ਮਨੁੱਖ ਨੇ ਧਰਤੀ, ਅਕਾਸ਼, ਪਤਾਲ ਆਦਿ ਹਰ ਖੇਤਰ ਵਿਚ ਬੁਲੰਦੀਆਂ ਦਾ ਲੋਹਾ ਮੰਨਵਾ ਰੱਖਿਆ ਹੈ ਪਰ ਉਹ ਆਪਣੇ ਨਿੱਜੀ ਰਿਸ਼ਤਿਆਂ ਪ੍ਰਤੀ ਬਹੁਤ ਕੰਗਾਲ ਹੋ ਗਿਆ ਹੈ। ਮਨੁੱਖੀ ਰਿਸ਼ਤੇ ਨਿਘਾਰ ਵੱਲ ਨੂੰ ਜਾ ਰਹੇ ਹਨ। ਪਹਿਲਾਂ ਸਾਡੇ ਰਹਿਣ ਸਹਿਣ, ਮਿਲਣ-ਵਰਤਣ ਦੀ ਸਮਾਜਿਕ ਜੀਵਨ ਸ਼ੈਲੀ ਸਾਂਝੇ ਪਰਿਵਾਰਾਂ ਦੀ ਹੁੰਦੀ ਸੀ। ਪਰਿਵਾਰ ਦੇ ਕਿਸੇ ਵੱਡੇ ਜੀਅ ਜਾਂ ਸਿਆਣੇ ਨੂੰ ਪਰਿਵਾਰਕ ਮੁਖੀ ਮੰਨਿਆ ਜਾਂਦਾ ਸੀ। ਹਰੇਕ ਨਿੱਕਾ ਵੱਡਾ ਜੀਅ ਉਸਦੇ ਲਏ ਗਏ ਫ਼ੈਸਲਿਆਂ ਉੱਪਰ ਫੁੱਲ ਚੜ੍ਹਾਉਦਾ ਸੀ। ਹਰੇਕ ਕੰਮ ਮਿਲ ਕੇ ਕਰ ਲਿਆ ਜਾਂਦਾ ਸੀ। ਬੱਚਿਆਂ ਨੂੰ ਓਨਾ ਡਰ ਆਪਣੇ ਮਾਂ-ਪਿਉੁ ਦਾ ਨਹੀਂ ਹੁੰਦਾ ਸੀ ਜਿੰਨਾ ਆਪਣੇ ਚਾਚੇ ਜਾਂ ਤਾਇਆਂ ਕੋਲੋਂ ਹੁੰਦਾ ਸੀ। ਮਾਵਾਂ ਅਕਸਰ ਆਪਣੇ ਲਾਡਲਿਆਂ ਨੂੰ ਸਮਝਾਉਣ ਲਈ ਚਾਚੇ ਜਾਂ ਮਾਮੇ ਦਾ ਡਰ ਦਿਆ ਕਰਦੀਆਂ ਸਨ। ਦਰਾਣੀਆਂ ਜਠਾਣੀਆਂ ਦਾ ਆਪਸੀ ਇਕੱਠ ਹੁੰਦਾ ਸੀ। ਨੂੰਹਾਂ ਦੁਆਰਾ ਆਪਣੀ ਸੱਸ ਦੇ ਰੋਹਬ ਨੂੰ ਪੂਰੀ ਤਰ੍ਹਾਂ ਮੰਨਿਆ ਅਤੇ ਝੱਲਿਆ ਜਾਂਦਾ ਸੀ। ਫਿਰ ਵੀ ਉਨ੍ਹਾਂ ਦੀ ਜ਼ੁਬਾਨ ਬੀਜੀ ਬੀਜੀ ਕਰਦਿਆ ਨਹੀਂ ਸੀ ਥੱਕਦੀ। ਹਰੇਕ ਰਿਸ਼ਤੇ ਲਈ ਸਭ ਦੇ ਮਨਾਂ ਵਿਚ ਪਿਆਰ ਸਤਿਕਾਰ ਹੁੰਦਾ ਸੀ। ਪਰ ਅੱਜ ਇਹ ਸਭ ਕੁਝ ਖ਼ਤਮ ਹੋ ਗਿਆ ਹੈ। ਸਾਂਝੇ ਪਰਿਵਾਰ ਟੁੱਟ ਗਏ ਹਨ। ਇਕਹਿਰੇ ਪਰਿਵਾਰ ਰਹਿ ਗਏ ਹਨ।

ਮੋਹ ਭਿੱਜੇ ਰਿਸ਼ਤੇ ਫਿੱਕੇੇ ਪੈਂਦੇ ਜਾ ਰਹੇ ਹਨ। ਰਿਸ਼ਤੇ ਫਿੱਕੇ ਪੈਣ ਦਾ ਕਾਰਨ ਲੈਣ ਦੇਣ ਦੀਆਂ ਚੀਜ਼ਾਂ ਹੀ ਹੁੰਦੀਆਂ ਹਨ। ਇਹ ਹਰ ਉਸ ਪਰਿਵਾਰ ਵਿਚ ਵਾਪਰਦਾ ਹੈ ਜਿਸ ਵਿਚ ਕੋਈ ਵਿਆਹ, ਜਨਮ ਦਿਨ ਜਾਂ ਫਿਰ ਕੋਈ ਹੋਰ ਖ਼ੁਸ਼ੀ ਦਾ ਸਮਾਗਮ ਕੀਤਾ ਜਾਂਦਾ ਹੈ। ਕਈ-ਕਈ ਸਾਲ ਰਿਸ਼ਤੇਦਾਰਾਂ ਦੇ ਮੂੰਹ ਸੁੱਜੇ ਰਹਿੰਦੇ ਹਨ। ਕਈ ਤਾਂ ਬੋਲਚਾਲ ਵੀ ਬੰਦ ਕਰ ਦਿੰਦੇ ਹਨ। ਫਿਰ ਉਸੇ ਰਿਸ਼ਤੇਦਾਰ ਦੇ ਖ਼ੁਸ਼ੀ ਦੇ ਸਮਾਗਮ ਵਿਚ ਵੀ ਸ਼ਾਮਿਲ ਨਹੀਂ ਹੁੰਦੇ ਪਰ ਕੋਈ ਵੀ ਵਿਅਕਤੀ ਵਿਆਹ ਖ਼ੁਸ਼ੀ ਦਾ ਸਮਾਗਮ ਰਚਾਉਂਦਿਆਂ ਆਪਣੇ ਵਲੋਂ ਲੈਣ ਦੇਣ ਕਰਨ ਲੱਗਿਆਂ ਕੋਈ ਕਸਰ ਨਹੀਂ ਛੱਡਦਾ। ਉਸਦੀ ਕੋਸ਼ਿਸ਼ ਹੁੰਦੀ ਹੈ ਕਿ ਹਰ ਰਿਸ਼ਤੇਦਾਰ ਉਸ ਦੇ ਘਰੋ ਖ਼ੁਸ਼ੀ-ਖ਼ੁਸ਼ੀ ਵਿਦਾ ਹੋਵੇ। ਪਰ ਫਿਰ ਵੀ ਜੇਕਰ ਉਸ ਕੋਲੋਂੋ ਕੋਈ ਘਾਟ ਰਹਿ ਗਈ ਹੋਵੇ ਤਾਂ ਨਰਾਜ਼ ਹੋਣ ਵਾਲੇ ਰਿਸ਼ਤੇਦਾਰਾਂ ਨੂੰ ਉਸ ਦੀਆਂ ਗੱਲਾਂ ਇਧਰ ਉਧਰ ਕਰਨ ਦੀ ਬਜਾਏ ਅਤੇ ਉਸ ਨਾਲ ਮੂੰਹ ਵੱਟਣ ਦੀ ਥਾਂ ਉਸ ਬਾਰੇ ਇਹ ਸੋਚਣਾ ਚਾਹੀਦਾ ਹੈ ਕਿ ਉਸਦੀ ਕੋਈ ਮਜਬੂਰੀ ਹੋਵੇਗੀ। ਲੈਣ ਦੇਣ ਨਾਲ ਬੰਦਾ ਛੋਟਾ ਵੱਡਾ ਨਹੀਂ ਹੁੰਦਾ ਪਰ ਦੂਜੇ ਦੀਆਂ ਗੱਲਾਂ ਉਛਾਲਣ ਵਾਲਾ ਬੰਦਾ ਛੋਟਾ ਜ਼ਰੂਰ ਹੁੰਦਾ ਹੈ। ਉਹ ਦੂਜਿਆਂ ਦੀਆਂ ਨਜ਼ਰਾਂ ਵਿਚ ਡਿੱਗ ਜਾਂਦਾ ਹੈ। ਦੂਰ ਅੰਦੇਸ਼, ਸੂਝਵਾਨ ਅਤੇ ਰਿਸ਼ਤਿਆਂ ਦੇ ਨਿੱਘ ਨੂੰ ਮਾਣਨ ਦੀ ਇੱਛਾ ਰੱਖਣ ਵਾਲੇ ਲੋਕ ਕਦੇ ਵੀ ਲੈਣ ਦੇਣ ਨੂੰ ਲੈ ਕੇ ਹੋਛੀਆਂ ਗੱਲਾਂ ਨਹੀਂ ਕਰਦੇ। ਇਸ ਲਈ ਸਾਨੂੰ ਚੀਜ਼ਾਂ ਨੂੰ ਪਹਿਲ ਦੇਣ ਦੀ ਬਜਾਏ ਰਿਸ਼ਤਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ।

ਰਿਸ਼ਤਿਆਂ ਵਿਚ ਆਪਸੀ ਮੇਲ ਜੋਲ ਕਾਫ਼ੀ ਘੱਟ ਗਿਆ ਹੈ। ਰਿਸ਼ਤਿਆਂ ਅਤੇ ਰਿਸ਼ਤੇਦਾਰਾਂ ਵਿਚ ਫਿੱਕਾਪਣ ਵਧਣ ਕਰਕੇ ਵੀ ਇਨਸਾਨ ਦੇ ਸੁਭਾਅ ਵਿਚ ਪਿਛਾਂਹ ਖਿੱਚੂ ਵਤੀਰਾ ਪੈਦਾ ਹੋ ਗਿਆ ਹੈ। ਪੁਰਾਣੇ ਸਮੇਂ ਵਿਚ ਮਹਿਮਾਨ ਨਿਵਾਜ਼ੀ ਦੀ ਭਾਵਨਾਂ ਲੋਕਾਂ ਵਿਚ ਬਹੁਤ ਹੁੰਦੀ ਸੀ। ਪਰ ਅਜੋਕੇ ਸਮੇਂ ਲੋਕਾਂ ਵਿਚ ਮਹਿਮਾਨ ਨਿਵਾਜ਼ੀ ਕਰਨ ਵਿਚ ਕਮੀ ਆਈ ਹੈ। ਵੱਧ ਰਹੀ ਮਹਿੰਗਾਈ ਵੀ ਇਸ ਦਾ ਇਕ ਕਾਰਨ ਹੈ। ਨੌਜਵਾਨ ਪੀੜ੍ਹੀ ਵਿਚ ਪਰਿਵਾਰਕ ਸਿਸ਼ਟਾਚਾਰ ਦੀ ਬਹੁਤ ਜ਼ਿਆਦਾ ਘਾਟ ਹੋ ਰਹੀ ਹੈ। ਅੱਜ ਲੋਕਾਂ ਕੋਲ ਕਿਸੇ ਨੂੰ ਮਿਲਣ ਦਾ ਸਮਾਂ ਨਹੀਂ ਹੈ। ਇਸ ਪਿੱਛੇ ਲੋਕਾਂ ਦਾ ਬਹੁਤ ਜ਼ਿਆਦਾ ਪੜ੍ਹ ਲਿਖ ਜਾਣਾ ਵੀ ਇਕ ਕਾਰਨ ਹੈ। ਬਜ਼ੁਰਗਾਂ ਦਾ ਸਤਿਕਾਰ ਕਰਨ ਵਿਚ ਵੀ ਨੌਜਵਾਨ ਮੁੰਡੇ ਕੁੜੀਆਂ ਕੋਈ ਬਹੁਤ ਵਧੀਆ ਪ੍ਰਭਾਵ ਨਹੀਂ ਛੱਡ ਰਹੇ। ਲੋਕ ਸੇਵਾ ਕਰਵਾਉਣ ਪ੍ਰਤੀ ਤਾਂ ਬਹੁਤ ਉਮੀਦਾਂ ਰੱਖਦੇ ਹਨ। ਪਰ ਆਪ ਕਿਸੇ ਦੀ ਮਹਿਮਾਨ ਨਿਵਾਜ਼ੀ ਕਰਨ ਲਈ ਉਨ੍ਹਾਂ ਕੋਲ ਨਾ ਤਾਂ ਸਮਾਂ ਹੈ ਨਾ ਹੀ ਪੈਸਾ। ਲੋਕਾਂ ਦੇ ਘਰ ਖਾਣਾ ਖਾਣ ਜਾਣਾ ਬਹੁਤ ਸੌਖਾ ਅਤੇ ਵਧੀਆ ਲੱਗਦਾ ਹੈ। ਪਰ ਆਪਣੇ ਘਰ ਆਏ ਮਹਿਮਾਨਾਂ ਦੀ ਸੇਵਾ ਕਰਨਾ ਵੱਡੀ ਮੁਸੀਬਤ ਲਗਦਾ ਹੈ। ਜੇ ਕਿਸੇ ਕੋਲ ਕੋਈ ਸੁਆਰਥ ਹੈ ਤਾਂ ਹੀ ਉਸਦੀ ਸੇਵਾ ਤੇ ਮਹਿਮਾਨ ਨਿਵਾਜ਼ੀ ਦੀ ਭਾਵਨਾ ਨੂੰ ਪ੍ਰਗਟਾਇਆ ਜਾ ਸਕਦਾ ਹੈ। ਨਹੀਂ ਤਾਂ ਉਸਨੂੰ ਪਛਾਨਣਾ ਵੀ ਔਖਾ ਹੋ ਜਾਂਦਾ ਹੈ। ਇਸ ਲਈ ਆਪਣੇ ਕੰਮ ਤੇ ਕਾਰੋਬਾਰ ਵਿਚ ਆਪਣਿਆਂ ਲਈ ਥੋੜ੍ਹਾ ਸਮਾਂ ਕੱਢਣ ਦੀ ਲੋੜ ਹੁੰਦੀ ਹੈ। ਨੂੰਹਾਂ ਧੀਆਂ ਨੂੰ ਇਸ ਪ੍ਰਤੀ ਸੋਚ ਸਮਝ ਰੱਖਣ ਦੀ ਵਧੇਰੇ ਲੋੜ ਹੈ ਕਿਉਂਕਿ ਘਰ ਆਏ ਮਹਿਮਾਨ ਦੀ ਮਹਿਮਾਨ ਨਿਵਾਜ਼ੀ ਕਰਨ ਲਈ ਉਨ੍ਹਾਂ ਦੀ ਪਹਿਲ ਹੋਣੀ ਸਭ ਤੋਂ ਜ਼ਰੂਰੀ ਹੈ। ਮੋਬਾਈਲ ਫੋਨ ਦਾ ਵਧ ਰਿਹਾ ਰੁਝਾਨ ਵੀ ਰਿਸ਼ਤਿਆਂ ਵਿਚ ਤਣਾਅ ਵਧਾ ਰਿਹਾ ਹੈ। ਕਿਉਂਕਿ ਅਜੋਕੇ ਸਮੇਂ ਵਿਚ ਬੱਚੇ, ਬਜ਼ੁਰਗ, ਨੌਜਵਾਨ, ਮਰਦ, ਔਰਤਾਂ ਸਾਰਿਆਂ ਦਾ ਮੋਬਾਈਲ ਇਕ ਤਰ੍ਹਾਂ ਨਾਲ ਜ਼ਿੰਦਗੀ ਦਾ ਅੰਗ ਬਣ ਗਿਆ ਹੈ। ਮੋਬਾਈਲ ਦੀ ਵਰਤੋਂ ਨੇ ਅਪਰਾਧ, ਜਬਰ-ਜਨਾਹ, ਸੜਕ ਹਾਦਸਿਆਂ, ਚੋਰੀ ਦੀਆਂ ਵਾਰਦਾਤਾਂ, ਪ੍ਰੇਮ ਵਿਆਹਾਂ ਅਤੇ ਨਸ਼ਿਆਂ ਵਿਚ ਜਿੱਥੇ ਵਾਧਾ ਕੀਤਾ ਹੈ। ਉੱਥੇ ਪਰਿਵਾਰਕ ਰਿਸ਼ਤਿਆਂ ਨੂੰ ਵੀ ਤਹਿਸ ਨਹਿਸ ਕਰਕੇ ਰੱਖ ਦਿੱਤਾ ਹੈ। ਪਿਛਲੇ ਜ਼ਮਾਨਿਆਂ ਵਿਚ ਸਾਂਝੇ ਪਰਿਵਾਰ ਸਨ ਤੇ ਉਹ ਇਕੱਠੇ ਬੈਠ ਕੇ ਪਰਿਵਾਰਿਕ ਲੋੜਾਂ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਆਪਸੀ ਮਿਲਵਰਤਨ ਅਤੇ ਹੋਰ ਸਾਂਝਾਂ ਨੂੰ ਰਲ ਕੇ ਵਿਚਾਰਦੇ ਸਨ ਪਰ ਅੱਜ ਕੱਲ੍ਹ ਪਰਿਵਾਰ ਰਿਸ਼ਤਿਆਂ ਵਿਚ ਮੋਬਾਈਲ ਨੂੰ ਏਨੀਆਂ ਦੂਰੀਆਂ ਪਾ ਦਿੱਤੀਆਂ ਹਨ ਕਿ ਪਰਿਵਾਰ ਦਾ ਹਰ ਜੀਅ ਆਪ ਆਪਣੇ ਕਮਰਿਆਂ ਵਿਚ ਬੈਠਾ ਮੋਬਾਈਲਾਂ ਦੀਆਂ ਸਕਰੀਨਾਂ ’ਤੇ ਉਂਗਲਾਂ ਮਾਰਦਾ ਹੋਇਆ ਆਪਣੇ ਆਪ ਵਿਚ ਮਸਤ ਹੈ। ਮਾਪਿਆਂ ਨੂੰ ਬੱਚਿਆਂ ਨਾਲ ਅਤੇ ਬੱਚਿਆਂ ਨੂੰ ਮਾਪਿਆਂ ਨਾਲ ਗੱਲ ਕਰਨ ਦੀ ਵਿਹਲ ਨਹੀਂ ਹੈ ਜਿਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਮੋਬਾਈਲ ਪਰਿਵਾਰਕ ਰਿਸ਼ਤਿਆਂ ਨੂੰ ਘੁਣ ਵਾਂਗ ਖਾ ਰਹੇ ਹਨ।

ਮੋਬਾਇਲਾਂ ਕਾਰਨ ਰਿਸ਼ਤਿਆਂ ਵਿਚ ਤਣਾਅ ਵੱਧ ਰਿਹਾ ਹੈ। ਘਰਾਂ ਵਿਚ ਡਾਈਨਿੰਗ ਟੇਬਲ ਤਾਂ ਹਨ ਪਰ ਮੋਬਾਇਲਾਂ ਵਿਚ ਰੁੱਝੇ ਹੋਣ ਕਾਰਨ ਪਰਿਵਾਰ ਦੇ ਮੈਂਬਰਾਂ ਕੋਲ ਇਕੱਠੇ ਬੈਠਕੇ ਖਾਣਾ ਖਾਣ ਦਾ ਸਮਾਂ ਨਹੀਂ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਸਮਾਂ ਪਰਿਵਾਰ ਵਿਚ ਬੈਠਕੇ ਗੁਜ਼ਾਰਨ ਲਈ ਪ੍ਰੇਰਤ ਕਰਨ ਸੋਸ਼ਲ ਮੀਡੀਆਂ ਵੀ ਰਿਸ਼ਤਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ।

ਸੋਸ਼ਲ ਮੀਡੀਆ ਤੇ ਅੱਜ ਦੇਸ਼ਾਂ ਵਿਦੇਸ਼ਾਂ ਦੀਆਂ ਜਾਣਕਾਰੀਆਂ ਪ੍ਰਾਪਤ ਹੋ ਰਹੀਆਂ ਹਨ। ਜੋ ਕਿ ਵਿਗਿਆਨ ਦਾ ਇਕ ਬਹੁਤ ਵਧੀਆ ਉਪਰਾਲਾ ਕਿਹਾ ਜਾ ਸਕਦਾ ਹੈ। ਇੱਥੋਂ ਤਕ ਕਿ ਸੋਸ਼ਲ ਮੀਡੀਆ ਦੀ ਬੇਲੋੜੀ ਵਰਤੋਂ ਸਮਾਜ ਅਤੇ ਪਰਿਵਾਰਾਂ ਵਿਚ ਕਲੇਸ਼ ਅਤੇ ਆਸ਼ਾਂਤੀ ਦਾ ਕਾਰਨ ਬਣਦੀ ਜਾ ਰਹੀ ਹੈ। ਅੱਜ ਦੇ ਕੰਪਿਊਟਰੀ ਯੁੱਗ ਵਿਚ ਵਿਗਿਆਨ ਨੇ ਜਿੱਥੇ ਇਨਸਾਨੀ ਜ਼ਿੰਦਗੀ ਜਿਊਣ ਦੇ ਤਰੀਕੇ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ। ਉੱਥੇ ਹੀ ਮੋਬਾਈਲਾਂ ’ਤੇ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਅਤੇ ਵੱ੍ਹਟਸਅਪ ਤੇ ਲਾਭ ਲੈਣ ਦੇ ਚੰਗੇ ਨਤੀਜਿਆ ਦੇ ਨਾਲ-ਨਾਲ ਅੱਜ ਦੇ ਦੌਰ ਵਿਚ ਘਰਾਂ ਵਿਚ ਕੀਤੀ ਜਾਂਦੀ ਮੋਬਾਈਲਾਂ ਦੀ ਵਰਤੋਂ ਨਾਲ ਅਨੇਕਾਂ ਕੁਰੀਤੀਆਂ ਨੇ ਜਨਮ ਲੈ ਲਿਆ ਹੈ।

ਨਤੀਜੇ ਵਜੋਂ ਅੱਜ ਦੀ ਨੌਜਵਾਨ ਪੀੜ੍ਹੀ ਤੋਂ ਇਲਾਵਾ ਘਰੇਲੂ ਔਰਤਾਂ ਵਲੋਂ ਮੋਬਾਈਲਾਂ ਤੇ ਲਾਭ ਲੈਣ ਦੇ ਨਾਲ-ਨਾਲ ਕੁਰਾਹੇ ਵੱਲ ਵਧਦੀਆਂ ਨਜ਼ਰ ਆ ਰਹੀਆਂ ਹਨ। ਘਰੇਲੂ ਔਰਤਾਂ ਦਾ ਆਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਤੋਂ ਭੱਜਕੇ ਫੇਸਬੁੱਕ, ਇਨਸਟਾਗ੍ਰਾਮ ਤੇ ਵੱ੍ਹਟਸਅਪ ਦਾ ਨਸ਼ਾ ਭਾਰੂ ਹੋਣਾ ਜਿੱਥੇ ਬੱਚਿਆਂ ਦੇ ਵਧਣ ਫੁੱਲਣ ਤੇ ਅਗਾਂਹਵਧੂ ਸੋਚ ਵਿਚ ਰੋੜਾ ਬਣ ਰਿਹਾ ਹੈ ਉੱਥੇ ਘਰੇਲੂ ਜ਼ਿੰਦਗੀ ’ਚ ਵੀ ਜ਼ਹਿਰ ਘੋਲਣ ਦਾ ਕੰਮ ਕਰ ਰਿਹਾ ਹੈ। ਜਿਸਦੇ ਮਾੜੇ ਨਤੀਜੇ ਆਉਣ ਨਾਲ ਅੱਜ ਅਨੇਕਾਂ ਘਰ ਬਰਬਾਦੀ ਦੇ ਕਗਾਰ ’ਤੇ ਪਹੁੰਚ ਚੁੱਕੇ ਹਨ। ਇਸ ਲਈ ਆਪਣੇ ਘਰਾਂ ਵਿਚ ਬੱਚਿਆਂ ਦਾ ਰਾਹ ਦੂਸੇਰਾ ਬਣਕੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਜਿੱਥੇ ਮਾਪਿਆਂ ਨੂੰ ਖ਼ਾਸ ਕਰ ਘਰੇਲੂ ਔਰਤਾਂ ਨੂੰ ਵੱ੍ਹਟਸਅਪ, ਫੇਸਬੁੱਕ ਤੇ ਇੰਸਟਾਗ੍ਰਾਮ ਨੂੰ ਰੋਜ਼ਮਰਾ ਦੀ ਖੁਰਾਕ ਨਾ ਬਣਾ ਕੇ ਸੀਮਤ ਸਮੇਂ ਲਈ ਵਰਤ ਕੇ ਆਪਣੇ ਘਰਾਂ ਅਤੇ ਬੱਚਿਆਂ ਪ੍ਰਤੀ ਬਣਦੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਦੀ ਲੋੜ ਹੈ। ਪਰਿਵਾਰਾਂ ਵਿਚ ਮੁੜ ਖ਼ੁਸ਼ੀਆਂ ਲਿਆਉਣ ਤੇ ਬੱਚਿਆਂ ਦੀ ਜ਼ਿੰਦਗੀ ਨੂੰ ਸੰਵਾਰਨ ਵਿਚ ਔਰਤਾਂ ਦਾ ਅਹਿਮ ਰੋਲ ਹੁੰਦਾ ਹੈ।

ਜ਼ਿੰਦਗੀ ਵਿਚ ਰਿਸ਼ਤਿਆਂ ਦਾ ਟੁੱਟਣਾ ਬਹੁਤ ਦੁਖਦਾਈ ਹੁੰਦਾ ਹੈ। ਮੌਤ ਵੀ ਰਿਸ਼ਤੇ ਖੋਹਦੀ ਅਤੇ ਵਿਛੋੜਦੀ ਹੈ। ਵਿਛੋੜੇ ਦਾ ਦੁੱਖ ਸਭ ਤੋਂ ਵੱਡਾ ਹੁੰਦਾ ਹੈ। ਅਸਹਿ ਪੀੜ੍ਹਾਂ ਅੰਦਰ ਉੱਠਦੀਆਂ ਹਨ। ਮਨ ਵਿਲਕਦਾ ਹੈ। ਅੱਖਾਂ ਦੇ ਹੰਝੂ ਦਰਿਆ ਬਣਦੇ ਹਨ। ਮਨ ਦੇ ਚਾਅ ਗੁਆਚਣ ਲੱਗਦੇ ਹਨ। ਜੀਵਨ ਦੁੱਭਰ ਲਗਦਾ ਹੈ। ਰੀਝਾਂ ਨਾਲ ਉਸਾਰੇ ਘਰ ਖਾਣ ਨੂੰ ਆਉਂਦੇ ਹਨ। ਸੁੰਨਾ-ਸੁੰਨਾ ਸਭ ਕੁਝ ਦਿਖਾਈ ਦਿੰਦਾ ਹੈ। ਠੰਢੀਆਂ ਠੁਮਕਦੀਆਂ ਪੌਣਾਂ ਵੀ ਸੇਕ ਛੱਡਦੀਆਂ ਲਗਦੀਆਂ ਹਨ। ਸਮੇਂ ਦੇ ਵਹਿਣ ਵਿਚ ਵਹਿਕੇ ਜਦੋਂ ਤੋਂ ਹਰ ਕੋਈ ਸਵੈ ਵਿਚ ਸਿਮਟਕੇ ਆਪੋ ਆਪਣੀਆਂ ਗਰਜਾਂ ਪੂਰੀਆਂ ਕਰਨ, ਨਿੱਜੀ ਟੱਬਰ ਪਾਲਣ, ਗੁਮਰਾਹ ਹੋ ਕੇ ਪਦਾਰਥਾਂ ਦੀ ਪ੍ਰਾਪਤੀ ਨੂੰ ਹੀ ਜੀਵਨ ਦੀ ਅਸਲੀ ਦੌਲਤ ਸਮਝਣ ਅਤੇ ਇਸ ਦੇ ਮੋਹ ਵਿਚ ਫਸ ਕੇ ਰਹਿ ਗਿਆ ਹੈ। ਰਿਸ਼ਤਿਆਂ ਦੇ ਰੰਗ ਬਦਲ ਗਏ ਹਨ। ਸਲੀਕਾ ਅਤੇ ਆਪਸੀ ਵਿਵਹਾਰ ਗੁਆਚਣ ਨਾਲ ਆਪਸੀ ਵਿੱਥਾਂ ਵਧੀਆਂ ਹਨ। ਇੰਝ ਲਗਦਾ ਹੈ ਕਿ ਕਿਹੜੇ ਰਿਸ਼ਤੇ ਤੇ ਵਿਸ਼ਵਾਸ ਕਰੀਏ। ਰਿਸ਼ਤਿਆਂ ਨੇ ਜੋ ਕੁਝ ਰੂਪ ਧਾਰ ਲਿਆ ਹੈ, ਉਹ ਲੋਕ ਦਿਖਾਉਣਾ ਨਹੀਂ ਚਾਹੁੰਦੇ ਅਤੇ ਜੋ ਅੰਦਰੋਂ ਨਹੀਂ ਹਨ, ਉਹ ਦਿਖਾਉਂਦੇ ਫਿਰਦੇ ਹਨ। ਰਿਸ਼ਤੇ ਅੰਦਰੋਂ ਖੋਖਲੇ ਅਤੇ ਟੁਕੜੇ-ਟੁਕੜੇ ਹੋ ਗਏ ਹਨ। ਮੇਰਾ-ਤੇਰਾ ਦੀਆਂ ਗਿਣਤੀਆਂ ਮਿਣਤੀਆਂ ਭਾਰੂ ਹੋਣ ਕਾਰਨ ਰਿਸ਼ਤੇਦਾਰ ਕੋਈ ਆਸਰਾ ਬਣਨ ਦੀ ਥਾਂ ਨਿਆਸਰਾ ਕਰਨ ਦੇ ਰਾਹ ਤੁਰ ਪਏ ਹਨ। ਹਰ ਕੋਈ ਸਿਆਣਾ ਬਣਨ ਨਾਲੋਂ ਚਲਾਕ ਵਧੇਰੇ ਹੋ ਗਿਆ ਹੈ ਅਤੇ ਸਦਾ ਆਪਣੇ ਆਪ ਨੂੰ ਸੁੱਘੜ ਸਿਆਣਾ ਸਮਝਣ ਦੇ ਰਾਹ ਤੁਰ ਪਿਆ ਹੈ। ਹਰ ਕੋਈ ਆਪਣੇ ਸੁੱਖ ਭਾਲਣ ਲਈ ਭੱਜਿਆ ਫਿਰਦਾ ਹੈ।

ਅੱਜ ਵੀ ਸੱਚੇ ਸੁੱਚੇ ਸੱਜਰੀ ਸਵੇਰ ਜਿਹੇ ਕੁਝ ਰਿਸ਼ਤੇ ਇਕ ਦੂਜੇ ਲਈ ਨਿੱਘ ਅਤੇ ਸਤਿਕਾਰ ਦੀ ਪੰਡ ਬੰਨੀ ਬੈਠੇ ਦਿਖਾਈ ਦਿੰਦੇ ਹਨ। ਜਿਨ੍ਹਾਂ ਦੇ ਸਹਾਰੇ ਔਖੇ ਤੋਂ ਔਖੇ ਕਦਮ ਪੁੱਟਣਾ ਵੀ ਸੌਖਾ ਹੁੰਦਾ ਹੈ। ਇਹ ਜ਼ਿੰਦਗੀ ਵਿਚ ਝੂਲਦੇ ਸਮੇਂ ਫੜੀਆਂ ਬਾਹਾਂ ਛੱਡਕੇ ਭੱਜਦੇ ਨਹੀਂ ਹਨ, ਸਗੋਂ ਨਾਲ ਖੜ੍ਹਦੇ ਅਤੇ ਤੁਰਦੇ ਹਨ। ਸਹਾਰੇ ਬਣਦੇ ਹਨ। ਇਹੋ ਜਿਹੇ ਸੱਚੇ ਸੁੱਚੇ ਰਿਸ਼ਤੇ ਹੀ ਕਿਸੇ ਦੀ ਖ਼ੁਸ਼ਨਸੀਬੀ ਬਣਦੇ ਹਨ। ਇਹ ਖੂਬੀਆਂ ਰਿਸ਼ਤਿਆਂ ਨੂੰ ਵੱਡਾ ਕਰਦੀਆਂ ਹਨ। ਇਹ ਰਿਸ਼ਤੇ ਹੀ ਪਵਿੱਤਰ ਅਤੇ ਮਜ਼ਬੂਤ ਹੁੰਦੇ ਹਨ। ਰਿਸ਼ਤੇ ਹੀ ਜ਼ਿੰਦਗੀ ਦਾ ਆਧਾਰ ਹੁੰਦੇ ਹਨ। ਰਿਸ਼ਤੇ ਮਨੁੱਖ ਦੇ ਜਨਮ ਤੋਂ ਹੀ

ਜੁੜ ਜਾਂਦੇ ਹਨ। ਮਾਂ ਪਹਿਲਾਂ ਕੁਦਰਤੀ ਰਿਸ਼ਤੇਦਾਰ ਹੁੰਦੀ ਹੈ। ਉਮਰ ਨਾਲ ਰਿਸ਼ਤੇ ਜੁੜਦੇ ਅਤੇ ਮਨਫ਼ੀ ਹੁੰਦੇ ਰਹਿੰਦੇ ਹਨ। ਰਿਸ਼ਤਿਆਂ ਵਿਚ ਹੀ ਅਸੀਂ ਜਿਊਂਦੇ ਅਤੇ ਵਿਚਰਦੇ ਹਾਂ।

ਰਿਸ਼ਤਿਆਂ ਦੀ ਵਿਲੱਖਣਤਾ

ਰਿਸ਼ਤੇ ਹੀ ਜ਼ਿੰਦਗੀ ਹਨ। ਰਿਸ਼ਤਿਆਂ ਬਿਨਾਂ ਜ਼ਿੰਦਗੀ ਦੀ ਕਲਪਨਾ ਕਰਨੀ ਹੀ ਅਸੰਭਵ ਹੈ। ਰਿਸ਼ਤਿਆਂ ਦਾ ਵਿਲੱਖਣ ਅਨੰਦ ਹੁੰਦਾ ਹੈ। ਰਿਸ਼ਤਿਆਂ ਕਰਕੇ ਹੀ ਅਸੀਂ ਇਕ ਦੂਜੇ ਦੀਆਂ ਮਜਬੂਰੀਆਂ ਅਤੇ ਪਰੇਸ਼ਾਨੀਆਂ ਬਾਰੇ ਸੋਚਦੇ ਹਾਂ। ਹਾਸੇ ਰੋਣੇ ਸਾਂਝੇ ਕਰਦੇ ਹਾਂ। ਰਿਸ਼ਤੇ ਮਹਿਕਾਂ ਵੰਡਦੇ ਹਨ। ਰਿਸ਼ਤੇ ਅਹਿਸਾਨ ਦੇ ਨਹੀਂ ਸਗੋਂ ਅਹਿਸਾਸ ਦੇ ਹੁੰਦੇ ਹਨ। ਰਿਸ਼ਤਿਆਂ ਨਾਲ ਫ਼ਰਜ਼ ਵੀ ਜੁੜੇ ਹੁੰਦੇ ਹਨ। ਜੀਵਨ ਵਿਚ ਹਰ ਕਿਸੇ ਨੂੰ ਹਮਦਰਦੀਆਂ ਦੀ ਭਾਲ ਹੁੰਦੀ ਹੈ। ਦੁੱਖ ਵੇਲੇ ਇਨ੍ਹਾਂ ਦੀ ਭਾਲ ਵਧੇਰੇ ਹੁੰਦੀ ਹੈ। ਇਹ ਅਸੀਂ ਆਪਣਿਆਂ ਵਿਚ ਸਭ ਤੋਂ ਪਹਿਲਾਂ ਭਾਲਦੇ ਹਾਂ।

ਰਿਸ਼ਤਿਆਂ ਨੂੰ ਬਚਾਉਣਾ ਜ਼ਰੂਰੀ

ਰਿਸ਼ਤੇ ਬਹੁਤ ਪਿਆਰ ਅਤੇ ਨਿੱਘ ਦੇਣ ਵਾਲੇ ਹੁੰਦੇ ਹਨ। ਰਿਸ਼ਤਿਆਂ ਦੀ ਮਹੱਤਤਾ ਨੂੰ ਸਮਝਦੇ ਹੋਏ ਸਾਨੂੰ ਇਨ੍ਹਾਂ ਨੂੰ ਟੁਟਣੋਂ ਅਤੇ ਖ਼ਤਮ ਹੋਣ ਤੋਂ ਬਚਾਉਣਾ ਚਾਹੀਦਾ ਹੈ। ਸਾਨੂੰ ਆਪਣੇ ਰਿਸ਼ਤਿਆਂ ਪ੍ਰਤੀ ਸੱਚੇ ਦਿਲੋਂ ਜ਼ਿੰਮੇਵਾਰ ਬਣਨਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਮਾਂ-ਬਾਪ, ਭੈਣ-ਭਰਾਵਾਂ ਅਤੇ ਹੋਰ ਸਭ ਸਮਾਜਿਕ ਰਿਸ਼ਤਿਆਂ ਪ੍ਰਤੀ ਆਦਰ, ਪਿਆਰ, ਸਤਿਕਾਰ ਅਤੇ ਸ਼ਰਮ ਨੂੰ ਕਾਇਮ ਰੱਖਣਾ ਚਾਹੀਦਾ ਹੈ। ਰਿਸ਼ਤਿਆਂ ਨਾਲ ਹੀ ਜੀਵਨ ਸੰਪੂਰਨ ਹੈ। ਰਿਸ਼ਤੇ ਦਾ ਰੂਪ ਕੋਈ ਵੀ ਹੋਵੇ, ਅੱਖਾਂ ਵਿਚ ਉਡੀਕ ਅਤੇ ਉਤਸ਼ਾਹ ਜਗਾ ਦੇਣ ਵਾਲੇ ਸਬੰਧ ਹੀ ਰਿਸ਼ਤਾ ਹੁੰਦੇ ਹਨ। ਰਿਸ਼ਤੇ ਬਚਾਉਣਾ ਬਹੁਤ ਜ਼ਰੂਰੀ ਹੈ। ਰਿਸ਼ਤਿਆਂ ਤੋਂ ਬਗੈਰ ਜੀਵਨ ਦੀ ਹੋਂਦ ਅਸੰਭਵ ਹੈ। ਅਜੋਕੇ ਸਮੇਂ ਵਿਚ ਰਿਸ਼ਤਿਆਂ ਨੂੰ ਤਰਜੀਹ ਦੇਣੀ ਬੇਹੱਦ ਜ਼ਰੂਰੀ ਹੈ।

- ਨਰਿੰਦਰ ਸਿੰਘ

Posted By: Harjinder Sodhi