ਦਾਨਸ਼ਵਰਾਂ ਦਾ ਪ੍ਰਸਿੱਧ ਕਥਨ ਹੈ ਕਿ ਮਨੁੱਖ ਸਮਾਜਕ ਪ੍ਰਾਣੀ ਹੈ। ਪਰਿਵਾਰ ਹੀ ਉਸ ਦੀਆਂ ਮੂਲ ਲੋੜਾਂ ਦੀ ਪੂਰਤੀ ਕਰਦਾ ਹੈ। ਪਰਿਵਾਰ ਹੀ ਉਸ ਨੂੰ ਭੰਨਦਾ, ਘੜਦਾ ਅਤੇ ਸੰਵਾਰਦਾ ਹੈ। ਫਿਰ ਸਮਾਜ 'ਚ ਉਹ ਪਲਰਦਾ, ਵਿਕਸਦਾ ਅਤੇ ਨਿਸਰਦਾ ਹੈ। ਸਮਾਜ ਹੀ ਉਸ ਦੀਆਂ ਭਾਈਚਾਰਕ, ਆਰਥਕ, ਸਮਾਜਕ ਅਤੇ ਨੈਤਿਕ ਗਤੀ-ਵਿਧੀਆਂ ਦਾ ਦਿਸ਼ਾ-ਸੂਚਕ ਵੀ ਹੁੰਦਾ ਹੈ ਅਤੇ ਭਾਗੀਦਾਰ ਵੀ ਹੁੰਦਾ ਹੈ। ਚੰਗੀ, ਸੁਚੱਜੀ ਅਤੇ ਅਨੁਭਵੀ ਸੰਭਾਲ ਹੀ ਘੜਦੀ ਏ ਆਦਰਸ਼ ਇਨਸਾਨ। ਕਹਾਵਤ ਹੈ 'ਇਕੱਲਾ ਨਾ ਹੋਵੇ ਰੁੱਖ ਵੇ'। ਭਾਵ ਇਕਾਂਤ 'ਚ ਉੱਗਿਆ ਰੁੱਖ ਏਨਾ ਉਪਯੋਗੀ ਨਹੀਂ ਹੁੰਦਾ। ਕੋਈ ਨਹੀਂ ਮਾਣਦਾ ਅਜਿਹੇ ਰੁੱਖ ਦੀ ਛਾਂ। ਛਾਂਦਾਰ ਰੁੱਖਾਂ ਦੀ ਇਕੱਠੀ ਅਤੇ ਸੰਘਣੀ ਛਾਂ ਥੱਲੇ ਹੀ ਸਭਾਵਾਂ ਲੱਗਦੀਆਂ, ਸਜਦੀਆਂ ਅਤੇ ਸ਼ੋਭਦੀਆਂ। ਵਾਤਾਵਰਨ ਸ਼ਾਂਤ ਅਤੇ ਸੁੱਖਦਾਈ। ਸਗੋਂ ਰੱਬੀ-ਰਹਿਮਤ ਭਰਿਆ। ਜੰਗਲੀ ਜਾਨਵਰ ਅਤੇ ਪਸ਼ੂ ਵੀ ਦਰੱਖ਼ਤਾਂ ਦੀ ਛਾਂ 'ਚ ਬੈਠ ਕੇ ਅਤੇ ਪੰਛੀ ਡਾਲੀਆਂ 'ਤੇ ਬਹਿ ਕੇ, ਨਾ ਕੇਵਲ ਆਪਣੇ ਜੀਵਨ ਨੂੰ ਰੋਚਕ ਬਣਾਉਂਦੇ ਹਨ, ਸਗੋਂ ਮਨੁੱਖ ਨੂੰ ਵੀ ਸਾਂਝ ਜਿਹੀ ਵਾਸਤਵਿਕਤਾ ਦਾ ਸਾਰ ਸਮਝਾਉਂਦੇ ਹਨ। ਪੰਛੀਆਂ ਦੀ ਸਾਂਝੀ ਚਹਿਚਹਾਟ, ਇਕਾਂਤ ਦੀ ਉਪਰਾਮਤਾ ਨੂੰ ਦੂਰ ਕਰ ਕੇ, ਸਾਂਝੀ ਰਾਗਨੀ ਗਾਉਣ ਦੇ ਮਹੱਤਵ ਨੂੰ ਦਰਸਾਉਂਦੀ ਹੈ।

ਇਕਾਂਤ ਦਾ ਮਹੱਤਵ

'ਇਕੱਲਾ ਅੱਜ ਆਉਣ ਵਾਲੇ ਦੋ ਦਿਨਾਂ ਦੇ ਬਰਾਬਰ ਹੁੰਦਾ ਹੈ'। ਸੋਚਦਾ ਹਾਂ, ਕਿਵੇਂ ਕਰਾਂ 'ਇਕਾਂਤ' ਨੂੰ ਪ੍ਰੀਭਾਸ਼ਤ? 'ਸਰੀਰ ਇਕੱਲਾ ਹੋਵੇ, ਮਨ ਵੀ ਕੇਵਲ ਇਕ ਵਿਚਾਰ 'ਤੇ ਕੇਂਦ੍ਰਿਤ ਹੋਵੇ, ਦ੍ਰਿਸ਼ਟੀਗੋਚਰ ਹੋਵੇ, ਮਨੁੱਖ ਆਸ-ਪਾਸ ਵਾਪਰਨ ਵਾਲੀਆਂ ਘਟਨਾਵਾਂ ਅਤੇ ਵਾਤਾਵਰਨ ਤੋਂ ਬੇਨਿਆਜ਼ ਹੋਵੇ, ਬਸ 'ਰਾਂਝਾ ਯਾਰ ਬਗ਼ਲ 'ਚ ਖੇਲੇ' ਵਾਲੀ ਸਥਿਤੀ ਹੋਵੇ ਤਾਂ ਨਿਸ਼ਚੇ ਹੀ ਅਜਿਹੀ ਇਕਾਗਰਤਾ ਵਾਲੀ ਦ੍ਰਿਸ਼ਟੀ ਨੂੰ 'ਇਕਾਂਤ' ਗਰਦਾਨਿਆ ਜਾ ਸਕਦਾ ਹੈ। ਇਕਾਂਤ ਦਰਸਾਉਂਦੀ ਏ ਕਿ ਵਿਅਕਤੀ ਭਾਵਨਾਵਾਂ ਪੱਖੋਂ ਲਸੂੜੇ ਦੀ ਲੇਸ ਤਰ੍ਹਾਂ ਆਪਣੇ ਆਪ ਨਾਲ ਜੁੜਿਆ ਹੋਵੇ।

ਵਿਦਵਾਨਾਂ ਦੇ ਵਿਚਾਰ

ਇਕਾਂਤ ਜਿਹੀ ਅਵਸਥਾ ਬਾਰੇ, ਵਿਚਾਰਵਾਨਾਂ ਦੇ ਵੱਖਰੇ-ਵੱਖਰੇ ਵਿਚਾਰ ਹਨ। 'ਅਧਿਐਨ ਕਰਦੇ ਸਮੇਂ, ਭਾਵੇਂ ਮਨੁੱਖ ਇਕੱਲਾ ਹੋਵੇ, ਪਰ ਖੰਡਿਤ ਬਿਰਤੀ ਅਤੇ ਸੁਰਤੀ ਹੋਣ ਕਾਰਨ, ਉਹ ਨਾ ਤਾਂ ਮਨ-ਭਾਉਂਦਾ ਗਿਆਨ ਪ੍ਰਾਪਤ ਕਰ ਸਕਦਾ ਹੈ ਅਤੇ ਨਾ ਹੀ ਮਾਨਸਿਕ ਸੰਤੁਸ਼ਟੀ। ਵਿਚਲਿਤ ਮਨ ਦੀ ਅਵਸਥਾ ਸਮਝੋ ਕੌਡੀਉਂ ਖੋਟੀ। ਇਕਾਂਤ ਬਾਰੇ ਇਕ ਹੋਰ ਵਿਦਵਾਨ ਦੇ ਵਿਚਾਰ ਨੇ ਕਿ ਦੁਨੀਆ ਵਿਚ ਸਭ ਤੋਂ ਸ਼ਕਤੀਸ਼ਾਲੀ ਉਹ ਮਨੁੱਖ ਹੁੰਦਾ ਹੈ, ਜਿਹੜਾ ਸਭ ਤੋਂ ਵਧ ਇਕਾਗਰ ਚਿਤ ਹੋ ਕੇ ਇਕੱਲਾ ਪੜ੍ਹਦਾ ਹੈ। ਮਾਨਸਿਕ ਟਿਕਾਊ ਹੁੰਦਿਆਂ, ਜੇ ਵਿਚਾਰਾਂ 'ਤੇ ਕੇਂਦ੍ਰਿਤ ਹੋ ਕੇ, ਇਕਾਗਰਤਾ ਅਤੇ ਇਕਸੁਰਤਾ ਜਿਹੀ ਪ੍ਰਵਿਰਤੀ ਬਣੀ ਰਹੇ, ਤਾਂ ਸੱਚ-ਮੁੱਚ ਸੋਨੇ 'ਤੇ ਸੁਹਾਗੇ ਵਾਲਾ ਕੰਮ ਹੈ। 'ਭੀੜ' ਬਿਰਤੀ ਖੰਡਿਤ ਹੋਣ ਦਾ ਸਰੋਤ ਹੈ ਜਦੋਂ ਕਿ ਇਕਾਂਤ ਮਾਨਸਿਕ ਪ੍ਰਵਿਰਤੀਆਂ ਦੀ ਇਕਸੁਰਤਾ ਅਤੇ ਇਕਾਗਰਤਾ ਦੀ ਪ੍ਰਤੀਕ ਹੈ। ਬੜਾ ਸਾਰਥਕ ਕਥਨ ਏ ਇਕ ਦਾਰਸ਼ਨਿਕ ਦਾ,'ਭੀੜ 'ਚ ਮਖਮਲੀ ਗੱਦੀ 'ਤੇ ਬੈਠਣ ਨਾਲੋਂ, ਇਕ ਕੱਦੂ ਉਪਰ ਇਕੱਲਾ ਬੈਠਣਾ, ਵਧੇਰੇ ਪਸੰਦ ਕਰਾਂਗਾ'।

ਭਾਵਨਾਤਮਕ ਪੱਖ

ਇਕਾਂਤ ਅਵਸਥਾ ਨਾਲ ਭਾਵਨਾਤਮਿਕ ਪੱਖੋਂ ਜੁੜੇ ਵਿਅਕਤੀ ਲਈ ਭੀੜ ਭੜੱੱਕੇ ਅਤੇ ਰੋਲੇ-ਗੌਲੇ ਵਾਲੀ ਸਥਿਤੀ ਕੁਝ ਹੱਦ ਤਕ ਦੁੱਖਦਾਈ ਸਿੱਧ ਹੁੰਦੀ ਹੈ। ਇਕਾਂਤ ਤਾਂ ਹੁੰਦੀ ਹੈ ਉਸ ਦੇ ਮਾਨਸਿਕ ਸਕੂਨ ਦੀ ਪ੍ਰਤੀਕ। ਇਕਾਂਤ ਹੀ ਪ੍ਰਤੀਕ ਏ ਅਤੇ ਸਰੋਤ ਹੈ ਇਲਾਹੀ ਸਰੂਰ ਦਾ। ਇਕਮਿੱਕਤਾ, ਇਕਸੁਰਤਾ, ਇਕਸਾਰਤਾ ਅਤੇ ਇਕਾਗਰਤਾ ਜਿਹੀਆਂ ਰਹਿਮਤਾਂ, ਤਾਂ ਹੁੰਦੀਆਂ ਹਨ ਅਜਿਹੇ ਵਿਅਕਤੀ ਦੀਆਂ ਬਾਂਦੀਆਂ। ਜੋਤ ਇਕ ਜੋਤੀ ਇਕ, ਜਿਹੀ ਅਵਸਥਾ।

ਜੀਵਨ-ਜਾਚ ਦੇ ਗਹਿਰੇ ਟੋਏ-ਟਿੱਬਿਆਂ 'ਚੋਂ, ਜਾਂ ਫਿਰ ਛੱਲਾਂ ਮਾਰਦੇ ਸਾਗਰਾਂ 'ਚੋਂ, ਜੇ ਕੋਈ ਵਿਅਕਤੀ ਅਨਮੋਲ ਅਤੇ ਸੁੱਖਦਾਈ ਹੀਰੇ-ਪੰਨੇ ਟਟੋਲ ਲਿਆਉਂਦਾ ਹੈ ਤਾਂ ਨਿਸ਼ਚੇ ਹੀ ਉਸ ਨੂੰ ਇਕ ਆਦਰਸ਼ ਮਨੁੱਖ ਗਰਦਾਨਿਆ ਜਾ ਸਕਦਾ ਹੈ। ਇਕਾਂਤਵਾਦ 'ਚ ਇਕ ਇਹ ਵੀ ਗੁਣਵਤਾ ਹੈ ਕਿ ਵਿਅਕਤੀ ਆਪਣਾ ਪੱਲੂ ਕੁੰਜ ਕੇ ਰੱਖੇ। ਸੰਸਾਰਕ ਪਦਾਰਥ ਅਤੇ ਮਾਇਕ ਸੁਵਿਧਾਵਾਂ ਅਜਿਹੇ ਵਿਅਕਤੀ ਲਈ ਵਿਅਰਥ ਹੀ ਹਨ।

ਮੇਰੇ ਵਿਚਾਰ 'ਚ ਜੇ ਕਿਸੇ ਇਕਾਂਤਵਾਦੀ ਵਿਅਕਤੀ ਨੂੰ, ਸੰਸਾਰਕ ਪਦਾਰਥਾਂ ਦੇ ਚੱਕਰ 'ਚ ਘਸੀਟ ਲਿਆਂਦਾ ਜਾਏ, ਤਾਂ ਉਹ ਉਸੇ ਤਰ੍ਹਾਂ ਖ਼ਤਮ ਹੋ ਜਾਵੇਗਾ ਜਿਵੇਂ ਸਮੁੰਦਰ 'ਚ ਰਹਿਣ ਵਾਲੀ ਇਕ ਵਿਸ਼ੇਸ਼ ਪ੍ਰਕਾਰ ਦੀ ਮੱਛੀ, ਪਾਣੀ ਦੇ ਤਲ 'ਤੇ ਲਿਆਉਂਦੇ ਟੁਕੜੇ-ਟੁਕੜੇ ਹੋ ਜਾਂਦੀ ਹੈ।'

ਆਮ ਤੌਰ 'ਤੇ ਸ਼ਾਂਤ-ਚਿੱਤ ਵਿਅਕਤੀ, ਧੀਰਜ ਅਤੇ ਸਹਿਜ ਅਵਸਥਾ 'ਚ ਰਹਿਣ ਵਾਲੇ ਵਿਅਕਤੀ, ਸਾਊ, ਨਿਮਰ, ਦ੍ਰਿੜ੍ਹ-ਸੰਕਲਪ ਅਤੇ ਆਤਮ-ਵਿਸ਼ਵਾਸੀ ਵਿਅਕਤੀ, ਸਮਾਜਕ ਅਡੰਬਰਾਂ ਅਤੇ ਆਕਰਸ਼ਕ ਦਿਲਜੋਈਆਂ ਦੀ ਪਕੜ-ਜਕੜ ਤੋਂ ਦੂਰ ਹੀ ਰਹਿਣ ਦੇ ਉਪਰਾਲੇ ਕਰਦੇ ਹਨ। ਉਨ੍ਹਾਂ ਦੇ ਜੀਵਨ-ਜਾਚ ਦੀ ਸੋਚ, ਨਿੱਗਰ ਅਤੇ ਠੋਸ ਧਰਾਤਲ 'ਤੇ ਟਿਕੇ ਹੋਣ ਕਾਰਨ ਅਨੂਠੀ ਹੁੰਦੀ ਹੈ। ਸਮਾਜਕ ਜਾਂ ਪਰਿਵਾਰਕ ਮਾਣ-ਸਨਮਾਨ ਦੀ ਕਲਗੀ ਵੀ, ਉਨ੍ਹਾਂ ਵਿਚ ਅਹੰਕਾਰ ਲਿਆ ਕੇ, ਉਨ੍ਹਾਂ ਦੀ ਇਕਾਂਤ-ਬਿਰਤੀ ਨੂੰ ਵਿਚਲਿਤ ਨਹੀਂ ਕਰ ਸਕਦੀ।

ਇਕਾਂਤ ਦੀ ਕਿਹੋ ਜਿਹੀ ਅਵਸਥਾ ਲੋਚ ਰਹੇ ਨੇ ਭਾਈ ਵੀਰ ਸਿੰਘ :

'ਮੇਰੀ ਛਿਪੇ ਰਹਿਣ ਦੀ ਚਾਹ

ਤੇ ਛਿਪ ਟੁਰ ਜਾਣ ਦੀ

ਹਾਂ ਪੂਰੀ ਹੁੰਦੀ ਨਾਂਹ

ਮੈਂ ਤਰਲੇ ਲੈ ਰਿਹਾ।'

ਸਭ ਤੋਂ ਤੇਜ਼ ਮੁਸਾਫਿਰ

ਕਿਪਲਿੰਗ ਦਾਰਸ਼ਨਿਕ ਦਾ ਵਿਚਾਰ ਹੈ, 'ਉਹ ਸਭ ਤੋਂ ਤੇਜ਼ ਸਫ਼ਰ ਕਰਦਾ ਹੈ, ਜਿਹੜਾ ਇਕੱਲਾ ਸਫ਼ਰ ਕਰਦਾ ਹੈ।' ਮਹਾਤਮਾ ਬੁੱਧ ਨੇ ਵੀ ਕਿਹਾ ਸੀ, ਸੰਸਾਰ ਦੁੱਖਾਂ ਦਾ ਘਰ ਹੈ। ਇਨ੍ਹਾਂ ਦੁੱਖਾਂ ਦਾ ਕਾਰਨ ਵਾਸ਼ਨਾਵਾਂ ਹਨ। ਸਮਾਜ 'ਚ ਰਹਿੰਦਿਆਂ, ਨਾ ਤਾਂ ਵਾਸ਼ਨਾਵਾਂ ਨੂੰ ਮਾਰਿਆ ਜਾ ਸਕਦਾ ਹੈ ਅਤੇ ਨਾ ਹੀ ਉਨ੍ਹਾਂ ਤੋਂ ਬਚਿਆ ਜਾ ਸਕਦਾ ਹੈ। ਹਾਂ, ਇਕਾਂਤਵਾਦ ਮਾਨਸਿਕ ਸੰਤੁਸ਼ਟੀ ਦਾ ਕਾਰਨ ਜ਼ਰੂਰ ਹੈ। ਵੇਖੋ, ਇਕ ਹੋਰ ਸਾਰਥਕ ਕਥਨ, 'ਮੈਨੂੰ ਅਣਦੇਖੇ, ਅਣਜਾਣੇ ਹੀ ਜਿਉਣ ਦਿਉੁ। ਬਿਨ ਰੋਏ ਹੀ ਮੈਨੂੰ ਮਰਨ ਦਿਉ।'

ਇਕਾਂਤਵਾਦ ਬਾਰੇ, ਪ੍ਰੋਫ਼ੈਸਰ ਮੋਹਨ ਸਿੰਘ ਦੇ ਕਥਨ ਦੀ ਸਾਰਥਿਕਤਾ ਵੇਖੋ,

'ਉਹ ਕੀ ਬੰਦਾ,

ਚੰਗਾ ਜਾਂ ਮੰਦਾ

ਰੱਖ ਨਾ ਸਕੇ ਜੋ

ਸਭ ਦੁਨੀਆ ਤੋਂ

ਵੱਖਰਾ ਆਪਣਾ

ਆਪਾ-ਕਲ ਕਲਾਪਾ'!

ਇਕ ਬਹੁਤ ਹੀ ਮਹੱਤਵਪੂਰਨ ਦਾਰਸ਼ਨਿਕ, ਇਕਾਂਤ ਦੇ ਮਹੱਤਵ ਦੀ ਇਸ ਤਰ੍ਹਾਂ ਪੁਸ਼ਟੀ ਕਰਦਾ ਹੈ,'ਚੰਗਾ ਹੁੰਦਾ ਜੇ ਮੈਂ ਜੰਗਲੀ ਫੁੱਲ ਹੁੰਦਾ। ਖਿੜਦਾ, ਮਰਝਾਉਂਦਾ ਅਤੇ ਸੁੱਕ-ਸੜ ਜਾਂਦਾ। ਵਾਸਵਿਕਤਾ ਇਹ ਹੈ ਕਿ ਵਿਅਕਤੀ ਸਮਾਜਿਕ ਪੀੜਾਂ ਦੇ ਪਰਾਗੇ ਭੁੰਨਣ ਤੋਂ ਨਾਬਰ ਏ।

'ਬੁਰੀ ਸੰਗਤ ਨਾਲੋਂ ਇਕੱਲਾ ਚੰਗਾ' ਸੁਚੱਜੀ ਜੀਵਨ -ਜਾਚ ਦੇ ਰੇੜਕੇ 'ਚੋਂ ਉਪਜੀ ਸਚਾਈ ਹੈ।

ਸੋਚਦਾ ਹਾਂ, ਜੇ ਸਮਾਜ 'ਚ ਰਹਿ ਕੇ ਵਿਅਕਤੀ ਨੇ ਭੜਥੂ ਪਾਉਣਾ ਹੈ, ਵਾਤਾਵਰਨ ਪ੍ਰਦੂਸ਼ਿਤ ਕਰਨਾ ਹੈ, ਨੈਤਿਕਤਾ ਦੀ ਖਿੱਲੀ ਉਡਾਉਣੀ ਏ, ਭਾਈਚਾਰਕ ਸਬੰਧਾਂ 'ਚ ਤ੍ਰੇੜਾਂ ਪਾਉਣੀਆਂ ਨੇ, ਵਿਸ਼ੇ-ਵਿਕਾਰਾਂ ਦਾ ਢੰਡੋਰਾ ਪਿੱਟਣਾ ਏ ਅਤੇ ਮਾਨਵੀ ਆਦਰਸ਼ਾਂ ਵੱਲ ਨੂੰ ਜਾਂਦੀਆਂ ਪਗਡੰਡੀਆਂ 'ਤੇ ਕੰਡੇ ਖਿਲਾਰਨੇ ਨੇ, ਫਿਰ ਅਜਿਹੇ ਅਮਾਨਵੀ ਕਾਰਿਆਂ ਨਾਲੋਂ ਮਨੁੱਖ ਇਕੱਲਾ ਹੀ ਭਲਾ। ਇਸ ਅਸਲੀਅਤ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ ਕਿ ਸਰੀਰਕ, ਮਾਨਸਿਕ ਅਤੇ ਨੈਤਿਕ ਪੱਖੋਂ ਹੋਸ਼ ਸੰਭਾਲਣ ਤਕ ਅਤੇ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਤਕ, ਮਨੁੱਖ ਨੂੰ ਸਮਾਜ ਦਾ ਰਿਣੀ ਹੋਣਾ ਪੈਂਦਾ ਹੈ। ਮਾਰੂਥਲਾਂ 'ਚ ਉੱਗਣ ਵਾਲੇ ਬੂਟੇ, ਬਿਨਾਂ ਦੇਖ ਭਾਲ ਦੇ ਸੁੱਕ-ਸੜ ਜਾਂਦੇ ਹਨ ਜਦੋਂ ਕਿ ਬਾਗ਼-ਬਗ਼ੀਚਿਆਂ 'ਚ ਉਗਣ ਵਾਲੇ ਗ਼ੁੰਚੇ ਮਹਿਕਦੇ ਤੇ ਟਹਿਕਦੇ ਹਨ। ਸੱਚ ਜਾਣੋ, ਗੋਡੀ ਨੂੰ ਲਗਦੀ ਏ ਡੋਡੀ। ਚੰਗੀ ਤਰ੍ਹਾਂ ਗੋਈ ਹੋਈ ਮਿੱਟੀ ਤੋਂ ਹੀ ਇਕ ਚੰਗਾ ਕਲਬੂਤ ਤਿਆਰ ਕੀਤਾ ਜਾ ਸਕਦਾ ਹੈ। ਠੀਕ ਕਹਿ ਰਿਹਾ ਏ ਸ਼ਾਇਰ,

ਏਕ ਪੱਥਰ ਕੀ ਤਕਦੀਰ

ਭੀ ਸੰਵਰ ਸਕਤੀ ਹੈ

ਸ਼ਰਤ ਯਹ ਹੈ ਕਿ ਉਸੇ

ਸਲੀਕੇ ਸੇ ਤਰਾਸ਼ਾ ਜਾਏ।

ਜੇ ਕੋਈ ਇਕਾਂਤਵਾਦ ਦੀ ਧੂਣੀ ਰਮਾਈ ਬੈਠਾ ਹੋਵੇ, ਨਿਸ਼ਚੇ ਹੀ ਉਹ ਕਿਸੇ ਵੀ ਰੂਪ 'ਚ ਸਵਾਰਥੀ ਜੀਵ ਹੋ ਸਕਦਾ ਹੈ।

ਹਾਂ, ਇਕਾਂਤ ਦੇ ਪਲ ਜ਼ਰੂਰ ਸਿਰਮੌਰ ਹਨ, ਜੋ ਸੰਸਾਰਕ ਜ਼ਹਿਮਤਾਂ ਨੂੰ ਰੱਬੀ ਰਹਿਮਤਾਂ 'ਚ ਬਦਲ ਦਿੰਦੇ ਹਨ।

ਦਿਲਦਾਰ ਤੇ ਇਕੱਲਤਾ

ਜੇ ਦਿਲਦਾਰ ਚੇਤਿਆਂ 'ਚ ਹੋਵੇ, ਫਿਰ ਇਕੱਲ ਨਾ ਚੁੱਭਦੀ ਹੈ ਤੇ ਨਾ ਹੀ ਅਖਰਦੀ ਸਗੋਂ ਸੁਖਾਵੀਂ ਅਤੇ ਸੁੱਖਦਾਈ ਲੱਗਦੀ ਹੈ। ਅਜਿਹੀ ਅਵਸਥਾ 'ਚ ਤਾਂ ਰੌਲਾ-ਗੌਲਾ ਅਤੇ ਸ਼ੋਰ-ਸ਼ਰਾਬਾ ਹੱਡ ਕੜਕਾਉਂਦਾ ਅਤੇ ਹੱਡ ਸਾੜਦਾ। ਇਕਾਂਤ ਅਵਸਥਾ 'ਚ ਸਭ ਤੋਂ ਵੱਡਾ ਦੋਸ਼ ਹੈ ਕਿ ਇਹ ਭਾਈਚਾਰਕ, ਪਰਿਵਾਰਕ ਅਤੇ ਸਮਾਜਕ ਲੋੜਾਂ ਦੀ ਪੂਰਤੀ ਨਹੀਂ ਕਰਦੀ। ਸਮਾਜਕ ਜੀਵਨ ਦੀਆਂ ਤੰਦਾਂ ਤਿੜਕੀਆਂ ਹੋਈਆਂ ਅਤੇ ਭਾਈਚਾਰਾ ਖੇਰੂੰ ਖੇਰੂੰ ਜਾਪਦੀਆਂ ਹਨ।ਨਿਰਸੰਦੇਹ ਬਹੁਤੀ ਵਾਰੀ, ਇਕਾਂਤ ਦੇ ਡਰਾਉਣੇ ਅਤੇ ਭਿਆਨਕ ਪਰਛਾਵੇਂ ਮਾਨਸਿਕ ਅਵਸਥਾ 'ਚ ਭੜਥੂ ਪਾਉਂਦੇ ਅਤੇ ਸ਼ਾਂਤ ਅਵਸਥਾ ਨੂੰ ਲਾਂਬੂ ਲਾਉਂਦੇ। ਮਾਨਸਿਕ ਸਥਿਰਤਾ ਦੀ ਥੰਮ੍ਹੀ ਡੋਲ ਜਾਂਦੀ ਏ। ਉਦਾਸੀਨਤਾ, ਨਿਰਾਸ਼ਤਾ ਅਤੇ ਉਪਰਾਮਤਾ ਜਿਹੀਆਂ ਪ੍ਰਵਿਰਤੀਆਂ, 'ਇਕਾਂਤ' ਪਲਾਂ ਨੂੰ ਵਧੇਰੇ ਦੁੱਖਦਾਈ ਬਣਾ ਦਿੰਦੀਆਂ ਹਨ।

ਬਿਰਤੀ-ਸੁਰਤੀ ਜੋੜੇ ਇਕਾਂਤ

ਹਾਂ, ਇਕਾਂਤ ਪਲਾਂ 'ਚ,ਜੇ ਸੱਚੀ ਲਿਵ ਲੱਗ ਜਾਏ, ਮਨ ਇਕਾਗਰ ਚਿੱਤ ਹੋਵੇ ਅਤੇ ਬਿਰਤੀ-ਸੁਰਤੀ ਜੁੜ ਜਾਏ ਸੱਚੀ ਦਰਗਾਹੇ, ਫਿਰ ਅਜਿਹੇ ਪਲ ਅਨਮੋਲ ਅਤੇ ਰੱਬੀ-ਰਹਿਮਤ ਵਾਲੇ ਹੁੰਦੇ ਹਨ। ਵਾਸਵਿਕਤਾ ਇਹ ਹੈ ਕਿ ਵਿਚਾਰਾਂ ਦੇ ਝੱਖੜ-ਝੋਲਿਆਂ 'ਚ, ਕਦੇ ਕਿਸੇ ਨੂੰ ਕੁਝ ਨਹੀਂ ਲੱਭਾ। ਅਜਿਹੀ ਅਵਸਥਾ 'ਚ ਇਕਾਗਰਤਾ ਦੀਆਂ ਮੇਢੀਆਂ ਖਿੰਡੀਆਂ-ਪੁੰਡੀਆਂ। ਸੁੱਖਾਂ-ਲੱਧਾ ਪਲ ਤੇ ਕੋਈ ਨਿਵੇਕਲਾ ਹੁੰਦਾ ਹੈ। ਪਰ ਚੇਤੇ ਰਹੇ ਮੁਸੀਬਤਾਂ, ਕਠਿਨਾਈਆਂ ਅਤੇ ਆਫ਼ਤਾਂ ਲਾਮ-ਡੋਰੀ ਬਣ ਕੇ ਆਉਂਦੀਆਂ ਹਨ।

- ਪਿੰਰ. ਜੋਗਿੰਦਰ ਸਿੰਘ

90506-80370

Posted By: Harjinder Sodhi