੰਘ’ ਦੀਆਂ ਇਸ ਵਕਤ ਦੀਆਂ ਵਿਸ਼ਵ-ਵਿਆਪੀ ਚਿੰਤਾਵਾਂ ਵਿੱਚੋਂ ‘ਸੜਕ ਸੁਰੱਖਿਆ’ ਬੜੀ ਵੱਡੀ ਚਿੰਤਾ ਹੈ ਕਿਉਂਕਿ ਮੌਤਾਂ ਅਤੇ ਜ਼ਖ਼ਮੀਆਂ ਕਾਰਨ ਮਨੁੱਖਤਾ ਨੂੰ ਪਰਿਵਾਰਿਕ, ਭਾਵਨਾਤਮਿਕ, ਸਮਾਜਿਕ ਅਤੇ ਆਰਥਿਕ ਰੂਪ ਵਿਚ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਜਿਸ ਕਾਰਨ ਵਿਸ਼ਵ ਵਿਚ ਮਨੁੱਖ ਦੇ ਵਿਕਾਸ ਲਈ ਹੋ ਰਹੀਆਂ ਕਾਰਵਾਈਆਂ ਉਪਰ ਬਹੁਤ ਮਾੜਾ ਅਸਰ ਪੈ ਰਿਹਾ ਹੈ। ‘ਰਾਸ਼ਟਰ ਸੰਘ’ ਅਤੇ ‘ਵਿਸ਼ਵ ਸਿਹਤ’ ਨੇ ਰਲ਼ਕੇ 2015 ਵਿਚ ਬਰਾਜ਼ੀਲ ਵਿਚ ਇਕ ‘ਬਰਾਜ਼ੀਲ ਸਮਝੌਤਾ’ ਪਾਸ ਕੀਤਾ ਜਿਸ ’ਤੇ ਭਾਰਤ ਨੇ ਵੀ ਦਸਤਖ਼ਤ ਕੀਤੇ ਹਨ।

ਇਸ ਸਮਝੌਤੇ ਅਨੁਸਾਰ ਮੈਂਬਰ ਦੇਸ਼ ਸਾਲ 2020 ਤਕ ਆਪੋ-ਆਪਣੇ ਮੁਲਕ ਵਿਚ 50 ਫ਼ੀਸਦੀ ਤਕ ਸੜਕ ਹਾਦਸਿਆਂ ਵਿਚ ਕਮੀ ਕਰਨ ਲਈ ਜ਼ਰੂਰੀ ਕਾਰਵਾਈਆਂ ਕਰਨਗੇ। ਭਾਰਤ ਲਈ ਇਸ ਸਮਝੌਤੇ ਦੇ ਟੀਚੇ ਦੇ ਨੇੜੇ-ਤੇੜੇ ਵੀ ਪਹੁੰਚਣਾ ਸੰਭਵ ਨਹੀਂ ਕਿਉਂਕਿ 2013 ਤੋਂ 2017 ਤਕ ਭਾਰਤ ਵਿਚ ਇਨ੍ਹਾਂ ਹਾਦਸਿਆਂ ਵਿਚ ਕੋਈ ਬਹੁਤੀ ਕਮੀ ਆਈ ਨਹੀਂ ਦਿਸ ਰਹੀ। ਦੁਨੀਆ ਵਿਚ ਸੜਕੀ ਦੁਰਘਨਾਵਾਂ ’ਚ ਮਰਨ ਵਾਲਿਆਂ ’ਚੋਂ 90 ਫ਼ੀਸਦੀ ਬਦਕਿਸਮਤ ਲੋਕ ਵਿਕਾਸਸ਼ੀਲ ਦੇਸ਼ਾਂ ਦੇ ਹੀ ਨਾਗਰਿਕ ਹੁੰਦੇ ਹਨ। ਭਾਰਤ ਵੀ ਵਿਕਾਸਸ਼ੀਲ ਦੇਸ਼ਾਂ ਦੀ ਸੂਚੀ ਵਿਚ ਹੀ ਸ਼ੁਮਾਰ ਹੁੰਦਾ ਹੈ।

ਪੰਜਾਬ ਦੇ ਅੰਕੜੇ

ਪੰਜਾਬ ਦੀ ਸਥਿਤੀ ਭਾਵੇਂ ਬਾਕੀ ਮੁਲਕ ਦੇ ਮੁਕਾਬਲੇ ਠੀਕ ਹੈ ਪਰ ਪੰਜਾਬ ਦੇ ਅੰਕੜੇ ਵੀ ਸੁੰਨ ਕਰਨ ਵਾਲੇ ਹਨ। ਪੰਜਾਬ ਵਿਚ ਹਰ ਰੋਜ਼ 12 ਲੋਕ ਸੜਕ ਹਾਦਸਿਆਂ ਕਾਰਨ ਮੌਤ ਦੇ ਮੂੰਹ ’ਚ ਜਾ ਪੈਂਦੇ ਹਨ। ਪੰਜਾਬ ਦੀ ਆਬਾਦੀ ਭਾਰਤ ਦੀ ਆਬਾਦੀ ਦਾ 2.25 ਫ਼ੀਸਦੀ ਹੈ ਪਰ ਸੜਕੀ ਹਾਦਸਿਆਂ ਵਿਚ ਦੇਸ਼ ਭਰ ’ਚ ਹੋਣ ਵਾਲੀਆਂ ਮੌਤਾਂ ’ਚ ਪੰਜਾਬ 3.5 ਫ਼ੀਸਦੀ ਨੁਕਸਾਨ ਭੋਗ ਰਿਹਾ ਹੈ। 2018 ਵਿਚ ਪੰਜਾਬ ਦੀਆਂ ਸੜਕਾਂ ’ਤੇ ਅੱਠ ਹਜ਼ਾਰ ਤੋਂ ਵੱਧ ਹਾਦਸੇ ਹੋਏ ਅਤੇ ਇਨ੍ਹਾਂ ’ਚ 4700 ਤੋਂ ਵੱਧ ਪੰਜਾਬੀ ਸਦਾ ਦੀ ਨੀਂਦ ਸੌਂ ਗਏ ਮਤਲਬ ਹਰ ਦੋ ਘੰਟਿਆਂ ਮਗਰੋਂ ਇਕ ਮੌਤ। ਜੁਲਾਈ 2018 ਵਿਚ ਸੜਕ-ਸੁਰੱਖਿਆ ਪ੍ਰਬੰਧਾਂ ’ਤੇ ਇਕ ਅਰਜ਼ੀ ’ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਦੇ ਇਕ ਬੈਂਚ ਦੇ ਮਾਣਯੋਗ ਜੱਜ ਸਾਹਿਬਾਨ ਨੇ ਦੇਸ਼ ਵਿਚ ਮਾੜੀਆਂ ਸੜਕਾਂ ਕਾਰਨ ਹੁੰਦੇ ਹਾਦਸਿਆਂ ਵਿਚ ਮਾਰੇ ਜਾਂਦੇ ਲੋਕਾਂ ਦੀ ਵਧ ਰਹੀ ਗਿਣਤੀ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਸੀ ਕਿ ਭਾਰਤ ਵਿਚ ਅੱਤਵਾਦੀ ਹਮਲਿਆਂ ’ਚ ਮਰਨ ਵਾਲੇ ਬੇਕਸੂਰ ਲੋਕਾਂ ਤੋਂ ਕਿਤੇ ਵੱਧ ਲੋਕ ਸੜਕਾਂ ਦੀ ਮਾੜੀ ਹਾਲਤ ਕਾਰਨ ਹੋਣ ਵਾਲੇ ਹਾਦਸਿਆਂ ਵਿਚ ਜਾਨਾਂ ਗਵਾ ਰਹੇ ਹਨ। ਆਜ਼ਾਦੀ ਮਗਰੋਂ ਮੋਟਰ ਗੱਡੀਆਂ ਦੇ ਉਤਪਾਦਨ ਵਿਚ 156 ਗੁਣਾ ਵਾਧਾ ਹੋਇਆ ਹੈ ਪਰ ਸੜਕਾਂ ਦਾ ਪਾਸਾਰ ਸਿਰਫ਼ 39 ਗੁਣਾ। ਭਾਰਤ ਵਿਚ 1950 ਵਿਚ ਸਿਰਫ਼ ਚਾਰ ਲੱਖ ਕਿਲੋਮੀਟਰ ਸੜਕਾਂ ਹੀ ਸਨ ਜੋ 2015 ਤਕ 55 ਲੱਖ ਕਿਲੋਮੀਟਰ ਹੋ ਗਈਆਂ। ਇਨ੍ਹਾਂ ਅੰਕੜਿਆਂ ਤੋਂ ਸਪਸ਼ਟ ਹੁੰਦਾ ਹੈ ਕਿ ਮੋਟਰ-ਗੱਡੀਆਂ ਦਾ ਪਾਸਾਰ ਸੜਕੀ ਨੈੱਟਵਰਕ ਦੇ ਮੁਕਾਬਲੇ ਕਈ ਗੁਣਾ ਵੱਧ ਹੋਇਆ ਹੈ ਜਿਸ ਕਰਕੇ ਸੜਕਾਂ ਉੱਪਰ ਭੀੜ-ਭੜੱਕਾ ਵਧਣ ਕਰਕੇ ਹਾਦਸੇ ਵਾਪਰ ਰਹੇ ਹਨ।

ਬੁਨਿਆਦੀ ਨਿਯਮਾਂ ਪ੍ਰਤੀ ਲੋਕਾਂ ਦੀ ਅਣਗਹਿਲੀ

90 ਫ਼ੀਸਦੀ ਨਾਗਰਿਕਾਂ ਨੂੰ ਹਾਲੇ ਸੜਕੀ ਆਵਾਜਾਈ ਦੇ ਬੁਨਿਆਦੀ ਨਿਯਮਾਂ ਦੀ ਹੀ ਸਮਝ ਨਹੀਂ। ਸਮੇਂ ਦੀ ਫੌਰੀ ਲੋੜ ਇਹ ਹੈ ਕਿ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਸੜਕਾਂ ਦਾ ਨੈੱਟਵਰਕ ਪਹਿਲ ਦੇ ਆਧਾਰ ’ਤੇ ਕੌਮਾਂਤਰੀ ਮਾਪਦੰਡ ਅਨੁਸਾਰ ਵਧਾਇਆ ਜਾਵੇ, ਨਾਗਰਿਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਦੀ ਜਾਣਕਾਰੀ ਦੇਣ ਲਈ ਰਾਸ਼ਟਰੀ ਅਤੇ ਲੰਮੇ ਸਮੇਂ ਦੇ ਪ੍ਰੋਗਰਾਮ ਲਾਗੂ ਕੀਤੇ ਜਾਣ, ਸਕੂਲੀ ਪੱਧਰ ’ਤੇ ਹੀ ਸੜਕ ਸੁਰੱਖਿਆ ਦੇ ਨਿਯਮਾਂ ਨੂੰ ਸਿਲੇਬਸ ਦਾ ਹਿੱਸਾ ਬਣਾਇਆ ਜਾਵੇ। ਵਾਹਨਾਂ ਦੇ ਬੇ-ਰੋਕ ਉਤਪਾਦਨ ’ਤੇ ਕਾਬੂ ਪਾਉਣ ਲਈ ਕਾਨੂੰਨ ਬਣਾਏ ਜਾਣ, ਸੜਕ-ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਵਾਉਣ ਲਈ ‘ਟਰੈਫਿਕ-ਪੁਲਿਸ-ਤੰਤਰ’ ਨੂੰ ਚੁਸਤ-ਦਰੁਸਤ ਕੀਤਾ ਜਾਵੇ ਅਤੇ ਰਾਜਸੀ/ਰਿਸ਼ਤੇਦਾਰੀ/ਰਿਸ਼ਵਤੀ/ ਅਫ਼ਸਰਸ਼ਾਹੀ ਦਬਾਅ ਤੋਂ ਮੁਕਤ ਕਰਨ ਲਈ ਦਿਆਨਤਦਾਰੀ ਨਾਲ ਕਦਮ ਚੁੱਕੇ ਜਾਣ ਤਾਂ ਕਿ ਪੁਲਿਸ ਕਰਮਚਾਰੀ ਭਾਰਤੀ ਨਾਗਰਿਕਾਂ ਦੀ ਜਾਨ ਦੀ ਰਾਖੀ ਬਿਨਾਂ ਕਿਸੇ ਖ਼ੌਫ਼ ਤੋਂ ਕਰ ਸਕਣ। ਸੜਕਾਂ ’ਤੇ ਸੁਰੱਖਿਅਤ ਸਫ਼ਰ ਕਰਨ ਲਈ ਨਾਗਰਿਕਾਂ ਦਾ ਵੀ ਆਪਣਾ ਪਹਿਲਾ ਫ਼ਰਜ਼ ਹੈ ਕਿ ਨਿਯਮਾਂ ਦੀ ਪਾਲਣਾ ਆਪ ਵੀ ਕਰਨ ਅਤੇ ਆਪਣੇ ਬੱਚਿਆਂ ਨੂੰ ਵੀ ਪ੍ਰੇਰਨ ਤਾਂ ਕਿ ਹਰ ਨਾਗਰਿਕ ਸੁਰੱਖਿਅਤ ਸਫ਼ਰ ਕਰ ਕੇ ਆਪਣੇ ਪਰਿਵਾਰ ਨਾਲ ਜ਼ਿੰਦਗੀ ਦੇ ਰੰਗ ਮਾਣ ਸਕੇ ਅਤੇ ਪਰਿਵਾਰ, ਸਮਾਜ ਅਤੇ ਦੇਸ਼ ਦੇ ਵਿਕਾਸ ਵਿਚ ਹਿੱਸਾ ਪਾ ਸਕੇ।

ਸਫ਼ਰ ਕਰਦਿਆਂ ਦੋ ਸ਼ਬਦ ਹਮੇਸ਼ਾ ਯਾਦ ਰੱਖੋ ਸਤਿਕਾਰ ਅਤੇ ਸਬਰ

ਸੜਕ ’ਤੇ ਸੁਰੱਖਿਅਤ ਸਫ਼ਰ ਕਰਨ ਲਈ ਦੂਜੇ ਵਿਅਕਤੀ ਦਾ ਸਤਿਕਾਰ ਕਰਨਾ ਅਤੇ ਆਪ ਸਬਰ ਨਾਲ ਡਰਾਇਵਿੰਗ ਕਰਨਾ ਸਿੱਖ ਲਵੋਗੇ ਤਾਂ ਆਪਾਂ ਸਾਰੇ ਹੀ ਸੁਰੱਖਿਅਤ ਹੋ ਜਾਵਾਂਗੇ।

- ਅਮਰਜੀਤ ਸਿੰਘ ਵੜੈਚ

Posted By: Harjinder Sodhi