ਪਰਮਜੀਤ ਕੌਰ ਸਰਹਿੰਦ - ਜਦੋਂ ਕਿ ਅੱਜ ਹਰ ਪਾਸੇ ਕੁੜੀਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਮਾਸੂਮ- ਬੇਦੋਸ਼ੀਆਂ ਤੇ ਚਿੜੀਆਂ ਆਦਿ ਨਾਵਾਂ ਨਾਲ ਪੁਕਾਰਿਆ ਜਾ ਰਿਹਾ ਹੈ ਤਾਂ ਯਕੀਨ ਹੀ ਨਹੀਂ ਆ ਰਿਹਾ ਕਿ ਇਹ 'ਕਵਿਤਾ' ਆਖੀਆਂ ਜਾਣ ਵਾਲੀਆਂ ਕੁੜੀਆਂ ਐਨੀਆਂ ਪੱਥਰ ਦਿਲ ਵੀ ਹੋ ਸਕਦੀਆਂ ਹਨ। ਜਿਹੜੀਆਂ ਕਿਸੇ ਦੇ ਮੁਹੱਬਤ ਭਰੇ ਦਿਲ ਨੂੰ ਤੋੜ ਕੇ ਸਮਾਜਕ ਰਹੁ-ਰੀਤਾ ਦੀ ਪ੍ਰਵਾਹ ਨਾ ਕਰਕੇ ਤੇ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ 'ਚ ਲਈਆ ਲਾਵਾਂ ਦਾ ਨਿਰਾਦਰ ਕਰ ਕੇ ਕੇਵਲ ਦੁਨਿਆਵੀ ਸੁੱਖਾਂ ਜਾਂ ਪੱਛਮ ਦੀ ਰੰਗੀਨ ਦੁਨੀਆ 'ਚ ਆਪਣੇ ਸਭ ਫ਼ਰਜ਼ ਤੇ ਭਾਰਤੀ ਸੱਭਿਆਚਾਰ ਨੂੰ ਹੀ ਭੁੱਲ ਜਾਂਦੀਆ ਹਨ। ਅਜਿਹੀ ਇਕ ਕਵਿਤਾ ਵਰਗੀ ਕੁੜੀ ਦਾ ਜ਼ਿਕਰ ਇਕ ਦੁਖਿਆਰੇ ਲੁੱਟੇ- ਪੁੱਟੇ ਨੌਜਵਾਨ ਨੇ ਮੇਰੇ ਕੋਲ ਫੋਨ 'ਤੇ ਸਾਂਝਾ ਕੀਤਾ। ਉਹ ਮੇਰਾ ਕੋਈ ਪਾਠਕ ਸੀ। ਉਸ ਕਵਿਤਾ ਵਰਗੀ ਕੁੜੀ ਜਾਂ ਚਿੜੀ ਨੇ ਉਸ ਲੜਕੇ ਦੀ ਜ਼ਿੰਦਗੀ ਰੁਦਨ ਵਰਗੀ ਕਿਵੇਂ ਬਣਾ ਦਿੱਤੀ, ਮੈਂ ਲਿਖਣਾ ਜ਼ਰੂਰੀ ਸਮਝਦੀ ਹਾਂ।

ਲੜਕੇ ਨੇ ਮੈਨੂੰ ਦੱਸਿਆ

ਲੜਕੇ ਨੇ ਮੈਨੂੰ ਦੱਸਿਆ ਕਿ ਮੈਂ ਗੁਰਸਿੱਖ ਪਰਿਵਾਰ ਦਾ ਇਕਲੌਤਾ ਪੁੱਤਰ ਹਾਂ ਤੇ ਉਹ ਕੁੜੀ ਵੀ ਸਿੱਖ ਪਰਿਵਾਰ ਦੀ ਸੀ। ਲੜਕੇ ਦਾ ਪਿਤਾ ਕਿਸੇ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਇਆ ਸੀ ਤੇ ਪਿਉ ਪੁੱਤ ਆਪਣਾ ਛੋਟਾ ਜਿਹਾ ਕਾਰੋਬਾਰ ਚਲਾ ਰਹੇ ਸਨ। ਯੂਨੀਵਰਸਿਟੀ 'ਚ ਪੜ੍ਹਦੀ ਉਸ ਲੜਕੀ ਦੇ ਮਾਪਿਆਂ ਨੇ ਸ਼ਰੀਫ ਪਰਿਵਾਰ ਤੇ ਨਸ਼ਾ ਰਹਿਤ ਸੋਹਣੇ ਸੁਨੱਖੇ ਲੜਕੇ ਨਾਲ ਆਪਣੀ ਧੀ ਦਾ ਰਿਸ਼ਤਾ ਕਰ ਦਿੱਤਾ। ਰਿਸ਼ਤੇ ਤੋਂ ਪਹਿਲਾਂ ਮੁੰਡੇ ਕੁੜੀ ਨੇ ਇਕੱਠੇ ਬੈਠ ਕੇ ਗੱਲਬਾਤ ਕੀਤੀ ਤੇ ਦੋਵੇਂ ਪਾਸਿਆਂ ਤੋਂ ਹੀ ਰਿਸ਼ਤਾ ਖ਼ੁਸ਼ੀ-ਖ਼ੁਸ਼ੀ ਨੇਪਰੇ ਚੜਿਆ।

ਮੁੰਡਾ ਕੁੜੀ ਖ਼ੁਸ਼ ਸਨ

ਛੇ ਕੁ ਮਹੀਨੇ ਬਾਅਦ ਵਿਆਹ ਹੋ ਗਿਆ। ਮੁੰਡਾ ਕੁੜੀ ਖ਼ੁਸ਼ ਸਨ ਪਰ ਲੋਕਾਂ ਦੀ ਦੇਖਾ-ਦੇਖੀ ਕੁੜੀ ਨੂੰ ਸਟੱਡੀ ਵੀਜ਼ੇ 'ਤੇ ਬਾਹਰ ਜਾਣ ਦਾ ਖ਼ਿਆਲ ਆਇਆ। ਪਹਿਲਾਂ ਪਰਿਵਾਰ ਵੱਲੋਂ ਮਾਇਕ ਹਾਲਤ ਨੂੰ ਦੇਖ ਦਿਆਂ ਨਾਂਹ ਕਰ ਦਿੱਤੀ ਪਰ ਪੜ੍ਹਾਈ 'ਚ ਕੁੜੀ ਦੀ ਕਾਬਲੀਅਤ ਨੂੰ ਦੇਖਦਿਆਂ ਇਹ ਫ਼ੈਸਲਾ ਕੀਤਾ ਗਿਆ ਕਿ ਇਹ ਜਾ ਕੇ ਪੜ੍ਹਾਈ ਦੇ ਨਾਲ ਕੁਛ ਕੰਮ ਵੀ ਕਰ ਲਵੇਗੀ ਤੇ ਫਿਰ ਮੁੰਡੇ ਨੂੰ ਵੀ ਬਾਹਰ ਬੁਲਾ ਲਵੇਗੀ। ਥੋੜ੍ਹਾ ਬਹੁਤ ਪੈਸਾ ਜੋ ਜਮ੍ਹਾਂ ਸੀ ਉਹ ਕਢਵਾ ਕੇ ਤੇ ਨਾਲ ਸਾਰੀ ਜ਼ਿੰਦਗੀ 'ਚ ਪਿਤਾ ਦੀ ਮਿਹਨਤ ਦੀ ਕਮਾਈ ਨਾਲ ਖ੍ਰੀਦਿਆਂ ਇੱਕੋ-ਇਕ ਪਲਾਟ ਵੇਚ ਕੇ ਕੁੜੀ ਨੂੰ ਚਾਅ ਨਾਲ ਵਿਦੇਸ਼ ਤੋਰ ਦਿੱਤਾ ਗਿਆ। ਉਸ ਦੇ ਮਾਪਿਆਂ ਤੋਂ ਨਾ ਕੋਈ ਦਾਜ-ਦਹੇਜ ਲਿਆ ਸੀ ਨਾ ਹੀ ਵਿਦੇਸ਼ ਭੇਜਣ ਲਈ ਕੋਈ ਪੈਸੇ ਦੀ ਮੱਦਦ ਲਈ ਗਈ। ਮਾਪਿਆਂ ਨੂੰ ਪੁੱਤਰ ਦਾ ਸੁਨਿਹਰੀ ਭਵਿੱਖ ਭਰਮਾ ਰਿਹਾ ਸੀ ਤੇ ਪੁੱਤਰ ਨੂੰ ਉਮੀਦ ਸੀ ਕਿ ਆਪ ਵੀ ਬਾਹਰ ਜਾ ਕੇ ਕਮਾਈ ਕਰਕੇ ਮਾਪਿਆਂ ਨੂੰ ਸੁੱਖ ਆਰਾਮ ਦੇਵੇਗਾ ਤੇ ਖੁਰਿਆ ਪੈਸਾ ਤੇ ਜਾਇਦਾਦ ਮੁੜ ਬਣਾਵੇਗਾ।

ਜਿਉਂ-ਜਿਉਂ ਦਿਨ ਬੀਤਦੇ ਗਏ ਕੁੜੀ ਦੇ ਪਹਿਲਾਂ ਦੂਜੇ-ਚੌਥੇ ਦਿਨ ਤੇ ਫਿਰ ਹਫ਼ਤੇ ਬਾਅਦ ਆਉਂਦੇ ਫੋਨ ਮਹੀਨਿਆਂ ਦੀ ਲੰਮੀ ਚੁੱਪ 'ਚ ਗੁੰਮਦੇ ਗਏ। ਕਦੇ-ਕਦਾਂਈ ਮੁੰਡੇ ਨੂੰ ਫ਼ੋਨ ਆਉਂਦਾ ਕਿ ਪੈਸੇ ਭੇਜੋ। ਪਹਿਲਾਂ-ਪਹਿਲਾਂ ਪੈਸੇ ਭੇਜਦੇ ਵੀ ਰਹੇ ਪਰ ਕੁੜੀ ਦੇ ਰੰਗ-ਢੰਗ ਦੇਖ ਮੁੰਡੇ ਨੇ ਪੈਸੇ ਭੇਜਣੇ ਬੰਦ ਕਰ ਦਿੱਤੇ ਕਿ ਤੂੰ ਕੰਮ ਕਰਦੀ ਏਂ ਜੇ ਸਾਨੂੰ ਕੁਝ ਨਹੀਂ ਭੇਜਣਾ ਘੱਟੋ ਘੱਟ ਆਪਣਾ ਖ਼ਰਚਾ ਤਾਂ ਚਲਾ।

ਹੌਲੀ-ਹੌਲੀ ਉਹ ਪੱਛਮੀ ਰੰਗ 'ਚ ਰੰਗੀ ਗਈ

ਮੁੰਡੇ ਵਾਲਿਆਂ ਕੁੜੀ ਦੇ ਮਾਪਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੀ ਕੋਈ ਰਾਹ ਨਾ ਦਿੱਤਾ। ਉਹ ਕੁੜੀ ਪਹਿਲਾਂ ਸਿਰ 'ਤੇ ਦਸਤਾਰ ਸਜਾਉਂਦੀ ਪਰ ਵਿਦੇਸ਼ ਜਾ ਕੇ ਉਸ ਨੇ ਦਸਤਾਰ ਸਜਾਉਣੀ ਛੱਡ ਦਿੱਤੀ। ਪੱਛਮੀ ਰੰਗ 'ਚ ਰੰਗੀ ਨੇ ਉਨ੍ਹੇ ਸਿਰ 'ਤੇ ਚੁੰਨੀ ਲੈਣੀ ਵੀ ਹੌਲੀ-ਹੌਲੀ ਛੱਡ ਦਿੱਤੀ। ਉਸ ਮੁੰਡੇ ਦੇ ਕਿਸੇ ਜਾਣੂ ਨੇ ਦੱਸਿਆ ਕਿ ਹੁਣ ਉਹ ਕੁੜੀ ਬੁਰੀ ਤਰ੍ਹਾਂ ਪੱਛਮੀ ਕਲਚਰ 'ਚ ਡੁੱਬ ਗਈ ਹੈ ਤੇ 'ਪੱਬਾਂ' 'ਚ ਵੀ ਜਾਣ ਲੱਗੀ ਹੈ। ਜਦੋਂ ਵੀ ਉਹ ਮੁੰਡਾ ਆਪਣੀ ਪਤਨੀ ਨੂੰ ਫ਼ੋਨ ਕਰਦਾ ਉਹ ਢੰਗ ਨਾਲ ਗੱਲ ਨਾ ਕਰਦੀ। ਆਖ਼ੀਰ ਮੁੰਡੇ ਦੇ ਮਾਂ-ਬਾਪ ਨੇ ਉਸ ਦੇ ਮਾਪਿਆਂ ਨਾਲ ਗੱਲ ਕੀਤੀ ਕਿ ਕੁੜੀ ਨੂੰ ਸਮਝਾਓ ਤਾਂ ਉਨ੍ਹਾਂ ਸਾਫ਼ ਜਵਾਬ ਦੇ ਦਿੱਤਾ ਕਿ ਉਹ ਇਸ ਮਸਲੇ ਵਿਚ ਕੁਝ ਨਹੀਂ ਕਰ ਸਕਦੇ। ਮੁੰਡੇ ਨੂੰ ਮਾਪਿਆਂ ਕਿਹਾ ਕਿ ਅਸੀਂ ਜਿਵੇਂ-ਕਿਵੇਂ ਪੈਸੇ ਦਾ ਇੰਤਜ਼ਾਮ ਕਰਦੇ ਹਾਂ ਤੇ ਤੂੰ ਵਿਦੇਸ਼ ਜਾ ਕੇ ਕੁੜੀ ਨੂੰ ਮਿਲ ਪਰ ਉਸ ਨੇ ਨਾਂਹ ਕਰ ਦਿੱਤੀ ਕਿ ਪਹਿਲਾਂ ਹੀ ਆਰਥਿਕ ਪੱਖੋਂ ਟੁੱਟੇ ਹੋਏ ਹਾਂ ਮੈਂ ਨਹੀਂ ਜਾਵਾਂਗਾ ਤੇ ਨਾ ਮੈਂ ਕੁੜੀ ਨੂੰ ਮਿਲਣਾ ਚਾਹੁੰਦਾ ਹਾਂ।

ਅੱਜ ਉਸ ਮੁੰਡੇ ਦਾ ਜੋ ਹਾਲ ਹੈ ਉਹੋ ਹੀ ਜਾਣਦਾ ਹੈ ਤੇ ਮਾਪੇ ਜਿਵੇਂ ਉਸ ਨੂੰ ਦੇਖ-ਦੇਖ ਝੂਰਦੇ ਹਨ।

ਜੀਵਨ ਤਬਾਹ ਹੋ ਗਿਆ

ਤਿੰਨ ਸਾਲ ਹੋਣ ਵਾਲੇ ਹਨ ਉਨ੍ਹਾਂ ਦੇ ਵਿਆਹ ਹੋਏ ਨੂੰ ਜਾਂ ਇਹ ਵੀ ਕਹਿ ਸਕਦੇ ਹਾਂ ਕਿ ਉਸ ਸ਼ਰੀਫ਼ ਮੁੰਡੇ ਦੇ ਜੀਵਨ ਤਬਾਹ ਹੋਏ ਨੂੰ ਪਰ ਨਾ ਹੀ ਕੁੜੀ ਨਾ ਉਸ ਦੇ ਮਾਪੇ, ਉਨ੍ਹਾਂ ਨੂੰ ਕੋਈ ਪੱਲਾ ਫੜਾਉਂਦੇ ਹਨ। ਮੁੰਡੇ ਨੇ ਦੱਸਿਆ ਕਿ ਉਹ ਕੁੜੀ ਹੁਣ ਆਪਣੀ ਛੋਟੀ ਭੈਣ ਨੂੰ ਬਾਹਰ ਬੁਲਾ ਰਹੀ ਹੈ। ਉਸ ਦੀ ਕਹਾਣੀ ਸੁਣਕੇ ਮੈਨੂੰ ਬੜਾ ਦੁੱਖ ਹੋਇਆ। ਉਸ ਨੇ ਮੈਨੂੰ ਵਾਰ-ਵਾਰ ਕਿਹਾ ਕਿ ਤੁਸੀਂ ਇਹ ਕੌੜਾ ਸੱਚ ਸਮਾਜ ਦੇ ਸਾਹਮਣੇ ਰੱਖੋ। ਅਸੀਂ ਆਮ ਤੌਰ 'ਤੇ ਮੁੰਡਿਆਂ ਵੱਲੋਂ ਠੱਗੀਆਂ ਕੁੜੀਆਂ ਦੀਆਂ ਗੱਲਾਂ ਸੁਣਦੇ ਹਾਂ ਪਰ ਇਹ ਇਕ ਅਜੀਬ ਘਟਨਾ ਸਾਹਮਣੇ ਆਈ ਹੈ। ਉਸ ਨੇ ਬਹੁਤ ਹੀ ਦੁੱਖ ਤੇ ਭਰੇ ਮਨ ਨਾਲ ਕਿਹਾ ਆਂਟੀ ਤੁਸੀਂ ਲੇਖਕ ਧੀਆਂ ਤੇ ਕੁੜੀਆਂ ਦੇ ਹੱਕ ਵਿਚ ਲਿਖਦੇ ਹੋ ਕਦੇ ਉਨ੍ਹਾਂ ਨੂੰ ਕਵਿਤਾਵਾਂ ਕਹਿੰਦੇ ਹੋ, ਕਦੇ ਚਿੜੀਆਂ ਤੇ ਕਦੇ ਦੇਵੀਆਂ ਕਹਿੰਦੇ ਹੋ ਇਹ ਦੱਸੋ ਅਜਿਹੀ ਕੁੜੀ ਨੂੰ ਕੀ ਕਹੋਗੇ ? ਮੇਰੇ ਮੁੰਹੋ ਇਕ ਦਮ ਨਿਕਲਿਆ 'ਇਹ ਤਾਂ ਨਿਰੀ ਚੁੜੇਲ ਨਿਕਲੀ।'

ਵਿਦੇਸ਼ ਜਾਣ ਦੀ ਹੋੜ

ਵਿਦੇਸ਼ ਜਾਣ ਦੀ ਹੋੜ ਨੇ ਭਾਰਤੀਆਂ ਖ਼ਾਸ ਕਰ ਪੰਜਾਬੀਆਂ ਨੂੰ ਬਹੁਤ ਪੁੱਠੇ ਰਾਹ ਪਾਇਆ ਹੈ। ਪੜ੍ਹੇ ਲਿਖੇ ਮੁੰਡੇ ਕੁੜੀਆਂ ਜੋ ਆਪਣੇ ਪਿਛੋਕੜ ਨੂੰ ਨਹੀਂ ਭੁੱਲਦੇ ਉੁਹ ਕਾਮਯਾਬ ਵੀ ਹੁੰਦੇ ਹਨ ਤੇ ਮਾਪਿਆਂ ਦੇ ਸੁਪਨੇ ਵੀ ਪੂਰੇ ਕਰਦੇ ਹਨ ਪਰ ਅਜਿਹੇ ਵਾਪਰਦੇ ਦਖਾਂਤ ਦੇਖਕੇ ਇਹ ਵੀ ਸੋਚਣਾ ਚਾਹੀਦਾ ਹੈ ਕਿ ਬਾਹਰ ਦੀ ਚਕਾਂਚੌਂਂਧ ਦੇਖਕੇ ਘਰ ਦੀ ਸੁੱਖ-ਸ਼ਾਂਤੀ ਤੇ ਉਮਰਾਂ ਦੀ ਖੱਟੀ ਵਿਦੇਸ਼ ਜਾਣ ਦੀ ਇੱਛਾ 'ਚ ਖੂਹ ਵਿਚ ਨਾ ਸੁੱਟੀ ਜਾਵੇ। ਬੜਾ ਹੀ ਦੁੱਖ ਹੁੰਦਾ ਹੈ। ਇਹ ਸੋਚ ਕੇ ਕਿ ਗੁਰੂਆਂ-ਪੀਰਾਂ ਤੇ ਸਤੀਆਂ-ਸਵਿੱਤਰੀਆਂ ਵਾਲਾ ਦੇਸ਼ ਤੇ ਸਾਡਾ ਪੰਜਾਬ, ਅਜਿਹੀਆਂ ਧੀਆਂ-ਭੈਣਾਂ ਦੀਆਂ ਵਿਦੇਸ਼ ਜਾ ਕੇ ਕੀਤੀਆਂ ਅਜਿਹੀਆਂ ਹਰਕਤਾਂ ਕਰਕੇ ਕਿਵੇਂ ਸਾਡੀ ਸ਼ਾਨ ਨੂੰ ਵੱਟਾ ਲੱਗ ਰਿਹਾ ਹੈ। ਇਹ ਸਾਡੀਆਂ ਧੀਆਂ ਭੈਣਾਂ ਸ਼ੇਰਨੀਆਂ ਬਣਨ ਚੁੜੇਲਾਂ ਨਾ।

Posted By: Harjinder Sodhi