ਅਸੀਂ ਆਮ ਹੀ ਸੁਣਦੇ ਹਾਂ, ‘ਹੰਕਾਰਿਆ ਸੋ ਮਾਰਿਆ।’ ਹੰਕਾਰ ਉਦੋਂ ਹੀ ਆਉਂਦਾ ਹੈ ਜਦੋਂ ਰੱਬ ਨੇ ਮੱਤ ਮਾਰ ਦਿੱਤੀ ਹੋਵੇ। ਕਹਿੰਦੇ ਨੇ,“ਰੱਬ ਚਪੇੜ ਨਹੀਂ ਮਾਰਦਾ ਮੱਤ ਮਾਰ ਦਿੰਦਾ ਹੈ’’। ਹੰਕਾਰ ਕਰਨ ਵਾਲੇ ਹਕੀਕਤ ਜਾਣਦੇ ਹੋਏ ਵੀ ਬਹੁਤ ਗ਼ਲਤੀਆਂ ਕਰ ਲੈਂਦੇ ਹਨ। ਇਹ ਕੌੜਾ ਸੱਚ ਹੈ ਕਿ ਕਿਸੇ ਗ਼ਰੀਬ, ਸ਼ਰੀਫ ਬੰਦੇ ਨੂੰ ਤੰਗ ਕੀਤਾ ਜਾ ਸਕਦਾ ਹੈ। ਪਰ ਰੱਬ ਦੇ ਹਿਸਾਬ ਵਿੱਚ ਕੀਤੇ ਗ਼ਲਤ ਕੰਮਾਂ ਦਾ ਰਿਕਾਰਡ ਲਿਖਿਆ ਹੀ ਜਾਂਦਾ ਹੈ। ਇਹ ਵੀ ਸੱਚ ਹੈ ਕਿ ਕੁਰਸੀ ਦੀ ਤਾਕਤ ਜਾਂ ਪੈਸੇ ਦੇ ਹੰਕਾਰ ਨੂੰ ਤੋੜਨ ਲਈ ਹੀ ਕੁਦਰਤ ਅਜਿਹੇ ਕੰਮਾਂ ਪਾਸੇ ਤੋਰੇ ਕਿ ਤੇਰੀ ਸਜ਼ਾ ਦਾ ਸਮਾਂ ਆ ਗਿਆ ਹੈ। ਹੰਕਾਰ ਆਪਣਿਆਂ ਤੋਂ ਦੂਰ ਕਰ ਦਿੰਦਾ ਹੈ ਅਤੇ ਸਮਾਜ ਵਿੱਚ ਇੱਜ਼ਤ ਵੀ ਨਹੀਂ ਰਹਿੰਦੀ।

ਹੰਕਾਰ ਹੀ ਕਾਨੂੰਨ ਨੂੰ ਤੋੜਨ ਵਿੱਚ ਸ਼ਾਨ ਵਾਲੀ ਸੋਚ ਦਿੰਦਾ ਹੈ। ਲਾਲ ਬੱਤੀ ਟੱਪਣ ਵਾਲੇ ਨੂੰ ਇਵੇਂ ਲੱਗਦਾ ਹੈ ਜਿਵੇਂ ਮੈਂ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੋਵੇ। ਇੰਜ ਹੀ ਕਿਸੇ ਮਾੜੇ ਥੀੜੇ ’ਤੇ ਰੋਹਬ ਪਾਉਣ ਵਾਲਾ ਵੀ ਆਪਣੇ ਹੰਕਾਰ ਵਿੱਚ ਹੀ ਹੁੰਦਾ ਹੈ। ਵੱਡੀਆਂ ਕੁਰਸੀਆਂ ਅਤੇ ਦਫ਼ਤਰਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਵੀ ਹੰਕਾਰ ਟਿਕਣ ਨਹੀਂ ਦਿੰਦਾ। ਉਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਸਰਕਾਰੀ ਮੁਲਾਜ਼ਮ ਹਾਂ ਅਤੇ ਸਾਨੂੰ ਕੋਈ ਵੀ ਕੁੱਝ ਨਹੀਂ ਕਹਿ ਸਕਦਾ। ਅਸਲ ਵਿੱਚ ਉਨ੍ਹਾਂ ਦਾ ਹੰਕਾਰ ਉਨ੍ਹਾਂ ਨੂੰ ਭੁੱਲਾ ਦਿੰਦਾ ਹੈ ਕਿ ਤੁਸੀਂ ਪਬਲਿਕ ਸਰਵੈਂਟ ਹੋ। ਉਹ ਇਹ ਵੀ ਭੁੱਲ ਜਾਂਦੇ ਹਨ ਕਿ ਲੋਕਾਂ ਦੇ ਟੈਕਸਾਂ ਦੇ ਪੈਸਿਆਂ ’ਚੋਂ ਤਨਖ਼ਾਹਾਂ ਮਿਲ ਰਹੀਆਂ ਹਨ। ਬਹੁਤ ਥਾਵਾਂ ’ਤੇ ਕਿੜ ਕੱਢਣ ਲਈ ਵੀ ਆਪਣੀਆਂ ਕੁਰਸੀਆਂ ਅਤੇ ਅਹੁਦਿਆਂ ਦੀ ਦੁਰਵਰਤੋਂ ਕਰਦੇ ਹਨ। ਇੰਜ ਹੀ ਜਿਹਦੇ ਕੋਲ ਚਾਰ ਪੈਸੇ ਹਨ, ਉਹ ਵੀ ਪੈਸੇ ਦੀ ਤਾਕਤ ਨਾਲ ਮਾੜੇ ਅਤੇ ਸ਼ਰੀਫ ਬੰਦਿਆਂ ਨੂੰ ਤੰਗ ਕਰਨ ’ਚ ਕੋਈ ਕਸਰ ਨਹੀਂ ਛੱਡਦਾ। ਹੰਕਾਰ ਬੰਦੇ ਨੂੰ ਅੰਨ੍ਹਾ ਬੋਲਾ ਕਰ ਦਿੰਦਾ ਹੈ। ਉਸ ਨੂੰ ਗ਼ਲਤ ਤੇ ਸਹੀ ਦੀ ਪਛਾਣ ਕਰਨ ਵਾਲੀ ਅਕਲ ਮਾਰ ਦਿੰਦਾ ਹੈ। ਅਖੀਰ ’ਚ ਬੰਦਾ ਕਸੂਤਾ ਫਸ ਜਾਂਦਾ ਹੈ ਤੇ ਆਪਣਾ ਨੁਕਸਾਨ ਕਰਵਾ ਲੈਂਦਾ ਹੈ। ਵਿਕਾਰ ਹੋਊਗਾ ਅਨੁਸਾਰ, “ਹੰਕਾਰ ਹੀ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਹੁੰਦਾ ਹੈ।

ਅਸੀਂ ਸਾਰਿਆਂ ਨੇ ਆਪਣੇ ਆਸ-ਪਾਸ ਅਜਿਹੇ ਲੋਕ ਜ਼ਰੂਰ ਵੇਖੇ ਹੋਣਗੇ। ਸਾਡਾ ਵਾਹ ਵੀ ਕਈ ਵਾਰ ਅਜਿਹੇ ਲੋਕਾਂ ਨਾਲ ਪੈ ਜਾਂਦਾ ਹੈ। ਹੰਕਾਰ ਵਾਲੇ ਬੰਦੇ ਨੂੰ ਅਸਲ ਵਿੱਚ ਗ਼ਲਤਫਹਿਮੀ ਹੋ ਜਾਂਦੀ ਹੈ ਕਿ ਮੇਰੇ ਵਰਗਾ ਹੋਰ ਕੋਈ ਸ਼ਕਤੀਸ਼ਾਲੀ ਨਹੀਂ ਹੈ। ਮੈਨੂੰ ਕੋਈ ਵੀ ਕੁੱਝ ਨਹੀਂ ਕਹਿ ਸਕਦਾ। ਇਸ ਕਰਕੇ ਉਹ ਹਰ ਜਗ੍ਹਾ ਆਪਣੀ ਟੰਗ ਫਸਾ ਲੈਂਦਾ ਹੈ। ਕਿਸੇ ਦੀ ਗੱਲ, ਕਿਸੇ ਨੂੰ ਕਹੀ ਵੀ ਆਪਣੇ ਨਾਲ ਜੋੜ ਲੈਂਦਾ ਹੈ। ਅਜਿਹੇ ਲੋਕ ਤੰਗ ਸੋਚ ਅਤੇ ਘਟੀਆ ਸੋਚ ਦੇ ਮਾਲਕ ਹੁੰਦੇ ਹਨ। ਹੰਕਾਰੀ ਬੰਦੇ ਨੂੰ ਹਮੇਸ਼ਾ ਚਾਪਲੂਸ ਚੰਗੇ ਲੱਗਦੇ ਹਨ ਕਿਉਂਕਿ ਉਹ ਉਸਦੀ ਵਡਿਆਈ ਕਰਦੇ ਰਹਿੰਦੇ ਹਨ। ਅਹੁਦਿਆਂ ਜਾਂ ਪੈਸੇ ਦਾ ਹੰਕਾਰ ਹਮੇਸ਼ਾਂ ਉਨ੍ਹਾਂ ਨੂੰ ਹੁੰਦਾ ਹੈ ਜਿੰਨ੍ਹਾਂ ਕੋਲ ਨਵਾਂ ਨਵਾਂ ਆਇਆ ਹੋਵੇ। ਸਿਆਣੇ ਕਹਿੰਦੇ ਨੇ,“ਹੋਵੇ ਬੰਦੇ ਕੋਰਾ ਲੱਭਾ,ਪਾਣੀ ਪੀ ਪੀ ਆਫਰਿਆ।“

ਹੰਕਾਰ ਕਰਨ ਵਾਲੇ ਦੇ ਨੇੜੇ ਚੰਗੇ ਬੰਦਿਆਂ ਦੀ ਘਾਟ ਵੇਖੀ ਜਾ ਸਕਦੀ ਹੈ। ਉਸ ਕੋਲ ਬੈਠਣ ਵੀ ਉਹ ਹੀ ਜਾਣਗੇ ਜਿਹੜੇ ਆਪ ਅਸਲੋਂ ਪੈਦਲ ਹੋਣਗੇ।ਘਰਾਂ ਦਫਤਰਾਂ ਅਤੇ ਸਮਾਜ ਵਿੱਚ ਅਜਿਹੇ ਬੰਦਿਆਂ ਤੋਂ ਲੋਕ ਦੂਰੀ ਬਣਾਉਣ ਲੱਗ ਜਾਂਦੇ ਹਨ। ਉਸ ਪੈਸੇ ਅਤੇ ਅਹੁਦਿਆਂ ਦਾ ਕੀ ਫਾਇਦਾ ਜਿਸ ਨਾਲ ਤੁਸੀਂ ਦੂਸਰਿਆਂ ਨੂੰ ਤੰਗ ਪ੍ਰੇਸ਼ਾਨ ਕਰਦੇ ਹੋ। ਕੁੱਝ ਸਮੇਂ ਲਈ ਦੂਜੇ ਨੂੰ ਦਿੱਤੀ ਪ੍ਰੇਸ਼ਾਨੀ ਤੁਹਾਡੇ ਮਾੜੇ ਕਰਮਾਂ ਦੇ ਖਾਤੇ ਨੂੰ ਵਧਾ ਦਿੰਦੀ ਹੈ। ਕਹਿੰਦੇ ਨੇ,“ਰੱਬ ਦੀ ਚੱਕੀ ਹੌਲੀ ਚੱਲਦੀ ਹੈ,ਪਰ ਪੀਹਦੀਂ ਬਹੁਤ ਮਹੀਨ (ਬਰੀਕ) ਹੈ। ਫਲ ਲੱਗੇ ਰੁੱਖ ਝੁੱਕਦੇ ਹਨ।ਹੰਕਾਰ ਦਿੰਦਾ ਕੁੱਝ ਨਹੀਂ ਪਰ ਪੱਲੇ ਹਕੀਕਤ ਵਿੱਚ ਕੁੱਝ ਵੀ ਨਹੀਂ ਛੱਡਦਾ।

- ਪ੍ਰਭਜੋਤ ਕੌਰ ਢਿੱਲੋਂ

Posted By: Harjinder Sodhi