ਅਜੋਕੇ ਪਦਾਰਥਵਾਦੀ ਸਮਿਆਂ ਵਿਚ ਮਨੁੱਖ ਅਨੇਕਾਂ ਸਮੱਸਿਆਵਾਂ, ਪਰੇਸ਼ਾਨੀਆਂ ਤੇ ਦੁਸ਼ਵਾਰੀਆਂ ਨੇ ਘੇਰਿਆ ਹੋਇਆ ਹੈ। ਜੀਵਨ ਦੀ ਦੌੜ ਵਿਚ ਹਫਿਆ ਹੋਇਆ ਅਜੋਕਾ ਮਾਨਵ ਅਨੇਕਾਂ ਸਰੀਰਕ, ਮਾਨਸਿਕ ਤੇ ਹੋਰ ਕਈ ਆਪ ਸਹੇੜੇ ਰੋਗਾਂ ਦਾ ਸ਼ਿਕਾਰ ਹੋ ਕੇ, ਲਗਾਤਾਰ ਤਣਾਓ ਭਰਿਆ ਜੀਵਨ ਗੁਜ਼ਾਰ ਰਿਹਾ ਹੈ। ਇਨ੍ਹਾਂ ਤਲਖ਼ੀਆਂ ਭਰਪੂਰ ਸਮਿਆਂ ਵਿਚ ਆਤਮਹੱਤਿਆ ਦਾ ਰੁਝਾਨ ਡੂੰਘੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਹਰ ਰੋਜ਼ ਅਖ਼ਬਾਰਾਂ ਵਿਚ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਪੜ੍ਹਕੇ, ਹਰ ਪੜ੍ਹਨ-ਸੁਣਨ ਵਾਲੇ ਦਾ ਹਿਰਦਾ ਵਲੂੰਧਰਿਆ ਜਾਂਦਾ ਹੈ। ਸਕੂਲ ਪੜ੍ਹਦੇ ਮਾਸੂਮ ਬੱਚਿਆਂ ਤੋਂ ਲੈ ਕੇ, ਜ਼ਿੰਦਗੀ ਵਿਚ ਪ੍ਰਵਾਨ ਚੜ੍ਹੇ ਮਰਦ-ਔਰਤਾਂ ਬਾਰੇ ਅਜਿਹੀਆਂ ਖ਼ਬਰਾਂ ਪੜ੍ਹਕੇ ਇਹ ਮਹਿਸੂਸ ਹੁੰਦਾ ਹੈ ਕਿ, ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਦਾ ਸਾਹਮਣਾ ਕਰਨ ਤੋਂ ਭਗੌੜੇ ਹੋਏ ਇਨ੍ਹਾਂ ਮਨੁੱਖਾਂ ਨੇ,ਜੀਵਨ ਦੀ ਖ਼ੂਬਸੂਰਤੀ ਨੂੰ ਸਮਝਣ ਵਿਚ ਕਿੰਨੀ ਨਾਦਾਨੀ ਕੀਤੀ ਹੈ। ਜ਼ਰਾ ਕੁ ਸੋਚ ਕੇ ਦੇਖੋ, ਕਿ ਕੁਦਰਤ ਵਲੋਂ ਬਖਸ਼ੀ ਇਹ ਅਨਮੋਲ ਜ਼ਿੰਦਗੀ ਏਨੀ ਸਸਤੀ ਨਹੀਂ ਹੈ ਕਿ ਕਿਸੇ ਮੁਸੀਬਤ ਦਾ ਟਾਕਰਾ ਕਰਨ ਦੀ ਥਾਂ, ਇਸ ਨੂੰ ਆਪਣੇ ਹੱਥੀਂ ਸਦਾ ਲਈ ਖ਼ਤਮ ਕਰ ਦਿੱਤਾ ਜਾਵੇ। ਜੇ ਖ਼ੁਸ਼ੀਆਂ ਤੇ ਸੁੱਖ ਜੀਵਨ ਦਾ ਹਿੱਸਾ ਹਨ ਤਾਂ ਦੁੱਖ, ਮੁਸੀਬਤਾਂ, ਕਸ਼ਟ ਤੇ ਪਰੇਸ਼ਾਨੀਆਂ ਵੀ ਤਾਂ ਇਸੇ ਜੀਵਨ ਦਾ ਭਾਗ ਹਨ। ਸਮਾਂ ਹਮੇਸ਼ਾ ਹੀ ਮਨੁੱਖੀ ਮਨ ਦੀ ਭਾਵਨਾ ਅਨੁਸਾਰ ਕਦੇ ਇਕੋ ਜਿਹਾ ਨਹੀਂ ਰਹਿੰਦਾ, ਇਹ ਨਿਰੰਤਰ ਬਦਲਦਾ ਰਹਿੰਦਾ ਹੈ। ਇਸ ਤਬਦੀਲੀ ਵਿਚ ਹੀ ਜੀਵਨ ਹੈ। ਜਿਸ ਨੇ ਜੀਵਨ ਦੀ ਇਸ ਤੋਰ ਨੂੰ ਸਮਝ ਲਿਆ, ਉਹ ਹੀ ਜੀਵਨ ਦਾ ਆਨੰਦ ਮਾਣ ਸਕਦਾ ਹੈ।

ਸਮਾਜ ਵੱਲ ਗਹੁ ਨਾਲ ਨਜ਼ਰ ਮਾਰ ਕੇ ਦੇਖੀਏ ਤਾਂ ਕਿਸੇ ਵੀ ਮਨੁੱਖ ਦਾ ਜੀਵਨ ਸਦਾ ਖ਼ੁਸ਼ਗਵਾਰ ਜਾਂ ਉਦਾਸ ਨਹੀਂ ਰਹਿੰਦਾ। ਉਤਰਾਵਾਂ ਚੜ੍ਹਾਵਾਂ ਦੀਆਂ ਲਹਿਰਾਂ ਆਉਂਦੀਆਂ ਰਹਿੰਦੀਆਂ ਹਨ। ਜਦੋਂ ਜੀਵਨ ਵਿਚ ਖ਼ੁਸ਼ੀਆਂ ਰੂਪੀ ਗੁਲਾਬ ਖਿੜਦੇ ਹਨ ਤਾਂ ਮਨੁੱਖ ਮੰਤਰ-ਮੁਗਧ ਹੋਇਆ, ਆਪਣੇ ਆਲੇ-ਦੁਆਲੇ ਪਸਰੀਆਂ ਗ਼ਮੀਆਂ ਤੇ ਉਦਾਸੀਆਂ ਤੋਂ ਬਿਲਕੁਲ ਬੇਖ਼ਬਰ ਹੋ ਜਾਂਦਾ ਹੈ,ਪਰ ਜਦੋਂ ਗ਼ਮਾਂ ਤੇ ਦੁਸ਼ਵਾਰੀਆਂ ਦੇ ਬੱਦਲ ਚੜ੍ਹ ਆਉਂਦੇ ਹਨ ਤਾਂ ਇਸ ਕਦਰ ਉਤੇਜਿਤ ਹੋ ਜਾਂਦਾ ਹੈ ਕਿ ਹੌਸਲਾ ਹਾਰ ਬਹਿੰਦਾ ਹੈ ਤੇ ਕਈ ਵਾਰ ਉਦਾਸੀ ਦੇ ਆਲਮ ਵਿਚ ਖ਼ੁਦਕੁਸ਼ੀ ਵਰਗਾ ਸਿਰੇ ਦਾ ਕਦਮ ਚੁੱਕਣ ਦੇ ਰਾਹ ਤੁਰ ਪੈਂਦਾ ਹੈ। ਕਈ ਵਾਰ ਸਮੱਸਿਆ ਏਨੀ ਗੁੰਝਲਦਾਰ ਤੇ ਡਰਾਉਣੀ ਨਹੀਂ ਹੁੰਦੀ ਕਿ ਉਸ ਦਾ ਕੋਈ ਹੱਲ ਹੀ ਨਾ ਨਿਕਲ ਸਕਦਾ ਹੋਵੇ। ਆਪਣੇ ਮਨ ਨੂੰ ਤਕੜਾ ਕਰਕੇ, ਹੌਸਲੇ ਨਾਲ,ਕਿਸੇ ਭਰਾ ਭੈਣ,ਰਿਸ਼ਤੇਦਾਰ, ਦੋਸਤ ਮਿੱਤਰ ਸੱਜਣ ਪਿਆਰੇ ਨਾਲ ਮਨ ਦੀ ਗੱਲ ਖੋਲ੍ਹਿਆਂ, ਪਰੇਸ਼ਾਨੀ ਵਿੱਚੋਂ ਨਿਕਲਣ ਦਾ ਕੋਈ ਰਾਹ ਲੱਭਣ ਦੀਆਂ ਕੋਸ਼ਿਸ਼ਾਂ ਨਾਲ, ਕਈ ਵਾਰ ਅਜਿਹਾ ਸਬੱਬ ਬਣ ਜਾਂਦਾ ਹੈ ਕਿ ਆਸ ਦੀ ਕੋਈ ਕਿਰਨ ਦਿਖਾਈ ਦੇਣ ਲੱਗ ਜਾਂਦੀ ਹੈ।

ਕੁਝ ਪਰੇਸ਼ਾਨੀਆਂ ਅਤੇ ਮਾਨਸਿਕ ਤਣਾਓ ਮਨੁੱਖ ਨੇ ਆਪ ਸਹੇੜੇ ਹੋਏ ਹਨ। ਮਨੁੱਖ ਨੂੰ, ਬਹੁਤ ਕੁਝ ਹੁੰਦਿਆਂ ਹੋਇਆਂ ਵੀ ਸਬਰ ਜਾਂ ਸੰਤੁਸ਼ਟੀ ਨਹੀਂ ਹੈ। ਹੋਰ ਹੋਰ ਪ੍ਰਾਪਤ ਕਰਨ ਦੀ ਲਾਲਸਾ ਵਿਚ ਉਹ ਕਈ ਵਾਰ ਸਭ ਹੱਦਾਂ-ਬੰਨੇ ਟੱਪ ਜਾਂਦਾ ਹੈ। ਅਜੋਕੇ ਮਨੁੱਖ ਨੇ ਜੀਵਨ ਦੀਆਂ ਲੋੜਾਂ ਨੂੰ ਏਨਾ ਵਧਾ ਲਿਆ ਹੈ ਕਿ ਇਨ੍ਹਾਂ ਖ਼ਾਹਿਸ਼ਾਂ ਦੀ ਪੂਰਤੀ ਲਈ, ਉਹ ਹਰ ਜਾਇਜ਼ ਨਜਾਇਜ਼ ਵਸੀਲਾ ਵਰਤ ਕੇ ਧਨ ਪ੍ਰਾਪਤ ਕਰਨ ਦੇ ਰਾਹ ਤੁਰਿਆ ਹੋਇਆ ਹੈ। ਕਈ ਮਨੁੱਖ ਕਰਜ਼ਾ ਚੁੱਕ ਕੇ ਉਸ ਦੀ ਯੋਗ ਵਰਤੋਂ ਨਾ ਕਰਨ ਕਰ ਕੇ ਸੰਕਟ ਵਿਚ ਫਸ ਜਾਂਦੇ ਹਨ। ਜਦੋਂ ਮਨੁੱਖ ਕਿਸੇ ਗੱਲ ਨੂੰ ਵਿਚਾਰੇ ਬਿਨਾਂ ਆਪਣੇ ਵਸੀਲਿਆਂ ਤੋਂ ਵੱਧ ਖ਼ਰਚ ਕਰਨ ਦੇ ਰਾਹ ਤੁਰ ਪਵੇ ਤਾਂ ਨਤੀਜਾ ਤਾਂ ਮਾੜਾ ਹੋਵੇਗਾ ਹੀ। ਕਰਜ਼ੇ ਦਾ ਜਾਲ ਲਗਾਤਾਰ ਵਧਣ ਕਾਰਨ ਮਨੁੱਖ ਮਾਨਸਿਕ ਪਰੇਸ਼ਾਨੀ ਨਾਲ ਗ੍ਰਸਿਆ ਜਾਂਦਾ ਹੈ ਤੇ ਸੋਚਾਂ ਦੇ ਸਮੁੰਦਰ ਵਿਚ ਭਟਕਦਾ, ਉਹ ਬਹੁਤੀ ਵਾਰ ਖ਼ੁਦਕੁਸ਼ੀ ਵਿੱਚੋਂ ਛੁਟਕਾਰਾ ਭਾਲਦਾ ਹੈ। ਵਪਾਰ ਵਿਚ ਘਾਟੇ /ਵਾਧੇ ਹੁੰਦੇ ਰਹਿੰਦੇ ਹਨ, ਪਰ ਜੇ ਮਨੁੱਖ ਨਾ ਸੰਭਲੇ ਤਾਂ ਸਥਿਤੀ ਗੰਭੀਰ ਹੋ ਜਾਂਦੀ ਹੈ। ਅਜਿਹੇ ਸੰਕਟ ਵਿਚ ਉਲਝੇ ਮਨੁੱਖ ਕਈ ਵਾਰ ਕੁਝ ਵੀ ਹਾਂ-ਵਾਚੀ ਦੇਖਣ ਤੋਂ ਅਸਮਰੱਥ ਹੋ ਜਾਂਦੇ ਹਨ ਤੇ ਨਿਰਾਰਥਕ ਸੋਚਾਂ ਦੀ ਘੁੰਮਣ-ਘੇਰੀ ਵਿਚ ਗੋਤੇ ਖਾਂਦੇ,ਆਤਮ-ਹੱਤਿਆ ਨੂੰ ਹੀ ਇਕੋ-ਇਕ ਹੱਲ ਸਮਝ ਲੈਂਦੇ ਹਨ ਤੇ ਆਪਣੇ ਪਰਿਵਾਰਾਂ ਨੂੰ ਪਰੇਸ਼ਾਨੀਆਂ ਦੇ ਗਹਿਰੇ ਸਾਗਰ ਵਿਚ ਭਟਕਣ ਲਈ ਛੱਡ ਜਾਂਦੇ ਹਨ। ਮਿਹਨਤ ਤੇ ਮੁਸ਼ੱਕਤ ਨਾਲ ਲਹੂ-ਪਸੀਨਾ ਇਕ ਕਰਦੇ ਕਿਸਾਨਾਂ ਦੀਆਂ ਲਗਾਤਾਰ ਹੋ ਰਹੀਆਂ ਖ਼ੁਦਕੁਸ਼ੀਆਂ, ਸੰਵੇਦਨਾ ਨਾਲ ਭਰੇ ਹਰ ਮਨ ਨੂੰ ਵਲੂੰਧਰ ਰਹੀਆਂ ਹਨ। ਕਦੇ ਨਕਲੀ ਬੀਜ,ਕਦੇ ਨਕਲੀ ਦਵਾਈਆਂ, ਕਦੇ ਕੁਦਰਤੀ ਕਰੋਪੀਆਂ ਤੇ ਪਾਲੀ ਫ਼ਸਲ ਦਾ ਯੋਗ ਮੁੱਲ ਨਾ ਮਿਲਣ ਵਰਗੇ ਸੰਕਟ ਕਿਸਾਨ ਦਾ ਸਾਹ ਸੂਤ ਲੈਂਦੇ ਹਨ। ਕਰਜ਼ੇ ਦੀਆਂ ਟੁੱਟੀਆਂ ਕਿਸ਼ਤਾਂ, ਵਿਆਹ-ਸ਼ਾਦੀਆਂ ਤੇ ਘਰ-ਪਰਿਵਾਰ ਦੇ ਅਨੇਕਾਂ ਖ਼ਰਚੇ ਪੂਰੇ ਕਰਨ ਦੀਆਂ ਜਮ੍ਹਾਂ-ਤਕਸੀਮਾਂ ਵਿਚ ਉਲਝਿਆ ਧਰਤੀ-ਪੁੱਤਰ ਕਈ ਵਾਰ ਹਾਰ ਜਾਂਦਾ ਹੈ ਤੇ ਫ਼ਸਲ ਦੇ ਕੀੜਿਆਂ ਨੂੰ ਮਾਰਨ ਵਾਲੀ ਜ਼ਹਿਰ ਦਾ ਘੁੱਟ ਭਰਕੇ ਆਪ ਤਾਂ ਮੁਕਤ ਹੋ ਜਾਂਦਾ ਹੈ,ਪਰ ਆਪਣੇ ਪਰਿਵਾਰ ਤੇ ਧੀਆਂ-ਪੁੱਤਰਾਂ ਨੁੰ ਗਹਿਰੇ ਦੁੱਖਾਂ-ਦਰਦਾਂ ਦੇ ਥਪੇੜੇ ਖਾਣ ਲਈ ਛੱਡ ਜਾਂਦਾ ਹੈ। ਇਸ ਗੱਲ ਵਿਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਕਿਸਾਨੀ ਬਹੁਤ ਬਦਤਰ ਸਥਿਤੀ ਵਿਚ ਹੈ ਤੇ ਸਰਕਾਰਾਂ ਦੀਆਂ ਨੀਤੀਆਂ ਨੇ ਉਸ ਦੇ ਮਨ ’ਤੇ ਏਨੇ ਗਹਿਰੇ ਜ਼ਖ਼ਮ ਲਾਏ ਹਨ ਕਿ ਉਹ ਅਜਿਹੀ ਜ਼ਿੰਦਗੀ ਜਿਊਣ ਤੋਂ ਹੀ ਮੁਨਕਰ ਹੁੰਦਾ ਜਾ ਰਿਹਾ ਹੈ। ਪਰ ਖ਼ੁਦਕੁਸ਼ੀ ਵਰਗਾ ਸਿਰੇ ਦਾ ਕਦਮ, ਜਿੱਥੇ ਕੁਦਰਤ ਦੇ ਨੇਮਾਂ ਦੀ ਖ਼ਿਲਾਫ਼-ਵਰਜ਼ੀ ਹੈ, ਉੱਥੇ ਕਿਸੇ ਮਨੁੱਖ ਵਲੋਂ ਦੁਸ਼ਵਾਰੀਆਂ ਦਾ ਸਾਹਮਣਾ ਕਰਨ ਦੀ ਥਾਂ, ਜ਼ਿੰਦਗੀ ਅੱਗੇ ਹਾਰ ਜਾਣ ਦੀ ਨਮੋਸ਼ੀ ਦਾ ਸਬੱਬ ਵੀ ਬਣਦਾ ਹੈ। ਇਸ ਰਾਹ ਪਿਆਂ ਕੋਈ ਹੱਲ ਤਾਂ ਕੀ ਨਿਕਲਣਾ ਹੈ, ਸਗੋਂ ਦਰਦਾਂ ਦੀ ਕੁਲਹਿਣੀ ਰਾਤ ਬਹੁਤ ਲੰਮੀ ਹੋ ਜਾਂਦੀ ਹੈ।

ਪਰਿਵਾਰਾਂ ਵਿਚ ਕਦੇ-ਕਦਾਈਂ ਕਿਸੇ ਮੁੱਦੇ ਨੂੰ ਲੇ ਕੇ ਵਿਚਾਰਾਂ ਦਾ ਵਖਰੇਵਾਂ ਹੋ ਜਾਣਾ ਸੁਭਾਵਿਕ ਵਰਤਾਰਾ ਹੈ। ਉਂਜ ਵੀ ਸਿਆਣੇ ਕਹਿੰਦੇ ਹਨ ਕਿ ਜਿੱਥੇ ਦੋ ਭਾਂਡੇ ਹੋਣ ਉਹ ਕਦੇ-ਕਦਾਈਂ ਖੜਕ ਹੀ ਪੈਂਦੇ ਹਨ। ਪਰ ਭਾਂਡਿਆਂ ਨੂੰ ਬਹੁਤੇ ਚਿੱਬ ਨਹੀਂ ਪੈਣ ਦੇਣੇ ਚਾਹੀਦੇ ਤੇ ਗ਼ਲਤਫਹਿਮੀ ਦੂਰ ਕਰਨ ’ਚ ਹੀ ਭਲਾਈ ਹੈ। ਅਕਸਰ ਹੀ ਸੂਝ-ਸਿਆਣਪ ਤੇ ਸਹਿਣਸ਼ੀਲਤਾ ਦੀ ਘਾਟ ਕਾਰਨ, ਗੁੱਸੇ ਤੇ ਉਤੇਜਨਾ ਵਿਚ ਕਈ ਵਾਰ ਪਤੀ-ਪਤਨੀ ਨਿੱਕੀ ਜਿਹੀ ਗੱਲ ਨੂੰ ਗਹਿਰੇ ਤਣਾਓ ਵਿਚ ਬਦਲ ਕੇ ਸੰਕਟ ਵਿਚ ਪੈ ਜਾਂਦੇ ਹਨ। ਤਾਹਨਿਆਂ ਮਿਹਣਿਆਂ ਤੇ ਵਿਸ਼ਵਾਸ ਦੀ ਤੰਦ ਟੁੱਟਣ ਨਾਲ ਖ਼ੁਦਕੁਸ਼ੀ ਵਰਗਾ ਮੂਰਖਾਨਾ ਕਦਮ ਚੁੱਕ ਕੇ ਕਈ ਘਰ ਬਰਬਾਦ ਹੋ ਜਾਂਦੇ ਹਨ। ਨਿੱਤ-ਦਿਨ ਅਤਿ ਦੀਆਂ ਦੁਖਦਾਈ ਘਟਨਾਵਾਂ ਵਾਪਰ ਰਹੀਆਂ ਹਨ। ਬੇਰਹਿਮ ਲੋਕ ਆਪ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੇ ਮਸੂਮ ਬੱਚਿਆਂ ਨੂੰ ਵੀ ਆਪਣੇ ਹੱਥੀਂ ਜ਼ਹਿਰ ਦੇ ਕੇ ਮਾਰਨ ਦਾ ਦਿਲ-ਦਹਿਲਾਉਣ ਵਾਲਾ ਕਾਰਾ ਕਰ ਜਾਂਦੇ ਹਨ। ਜੇ ਕੋਈ ਕਿਸੇ ਨੂੰ ਜੀਵਨ ਦੇ ਨਹੀਂ ਸਕਦਾ ਤਾਂ ਕਿਸੇ ਦੀ ਜ਼ਿੰਦਗੀ ਲੈਣ ਦਾ ਵੀ ਉਸ ਨੂੰ ਕੀ ਹੱਕ ਹੈ। ਮਾਪੇ ਤਾਂ ਆਪਣੇ ਬੱਚਿਆਂ ਦੀ ਲੰਮੀ ਉਮਰ ਲਈ ਦੁਆਵਾਂ ਕਰਦੇ ਹਨ, ਪਰ ਮੂਰਖ ਲੋਕ ਆਪਣੇ ਹੱਥੀਂ ਬੱਚਿਆਂ ਨੂੰ ਮਾਰਨ ਦਾ ਜਿਗਰਾ ਪਤਾ ਨਹੀਂ ਕਿਵੇਂ ਕਰ ਲੈਂਦੇ ਹਨ। ਪਰਿਵਾਰਾਂ ਵਲੋਂ ਸਮੂਹਿਕ ਆਤਮ-ਹੱਤਿਆ ਕਰਨ ਦੀਆਂ ਦਰਦਮਈ ਘਟਨਾਵਾਂ ਨਾਲ ਵੀ ਪੂਰਾ ਸਮਾਜ ਦਹਿਲ ਜਾਂਦਾ ਹੈ। ਸੋਸ਼ਲ-ਮੀਡੀਆ ਦੀ ਇਸ ਤੋਂ ਵੱਧ ਦੁਰਵਰਤੋਂ ਕੀ ਹੋ ਸਕਦੀ ਹੈ ਕਿ ਹੁਣ ਖ਼ੁਦਕੁਸ਼ੀ ਕਰਨ ਵਾਲਾ ਵੀ ‘ਲਾਇਵ’ ਹੋ ਕੇ ਪਹਿਲਾਂ ਸਮਾਜ ਨੂੰ ਆਪਣਾ ਦਰਦ ਦੱਸਦਾ ਹੈ ਤੇ ਫਿਰ ਮੌਤ ਨੂੰ ਗਲੇ ਲਾ ਲੈਂਦਾ ਹੈ। ਸੰਕਟ ਕਿੰਨਾ ਵੀ ਗਹਿਰਾ ਹੋਵੇ ਪਰ ਆਸਾਂ ਦੇ ਸਭ ਦੀਵੇ ਬੁਝਾ ਕੇ, ਮੌਤ ਦੀ ਅੰਨ੍ਹੀ ਗਲੀ ਵੱਲ ਤੁਰ ਪੈਣਾ ਕਿਸੇ ਤਰ੍ਹਾਂ ਵਾਜਬ ਨਹੀਂ ਕਿਹਾ ਜਾ ਸਕਦਾ।

ਕਿਹੋ ਜਿਹੇ ਨਿੱਘਰੇ ਸਮਿਆਂ ਵਿਚ ਜੀਅ ਰਹੇ ਹਾਂ ਕਿ ਦਸ-ਬਾਰਾਂ ਸਾਲਾਂ ਦੀ ਉਮਰ ਦੇ ਬੱਚੇ ਵੀ ਮਾਪਿਆਂ ਤੇ ਅਧਿਆਪਕਾਂ ਦੇ ਝਿੜਕਣ ਤੇ ਆਤਮ-ਹੱਤਿਆ ਦੇ ਰਾਹ ਤੁਰ ਪੈਂਦੇ ਹਨ। ਜਿਸ ਬੱਚੇ ਨੂੰ ਅਜੇ ਜ਼ਿੰਦਗੀ ਤੇ ਮੌਤ ਦੇ ਅਰਥਾਂ ਦੀ ਵੀ ਸੋਝੀ ਨਹੀਂ ਹੁੰਦੀ,ਉਹ ਖੁਦਕੁਸ਼ੀ ਦੇ ਰਾਹ ਪੈ ਜਾਵੇ ਤਾਂ ਮਨ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਅਸੀਂ ਕਿਹੜੇ ਰਾਹ ਪੈ ਗਏ ਹਾਂ? ਪ੍ਰੀਖਿਆ ਵਿਚ ਅਸਫਲ ਹੋਣ ‘ਤੇ ਕਿਸੇ ਬੱਚੇ ਵਲੋਂ ਖ਼ੁਦਕੁਸ਼ੀ ਕਰਨ ਦੀ ਸੋਚ ਬਹੁਤ ਭਿਆਨਕ ਵਰਤਾਰਾ ਹੈ।

ਜ਼ਿੰਦਗੀ ਬਹੁਤ ਵੱਡਮੁੱਲੀ ਤੇ ਖ਼ੂਬਸੂਰਤ ਹੈ। ਦੁੱਖ, ਤਕਲੀਫਾਂ,ਸੰਕਟ ਤੇ ਪਰੇਸ਼ਾਨੀਆਂ ਵੀ ਜੀਵਨ ਦਾ ਹਿੱਸਾ ਹਨ,ਤੇ ਇਨ੍ਹਾਂ ਵਿੱਚੋਂ ਨਿਕਲਣ ਲਈ ਕੋਈ ਰਾਹ ਤਲਾਸ਼ਣਾ ਹੀ ਸਿਆਣਪ ਹੈ। ਆਪਣੇ ਦੁਆਲੇ ਸਿਰਜੇ ਖੋਲ ਵਿੱਚੋਂ ਬਾਹਰ ਨਿਕਲ ਕੇ ਕੁਦਰਤ ਦੀ ਖ਼ੂਬਸੂਰਤੀ ਨੂੰ ਮਾਣੀਏ, ਆਲੇ-ਦੁਆਲੇ ਵਸਦੇ ਅਨੇਕਾਂ ਭਲੇ ਲੋਕਾਂ ਦੀ ਸੰਗਤ ਕਰਦਿਆਂ, ਕੁਝ ਸੁਣੀਏ, ਕੁਝ ਕਹੀਏ, ਆਪਣੇ ਦੁੱਖ ਤੋਂ ਉੱਪਰ ਉੱਠ ਕੇ, ਆਪਣੇ ਤੋਂ ਵੱਧ ਕਿਸੇ ਦੁਖੀ ਬਾਰੇ ਜਾਣੀਏ ਤਾਂ ਮਨ ਦੀ ਹਾਲਤ ਬਦਲ ਜਾਂਦੀ ਹੈ। ਜ਼ਿੰਦਗੀ ਇਕ ਵਾਰ ਹੀ ਮਿਲਣੀ ਹੈ ਤੇ ਕਿਸੇ ਦੁੱਖ ਵਿਚ, ਇਸ ਵੱਲ ਪਿੱਠ ਕਰ ਲੈਣੀ ਕੁਦਰਤ ਤੇ ਜ਼ਿੰਦਗੀ ਦੋਵਾਂ ਦਾ ਅਪਮਾਨ ਹੈ।

ਮਾਨਤਾਵਾਂ ਦੀ ਉਲੰਘਣਾ

ਸਮਾਜ ਵਿਚ ਖ਼ੁਦਕੁਸ਼ੀ ਦੇ ਮਾਮਲਿਆਂ ਦੀ ਗਿਣਤੀ ਲਗਾਤਾਰ ਵਧਣ ਕਾਰਨ ਮਾਹੌਲ ਏਨਾ ਨਿੱਘਰ ਗਿਆ ਹੈ ਕਿ ਅੱਲ੍ਹੜ ਉਮਰ ਦੇ ਬੱਚੇ ਵੀ ਵੱਡਿਆਂ ਨੂੰ ਦੇਖ ਕੇ, ਉਸੇ ਰਾਹ ਤੁਰਦੇ ਜਾ ਰਹੇ ਹਨ। ਸਮਾਜਿਕ ਮਾਨਤਾਵਾਂ ਨੂੰ ਉਲੰਘ ਕੇ ਕਈ ਵਿਆਹੇ-ਵਰ੍ਹੇ ਮਰਦ/ਔਰਤਾਂ ਨਜਾਇਜ਼ ਸਬੰਧਾਂ ਕਾਰਨ, ਬਦਨਾਮੀ ਦੇ ਡਰੋਂ ਇਕੱਠੇ ਆਤਮਹੱਤਿਆ ਕਰ ਕੇ ਸਮਾਜ ਨੂੰ ਨਿਘਾਰ ਤੇ ਨਿਰਾਸ਼ਾ ਵੱਲ ਧੱਕ ਰਹੇ ਹਨ। ਜ਼ਿੰਦਗੀ ਦੇ ਸਭ ਸੁੱਖ ਮਾਣਦਿਆਂ ਵੀ ਕਈ ਵਿਅਕਤੀ, ਅਜੋਕੀ ਤਣਾਓਗ੍ਰਸਤ ਜੀਵਨ-ਜਾਚ ਅਤੇ ਅੰਤਰਮੁਖੀ ਵਿਵਹਾਰ ਕਾਰਨ ਕੀਮਤੀ ਜ਼ਿੰਦਗੀ ਨੂੰ ਭੰਗ ਦੇ ਭਾੜੇ ਗੁਆ ਬਹਿੰਦੇ ਹਨ।

- ਗੁਰਬਿੰਦਰ ਸਿੰਘ ਮਾਣਕ

Posted By: Harjinder Sodhi