ਬੁਢਾਪਾ ਇਕ ਕੌੜੀ ਸੱਚਾਈ ਹੈ, ਜਿਸ ਨੂੰ ਜਵਾਨੀ ਵੇਲੇ ਕੋਈ ਵੀ ਮੰਨਣ ਨੂੰ ਤਿਆਰ ਨਹੀਂ ਹੁੰਦਾ। ਮੰਨਦਾ ਉਦੋਂ ਹੀ ਹੈ ਜਦੋਂ ਇਸ ਸੱਚਾਈ ਨਾਲ ਉਸਨੂੰ ਦੋ-ਚਾਰ ਹੋਣਾ ਪੈਂਦਾ ਹੈ। ਜਵਾਨੀ ਵੇਲੇ ਤਾਂ ਇਸ ਅਵਸਥਾ ਦਾ ਚਿੱਤ-ਚੇਤਾ ਵੀ ਨਹੀਂ ਹੁੰਦਾ। ਬੰਦਾ ਚਾਰ-ਚਾਰ ਪੁੱਤਾਂ ਦੀਆਂ ਵਧਾਈਆਂ ਲੈ ਕੇ ਫੁੱਲਿਆ ਨਹੀਂ ਸਮਾਉਂਦਾ ਕਿ ਚਹੁੰ ਪੁੱਤਾਂ ਦੇ ਹੁੰਦਿਆਂ ਬੁਢਾਪਾ ਕਿਵੇਂ ਨੇੜੇ ਢੁੱਕ ਜਾਊ ਭਲਾ! ਜਦੋਂ ਉਹੀ ਪੁੱਤ ਬਜ਼ੁਰਗਾਂ ਦੀ ਸਾਂਭ-ਸੰਭਾਲ ਲਈ ਸਮਾਂ-ਸੀਮਾ ਬੰਨ੍ਹਦੇ ਹਨ ਤਾਂ ਸੋਝੀ ਆਉਂਦੀ ਹੈ ਕਿ ਜ਼ਿੰਦਗੀ 'ਚ ਕੀ ਖੱਟਿਆ ਤੇ ਕੀ ਗਵਾਇਆ। ਦਰਅਸਲ ਇਹ ਵਰਤਾਰਾ ਕਿਸੇ ਦਾ ਪੈਦਾ ਕੀਤਾ ਹੋਇਆ ਨਹੀਂ, ਇਹ ਜੀਵਨ ਸ਼ੈਲੀ ਸਾਡੀ ਖ਼ੁਦ ਦੀ ਈਜਾਦ ਕੀਤੀ ਹੋਈ ਹੈ। ਸਿੱਧਾ-ਸਾਦਾ ਅਰਥ ਹੈ, ਜੇ ਭੋਇੰ 'ਤੇ ਰਿੜ੍ਹਦਾ ਬਚਪਨ ਜਵਾਨ ਹੋ ਕੇ ਜਵਾਨੀ ਦੀ ਮੰਜੀ 'ਤੇ ਬਹਿ ਗਿਆ ਜਾਂ ਲੇਟ ਗਿਆ ਹੈ ਤਾਂ ਉਸ ਭੋਇੰ ਬਨਾਮ ਬੁਢਾਪੇ ਨੂੰ ਨੇੜੇ ਹੀ ਕਲਪਨਾ ਚਾਹੀਦਾ ਹੈ, ਜ਼ਿਆਦਾ ਦੂਰ ਨਹੀਂ।

ਬੁਢਾਪਾ ਇਕ ਅਜਿਹੀ ਬਿਮਾਰੀ ਹੈ, ਜਿਸਦਾ ਕੋਈ ਇਲਾਜ ਨਹੀਂ। ਇਹ ਆ ਕੇ ਜਾਂਦਾ ਨਹੀਂ। ਇਸ ਰੋਗ ਨੂੰ ਮਾਣਿਆ ਜਾਵੇ ਤਾਂ ਚੰਗਾ, ਭੋਗਿਆ ਜਾਵੇ ਤਾਂ ਮੰਦਾ। ਇਹ ਵੀ ਇਕ ਸੱਚਾਈ ਹੈ ਕਿ ਅਸੀਂ ਜੋ ਕੁਝ ਵੀ ਕਰਦੇ ਹਾਂ, ਕਿਸੇ ਸੁਆਰਥ ਅਧੀਨ ਹੀ ਕਰਦੇ ਹਾਂ। ਨਿਰਸੁਆਰਥ ਕਰਨ ਵਾਲਾ ਪੂਜਣਯੋਗ ਬਣ ਜਾਂਦਾ ਹੈ। ਆਪਣਾ ਪਿਛਲਾ ਵੇਲਾ ਸੰਵਾਰਨ ਲਈ ਬੰਦਾ ਕਈ ਪਾਪੜ ਵੇਲਦਾ ਹੈ। ਸਾਰੀ ਉਮਰ ਠੱਗੀਆਂ-ਠੋਰੀਆਂ, ਲੁੱਟ-ਘਸੁੱਟ, ਭ੍ਰਿਸ਼ਟਾਚਾਰ ਅਤੇ ਮਾਰ-ਧਾੜ ਕਰ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਧਨ ਜਮ੍ਹਾਂ ਕਰਦਾ ਹੈ। ਜੇ ਕਿਧਰੇ ਮਰਨ ਤੋਂ ਬਾਅਦ ਧਨ-ਦੌਲਤ ਅਤੇ ਜਾਇਦਾਦ 'ਤੇ ਕੰਟਰੋਲ ਕਰਨ ਦੀ ਕੁਦਰਤ ਦੇ ਕਾਨੂੰਨ 'ਚ ਕੋਈ ਵਿਵਸਥਾ ਕੀਤੀ ਹੁੰਦੀ ਤਾਂ ਦੁਨੀਆ ਦੇ ਰੰਗ ਹੀ ਵੱਖਰੇ ਹੋਣੇ ਸਨ। ਗੁਰੂ ਸਾਹਿਬਾਨ ਨੇ ਜੀਵਨ ਕਾਲ ਨੂੰ ਪਾਣੀ ਦੇ ਇਕ ਬੁਲਬਲੇ ਦੀ ਤਸ਼ਬੀਹ ਦਿੱਤੀ ਹੈ ਪਰ ਸਭ ਤੋਂ ਵੱਧ ਰਿਸ਼ਤੇ ਹੰਢਾਉਂਦਾ ਮਨੁੱਖ ਸਭ ਤੋਂ ਵੱਧ ਦੁਖੀ ਹੈ। ਖੋਹ-ਖਿੰਜ ਦੀ ਲੱਗੀ ਦੌੜ ਦੀ ਕੋਈ ਮੰਜ਼ਿਲ ਨਹੀਂ ਹੈ। ਆਪਣੇ-ਆਪ ਨੂੰ ਜਿੱਤਣ ਵਾਲਾ ਸਭ ਤੋਂ ਵੱਡਾ ਬਹਾਦਰ ਅਤੇ ਗਿਆਨੀ ਹੁੰਦਾ ਹੈ। ਅਸੀਂ ਆਪਣੇ-ਆਪ ਨੂੰ ਦਇਆਵਾਨ, ਦਾਨੀ ਤੇ ਸੇਵਾਦਾਰ ਹੋਣ ਦਾ ਢੌਂਗ ਰਚ ਰਹੇ ਹਾਂ। ਚੰਗੀਆਂ ਸਹੂਲਤਾਂ ਵਾਲੇ ਬਿਰਧ ਘਰ ਖੋਲ੍ਹ ਰਹੇ ਹਾਂ। ਜੇ ਬੁਢਾਪੇ ਨੇ ਬਿਰਧ ਘਰਾਂ ਵਿਚ ਹੀ ਰੁਲਣਾ ਹੈ, ਫਿਰ ਆਪਣੇ ਹੱਥੀਂ ਬਣਾਏ ਮਹਿਲ ਕਿਸ ਲਈ, ਐਨੇ ਰਿਸ਼ਤੇ ਕਿਸ ਵਾਸਤੇ?

ਜਦ ਮਾਪੇ ਬੱਚਿਆਂ ਨੂੰ ਪਾਲ-ਪੋਸ ਕੇ ਇੰਨਾ ਵੱਡਾ ਕਰਦੇ ਹਨ ਤਾਂ ਬੱਚਿਆਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਵੀ ਉਨ੍ਹਾਂ ਦੇ ਬੁਢਾਪੇ ਨੂੰ ਰੁਲਣ ਨਾ ਦੇਣ। ਇਹ ਦੋਵੇਂ ਅਵਸਥਾਵਾਂ ਹੀ ਸਹਾਰੇ 'ਤੇ ਨਿਰਭਰ ਕਰਦੀਆਂ ਹਨ। ਇਹ ਸਮਝਣਾ ਬਹੁਤ ਜ਼ਰੂਰੀ ਹੈ। ਅਕਸਰ ਸੁਣਨ ਨੂੰ ਮਿਲਦਾ ਹੈ ਕਿ ਬੁਢਾਪਾ ਸ਼ਕਾਇਤਾਂ ਬਹੁਤ ਕਰਦਾ ਹੈ। ਕਰੇਗਾ, ਇਹ ਉਸਦਾ ਹੱਕ ਹੈ ਕਿਉਂਕਿ ਬੁਢਾਪੇ ਨੇ ਬਚਪਨ ਨੂੰ ਬਹੁਤ ਕੁਝ ਦਿੱਤਾ ਹੈ।

ਸਭ ਤੋਂ ਪਹਿਲਾਂ ਆਪਣੇ ਖ਼ੂਨ ਨਾਲ ਬੂਟਾ ਲਾਇਆ ਹੈ, ਫਿਰ ਸਿੰਜਿਆ ਹੈ। ਉਸ ਤੋਂ ਬਾਅਦ ਸੰਭਾਲਿਆ ਹੈ। ਫਿਰ ਬੁਢਾਪਾ ਸਾਂਭਦੇ ਤੁਸੀਂ ਆਪਣੇ-ਆਪ ਨੂੰ ਹੀ ਸੰਭਾਲ ਰਹੇ ਹੋ। ਕਿਸੇ ਸੰਸਥਾ ਵੱਲੋਂ ਜਾਂ ਸਰਕਾਰੀ ਤੌਰ 'ਤੇ ਮਾਂ ਅਤੇ ਬਜ਼ੁਰਗ ਦਿਵਸ ਮਨਾ ਕੇ ਵਾਹ-ਵਾਹ ਖੱਟਣੀ ਫੋਕੀ ਹਾਉਮੈ ਨੂੰ ਪੱਠੇ ਪਾਉਣ ਵਾਲੀ ਗੱਲ ਹੈ ਆਪਣੇ ਘਰ ਵਿਚ ਬਜ਼ੁਰਗ ਸਾਂਭ ਲਓ, ਢੌਂਗ ਕਰਨ ਦੀ ਲੋੜ ਨਹੀਂ ਰਹੇਗੀ।

ਨਿੱਤ ਅਖ਼ਬਾਰਾਂ ਵਿਚ ਪੜ੍ਹਨ ਅਤੇ ਟੈਲੀਵਿਜ਼ਨ 'ਤੇ ਵੇਖਣ ਨੂੰ ਮਿਲਦਾ ਹੈ, ਫਲਾਣੀ ਜਗ੍ਹਾ ਜਾਇਦਾਦ ਲਈ ਪੁੱਤ ਨੇ ਪਿਓ ਦਾ ਗਲ਼ਾ ਘੁੱਟ ਦਿੱਤਾ, ਮਾਂ ਘੋਟਣਾ ਮਾਰ ਕੇ ਮਾਰ ਦਿੱਤੀ, ਧੀਆਂ ਨੇ ਪਿਤਾ ਨੂੰ ਲੁੱਟ ਕੇ ਘਰੋਂ ਕੱਢ ਦਿੱਤਾ। ਅਨੇਕ ਖ਼ਬਰਾਂ ਸਾਡੇ ਅਖੌਤੀ ਸੱਭਿਅਕ ਸਮਾਜ ਦਾ ਚਿਹਰਾ ਨੰਗਾ ਕਰਦੀਆਂ ਹਨ। ਕੀ ਮਾਂ-ਬਾਪ ਇਹ ਦਿਨ ਵੇਖਣ ਲਈ ਹੀ ਔਲਾਦ ਪੈਦਾ ਕਰਦੇ ਤੇ ਸੰਭਾਲਦੇ ਹਨ? ਜੇ ਬੱਚੇ ਕਿਸੇ ਵੀ ਸੁਹਿਰਦ ਸਮਾਜ ਦੀ ਨੀਂਹ ਅਤੇ ਉਮੀਦ ਹੁੰਦੇ ਹਨ ਤਾਂ ਬਜ਼ੁਰਗ ਕੀਮਤੀ ਸਰਮਾਇਆ, ਜਿਸ ਨੂੰ ਸੰਭਾਲਣ ਦੀ ਜ਼ਰੂਰਤ ਹੈ। ਕੋਈ ਬਜ਼ੁਰਗ ਆਪਣੀ ਸਾਂਭ-ਸੰਭਾਲ ਲਈ ਅਦਾਲਤ ਦਾ ਦਰਵਾਜ਼ਾ ਖੜਕਾਏ, ਉੱਚੇ ਰੁਤਬਿਆਂ 'ਤੇ ਬਿਰਾਜਮਾਨ ਤੇ ਖਾਂਦੇ-ਪੀਂਦੇ ਧੀਆਂ-ਪੁੱਤਰਾਂ ਦੇ ਮਾਂ-ਬਾਪ ਦੀ ਕੀੜੇ ਪੈ ਕੇ ਮਰਨ ਦੀ ਨੌਬਤ ਆ ਜਾਵੇ। ਫਿਰ ਉਨ੍ਹਾਂ ਨੂੰ ਸਰਕਾਰੀ ਕਮਿਸ਼ਨ ਅੱਗੇ ਪੇਸ਼ ਹੋ ਕੇ ਸ਼ਰਮਸਾਰ ਹੋਣਾ ਪਵੇ, ਆਧੁਨਿਕ ਸਮਾਜ ਵਿਚ ਇਸ ਤੋਂ ਵੱਡੀ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ। ਕੀ ਅਸੀਂ ਅਜੋਕੇ ਸ਼ਬਦ, 'ਕੇਅਰ ਟੇਕਰ' ਦੀ ਥਾਂ ਆਪ ਆਪਣੇ ਬਜ਼ੁਰਗ ਦੀ ਕੇਅਰ ਨਹੀਂ ਕਰ ਸਕਦੇ?, ਕੀ ਤੁਹਾਡੇ ਮਾਤਾ-ਪਿਤਾ ਨੇ ਤੁਹਾਨੂੰ ਕਿਸੇ ਦੇ ਸਹਾਰੇ

ਛੱਡਿਆ ਸੀ? ਹਾਂ, ਜੇ ਛੱਡਿਆ ਸੀ ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਆਪਣਾ ਬੀਜਿਆ ਆਪ ਹੀ ਵੱਢਣਾ ਪੈਂਦਾ ਹੈ। ਅੱਠ-ਦਸ ਪੋਤਿਆਂ ਦੇ ਦਾਦੇ ਨੂੰ ਹਸਪਤਾਲ 'ਚ ਪਏ ਨੂੰ ਖ਼ੂਨ ਦਾ ਤੁਪਕਾ ਨਾ ਮਿਲੇ, ਫਿਰ ਉਸਦੇ ਮਰਨ ਮਗਰੋਂ ਭੋਗ ਵੇਲੇ ਜਸ਼ਨ ਮਨਾਉਣਾ, ਵਰ੍ਹੀਣੇ ਕਰਨੇ, ਸਰਾਧ ਕਰਨੇ ਕਿਧਰ ਦੀ ਸਾਂਭ-ਸੰਭਾਲ ਹੈ? ਅਖੇ, 'ਪੰਜ ਪੁੱਤ ਪੰਦਰਾਂ ਪੋਤਰੇ ਫਿਰ ਵੀ ਬਾਬਾ ਘਾਹ ਖੋਤਰੇ'।

ਸ਼ਾਇਦ ਅਸੀਂ ਭੁੱਲਦੇ ਹਾਂ ਕਿ ਇਸ ਮਿੱਟੀ ਦੇ ਮਾਲਕ ਬਦਲ ਜਾਂਦੇ ਹਨ, ਇਸ ਨੂੰ ਚੁੱਕ ਕੇ ਕੋਈ ਕਿਧਰੇ ਨਹੀਂ ਲਿਜਾ ਸਕਿਆ। ਦੌਲਤ ਦੇ ਦਾਅਵੇਦਾਰ ਇਸ ਮਿੱਟੀ 'ਚ ਹੀ ਮਿਲੇ ਹਨ। ਵਰਤਮਾਨ ਨੂੰ ਜਸ਼ਨ ਵਾਂਗ ਮਾਣਨਾ ਸਿੱਖੋ।

ਕਦੀ ਬਜ਼ੁਰਗ ਘਰਾਂ ਦੇ ਜੰਦਰੇ ਅਖਵਾਉਂਦੇ ਸਨ ਪਰ ਅੱਜ ਬਦਲ ਚੁੱਕੀਆਂ ਸਮਾਜਿਕ ਕਦਰਾਂ-ਕੀਮਤਾਂ ਦੀ ਵਜ੍ਹਾ ਕਰਕੇ ਜੰਦਰੇ ਰੁਲ਼ ਰਹੇ ਹਨ। ਇਨ੍ਹਾਂ ਜਿੰਦਰਿਆਂ ਨੂੰ ਸਾਂਭਣ ਦੀ ਲੋੜ ਹੈ। ਬੁਢਾਪਾ ਸਭ 'ਤੇ ਆਉਣਾ ਹੈ। ਇਹ ਸਮਝਣਾ ਬਹੁਤ ਜ਼ਰੂਰੀ ਹੈ। ਜਿੰਨਾ ਜ਼ਰੂਰੀ ਬਚਪਨ ਸਾਂਭਣਾ ਹੈ ਓਨਾ ਹੀ ਬੁਢਾਪਾ। ਆਓ, ਆਪਣੀ ਸੋਚ ਅਜਿਹੀ ਬਣਾਈਏ ਕਿ ਬੁਢਾਪੇ ਨੂੰ ਮਾਣਿਆ ਜਾ ਸਕੇ, ਬੁਢਾਪਾ ਸਰਾਪ ਨਾ ਲੱਗੇ। ਜ਼ਰੂਰੀ ਨਹੀਂ ਕਿ ਪੁੱਤ ਹੀ ਬਜ਼ੁਰਗਾਂ ਦੀ ਸੇਵਾ ਕਰਦੇ ਹਨ, ਸੇਵਾ ਤਾਂ ਚੰਗੀ ਸੋਚ ਵਾਲੀ ਔਲਾਦ ਹੀ ਕਰਦੀ ਹੈ, ਉਹ ਪੁੱਤ ਹੋਵੇ ਜਾਂ ਧੀ।

ਸਿਆਣਪਾਂ ਦੇ ਪੈਂਦੇ ਨੇ ਮੁੱਲ

ਸਭ ਦਰਵਾਜ਼ੇ ਬੰਦ ਹੋ ਜਾਣ 'ਤੇ ਬੁੱਢੇ ਬੰਦੇ ਦੀ ਸਿਆਣਪ ਹੀ ਕੰਮ ਆਉਂਦੀ ਹੈ। 'ਸੌ ਬੱਕਰਾ, ਸੌ ਬਰਾਤੀ' ਵਾਲੀ ਕਹਾਣੀ ਤੁਸੀਂ ਸਭ ਨੇ ਸੁਣੀ ਹੋਵੇਗੀ। ਉਹ ਕਿਸੇ ਅਜਿਹੇ ਬਜ਼ੁਰਗ ਦੀ ਸਿਆਣਪ ਦਾ ਹੀ ਨਮੂਨਾ ਹੈ।

Posted By: Harjinder Sodhi