ਅਸੀਂ ਆਪਣੇ ਭਾਰਤ ਦੇਸ਼ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਮੰਨਦੇ ਹਾਂ ਅਤੇ 26 ਜਨਵਰੀ (ਗਣਤੰਤਰ ਦਿਵਸ) ਵਾਲੇ ਦਿਨ ਜਦੋਂ ਸਾਡਾ ਕੌਮੀ ਤਿਰੰਗਾ ਝੰਡਾ ਲਹਿਰਾਇਆ ਜਾਂਦਾ ਹੈ ਤਾਂ ਸਾਡਾ ਸਿਰ ਸਵੈਮਾਣ ਨਾਲ ਉੱਚਾ ਹੋ ਜਾਂਦਾ ਹੈ ਕਿਉਂਕਿ ਇਸ ਦਿਨ ਸਾਨੂੰ ਪੂਰਨ (ਸੰਵਿਧਾਨਿਕ) ਆਜ਼ਾਦੀ ਪ੍ਰਾਪਤੀ ਹੋਈ ਸੀ। ਸਾਨੂੰ ਇਸ ਦਿਨ ਇਹ ਅਹਿਸਾਸ ਵੀ ਹੁੰਦਾ ਹੈ ਤੇ ਹੋਣਾ ਵੀ ਚਾਹੀਦਾ ਹੈ ਕਿ ਸਾਡੇ ਦੇਸ਼ ਦੀ ਆਜ਼ਾਦੀ ਲਈ ਸਾਨੂੰ ਸਾਡੇ ਮਹਾਨ ਦੇਸ਼ ਭਗਤਾਂ ਦੀਆਂ ਸ਼ਹਾਦਤਾਂ ਵਾਲਾ ਬਹੁਤ ਵੱਡਾ ਮੁੱਲ ਤਾਰਨਾ ਪਿਆ ਤਾਂ ਹੀ ਅੱਜ ਅਸੀਂ ਆਪਣਾ ਤਿਰੰਗਾ ਝੰਡਾ ਲਹਿਰਾਉਣ ਦੇ ਕਾਬਿਲ ਹੋਏ ਹਾਂ। ਸਾਨੂੰ ਭਲੀਭਾਂਤ ਇਸ ਗੱਲ ਤੋਂ ਵੀ ਜਾਣੂ ਹੋਣਾ ਚਾਹੀਦਾ ਹੈ ਕਿ 15 ਅਗਸਤ 1947 ਨੂੰ ਸਾਡਾ ਭਾਰਤ ਦੇਸ਼ ਅੰਗਰੇਜ਼ ਸਾਮਰਾਜ ਦੀ ਲੰਬੀ ਗੁਲਾਮੀ ਤੋਂ ਬਾਅਦ ਆਜ਼ਾਦ ਤਾਂ ਹੋ ਗਿਆ ਸੀ ਪ੍ਰੰਤੂ 25 ਜਨਵਰੀ 1950 ਤਕ ਅਸੀਂ ਅੰਗਰੇਜ਼ਾਂ ਵੱਲੋਂ ਬਣਾਏ ਸੰਵਿਧਾਨਕ ਸਿਸਟਮ ਦੇ ਅਧੀਨ ਹੀ ਕੰਮ ਕਰਦੇ ਰਹੇ। ਸਾਨੂੰ ਇਹ ਵੀ ਅਹਿਸਾਸ ਹੋਣਾ ਚਾਹੀਦਾ ਹੈ ਕਿ ਦੇਸ਼ ਆਜ਼ਾਦੀ ਦੀ ਪ੍ਰਾਪਤੀ ਲਈ ਜਿੱਥੇ ਸਾਡੇ ਆਜ਼ਾਦੀ ਪ੍ਰਵਾਨਿਆਂ ਸ਼ਹੀਦ ਭਗਤ ਸਿੰਘ ਤੇ ਸਾਥੀਆਂ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਚੰਦਰਸ਼ੇਖਰ ਆਜ਼ਾਦ, ਸੁਭਾਸ਼ ਚੰਦਰ ਬੋਸ ਅਤੇ ਹੋਰ ਕਈ ਦੇਸ਼ ਭਗਤਾਂ ਨੇ ਆਪਣੀਆਂ ਜ਼ਿੰਦਗੀਆਂ ਦੇਸ਼ ਦੇ ਲੇਖੇ ਲਾ ਦਿੱਤੀਆਂ ਉੱਥੇ ਆਜ਼ਾਦੀ ਉਪਰੰਤ ਸਾਡੇ ਗਣਤੰਤਰ ਸਿਸਟਮ ਦੀ ਪ੍ਰਾਪਤੀ ਲਈ ਇਕ ਮਹਾਨ ਦੇਸ਼ ਭਗਤ ਅਤੇ ਵਿਦਵਾਨ ਡਾ. ਭੀਮ ਰਾਓ ਅੰਬੇਡਕਰ ਨੇ ਵੀ ਵਿਸ਼ੇਸ਼ ਜ਼ਿਕਰਯੋਗ ਕਾਰਜ ਕੀਤਾ ਸੀ।

ਇਤਿਹਾਸ ਗਵਾਹ ਹੈ ਕਿ ਦੇਸ਼ ਆਜ਼ਾਦੀ ਉਪਰੰਤ ਸੰਵਿਧਾਨ ਲਿਖਣ ਦੀ ਬਹੁਤ ਵੱਡੀ ਸਮੱਸਿਆ ਖੜ੍ਹੀ ਹੋ ਗਈ ਸੀ ਕਿਉਂਕਿ ਭਾਰਤ ਅਨੇਕਾਂ ਹੀ ਵੱਖ-ਵੱਖ ਧਰਮਾਂ, ਫਿਰਕਿਆਂ, ਜਾਤੀਆਂ ਵਾਲਾ ਦੇਸ਼ ਹੋਣ ਕਾਰਨ ਇਸ ਦਾ ਸੰਵਿਧਾਨ ਲਿਖਣ ਲਈ ਕਿਸੇ ਅਜਿਹੇ ਵਿਦਵਾਨ ਦੀ ਲੋੜ ਸੀ ਜੋ ਹਰ ਵਰਗ ਨੂੰ ਆਰਥਿਕ, ਧਾਰਮਿਕ, ਰਾਜਨੀਤਕ ਅਤੇ ਹੋਰ ਜ਼ਰੂਰੀ ਪੱਖਾਂ ਤੋਂ ਸੰਤੁਸ਼ਟ ਕਰ ਸਕੇ ਭਾਵ ਕਿ ਇਕ ਧਰਮ ਨਿਰਪੱਖ ਤੇ ਮਜ਼ਬੂਤ ਸੰਵਿਧਾਨ ਦੀ ਰਚਨਾ ਕਰੇ। ਪੰਡਿਤ ਨਹਿਰੂ ਤੇ ਮਹਾਤਮਾ ਗਾਂਧੀ ਬੜੇ ਫ਼ਿਕਰ ਵਿਚ ਸਨ ਜਿਸ ਅਨੁਸਾਰ ਪੰਡਿਤ ਨਹਿਰੂ ਤਾਂ ਇਕ ਅੰਗਰੇਜ਼ ਵਿਦਵਾਨ ਸਰ ਆਇਵਰ ਜਨਿੰਗਸ ਨੂੰ ਬੁਲਾਉਣਾ ਚਾਹੁੰਦੇ ਸਨ ਪਰ ਮਹਾਤਮਾ ਗਾਂਧੀ ਜਾਣਦੇ ਸਨ ਕਿ ਸਾਡੇ ਆਪਣੇ ਹੀ ਦੇਸ਼ ਵਿਚ ਡਾ. ਅੰਬੇਦਕਰ ਜਿਹਾ ਮਹਾਨ ਵਿਦਵਾਨ (ਉਸ ਵੇਲੇ ਦੇਸ਼ ਦਾ ਸਭ ਤੋਂ ਵੱਧ ਪੜ੍ਹਿਆ-ਲਿਖਿਆ) ਮੌਜੂਦ ਹੈ ਜੋ ਇਸ ਕੰਮ ਨੂੰ ਪੂਰਾ ਕਰਦਾ ਸਕਦਾ ਹੈ। ਸੋ ਇਸ ਤਜਵੀਜ਼ ਅਨੁਸਾਰ ਜੋ ਭਾਰਤੀ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਾਲੀ ਕਮੇਟੀ ਬਣਾਈ ਗਈ ਉਸਦੇ ਚੇਅਰਮੈਨ (ਮੁਖੀ) ਡਾ. ਭੀਮ ਰਾਓ ਅੰਬੇਦਕਰ ਨੂੰ ਹੀ ਬਣਾਇਆ ਗਿਆ। ਇਸ ਕਮੇਟੀ ਦੇ ਬਾਕੀ ਮੈਂਬਰਾਂ ਵੱਲੋਂ ਬਹੁਤੀ ਦਿਲਚਸਪੀ ਨਾ ਲਏ ਜਾਣ ਕਾਰਨ ਡਾ. ਅੰਬੇਦਕਰ ਜੀ ਨੇ ਇਕੱਲੇ ਹੀ ਦਿਨ ਰਾਤ ਸਖ਼ਤ ਮਿਹਨਤ ਕਰ ਕੇ 26 ਨਵੰਬਰ 1949 ਨੂੰ ਸੰਵਿਧਾਨ ਦਾ ਖਰੜਾ ਤਿਆਰ ਕਰ ਕੇ ਦੇਸ਼ ਦੇ ਰਾਸ਼ਟਰਪਤੀ ਨੂੰ ਸੌਂਪ ਦਿੱਤਾ ਸੀ ਜੋ ਦਿਹਾੜਾ ਹਰ ਸਾਲ ਸਾਡੇ ਸੰਵਿਧਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਸੰਵਿਧਾਨਕ ਖਰੜਾ ਦੇਸ਼ ਦੀ ਕੈਬਨਿਟ ਅਤੇ ਰਾਸ਼ਟਰਪਤੀ ਦੀ ਮਨਜ਼ੂਰੀ ਉਪਰੰਤ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਵਜੋਂ ਲਾਗੂ ਹੋ ਗਿਆ ਸੀ। ਸੰਵਿਧਾਨ ਲਿਖਣ ਤੋਂ ਪਹਿਲਾਂ ਇਕ ਕਮੇਟੀ ਵੀ ਇਸ ਲਈ ਬਣਾਈ ਗਈ ਸੀ ਕਿ ਸਾਡੇ ਦੇਸ਼ ਦਾ ਕੌਮੀ ਝੰਡਾ ਕਿਸ ਤਰ੍ਹਾਂ ਦਾ ਹੋਵੇ ਜਿਸ ਕਮੇਟੀ ਦੇ ਮੈਂਬਰ ਵੀ ਡਾ. ਅੰਬੇਦਕਰ ਸਨ। ਇਸ ਕਮੇਟੀ ਦੀ ਵਿਸ਼ੇਸ਼ ਤੇ ਫ਼ੈਸਲਾਕੁੰਨ ਮੀਟਿੰਗ ਜੋ ਹੋਈ ਸੀ ਉਸ ਵਿਚ ਜਿੱਥੇ ਝੰਡੇ ਦੇ ਤਿੰਨ ਰੰਗ ਕੇਸਰੀ, ਚਿੱਟਾ ਤੇ ਹਰਾ ਰੰਗ ਮੈਂਬਰਾਂ ਦੀ ਤਜਵੀਜ਼ ਅਨੁਸਾਰ ਬਣਾਏ ਗਏ ਸਨ ਉੱਥੇ ਝੰਡੇ ਵਿਚ ਅਸ਼ੋਕ ਚੱਕਰ ਲਗਾਉਣ ਦੀ ਤਜਵੀਜ਼ ਡਾ. ਅੰਬੇਦਕਰ ਦੀ ਸੀ ਜਦੋਂ ਕਿ ਮਹਾਤਮਾ ਗਾਂਧੀ ਚਰਖੇ ਦਾ ਨਿਸ਼ਾਨ ਲਾਉਣਾ ਚਾਹੁੰਦੇ ਸਨ। ਇਸ ਕਰਕੇ ਸਾਡੇ ਕੌਮੀ ਝੰਡੇ ਨੂੰ ਤਿਰੰਗਾ (ਤਿੰਨ ਰੰਗਾਂ) ਝੰਡਾ ਜੋ ਅਸੀਂ ਕਹਿੰਦੇ ਹਾਂ ਸਾਨੂੰ ਤਿੰਨਾਂ ਰੰਗਾਂ ਅਤੇ ਅਸ਼ੋਕ ਚੱਕਰ ਦੇ ਮਹੱਤਵ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ।

ਕੇਸਰੀ ਰੰਗ ਸਾਨੂੰ ਦੇਸ਼ ਭਗਤੀ ਤੇ ਕੁਰਬਾਨੀ ਦੀ ਪ੍ਰੇਰਣਾ ਦਿੰਦੇ ਹੋਏ ਇਹ ਯਾਦ ਕਰਾਉਂਦਾ ਹੈ ਕਿ ਇਸ ਦੇਸ਼ ਭਗਤੀ ਤੇ ਕੁਰਬਾਨੀ ਸਦਕਾ ਹੀ ਸਾਨੂੰ ਆਜ਼ਾਦੀ ਮਿਲੀ ਹੈ ਅਤੇ ਸਾਨੂੰ ਆਪਣੀ ਆਜ਼ਾਦੀ ਦੀ ਰੱਖਿਆ ਲਈ ਵੀ ਇਹੋ ਜਿਹੇ ਸੰਘਰਸ਼, ਤਿਆਗ ਤੇ ਕੁਰਬਾਨੀ ਦੀ ਭਾਵਨਾ ਹਰ ਵੇਲੇ ਆਪਣੇ ਦਿਲ ਵਿਚ ਰੱਖਣੀ ਚਾਹੀਦੀ ਹੈ। ਚਿੱਟਾ ਰੰਗ ਸ਼ਾਂਤੀ ਦਾ ਪ੍ਰਤੀਕ ਹੈ ਜੋ ਜਿੱਥੇ ਸਾਡੇ ਦੇਸ਼ ਵਾਸੀਆਂ ਨੂੰ ਆਪਸੀ ਅਮਨ ਸ਼ਾਂਤੀ ਨਾਲ ਰਹਿਣ ਦੀ ਪ੍ਰੇਰਣਾ ਦਿੰਦਾ ਹੈ ਉੱਥੇ ਹੀ ਆਪਣੇ ਗੁਆਂਢੀ ਦੇਸ਼ਾਂ ਨਾਲ ਵੀ ਸਾਨੂੰ ਅਮਨ ਸ਼ਾਂਤੀ ਨਾਲ ਰਹਿਣ ਦਾ ਸੰਦੇਸ਼ ਵੀ ਦਿੰਦਾ ਹੈ। ਹਰਾ ਰੰਗ ਹਰੀ ਕ੍ਰਾਂਤੀ ਅਤੇ ਵਿਕਾਸ ਦਾ ਪ੍ਰਤੀਕ ਹੈ ਕਿ ਅਸੀਂ ਆਪਣੇ ਦੇਸ਼ ਨੂੰ ਹਰਿਆ ਭਰਿਆ, ਆਤਮ ਨਿਰਭਰ ਅਤੇ ਅਨਾਜ ਪੈਦਾ ਕਰ ਕੇ ਭੁੱਖ ਰਹਿਤ ਬਣਾਉਣਾ ਹੈ।

ਅਸ਼ੋਕ ਚੱਕਰ ਜਿਸ ਵਿਚ 24 ਲਾਇਨਾਂ ਹਨ, ਇਸ ਦਾ ਵਿਸ਼ੇਸ਼ ਮਹੱਤਵ ਇਹ ਹੈ ਕਿ ਸਾਨੂੰ ਆਪਣੇ ਦੇਸ਼ ਦੇ ਵਿਕਾਸ ਲਈ ਵੱਧ ਤੋਂ ਵੱਧ ਸਮਾਂ (ਭਾਵੇਂ 24 ਘੰਟੇ ਹੀ ਹੋਣ) ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਜਿਵੇਂ ਡਾ. ਅੰਬੇਦਕਰ ਨੇ ਦਿਨ-ਰਾਤ ਮਿਹਨਤ ਕਰ ਕੇ ਸੰਵਿਧਾਨ ਲਿਖਿਆ ਸੀ ਤੇ ਜਿਵੇਂ ਸਾਡੇ ਆਜ਼ਾਦੀ ਪਰਵਾਨਿਆਂ ਨੇ ਆਜ਼ਾਦੀ ਪ੍ਰਾਪਤੀ ਲਈ ਸੰਘਰਸ਼ ਕੀਤਾ ਸੀ।

ਭਾਰਤ ਦਾ ਸੰਵਿਧਾਨ ਜੋ ਕਿ 26 ਜਨਵਰੀ 1950 ਨੂੰ ਲਾਗੂ ਹੋਇਆ ਉਸ ਵਿਚ ਡਾ. ਅੰਬੇਦਕਰ ਜੀ ਵੱਲੋਂ ਜੋ ਵਿਸ਼ੇਸ਼ ਤੌਰ ’ਤੇ ਲਿਖਿਆ ਗਿਆ ਕਿ ਸੈਂਕੜੇ ਸਾਲ ਪਹਿਲਾਂ ਤੋਂ ਹੀ ਜੋ ਸਾਡੇ ਭਾਰਤ ਦੇ ਅੰਦਰੂਨੀ ਧਾਰਮਿਕ, ਕੱਟੜਵਾਦ, ਜਾਤ-ਪਾਤ, ਵਰਗ-ਵਾਦ ਦੀ ਨਫ਼ਰਤ ਤੇ ਵਿਤਕਰੇ ਦੇ ਸ਼ਿਕਾਰ ਬਣਾ ਕੇ ਤੇ ਮਨੁੱਖੀ ਹੱਕਾਂ ਤੋਂ ਵਾਂਝੇ ਰੱਖਕੇ ਅਛੂਤ ਬਣਾਏ ਗਏ ਆਪਣੇ ਹੀ ਸਮਾਜ ਦੇ ਇਕ ਵੱਡੀ ਗਿਣਤੀ ਵਰਗ ਨੂੰ ਉਨ੍ਹਾਂ ਦੀ ਪੜ੍ਹਾਈ, ਰੁਜ਼ਗਾਰ ਅਤੇ ਆਰਥਿਕ, ਧਾਰਮਿਕ, ਸਮਾਜਿਕ ਬਰਾਬਰੀ ਤੋਂ ਵਾਂਝਾ ਰੱਖਿਆ ਗਿਆ ਸੀ ਉਨ੍ਹਾਂ ਲਈ ਵਿਸ਼ੇਸ਼ ਸੰਵਿਧਾਨਕ ਹੱਕ ਕਾਨੂੰਨ ਵਜੋਂ ਦਰਜ ਕਰ ਦਿੱਤੇ ਹਨ। ਇਵੇਂ ਹੀ ਭਾਰਤੀ ਨਾਰੀ ਜਿਸ ਨੂੰ ਬਰਾਬਰੀ ਦੇ ਹੱਕਾਂ ਤੋਂ ਵਾਂਝਾ ਰੱਖਕੇ ਵਿਤਕਰੇ ਦਾ ਸ਼ਿਕਾਰ ਬਣਾਇਆ ਗਿਆ ਸੀ ਉਸ ਲਈ ਵੀ ਬਰਾਬਰੀ ਦੇ ਤੇ ਦਲੀਲ ਅਪੀਲ ਦੇ ਕਾਨੂੰਨੀ ਹੱਕ ਵੀ ਦਰਜ ਕਰ ਦਿੱਤੇ ਸਨ। ਪ੍ਰੰਤੂ ਅੱਜ ਸਾਨੂੰ ਦੁਨੀਆ ਦੇ ਸਭ ਤੋਂ ਵੱਡੇ ਕਹੇ ਜਾਂਦੇ ਲੋਕਤੰਤਰ ਦੇ ਵਾਸੀਆਂ ਨੂੰ ਇਹ ਵਿਚਾਰਨਾ ਅਤਿ ਜ਼ਰੂਰੀ ਹੈ ਕੀ ਅਸੀਂ ਸੰਵਿਧਾਨ ਅਤੇ ਸਾਡੇ ਕੌਮੀ ਝੰਡੇ ਦੇ ਤਿੰਨ ਰੰਗਾਂ ਤੇ ਅਸ਼ੋਕ ਚੱਕਰ ਦੀਆਂ ਸੱਚੀਆਂ ਸੂਚੀਆਂ ਭਾਵਨਾਵਾਂ ਦਾ ਅਦਬ ਸਤਿਕਾਰ ਕਰਨਾ ਅਤੇ ਇਨ੍ਹਾਂ ਉੱਤੇ ਕਿੰਨਾ ਕੁ ਅਮਲ ਕਰ ਰਹੇ ਹਾਂ।

ਸੰਵਿਧਾਨ ਦੇ ਸਰੋਤ

ਭਾਰਤੀ ਸੰਵਿਧਾਨ ਦੇ ਅਨੇਕ ਦੇਸੀ ਅਤੇ ਵਿਦੇਸ਼ੀ ਸਰੋਤ ਹਨ, ਜਿਨ੍ਹਾਂ ਤੋਂ ਲੋੜ ਅਨੁਸਾਰ ਸਕਰਾਤਮਕ ਪਹਿਲੂ ਲਏ ਗਏ ਹਨ। ਲੇਕਿਨ ਭਾਰਤੀ ਸੰਵਿਧਾਨ ਤੇ ਸਭ ਤੋਂ ਜ਼ਿਆਦਾ ਪ੍ਰਭਾਵ ਭਾਰਤੀ ਸ਼ਾਸਨ ਅਧਿਨਿਯਮ, 1935 ਦਾ ਹੈ। ਭਾਰਤੀ ਸੰਵਿਧਾਨ ਦੇ 395 ਅਨੁਛੇਦਾਂ ਵਿਚੋਂ 250 ਅਨੁਛੇਦ ਅਜਿਹੇ ਹਨ ਜਿਹੜੇ 1935 ਦੇ ਅਧਿਨਿਯਮ ਤੋਂ ਸਿੱਧੇ ਹੀ ਲੈ ਲਏ ਗਏ ਹਨ।

- ਦਲਬੀਰ ਸਿੰਘ ਧਾਲੀਵਾਲ

Posted By: Harjinder Sodhi