ਅਕਸਰ ਹੀ ਅਸੀਂ ਦੇਖਦੇ ਹਾਂ ਕਿ ਕਈ ਲੋਕ ਮੂੰਹ ਦੇ ਬਹੁਤ ਮਿੱਠੇ ਹੁੰਦੇ ਹਨ ਉਹ ਹਰ ਗੱਲ ਇਸ ਤਰ੍ਹਾਂ ਮਿਠਾਸ ਭਰੇ ਅੰਦਾਜ਼ ’ਚ ਕਰਦੇ ਹਨ ਕਿ ਸਾਨੂੰ ਲੱਗਦਾ ਹੈ ਕਿ ਇਸ ਤੋਂ ਵੱਧ ਕੇ ਸਾਡਾ ਨੇੜਲਾ ਦਿਲ ਦਾ ਸਾਥੀ ਕੋਈ ਵੀ ਨਹੀਂ ਹੋ ਸਕਦਾ ਪਰ ਉਹ ਲੋਕ ਜੋ ਮੂੰਹ ’ਤੇ ਮਿੱਠੇ ਹੋਣ ਦਾ ਦਾਅਵਾ ਕਰਦੇ ਹਨ ਅਸਲ ’ਚ ਉਹ ਕਈ ਲੋਕ ਤੁਹਾਡੇ ਅਸਲ ’ਚ ਅੰਦਰੋਂ ਅੰਦਰੀ ਬਹੁਤ ਵੱਡੇ ਦੁਸ਼ਮਣ ਹੁੰਦੇ ਹਨ। ਜੇਕਰ ਸਾਨੂੰ ਪਤਾ ਹੋਵੇ ਕਿ ਸਾਡਾ ਦੁਸ਼ਮਣ ਕੌਣ ਹੈ ਤਾਂ ਅਸੀਂ ਉਸ ਵਿਅਕਤੀ ਨਾਲ ਉਹੋ ਜਿਹਾ ਵਿਵਹਾਰ ਕਰਾਂਗੇ ਜਿਹੜਾ ਸਾਨੂੰ ਸਾਡੇ ਦੁਸ਼ਮਣ ਨਾਲ ਕਰਨਾ ਚਾਹੀਦਾ ਹੈ।

ਇਹ ਲੋਕ ਇੰਨੇ ਜ਼ਿਆਦਾ ਸਾਤਰ ਦਿਮਾਗ਼ ਹੁੰਦੇ ਹਨ ਕਿ ਆਪਣੇ ਦੁਸ਼ਮਣ ਨੂੰ ਇਹ ਅਹਿਸਾਸ ਹੀ ਨਹੀਂ ਹੋਣ ਦਿੰਦੇ ਕਿ ਅਸੀਂ ਉਨ੍ਹਾਂ ਦੇ ਦੁਸ਼ਮਣ ਹਾਂ ਪਰ ਅੰਦਰੋਂ ਅੰਦਰੀ ਉਸ ਦਾ ਬਹੁਤ ਵੱਡੇ ਪੱਧਰ ’ਤੇ ਨੁਕਸਾਨ ਕਰ ਰਹੇ ਹੁੰਦੇ ਹਨ। ਇਸ ਲਈ ਕਿਸੇ ’ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਉਸ ਦੀ ਪਰਖ ਕਰਨੀ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਚਾਤਰ ਲੋਕ ਸਰੀਫ਼ ਲੋਕਾਂ ਨਾਲ ਵਿਸ਼ਵਾਸਘਾਤ ਕਰ ਕੇ ਆਪਣਾ ਮਤਲਬ ਕੱਢ ਲੈਂਦੇ ਹਨ ਅਤੇ ਦੂਸਰੇ ਵਿਅਕਤੀ ਨੂੰ ਦਰਕਿਨਾਰ ਕਰ ਦਿੰਦੇ ਹਨ।

ਇਹ ਲੋਕ ਸੋਚਦੇ ਹਨ ਕਿ ਅਸੀਂ ਸਭ ਤੋਂ ਚਲਾਕ ਹਾਂ। ਬਹੁਤ ਸਾਰੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਾਂ ਪਰ ਇਹੋ ਜਿਹੇ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜਿੰਨਾ ਸੱਚੇ ਸੁੱਚੇ ਲੋਕਾਂ ਦਾ ਰੱਬ ਰਾਖਾ ਹੁੰਦਾ ਉਨ੍ਹਾਂ ਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ। ਸਮਾਂ ਆਉਣ ’ਤੇ ਰੱਬ ਇਹੋ ਜਿਹੇ ਮਿਠਾਸ ਭਰੇ ਅੰਦਾਜ਼ ਨਾਲ ਭੋਲੇ ਭਾਲੇ ਲੋਕਾਂ ਨੂੰ ਆਪਣੀਆਂ ਗੱਲਾਂ ਵਿਚ ਲਿਆ ਕੇ ਬੇਵਕੂਫ ਬਣਾਉਣ ਵਾਲੇ ਲੋਕਾਂ ਨੂੰ ਰੱਬ ਕਦੇ ਵੀ ਨਹੀਂ ਬਖ਼ਸ਼ਦਾ।

ਕਹਿੰਦੇ ਹਨ ਕਿ ਰੱਬ ਦੀ ਲਾਠੀ ਵਿਚ ਆਵਾਜ਼ ਨਹੀਂ ਹੁੰਦੀ ਪਰ ਮਾਰ ਬਹੁਤ ਜ਼ਿਆਦਾ ਮਾਰਦੀ ਹੈ ਜੋ ਅਸੀਂ ਕਿਸੇ ਨੂੰ ਦੱਸ ਵੀ ਨਹੀਂ ਸਕਦੇ। ਡਰੋਂ ਜਿੰਨਾ ਜ਼ਿਆਦਾ ਹੋ ਸਕਦਾ ਹੈ ਡਰੋਂ ਰੱਬ ਦੀ ਮਾਰ ਤੋਂ।ਜ਼ਿਆਦਾਤਰ ਚੁਸਤ ਲੋਕ ਅਕਸਰ ਸਾਡਾ ਨੁਕਸਾਨ ਕਰ ਕੇ ਧਿਆਨ ਕਿਸੇ ਹੋਰ ਵਿਅਕਤੀ ਵੱਲ ਭੜਕਾਉਣ ਦੀ ਕੋਸ਼ਿਸ਼ ਕਰਨਗੇ ਅਤੇ ਕਹਿਣਗੇ ਕਿ ਮੈਂ ਤੇ ਤੇਰਾ ਦੋਸਤ ਹਾਂ ਪਰ ਤੇਰਾ ਨੁਕਸਾਨ ਉਸ ਵਿਅਕਤੀ ਨੇ ਕੀਤਾ ਹੈ ਜਦਕਿ ਨੁਕਸਾਨ ਖ਼ੁਦ ਹੀ ਕੀਤਾ ਹੁੰਦਾ ਹੈ ਪਰ ਭੋਲਾ ਭਾਲਾ ਵਿਅਕਤੀ ਐਵੇਂ ਇਨ੍ਹਾਂ ਦੀਆਂ ਗੱਲਾਂ ਵਿਚ ਆ ਕੇ ਫਸ ਜਾਂਦਾ ਹੈ। ਇਸ ਲਈ ਅੱਜ ਦੇ ਵਿਗਿਆਨਕ ਯੁੱਗ ਵਿਚ ਆਪਣੇ ਆਸ ਪਾਸ ਦੋਸਤਾਂ ਮਿੱਤਰਾਂ ਨੂੰ ਪਛਾਣਨ ਦੀ ਕੋਸ਼ਿਸ਼ ਕਰੋ ਅਤੇ ਦੇਖੋ ਕੇ ਤੁਹਾਨੂੰ ਕੋਈ ਪਾਗਲ ਬਣਾ ਕੇ ਆਪਣਾ ਮਤਲਬ ਤਾਂ ਨਹੀਂ ਕੱਢ ਰਿਹਾ। ਅਗਰ ਕੋਈ ਐਸਾ ਦੋਸਤ-ਮਿੱਤਰ ਜਾਂ ਰਿਸ਼ਤੇਦਾਰ ਤੁਹਾਡੀ ਜ਼ਿੰਦਗੀ ਵਿਚ ਹੈ ਤਾਂ ਉਸ ਨੂੰ ਤੁਰੰਤ ਅਲਵਿਦਾ ਕਹਿ ਦਿਉ।

- ਸੰਦੀਪ ਕੰਬੋਜ

Posted By: Harjinder Sodhi