ਪੁਰਾਣੇ ਸਮਿਆਂ ਵਿਚ ਲੋਕ ਸਾਫ਼ ਦਿਲ, ਸਾਦੇ ਹੁੰਦੇ ਸਨ, ਆਮ ਸਧਾਰਨ ਕੱਪੜੇ ਪਹਿਨਦੇ, ਸਾਦਾ ਖਾਂਦੇ ਸਨ। ਹੱਥੀਂ ਕੰਮ ਕਰਦੇ ਰਿਸ਼ਤੇਦਾਰੀਆਂ ਵਿਚ ਆਪਸੀ ਪਿਆਰ, ਮੁਹੱਬਤ ਹੁੰਦੀ ਸੀ। ਇਕ ਦੂਜੇ ਦੀ ਮਦਦ ਕਰਦੇ, ਕੋਈ ਈਰਖਾ ਮਾੜਾਪਣ, ਨਫ਼ਰਤ ਦੀ ਭਾਵਨਾ ਨਹੀਂ ਹੁੰਦੀ ਸੀ, ਪ੍ਰੰਤ ੂ ਸਾਇੰਸ ਦੀ ਕੀਤੀ ਤਰੱਕੀ ਨੇ ਕੰਮਕਾਰ ਕਰਨ ਵਿੱਚ ਤੇਜੀ ਲਿਆਂਦੀ ਹੈ। ਟੀ.ਵੀ. ਇੰਟਰਨੈੱਟ ਨੇ ਜ਼ਿੰਦਗੀ ਸੌਖੀ ਤਾਂ ਕਰ ਦਿੱਤੀ ਹੈ ਪ੍ਰੰਤੂ ਲੋਕਾਂ ਵਿਚ ਝੂਠੀ ਮੁਕਾਬਲੇਬਾਜ਼ੀ, ਈਰਖਾ, ਨਫ਼ਰਤ, ਮਾਰਕੁੱਟ ਲੜਾਈ ਝਗੜਿਆਂ ਦੀ ਸ਼ੁਰੂਆਤ ਕਰ ਦਿੱਤੀ ਹੈ। ਲੋਕ ਅੱਜ ਕੱਲ੍ਹ ਝੂਠੀ ਬਣਾਉਟੀ ਜ਼ਿੰਦਗੀ ਜਿਊਣ ਦੇ ਆਦੀ ਹੋ ਗਏ ਹਨ। ਬਾਹਰੋਂ ਸੁੰਦਰ ਸਜਾਵਟੀ, ਝੂਠੀ ਚਕਾਚੌਂਧ ਦੇਖ ਕੇ ਹਰੇਕ ਚਮਕਦੀ ਚੀਜ਼ ਨੂੰ ਸੋਨਾ ਸਮਝ ਰਹੇ ਹਨ। ਹਰੇਕ ਇਨਸਾਨ ਚਾਹੇ ਉਹ ਬੁੱਢਾ ਹੈ, ਬੱਚਾ ਹੈ, ਝੂਠੀ ਮ੍ਰਿਗ ਤ੍ਰਿਸ਼ਨਾ ਵਾਂਗ, ਪਰੇਸ਼ਾਨ ਦੌੜਿਆ ਫਿਰਦਾ ਹੈ, ਜਿਸ ਤਰ੍ਹਾਂ ਹਿਰਨ ਪਾਣੀ ਦੀ ਭਾਲ ਵਿਚ ਮਾਰੂਥਲ ਵਿਚ ਸੂਰਜ ਦੀਆਂ ਕਿਰਨਾਂ ਨਾਲ ਰੇਤ 'ਤੇ ਪੈਂਦੀ ਚਮਕ ਨੂੰ ਪਾਣੀ ਸਮਝ ਕੇ ਅੱਗੇ ਤੋਂ ਅੱਗੇ ਭੱਜਿਆ ਜਾਂਦਾ ਹੈ, ਪਾਣੀ ਨਹੀਂ ਮਿਲਦਾ? ਇਸ ਮ੍ਰਿਗ ਤ੍ਰਿਸ਼ਨਾ ਕਾਰਨ ਆਪਣੀ ਜਾਨ ਗਵਾ ਬੈਠਦਾ ਹੈ।

ਇਸੇ ਤਰ੍ਹਾਂ ਪਵਿੱਤਰ ਰਮਾਇਣ ਦੀ ਕਥਾ ਵਿਚ ਆਉਂਦਾ ਹੈ ਕਿ ਕਿਸ ਤਰ੍ਹਾਂ ਮਾਤਾ ਸੀਤਾ ਨੇ ਇਕ ਹਿਰਨ ਨੂੰ ਜੋ ਰਾਵਣ ਨੇ ਛੱਲ ਕਪਟ ਨਾਲ ਸੁਨਹਿਰੀ ਬਣਾ ਦਿੱਤਾ ਸੀ, ਮਾਤਾ ਸੀਤਾ ਨੇ ਭਗਵਾਨ ਰਾਮ ਨੂੰ ਮਜਬੂਰ ਕੀਤਾ ਕਿ ਉਸ ਲਈ ਸੁਨਹਿਰੀ ਹਿਰਨ ਪਕੜ ਕੇ ਲਿਆਉਣ, ਨਤੀਜਾ? ਭਗਵਾਨ ਰਾਮ ਤੇ ਲਕਸ਼ਮਣ ਦੇ ਚਲੇ ਜਾਣ ਬਾਅਦ ਰਾਵਣ ਨੇ ਸੀਤਾ ਦਾ ਹਰਨ ਕਰ ਲਿਆ ਸੀ। ਇਕ ਕਹਾਣੀ ਵਿਚ ਆਉਂਦਾ ਹੈ ਕਿ ਇਕ ਬਾਰਾਂਸਿੰਗੇ ਨੂੰ ਆਪਣੇ ਲੰਬੇ ਤਿੱਖੇ ਸੁੰਦਰ ਸਿੰਗਾਂ 'ਤੇ ਮਾਣ ਹੁੰਦਾ ਸੀ ਪ੍ਰੰਤੂ ਆਪਣੀਆਂ ਲੰਮੀਆਂ ਲੱਤਾਂ ਤੇ ਪੈਰਾਂ ਕਾਰਨ ਬੜਾ ਦੁਖੀ ਹੁੰਦਾ ਸੀ, ਇਕ ਦਿਨ ਕੁਝ ਜੰਗਲੀ ਕੁੱਤੇ, ਭੇੜੀਏ, ਬਾਰਾਂਸਿੰਗਾਂ ਦੇ ਮਗਰ ਪੈ ਗਏ, ਆਪਣੀਆਂ ਲੰਬੀਆਂ ਲੱਤਾਂ ਕਾਰਨ ਬਾਰਾਸਿੰਗਾਂ ਬੜੀ ਤੇਜ਼ ਭੱਜਿਆ, ਪ੍ਰੰਤੂ ਉਸ ਦੇ ਲੰਬੇ ਸਿੰਗ ਇਕ ਝਾੜੀ ਵਿਚ ਫਸ ਗਏ - ਲੱਖ ਯਤਨ ਕਰਨ 'ਤੇ ਵੀ ਉਹ ਆਪਣੇ ਫਸੇ ਸਿੰਗਾਂ ਨੂੰੰ ਝਾੜੀ ਵਿੱਚੋਂ ਕੱਢ ਨਹੀਂ ਸਕਿਆ ਤੇ ਅਖੀਰ ਕੁੱਤਿਆਂ ਨੇ ਉਸ ਨੂੰ ਮਾਰ ਦਿੱਤਾ ਸੀ। ਇਸੇ ਤਰ੍ਹਾਂ ਹੀ ਅੱਜ ਕੱਲ੍ਹ ਲੋਕ ਬਾਹਰਲੀ ਸਜਾਵਟ ਹੀ ਦੇਖਦੇ ਹਨ। ਗੁਣਾਂ ਵੱਲ ਧਿਆਨ ਨਹੀਂ ਦਿੰਦੇ ਅੰਤ ਧੋਖਾ ਖਾ ਬੈਠਦੇ ਹਨ?

ਰਿਸ਼ਤੇਦਾਰੀਆਂ ਕਰਨ ਸਮੇਂ ਵੀ ਡਰਾਮੇਬਾਜ਼ੀ, ਫੋਕੀ ਸ਼ੋਸ਼ੇਬਾਜ਼ੀ, ਹੰਕਾਰ ਕਾਰਨ ਲੋਕਾਂ ਨੇ ਵਿਆਹ ਸ਼ਾਦੀ ਦੀ ਪਵਿੱਤਰ ਰਸਮ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ- ਜਦ ਲੜਕੇ ਵਾਲੇ ਲੜਕੀ ਦੇਖਣ ਲਈ ਆਉਂਦੇ ਹਨ।

ਬਹੁਤ ਘੱਟ ਲੋਕ ਹੀ ਹਨ, ਜੋ ਲੜਕੀ ਲੜਕੇ ਦੀ ਦੇਖਾ-ਦਿਖਾਈ ਧਾਰਮਿਕ ਸਥਾਨ ਜਾਂ ਪਾਰਕ ਵਿਚ ਘੱਟ ਹੀ ਕਰਦੇ ਹਨ, ਬਾਹਰ ਮਹਿੰਗੇ ਹੋਟਲਾਂ ਵਿਚ ਕਰਦੇ ਹਨ। ਲੜਕੀ ਨੂੰ ਸੁੰਦਰ ਦਿਖਾਉਣ ਲਈ ਜਾਂ ਵਿਆਹ ਦੀ ਰਸਮ ਸਮੇਂ ਪਹਿਲਾਂ ਮਹਿੰਗੇ ਤੋਂ ਮਹਿੰਗਾ ਬਿਊਟੀ ਪਾਰਲਰ ਬੁੱਕ ਕਰਦੇ ਹਨ- ਆਪਣੇ ਚਿਹਰੇ 'ਤੇ ਕਈ ਤਰ੍ਹਾਂ ਦੇ ਕੈਮੀਕਲ, ਪਾਊਡਰ ਕਰੀਮਾਂ ਆਦਿ ਲਾ ਕਿ ਅਸਲ ਸੁੰਦਰਤਾ ਤੇ ਬਣਾਉਟੀ ਮੇਕਅਪ ਦੀ ਪਰਤ ਚੜ੍ਹਾ ਲੈਂਦੇ ਹਨ, ਸ਼ੈਕਸਪੀਅਰ ਦੇ ਕਹਿਣ ਮੁਤਾਬਕ 'ਈਸ਼ਵਰ ਨੇ ਤੁਹਾਨੂੰ ਕੇਵਲ ਇਕ ਚਿਹਰਾ ਦਿੱਤਾ ਹੈ, ਪ੍ਰੰਤੂ ਸੁੰਦਰ ਨਜ਼ਰ ਆਉਣ ਲਈ ਕਰੀਮਾਂ ਪਾਊਡਰ ਲਾ ਕੇ ਤੁਸੀਂ ਅਸਲ ਸੁੰਦਰ ਚਿਹਰੇ ਨੂੰ ਨਕਲੀ ਬਣਾ ਲੈਂਦੇ ਹੋ' ਲੜਕਾ ਲੜਕੀ ਦੇ ਰਿਸ਼ਤੇ ਦੇਖਣ ਸਮੇਂ ਬੱਚਿਆਂ ਦੇ ਗੁਣਾਂ ਵੱਲ ਧਿਆਨ ਨਹੀਂ ਦੇਣਗੇ- ਡਰਾਮੇਬਾਜ਼ੀ ਕਰਦੇ ਹਨ- 'ਜੇ ਲੜਕੀ ਦਾ ਕੱਦ ਮੁੰਡੇ ਤੋਂ ਦੋ ਇੰਚ ਘੱਟ ਹੈ, ਕੁੜੀ ਕੁੱਝ ਸਾਂਵਲੀ ਹੈ, ਮਾੜੀ ਜਿਹੀ ਮੋਟੀ ਹੈ ਆਦਿ ਪੰਜਾਹ ਤਰ੍ਹਾਂ ਦੀ ਡਰਾਮੇਬਾਜ਼ੀ ਕਰਦੇ ਹਨ- ਲੜਕੀ ਲੜਕੇ ਵਿਚ ਚਾਹੇ 100 ਗੁਣ ਹੋਣ ਮਾੜੀ ਜਿਹੀ ਕਮੀ ਕਾਰਨ ਰਿਸ਼ਤੇ ਠੁਕਰਾ ਦਿੰਦੇ ਹਨ।

ਇਸੇ ਤਰ੍ਹਾਂ ਵਿਆਹ ਦੀ ਰਸਮ ਨੂੰ ਡਰਾਮੇਬਾਜ਼ੀ ਵਿਚ ਬਦਲ ਕੇ ਰੱਖ ਦਿੱਤਾ ਗਿਆ ਹੈ, ਫੋਕੇ ਦਿਖਾਵੇ, ਸ਼ਾਦੀ ਲਈ ਮਹਿੰਗੇ ਤੋਂ ਮਹਿੰੰਗਾ ਮੈਰਿਜ ਪੈਲੇਸ ਬੁੱਕ ਕਰਦੇ ਹਨ, 50 ਤੋਂ 150 ਤਕ ਖਾਣ ਪੀਣ ਦੇ ਸਟਾਲ ਲਾਉਣਗੇ? ਅਧਨੰਗੇ ਕੱਪੜਿਆਂ ਵਿਚ ਸਟੇਜ 'ਤੇ ਅਸ਼ਲੀਲ ਗਾਣਿਆਂ ਤੇ ਪਰਿਵਾਰ ਵਾਲੇ ਨੱਚਦੇ ਹਨ। ਕਈ ਨੌਜਵਾਨ ਬਜ਼ੁਰਗ ਵੀ ਹੱਥ ਵਿਚ ਸ਼ਰਾਬ ਦੇ ਪੈਗ ਫੜ ਕਿ ਸਟੇਜ 'ਤੇ ਨੱਚਣ ਵਾਲੀਆਂ ਨਾਲ ਪੁੱਠਾ ਸਿੱਧਾ ਨੱਚਦੇ ਹਨ, ਰੁਪਇਆਂ, ਨੋਟਾਂ ਦੀ ਵਰਖਾ ਕਰੀ ਜਾਣਗੇ? ਕਈ ਹੰਕਾਰੇ ਹੋਏ ਸ਼ਰਾਬ ਵਿਚ ਡੱਕੇ ਬੰਦੂਕ ਪਿਸਤੌਲ ਨਾਲ ਫਾਇਰ ਕਰੀ ਜਾਂਦੇ ਹਨ। ਅਧਨੰਗੇ ਕੱਪੜਿਆਂ ਵਿਚ ਵਿਚਾਰੀਆਂ ਲੜਕੀਆਂ, ਵੇਟਰ ਸ਼ਰਾਬ ਵਰਤਾ ਰਹੀਆਂ ਹੁੰਦੀਆਂ ਹਨ, ਅੱਜ ਕੱਲ੍ਹ ਕੋਈ ਵਿਰਲਾ ਹੀ ਘਰੋਂ ਲੜਕੀ ਦੀ ਡੋਲੀ ਤੋਰਦਾ ਹੈ- ਮੈਰਿਜ ਪੈਲੇਸ ਤੋਂ ਹੀ ਵਿਦਾਈ/ ਡੋਲੀ ਦੀ ਰਸਮ ਅਦਾ ਕਰ ਦਿੱਤੀ ਜਾਂਦੀ ਹੈ। ਲੜਕੀ ਨੇ ਮਹਿੰਗਾ ਮੇਕਅਪ ਕੀਤਾ ਹੁੰਦਾ ਹੈ, ਉਹ ਵਿਚਾਰੀ ਇਸ ਡਰ ਕਰਕੇ ਵਿਦਾਈ ਸਮੇਂ ਰੋਂਦੀ ਨਹੀਂ ਕਿਤੇ ਮੇਰਾ ਮੇਕਅੱਪ ਹੀ ਖ਼ਰਾਬ ਨਾ ਹੋ ਜਾਵੇ। ਕਈ ਪਰਿਵਾਰ ਕਰਜ਼ੇ ਚੱਕ ਕੇ ਰਿਸ਼ਤੇਦਾਰਾਂ ਨੂੰ ਫੋਕੇਬਾਜ਼ੀ, ਆਕੜ ਦਿਖਾÀਣ ਕਾਰਣ ਕਰਜੇ ਚੁੱਕਦੇ ਹਨ, ਜ਼ਮੀਨਾਂ ਗਹਿਣੇ ਰੱਖਦੇ ਹਨ। ਮੇਰੀ ਲੋਕਾਂ ਨੂੰ ਖ਼ਾਸਕਰ ਨੌਜਵਾਨ ਲੜਕੇ/ ਲੜਕੀਆਂ ਨੂੰ ਤੇ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨੂੰ ਬੇਨਤੀ ਹੈ ਕਿ ਸਾਦੇ ਵਿਆਹ ਸ਼ਾਦੀਆਂ ਕਰੋ। ਸਾਦੀ ਜ਼ਿੰਦਗੀ ਪਹਿਲਾਂ ਆਪ ਅਪਣਾਓ। ਫਿਰ ਲੋਕਾਂ ਨੂੰ ਪ੍ਰੇਰਿਤ ਕਰੋ।

ਚਾਣੱਕਿਆ ਜੋ ਰਾਜਨੀਤੀਕਾਰ ਤੇ ਫਿਲਾਸਫਰ ਸੀ- ਕਿਹਾ ਕਰਦਾ ਸੀ, 'ਇਨਸਾਨ ਨੂੰ ਸਾਦਾ ਰਹਿਣਾ ਸਾਦਾ ਭੋਜਨ ਖਾਣਾ ਤੇ ਸਾਦੇ ਕੱਪੜੇ ਪਹਿਨਣ ਤੋਂ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ।' ਸਾਦੇ ਜੀਵਨ ਦੀ ਉਦਾਹਰਣ ਗੋਆ ਦੇ ਸਾਬਕਾ ਮੁੱਖ ਮ ੰਤਰੀ ਤੇ ਸਾਬਕਾ ਕੇਂਦਰੀ ਮੰਤਰੀ ਸਵਰਗਵਾਸੀ ਸ਼੍ਰੀ ਮਨੋਹਰ ਪਾਟੀਕਰ - ਜੋ ਹਮੇਸ਼ਾ ਸਾਦੀ ਜ਼ਿੰਦਗੀ ਜਿਊਂਦੇ ਸਨ ਉਨ੍ਹਾਂ ਨੇ ਆਪਣੇ ਲੜਕੇ ਦੇ ਵਿਆਹ ਸਮੇਂ ਬਿਲਕੁਲ ਸਾਦੀ ਕਮੀਜ਼, ਪੈਂਟ, ਚੱਪਲ ਹੀ ਪਾਈ ਹੋਈ ਸੀ। ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਸਾਦੀ ਜ਼ਿੰਦਗੀ ਜਿਊਣਾ ਪਸੰਦ ਕਰਦੇ ਸਨ। ਸਾਬਕਾ ਰਾਸ਼ਟਰਪਤੀ ਡਾ. ਅਬਦੁੱਲ ਕਲਾਮ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਲਾਲ ਬਹਾਦਰ ਸ਼ਾਸਤਰੀ ਵੀ ਸਾਦਾ ਜੀਵਨ ਪਸੰਦ ਕਰਦੇ ਹਨ। ਇਸ ਝੂਠੀ ਬਨਾਉਟੀਪੁਣੇ ਨੇ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ਿਆ।

ਗੁਰਦਵਾਰਿਆਂ, ਮੰਦਿਰਾਂ ਵਿਚ ਪੁਰਾਤਨ ਇਤਿਹਾਸਕ ਨਿਸ਼ਾਨੀਆਂ ਨਸ਼ਟ ਕਰ ਕੇ ਆਧੁਨਿਕਤਾ ਦੇ ਨਾਂ 'ਤੇ ਖ਼ਤਮ ਕੀਤੀਆਂ ਜਾ ਰਹੀਆਂ ਹਨ। ਪਾਲਕੀ ਸਾਹਿਬ, ਗੁਬੰਦ, ਦਰਵਾਜ਼ੇ ਸੋਨੇ ਦੇ ਬਣ ਰਹੇ ਹਨ ਪ੍ਰੰਤੂ ਦੇਖਾਦੇਖੀ ਲੋਕ ਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ, ਸਿੱਖਿਆ ਤੋਂ ਸਬਕ ਲੈਣ ਦੀ ਬਜਾਏ ਆਕੜਖੋਰ, ਹੰਕਾਰੇ ਹੋਏ ਫਿਰਦੇ ਹਨ। ਗੁਰੂ ਘਰ ਦੀਆਂ ਗੋਲਕਾਂ 'ਤੇ ਕਬਜ਼ੇ ਲਈ ਕਿਰਪਾਨਾਂ ਚਲ ਰਹੀਆਂ ਹਨ, ਦਸਤਾਰਾਂ ਸਿਰੋਂ ਲੱਥ ਰਹੀਆਂ ਹਨ। ਧਾਰਮਿਕ ਅਸਥਾਨ ਪੱਥਰਾਂ/ ਟਾਇਲਾਂ ਤੇ ਸੋਨੇ ਦੇ ਗੁੰਬਦਾਂ ਕਾਰਨ ਜ਼ਰੂਰ ਸੁੰਦਰ ਲੱਗ ਰਹੇ ਹਨ ਪਰ ਸੰਗਤ ਵਿਚ ਦਿਲੋਂ ਸ਼ਰਧਾ ਘੱਟ ਰਹੀ ਹੈ। ਪੰਜਾਬ ਤੇ ਹੋਰਾਂ ਰਾਜਾਂ ਵਿਚ ਡੇਰੇ ਵੱਧ ਰਹੇ ਹਨ- ਵੱਡੇ-ਵੱਡੇ ਡੇਰਿਆਂ ਦੇ ਸੰਤ ਮਹਾਤਮਾ ਆਪਣੇ ਆਪ ਨੂੰ ਖ਼ੁਦ ਹੀ 1008 ਜਾਂ ਮਹਾਂਪੁਰਸ਼ਾਂ ਦੇ ਨਾਂ ਦੇ ਰਹੇ ਹਨ। ਲਾਈਲੱਗ ਲੋਕ ਉਨ੍ਹਾਂ ਦੇ ਮਗਰ ਲੱਗ ਕੇ ਆਪਣੇ ਪੈਸਿਆਂ ਤੇ ਸਮੇਂ ਦੀ ਬਰਬਾਦੀ ਕਰ ਰਹੇ ਹਨ। ਵੋਟਾਂ ਦੀ ਰਾਜਨੀਤੀ ਕਾਰਨ ਰਾਜਸੀ ਲੋਕ ਇਨ੍ਹਾਂ ਡੇਰਿਆਂ ਨੂੰ ਵੋਟ ਬੈਂਕ ਲਈ ਆਪਣੀ ਸਰਪ੍ਰਸਤੀ ਦਿੰਦੇ ਹਨ। ਠੀਕ ਹੈ ਕੁਝ ਕੁ ਡੇਰੇ ਲੋਕਾਂ ਨੂੰ ਠੀਕ ਸਿੱਖਿਆ ਦੇ ਰਹੇ ਹਨ- ਪ੍ਰੰਤੂ ਜ਼ਿਆਦਾਤਰ ਡੇਰਿਆਂ ਦੇ ਮੁਖੀ ਲੋਕਾਂ ਨੂੰ ਮੂਰਖ ਬਣਾ ਕੇ ਆਪਣਾ ਉੱਲੂ ਸਿੱਧਾ ਕਰਦੇ ਹਨ। ਆਪ ਕਰੋੜਾਂ ਦੀਆਂ ਆਲੀਸ਼ਾਨ ਕਾਰਾਂ ਵਿਚ ਘੁੰਮਦੇ ਤੇ ਸ਼ਾਹੀ ਜ਼ਿੰਦਗੀ ਜਿਊਂਦੇ ਹਨ। ਕਈ ਡੇਰਿਆਂ ਡੇਰਿਆਂ ਦੇ ਮੁਖੀ ਜੋ ਖੁਦ ਨੂੰ ਭਗਵਾਨ ਦੱਸਦੇ ਸਨ, ਜਬਰ ਜਿਨਾਹ, ਹੱਤਿਆਂ ਤੇ ਜਾਲਸਾਜ਼ੀ ਦੇ ਕੰਮਾਂ ਵਿਚ ਜੇਲ੍ਹਾਂ ਦੀ ਹਵਾ ਖਾ ਰਹੇ ਹਨ।

ਸੰਤ ਰੈਦਾਸ ਜੀ ਦੇ ਬੋਲ ਹਨ, 'ਜੇ ਕਰ ਤੁਹਾਡਾ ਮਨ ਪਵਿੱਤਰ, ਸਾਫ਼ ਹੈ, ਤੁਹਾਨੂੰ ਕਿਸੇ ਧਾਰਮਿਕ ਸਥਾਨ-ਡੇਰਿਆਂ 'ਤੇ ਜਾ ਕਿ ਮੱਥੇ ਟੇਕਣ ਦੀ ਲ ੋੜ ਨਹੀਂ।' ਇਸ ਲਈ ਸੰਗਤ ਨੂੰ ਚਾਹੀਦਾ ਹੈ- ਸੱਚ ਨੂੰ ਪਹਿਚਾਣੋ। ਸੱਚੇ ਗੁਰੁ ਦੇ ਮਗਰ ਲੱਗੋ, ਉਨ੍ਹਾਂ ਦੀ ਦਿੱਤੀ ਸਿੱਖਿਆ ਮੁਤਾਬਿਕ ਜ਼ਿੰਦਗੀ ਜੀਵੋ।

ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ' ੴ ਸਤਿਗੁਰੂ ਪ੍ਰਸਾਦਿ£ ਮਨ ਮੈਲੇ ਸਭ ਕਿਛੁ ਮੈਲਾ, ਤਨਿ ਧੋਤਾ ਮਨੁ ਹਛਾ ਨ ਹੋਇ£ ਭਾਵ ਪਵਿੱਤਰ ਉਹ ਨਹੀਂ? ਜੋ ਆਪਣੇ ਸਰੀਰ ਨੂੰ ਨਹਾ ਧੋ ਕੇ, ਧਾਰਮਿਕ ਚਿੰਤਾ ਨਾਲ ਆਪਣਾ ਸਰੀਰ ਸ਼ਿੰਗਾਰ ਕੇ ਆਪਣੇ ਆਪ ਨੂੰ ਮਹਾਨ ਸਮਝਦੇ ਹਨ, ਪਵਿੱਤਰ ਉਹ ਵਿਅਕਤੀ ਹੈ ਜਿਸਦਾ ਅੰਦਰਲਾ ਭਾਵ ਆਤਮਾ ਸਾਫ਼ ਹੁੰਦੀ ਹੈ। ਤੁਸੀਂ ਆਪਣੇ ਆਲੇ ਦੁਆਲੇ ਹੀ ਨਜ਼ਰ ਮਾਰ ਲਓ।

ਘਰਾਂ ਵਿਚ ਪੌਸ਼ਟਿਕ ਵਿਟਾਮਿਨ ਵਾਲਾ ਖਾਣਾ ਖਾਣ ਦੀ ਬਜਾਏ ਬਾਹਰੋਂ ਜਮੈਟੋ ਤੇ ਸਵਿਗੀ ਵਰਗੀਆਂ ਹੋਰ ਕਈ ਫੂਡ ਕੰਪਨੀਆਂ/ ਹੋਟਲਾਂ ਤੋਂ ਖਾਣਾ ਮੰਗਾਉਣ ਵਿਚ ਆਪਣੀ ਟੌਹਰ ਸਮਝਦੇ ਹਨ। ਡੱਬਾਬੰਦ ਜੂਸ-ਦੁੱਧ-ਪਨੀਰ ਆਪ ਤੇ ਬੱਚਿਆਂ ਨੂੰ ਪਰੋਸਦੇ ਹਨ। ਇਸੇ ਕਰਕੇ ਦਿਨੋ ਦਿਨ ਬਿਮਾਰੀ ਵੱਧ ਰਹੀਆਂ ਹਨ, ਕਮਜ਼ੋਰ ਸੁੱਕੇ ਬੱਚੇ ਆਮ ਦੇਖੇ ਜਾ ਸਕਦੇ ਹਨ- ਛੋਟੇ-ਛੋਟੇ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਇਸੇ ਬਨਾਉਟੀ ਨਕਲੀ ਖਾਣੇ ਕਾਰਨ ਹੀ ਲੱਗ ਰਹੀਆਂ ਹਨ। ਛੋਟੇ-ਛੋਟੇ ਬੱਚੇ ਬੱਚੀਆਂ ਨੂੰ ਨਜ਼ਰ ਦੀਆਂ ਐਨਕਾਂ ਲੱਗੀਆਂ ਹਨ।

ਬੱਚੇ ਟੀ.ਵੀ., ਮੋਬਾਈਲ ਇੰਟਰਨੈੱਟ ਦੀ ਠੀਕ ਵਰਤੋਂ ਘੱਟ ਕਰਦੇ ਹਨ- ਗੰਦ ਮੰਦ ਦੇਖਦੇ ਹਨ। ਨਤੀਜਾ ਬੱਚੇ ਵਿਗੜ ਰਹੇ ਹਨ। ਕਈ ਸਕੂਲਾਂ ਵਿਚ ਟੀਨਏਜਰ ਲੜਕੇ ਲੜਕੀਆਂ ਹਰਕਤਾਂ ਕਰਦੇ ਹਨ, ਸਕੂਲ ਤੇ ਮਾਪਿਆਂ ਦੀ ਬਦਨਾਮੀ ਕਰਵਾÀੁਂਦੇ ਹਨ।

ਅਸੀਂ ਖ਼ੁਦ ਹੀ ਆਪਣੇ ਗੁਰੁ ਸਾਹਿਬਾਨ ਦੀ ਪਵਿੱਤਰ ਬਾਣੀ ਤੋਂ ਦੂਰ ਹੋ ਰਹੇ ਹਾਂ। ਜਦ ਮਾਂ-ਬਾਪ ਆਪ ਹੀ ਭਟਕਣ ਵਾਲੀ ਜ਼ਿੰਦਗੀ ਜੀਣ ਦੇ ਆਦੀ ਹੋ ਸੁੰਦਰ ਦਿਖਣ ਲਈ ਅਧਨੰਗੇ, ਭੜਕੀਲੇ ਕੱਪੜੇ ਪਾਉਂਦੇ ਹਨ, ਡੱਬਾਬੰਦ ਖਾਣੇ ਖਾਂਦੇ ਹਨ, ਬੱਚਿਆਂ ਨਾਲ ਟੀ.ਵੀ, ਤੇ ਚੱਲ ਰਹੇ ਅਸ਼ਲੀਲ ਸ਼ੋਅ ਦੇਖਦੇ ਹਨ ਫਿਰ ਉਹ ਬੱਚਿਆਂ ਨੂੰ ਕਿਸ ਮੂੰਹ ਨਾਲ ਅਜਿਹਾ ਕਰਨ ਤੋਂ ਰੋਕਣਗੇ? ਅੱਜ ਕੱਲ੍ਹ ਮਾਂ-ਬਾਪ, ਪਤੀ-ਪਤਨੀ ਵਿਚ ਲੜਾਈ ਝਗੜੇ, ਖ਼ੁਦਕੁਸ਼ੀਆਂ ਵੱਧ ਰਹੀਆਂ ਹਨ, ਅਦਾਲਤਾਂ ਵਿਚ ਪਤੀ-ਪਤਨੀ ਦੀ ਮਾਰਕੁੱਟ, ਤਲਾਕ ਦੇ ਕੇਸ ਵੱਧ ਰਹੇ ਹਨ- ਪਰਿਵਾਰ ਬਰਬਾਦ ਹੋ ਰਹੇ ਹਨ- ਇਸ ਦਾ ਕਾਰਨ ਸਾਡੀ ਡਰਾਮੇਬਾਜ਼ੀ, ਬਨਾਉਟੀਪੁਣੇ ਤੇ ਵੱਧ ਰਿਹਾ ਗੁੱਸਾ/ ਈਰਖਾਪੁਣੇ ਦੀ ਜ਼ਿੰਦਗੀ ਜਿਊਣਾ ਹੈ।

ਜ਼ਿੰਦਗੀ ਵਿਚ ਸਾਦਾਪਨ ਤੇ ਨਿਮਰਤਾ ਲਿਆਉਣ ਲਈ ਨਸ਼ਿਆਂ ਤੇ ਮ੍ਰਿਗ ਤ੍ਰਿਸ਼ਨਾ ਵਾਲੀ ਬਨਾਉਟੀ ਜ਼ਿੰਦਗੀ ਦਾ ਤਿਆਗ ਜ਼ਰੂਰੀ ਹੈ। ਪਹਿਲਾਂ ਮਾਂ-ਬਾਪ ਆਪਣੇ ਆਪ ਨੂੰ ਸੁਧਾਰਣ, ਫਿਰ ਬੱਚਿਆਂ ਨੂੰ ਸਾਦੀ ਜ਼ਿੰਦਗੀ ਜਿਊਣ ਦੇ ਫ਼ਾਇਦੇ ਦੱਸਣ। ਗੁਰੂ ਸਾਹਿਬਾਨ ਦੀ ਸਿੱਖਿਆ'ਤੇ ਚੱਲਣ ਦੀ ਸਿੱਖਿਆ ਦੇ ਕੇ ਸਮਝਾਉਣ ਕਿ ਹਰੇਕ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ।

- ਸੁਰਜੀਤ ਸਿੰਘ ਫੱੱਕਰ

9889020614

Posted By: Harjinder Sodhi