ਮਨੁੱਖ ਪਰਮਾਤਮਾ ਦੀ ਅਨੂਠੀ ਰਚਨਾ ਹੈ। ਜਿਸ ਵਿਚਲੇ ਕੁਝ ਗੁਣ ਤੇ ਔਗੁਣ ਉਸ ਨੂੰ ਕੁਦਰਤੀ ਤੌਰ 'ਤੇ ਮਿਲਦੇ ਹਨ ਅਤੇ ਬਾਕੀ ਉਸ ਅੰਦਰ ਸਮਾਜਿਕ ਕਦਰਾਂ-ਕੀਮਤਾਂ, ਪਰਿਵਾਰਕ ਮਾਹੌਲ ਅਤੇ ਆਲੇ-ਦੁਆਲੇ ਤੋਂ ਉਭਰਦੇ ਹਨ। ਜਿਨ੍ਹਾਂ ਮਨੁੱਖਾਂ ਵਿਚ ਗੁਣ, ਔਗੁਣਾਂ 'ਤੇ ਹਾਵੀ ਹੋਣਾ ਉਨ੍ਹਾਂ ਦੀ ਸ਼ਖ਼ਸੀਅਤ ਨਿਖਰ ਜਾਂਦੀ ਹੈ ਅਤੇ ਦੂਸਰੇ ਲੋਕ ਉਨ੍ਹਾਂ ਵੱਲ ਆਪ-ਮੁਹਾਰੇ ਹੀ ਖਿੱਚੇ ਚਲੇ ਆਉਂਦੇ ਹਨ। ਜਿਨ੍ਹਾਂ ਵਿਚ ਔਗੁਣਾਂ ਦਾ ਬੋਲਬਾਲਾ ਹੋਵੇ ਉੱਥੇ ਹਰ ਕੋਈ ਉਨ੍ਹਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਹੈ। ਜਿਸ ਕਾਰਨ ਵਿਅਕਤੀ ਦਾ ਜੀਵਨ ਅਸ਼ਾਂਤ ਬਣਿਆ ਰਹਿੰਦਾ ਹੈ। ਅਜਿਹੇ ਵਿਅਕਤੀ ਜੀਵਨ ਵਿਚ ਆਸ ਦੀ ਕਿਰਨ ਤੋਂ ਦੂਰ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਦਾ ਭੌਤਿਕ ਸੰਸਾਰ ਰੋਜ਼ੀ-ਰੋਟੀ ਕਮਾਉਣ, ਪਰਿਵਾਰ, ਰਿਸ਼ਤੇ-ਨਾਤਿਆਂ ਤੇ ਮਨੁੱਖੀ ਰਿਸ਼ਤਿਆਂ ਦੀਆਂ ਅਸਫਲਤਾਵਾਂ ਤੋਂ ਪੀੜਤ ਹੁੰਦਾ ਹੈ।

ਕਈ ਲੋਕ ਮਿਹਨਤ ਨਾਲ ਦੁਨਿਆਵੀ ਜ਼ਰੂਰਤਾਂ ਦੀ ਪੂਰਤੀ ਕਰ ਲੈਂਦੇ ਹਨ ਪਰ ਬਹੁਤ ਸਾਰੇ, ਔਗੁਣਾਂ ਕਾਰਨ ਇਹ ਨਹੀਂ ਕਰ ਸਕਦੇ ਕਿਉਂਕਿ ਇਹ ਔਗੁਣ ਇਨਸਾਨ ਨੂੰ ਅੰਦਰੋ ਅੰਦਰ ਕਮਜ਼ੋਰ ਅਤੇ ਖੋਖਲਾ ਕਰ ਦਿੰਦੇ ਹਨ। ਅੱਜ ਮਨੁੱਖ ਦਾ ਜੀਵਨ ਇਨ੍ਹਾਂ ਔਗੁਣਾਂ ਕਰਕੇ ਸੰਵੇਦਨਾ ਤੇ ਉਦਾਰਤਾ ਤੋਂ ਰਹਿਤ ਹੋ ਚੁੱਕਾ ਹੈ। ਮਨੁੱਖ ਦੇ ਸਾਰੇ ਦੁੱਖ-ਤਕਲੀਫਾਂ ਦਾ ਕਾਰਨ ਹੰਕਾਰ ਅਤੇ ਸਵਾਰਥ ਦੀ ਭਾਵਨਾ ਹੈ। ਇਹ ਔਗੁਣ ਲਾਲਚ ਤੇ ਆਮ ਮਨੁੱਖੀ ਬੁਰਾਈਆਂ ਤੋਂ ਵੀ ਜ਼ਿਆਦਾ ਪੀੜਾਂ ਭਰੇ ਹਨ। ਇਨ੍ਹਾਂ ਦੀ ਮੌਜੂਦਗੀ ਕਾਰਨ ਜੀਵਨ ਦੀਆਂ ਕੁਦਰਤੀ ਸ਼ਕਤੀਆਂ ਖ਼ਤਮ ਹੋ ਰਹੀਆਂ ਹਨ। ਸੰਵੇਦਨਾ ਅਤੇ ਧੀਰਜ ਦੀ ਕਮੀ ਹੋ ਰਹੀ ਹੈ ਜਿਸ ਕਾਰਨ ਮਨੁੱਖ ਤਾਨਾਸ਼ਾਹੀ ਬਣ ਰਿਹਾ ਹੈ। ਜਿਸ ਦੇ ਸਿੱਟੇ ਵਜੋਂ ਧਰਤੀ 'ਤੇ ਖ਼ੂਨ-ਖਰਾਬਾ, ਵਿਤਕਰਾ, ਜ਼ਾਲਮਪੁਣਾ ਤੇ ਰਾਖਸ਼ੀ ਵਿਚਾਰ ਵਧ ਰਹੇ ਹਨ। ਔਗੁਣਾਂ ਕਾਰਨ ਅਸੀਂ ਖ਼ੂਬਸੂਰਤ ਜ਼ਿੰਦਗੀ ਦਾ ਮਜ਼ਾ ਕਿਰਕਿਰਾ ਕਰ ਲੈਂਦੇ ਹਾਂ। ਕਈ ਵਿਅਕਤੀਆਂ ਦੀ ਆਦਤ ਹੁੰਦੀ ਹੈ ਕਿ ਉਹ ਖ਼ੁਦ ਦੀ ਬਜਾਏ ਦੂਜਿਆਂ 'ਤੇ ਜ਼ਿਆਦਾ ਨਜ਼ਰ ਰੱਖਦੇ ਹਨ, ਉਨ੍ਹਾਂ ਦੀ ਤਰੱਕੀ ਵੇਖ ਕੇ ਉਨ੍ਹਾਂ ਤੋਂ ਕੁਝ ਸੇਧ ਲੈਣ ਦੀ ਥਾਂ ਕੇਵਲ ਉਨ੍ਹਾਂ ਨਾਲ ਈਰਖਾ ਕਰਦੇ ਹਨ ਜਿਸ ਕਾਰਨ ਆਪਣੀਆਂ ਜ਼ਿੰਮੇਵਾਰੀਆਂ ਵੱਲ ਪੂਰਾ ਧਿਆਨ ਨਹੀਂ ਦਿੰਦੇ। ਇਹ ਉਨ੍ਹਾਂ ਦਾ ਸਭ ਤੋਂ ਵੱਡਾ ਔਗੁਣ ਹੈ ਜਿਸ ਕਾਰਨ ਉਹ ਜ਼ਿੰਦਗੀ ਵਿਚ ਕੁਝ ਨਹੀਂ ਕਰ ਪਾਉਂਦੇ। ਜੇ ਤੁਹਾਡੇ ਆਲੇ-ਦੁਆਲੇ ਲੋਕਾਂ ਵਿਚ ਔਗੁਣ ਹਨ ਤਾਂ ਉਨ੍ਹਾਂ ਨਾਲ ਤੁਲਨਾ ਕਰ ਕੇ ਕਦੇ ਵੀ ਆਪਣੇ ਔਗੁਣਾਂ ਦੀ ਪਿੱਠ ਥਾਪੜਨ ਦੀ ਕੋਸ਼ਿਸ਼ ਨਾ ਕਰੋ। ਤਰੱਕੀ ਦਾ ਪਹਿਲਾ ਸੂਤਰ ਹੈ ਕਿ ਖ਼ੁਦ ਨੂੰ ਨਿਖਾਰੋ, ਤਰਾਸ਼ੋ ਅਤੇ ਆਪਣੀਆਂ ਕਮੀਆਂ ਨੂੰ ਦੂਰ ਕਰਦੇ ਹੋਏ ਅੱਗੇ ਵਧੋ।

ਕਈ ਮਨੁੱਖਾਂ ਦੀ ਆਦਤ ਹੁੰਦੀ ਹੈ ਕਿ ਉਹ ਨਿੱਕੀ-ਨਿੱਕੀ ਗੱਲ 'ਤੇ ਤੁਰੰਤ ਭੜਕ ਪੈਂਦੇ ਹਨ ਅਤੇ ਗੁੱਸੇ ਵਿਚ ਕਈ ਅਣਮਨੁੱਖੀ ਸ਼ਬਦਾਂ ਦੀ ਵਰਤੋਂ ਕਰ ਬੈਠਦੇ ਹਨ। ਉਨ੍ਹਾਂ ਦਾ ਇਹ ਔਗੁਣ ਬਹੁਤੀ ਵਾਰ ਮੁਸੀਬਤਾਂ ਵਿਚ ਪਾ ਦਿੰਦਾ ਹੈ। ਸਿਆਣੇ ਕਹਿੰਦੇ ਹਨ ਕਿ ਸ਼ਬਦਾਂ ਦੇ ਬੋਲ ਮਹਿਕਣ ਤਾਂ ਪਿਆਰ ਦਿੰਦੇ ਨੇ ਅਤੇ ਬਹਿਕਣ ਤਾਂ ਜ਼ਖ਼ਮ ਹੀ ਹਿੱਸੇ ਆਉਂਦੇ ਨੇ। ਇਸ ਲਈ ਸ਼ਬਦਾਂ ਦੀ ਚੋਣ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ। ਕੁਝ ਕੁ ਮਨੁੱਖੀ ਵਿਸ਼ੇਸ਼ਤਾਵਾਂ ਕਦੇ ਗੁਣ ਅਤੇ ਕਦੇ ਔਗੁਣ ਦਾ ਰੂਪ ਧਾਰ ਸਕਦੀਆਂ ਹਨ। ਅਜਿਹੀ ਹੀ ਇਕ ਮਨੁੱਖੀ ਵਿਸ਼ੇਸ਼ਤਾ ਹੈ 'ਤੁਲਨਾਤਮਿਕ ਪ੍ਰਵਿਰਤੀ'। ਤੁਲਨਾ ਜਦੋਂ ਆਪਣੇ ਤੋਂ ਉੱਚੇ ਬੰਦੇ ਦੀ ਸ਼ਖ਼ਸੀਅਤ ਨਾਲ ਕੀਤੀ ਜਾਵੇ ਤਾਂ ਇਹ ਗੁਣ ਅਖਵਾਉਂਦੀ ਹੈ ਪਰ ਜਦੋਂ ਆਪਣੇ ਤੋਂ ਕਮਜ਼ੋਰ ਅਤੇ ਲਾਚਾਰ ਨਾਲ ਆਪਣੀ ਹਉਮੈ ਪ੍ਰਫੁੱਲਤ ਕਰਨ ਲਈ ਕੀਤੀ ਜਾਵੇ ਤਾਂ ਇਹ ਔਗੁਣ ਹੋ ਨਿਬੜਦੀ ਹੈ। ਜਿਸ ਤਰ੍ਹਾਂ ਸ਼ੀਸ਼ੇ ਵਿਚ ਤਰੇੜਾਂ ਹੋਣ ਤਾਂ ਵਿਅਕਤੀ ਦਾ ਚਿਹਰਾ ਇਸ ਵਿਚ ਕਰੂਪ ਦਿਸਦਾ ਹੈ ਉਸੇ ਤਰ੍ਹਾਂ ਜੇ ਵਿਅਕਤੀ ਔਗੁਣਾਂ ਨਾਲ ਹੀ ਜ਼ਿੰਦਗੀ ਬਤੀਤ ਕਰੇ ਤਾਂ ਉਸ ਦਾ ਜੀਵਨ ਕਦੇ ਵੀ ਖ਼ੁਸ਼ੀਆਂ ਭਰਿਆ ਨਹੀਂ ਰਹਿ ਸਕਦਾ। ਬਹੁਤੇ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਆਪਣੇ ਦੁੱਖਾਂ ਅਤੇ ਦੂਸਰਿਆਂ ਦੇ ਸੁੱਖਾਂ ਬਾਰੇ ਸੋਚ-ਸੋਚ ਕੇ ਦੁਖੀ ਹੁੰਦੇ ਰਹਿੰਦੇ ਹਨ। ਇਹ ਆਦਤ ਉਨ੍ਹਾਂ ਨੂੰ ਆਲਸੀ ਬਣਾਉਂਦੀ ਹੈ ਅਤੇ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਟਾਲਮਟੋਲ ਦੀ ਨੀਤੀ ਅਪਣਾਉਂਦੇ ਰਹਿੰਦੇ ਹਨ।

ਜੀਵਨ ਦੀ ਪਰਿਭਾਸ਼ਾ ਸਮਾਂ ਹੈ ਕਿਉਂਕਿ ਜੀਵਨ ਸਮੇਂ ਤੋਂ ਬਣਦਾ ਹੈ। ਸਮੇਂ ਦੀ ਸੁਚੱਜੀ ਵਰਤੋਂ ਜੀਵਨ ਦੀ ਸਹੀ ਵਰਤੋਂ ਹੈ। ਵਕਤ ਦੀ ਦੁਰਵਰਤੋਂ ਜੀਵਨ ਨੂੰ ਤਬਾਹ ਕਰ ਦਿੰਦੀ ਹੈ। ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ, ਉਹ ਨਿਰੰਤਰ ਅਣਪਛਾਤੀ ਦਿਸ਼ਾ ਵਿਚ ਜਾ ਕੇ ਲੀਨ ਹੁੰਦਾ ਰਹਿੰਦਾ ਹੈ। ਜ਼ਰੂਰੀ ਹੈ ਕਿ ਸਮੇਂ ਦੀ ਪੂਰੀ ਤਰ੍ਹਾਂ ਸੁਚੱਜੀ ਵਰਤੋਂ ਕਰੀਏ। ਗੁਜ਼ਰਿਆ ਹੋਇਆ ਵਕਤ ਮੁੜ ਹੱਥ ਨਹੀਂ ਆਉਂਦਾ। ਇਸ ਲਈ ਕਦੇ ਵੀ ਆਲਸ ਦਾ ਪੱਲਾ ਨਾ ਫੜੋ। ਸੰਤ ਕਬੀਰ ਜੀ ਕਹਿੰਦੇ ਹਨ 'ਕੱਲ੍ਹ 'ਤੇ ਆਪਣੇ ਕੰਮ ਨਾ ਟਾਲੋ। ਜੋ ਅੱਜ ਕਰਨਾ ਹੈ ਉਸ ਨੂੰ ਅੱਜ ਹੀ ਪੂਰਾ ਕਰ ਲਓ। ਹਰੇਕ ਕੰਮ ਦਾ ਮੌਕਾ ਹੁੰਦਾ ਹੈ। ਮੌਕਾ ਉਹੀ ਹੈ ਜਦੋਂ ਉਹ ਕੰਮ ਸਾਹਮਣੇ ਪਿਆ ਹੈ। ਮੌਕਾ ਨਿਕਲ ਜਾਣ 'ਤੇ ਕੰਮ ਦਾ ਮਹੱਤਵ ਸਮਾਪਤ ਹੋ ਜਾਂਦਾ ਹੈ ਅਤੇ ਪਛਤਾਵੇ ਦਾ ਬੋਝ ਵਧਦਾ ਜਾਂਦਾ ਹੈ ਜਿਸ ਕਾਰਨ ਨਿਰਾਸ਼ਾ ਦੇ ਘੋਰ ਅੰਧੇਰੇ ਵੱਲ ਤੁਰਿਆ ਜਾਂਦਾ ਹੈ। ਵਿਅਕਤੀ ਪਰਮਾਤਮਾ ਜਾਂ ਕਿਸਮਤ ਨੂੰ ਕੋਸਣਾ ਸ਼ੁਰੂ ਕਰ ਦਿੰਦਾ ਹੈ। ਯਾਦ ਰੱਖੋ ਜੀਵਨ ਪ੍ਰਤੀ ਜਿਸ ਵਿਅਕਤੀ ਕੋਲ ਸਭ ਤੋਂ ਘੱਟ ਸ਼ਿਕਾਇਤਾਂ ਹਨ ਉਹ ਹੀ ਸਭ ਤੋਂ ਜ਼ਿਆਦਾ ਸੁਖੀ ਹੈ।

ਹਰ ਮਨੁੱਖ ਸੁੱਖ ਅਤੇ ਸ਼ਾਂਤੀ ਵਾਲਾ ਜੀਵਨ ਬਤੀਤ ਕਰਨਾ ਚਾਹੁੰਦਾ ਹੈ ਪਰ ਇਹ ਨਹੀਂ ਹੁੰਦਾ ਕਿਉਂਕਿ ਸਾਡੇ ਅੰਦਰ ਜਦੋਂ ਈਰਖਾ, ਗੁੱਸੇ, ਲਾਲਚ, ਸਵਾਰਥ ਅਤੇ ਆਲਸ ਵਰਗੇ ਵੱਡੇ-ਵੱਡੇ ਕੰਡੇ ਲੁਕੇ ਹੋਣ ਤਾਂ ਮਨ ਭਲਾ ਕਿਵੇਂ ਸ਼ਾਂਤ ਰਹਿ ਸਕਦਾ ਹੈ। ਸੁੱਖੀ ਅਤੇ ਸਕੂਨ ਭਰੀ ਜ਼ਿੰਦਗੀ ਜਿਊਣ ਲਈ ਜ਼ਰੂਰੀ ਹੈ ਕਿ ਆਪਣੇ ਜੀਵਨ ਵਿੱਚੋਂ ਇਨ੍ਹਾਂ ਔਗੁਣਾਂ ਨੂੰ ਦੂਰ ਕੀਤਾ ਜਾਵੇ। ਜੇ ਮਨੁੱਖ ਇਨ੍ਹਾਂ ਔਗੁਣਾਂ 'ਤੇ ਜਿੱਤ ਹਾਸਲ ਕਰ ਲਵੇ ਤਾਂ ਪਰਮਾਤਮਾ ਬਰਕਤਾਂ ਦੇ ਢੇਰ ਲਾ ਦਿੰਦਾ ਹੈ। ਜੀਵਨ ਸਮੁੰਦਰ ਬਣ ਜਾਂਦਾ ਹੈ ਜਿਸ ਵਿਚ ਖ਼ੁਸ਼ੀਆਂ ਦੇ ਜਵਾਰ ਭਾਟੇ ਆਪਣੀ ਹੋਂਦ ਪ੍ਰਗਟਾਉਂਦੇ ਰਹਿੰਦੇ ਹਨ। ਅਜਿਹੇ ਮਨੁੱਖਾਂ ਨੂੰ ਕੇਵਲ ਇੰਨਾ ਸਮਝਾਉਣ ਦੀ ਲੋੜ ਹੁੰਦੀ ਹੈ ਕਿ ਉਨ੍ਹਾਂ ਦਾ ਜੀਵਨ ਚੰਗਾ ਬਣੇ ਜਾਂ ਮਾੜਾ, ਇਸ ਦਾ ਫ਼ੈਸਲਾ ਪੂਰੀ ਤਰ੍ਹਾਂ ਉਨ੍ਹਾਂ ਨੇ ਖ਼ੁਦ ਕਰਨਾ ਹੈ। ਇਨ੍ਹਾਂ ਔਗੁਣਾਂ ਨੂੰ ਦੂਰ ਕਰਨ ਲਈ ਉਨ੍ਹਾਂ ਨੂੰ ਕਿਸੇ ਵਿਵੇਕਸ਼ੀਲ ਵਿਅਕਤੀ ਦੀ ਸਿੱਖਿਆ ਰਾਹੀਂ ਲਗਾਤਾਰ ਚਿੰਤਨ ਕਰਨਾ ਪਵੇਗਾ ਕਿ ਜੀਵਨਕਾਲ ਵਿਚ ਕਿਸੇ ਵੀ ਮਨੁੱਖ ਦੀਆਂ ਅਸਫਲਤਾਵਾਂ, ਭੁੱਲਣਯੋਗ ਦੁੱਖ-ਦਰਦ ਤੇ ਵਿਅਰਥ ਦਾ ਪਛਤਾਵਾ ਸੁੱਖ-ਸ਼ਾਂਤੀ ਹਾਸਲ ਕਰਨ ਵਿਚ ਕਿਸੇ ਤਰ੍ਹਾਂ ਦੀ ਮਦਦ ਨਹੀਂ ਕਰ ਸਕਦੇ। ਉਨ੍ਹਾਂ ਦੀ ਜੀਵਨ ਜਿਨ੍ਹਾਂ ਮੰਦੀਆਂ ਭਾਵਨਾਵਾਂ, ਰਿਸ਼ਤਿਆਂ ਦੇ ਮੱਤਭੇਦਾਂ ਤੇ ਅਸਫਲਤਾਵਾਂ ਨਾਲ ਘਿਰਿਆ ਹੋਇਆ ਹੈ ਉਹ ਸਭ ਵਿਅਰਥ ਹਨ। ਵਿਚਾਰਕ ਪਰਪੱਕਤਾ ਗ੍ਰਹਿਣ ਕਰਨ 'ਤੇ ਮਨੁੱਖ ਅਜਿਹੇ ਔਗੁਣਾਂ ਤੋਂ ਵੀ ਮੁਕਤ ਹੋ ਜਾਂਦਾ ਹੈ ਅਤੇ ਜਿਵੇਂ-ਜਿਵੇਂ ਉਹ ਇਨ੍ਹਾਂ ਤੋਂ ਮੁਕਤ ਹੁੰਦਾ ਜਾਂਦਾ ਹੈ, ਉਸ ਦਾ ਜੀਵਨ ਸੁੱਖ-ਸ਼ਾਂਤੀ ਤੇ ਸਕੂਨ ਨਾਲ ਭਰ ਜਾਂਦਾ ਹੈ। ਇਸ ਸਥਿਤੀ ਨੂੰ ਹਾਸਲ ਕਰਨਾ ਕਿਸੇ ਮਨੁੱਖ ਲਈ ਅਸੰਭਵ ਨਹੀਂ। ਕੇਵਲ ਜ਼ਰੂਰਤ ਹੈ ਆਤਮ-ਜਾਗ੍ਰਿਤੀ ਦੀ ਕਿਉਂਕਿ ਵਿਚਾਰਾਂ ਦੀ ਭਿੰਨਤਾ ਨੇ ਮਨੁੱਖ ਨੂੰ ਅਸ਼ਾਂਤ ਕੀਤਾ ਹੋਇਆ ਹੈ। ਅਜਿਹੀ ਅਸ਼ਾਂਤੀ ਤੋਂ ਛੁਟਕਾਰਾ ਹਾਸਲ ਕਰਨ 'ਤੇ ਹੀ ਮਨੁੱਖ ਦੀ ਆਤਮਾ ਜਾਗੇਗੀ।

- ਕੈਲਾਸ਼ ਚੰਦਰ ਸ਼ਰਮਾ

98774-66607

Posted By: Harjinder Sodhi