ਵਾਈ-ਫਾਈ ਨੇ ਲੋਕਾਂ ਦੀ ਜ਼ਿੰਦਗੀ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ। ਇਸ ਦੇ ਜਨਕ ਅਮਰੀਕੀ-ਸਰਬਿਆਈ ਖੋਜੀ ਟੇਸਟਾ ਦਾ ਜਨਮ ਸਾਲ 1856 'ਚ 10 ਜੁਲਾਈ ਨੂੰ ਹੋਇਆ ਸੀ। 7 ਜਨਵਰੀ 1943 ਨੂੰ ਨਿਕੋਲ ਟੇਸਲਾ ਦੀ 86 ਸਾਲ ਦੀ ਉਮਰ 'ਚ ਨਿਊਯਾਰਕ 'ਚ ਮੌਤ ਹੋ ਗਈ ਸੀ।

ਸਰਬੋ-ਕ੍ਰੋਏਸ਼ੀਅਨ, ਚੈੱਕ, ਅੰਗਰੇਜ਼ੀ, ਫਰੈਂਚ, ਜਰਮਨ, ਹੰਗੇਰੀਅਨ, ਇਟਾਲੀਅਨ ਅਤੇ ਲੈਟਿਨ ਅੱਠ ਭਾਸ਼ਾਵਾਂ ਦੇ ਜਾਣਕਾਰ ਨਿਕੋਲ ਟੇਸਲਾ ਨੇ ਵਾਇਰਲੈੱਸ ਕਮਿਊਨੀਕੇਸ਼ਨ ਤੋਂ ਇਲਾਵਾ ਏਸੀ ਕਰੰਟ, ਟੇਸਲਾ ਵੇਵਜ਼, ਬਿਜਲੀ ਨਾਲ ਚੱਲਣ ਵਾਲੀ ਮੋਟਰ, ਰੋਬੋਟਿਕਸ, ਰਿਮੋਟ ਕੰਟਰੋਲ, ਰਾਡਾਰ, ਐਕਸ-ਰੇ ਆਦਿ ਦੀ ਕਾਢ ਕੀਤੀ। ਟੇਸਲਾ ਨੇ ਇਲੈਕਟ੍ਰੀਸਿਟੀ ਅਤੇ ਚੁੰਬਕੀ ਖੇਤਰ 'ਚ ਕਈ ਕ੍ਰਾਂਤੀਕਾਰੀ ਖੋਜਾਂ ਕੀਤੀਆਂ।

ਉਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਉਹ ਸਕੂਲ 'ਚ ਸਨ ਤਾਂ ਹਿਸਾਬ ਦੇ ਮੁਸ਼ਕਲ ਸਵਾਲਾਂ ਨੂੰ ਮਨ 'ਚ ਹੀ ਹੱਲ ਕਰ ਲੈਂਦੇ ਸਨ। ਉਨ੍ਹਾਂ ਕਦੀ ਵਿਆਹ ਨਹੀਂ ਕਰਵਾਇਆ, ਜਿਸ ਦੀ ਵਜ੍ਹਾ ਇਹ ਸੀ ਕਿ ਉਨ੍ਹਾਂ ਦੇ ਕੰਮ 'ਚ ਕੋਈ ਖ਼ਲਲ ਨਾ ਪਾਵੇ। ਉਨ੍ਹਾਂ ਵਾਇਰਲੈੱਸ ਕਮਿਊਨੀਕੇਸ਼ਨ ਰਿਮੋਟ ਕੰਟ੍ਰੋਲ, ਨਿਓਨ ਲਾਈਟ, ਐਕਸ-ਰੇ, ਰਡਾਰ ਦਾ ਆਇਡੀਆ, ਅਲਰਟਨੇਟਿਵ ਕਰੰਟ, ਨਿਆਗਰਾ ਫਾਲ 'ਤੇ ਪਹਿਲਾ ਹਾਈਡ੍ਰੋ ਇਲੈਕਟ੍ਰਿਕ ਪਲਾਂਟ ਬਣਾਇਆ। ਉਨ੍ਹਾਂ ਸਾਲ 1926 'ਚ ਹੀ ਸਮਾਰਟਫੋਨ ਬਣਾਉਣ ਬਾਰੇ ਸੋਚਿਆ ਸੀ। ਜਾਣਦੇ ਹਾਂ ਉਨ੍ਹਾਂ ਦੇ ਜੀਵਨ ਦੀਆਂ ਕੁਝ ਘਟਨਾਵਾਂ ਬਾਰੇ...

ਡ੍ਰੈਸਿੰਗ ਸੈਂਸ ਦੀਆਂ ਦੀਵਾਨੀਆਂ ਸਨ ਔਰਤਾਂ

ਟੇਸਲਾ ਨੇ ਕਦੀ ਵਿਆਹ ਨਹੀਂ ਕੀਤਾ ਸੀ। ਇਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਸੀ ਕਿ ਉਹ ਵਿਗਿਆਨ ਲਈ ਆਪਣੇ ਜੀਵਨ ਦੀ ਕੁਰਬਾਨੀ ਦੇ ਰਹੇ ਹਨ। ਸਾਰਾ ਜੀਵਨ ਵਿਗਿਆਨ ਨੂੰ ਸਮਰਪਿਤ ਕਰਨ ਤੋਂ ਬਾਅਦ ਉਨ੍ਹਾਂ ਦੀ ਡ੍ਰੈਸਿੰਗ ਸੈਂਸ 'ਤੇ ਕਿਸੇ ਨੂੰ ਸ਼ੱਕ ਨਹੀਂ ਸੀ। ਉਹ ਹੋਰ ਵਿਗਿਆਨੀਆਂ ਵਾਂਗ ਪੂਰਾ ਸਮਾਂ ਰਿਸਰਚ 'ਚ ਹੀ ਨਹੀਂ ਡੁੱਬੇ ਰਹਿੰਦੇ ਸਨ ਬਲਕਿ ਕੁਝ ਸਮਾਂ ਸਮਾਜਿਕ ਮੇਲ-ਜੋਲ ਲਈ ਵੀ ਕੱਢ ਲੈਂਦੇ ਸਨ।

ਮਾਰਕ ਟਵਿਨ ਵਰਗੇ ਮਸ਼ਹੂਰ ਲੋਕਾਂ ਨਾਲ ਉਨ੍ਹਾਂ ਦੀ ਦੋਸਤੀ ਸੀ ਅਤੇ ਔਰਤਾਂ ਨੂੰ ਵੀ ਉਹ ਕਾਫ਼ੀ ਆਕਰਸ਼ਕ ਲਗਦੇ ਸਨ। ਇਨ੍ਹਾਂ ਵਿਚੋਂ ਕੁਝ ਨੇ ਕਬੂਲ ਕੀਤਾ ਸੀ ਕਿ ਉਹ ਟੇਸਲਾ ਦੇ 'ਪਿਆਰ 'ਚ ਪਾਗਲ' ਸਨ। ਟੇਸਲਾ ਦੇ ਨਿੱਜੀ ਜੀਵਨ ਦਾ ਜ਼ਿਆਦਾਤਰ ਹਿੱਸਾ ਇਕ ਰਹੱਸ ਹੈ ਪਰ ਉਨ੍ਹਾਂ ਕਦੀ ਵਿਆਹ ਨਹੀਂ ਕੀਤਾ।

ਸਿਰਫ਼ ਦੋ ਘੰਟੇ ਹੀ ਸੌਂਦੇ ਸਨ

ਆਪਣੇ ਪੂਰੇ ਜੀਵਨ ਦੌਰਾਨ ਟੇਸਲਾ ਨੇ ਇਕ ਨਿਯਮਤ ਪ੍ਰੋਗਰਾਮ ਬਣਾਈ ਰੱਖਿਆ। ਕੁਝ ਲੋਕਾਂ ਦਾ ਦਾਅਵਾ ਹੈ ਕਿ ਉਹ ਰਾਤ ਨੂੰ ਸਿਰਫ਼ ਦੋ ਘੰਟੇ ਹੀ ਸੌਂਦੇ ਸਨ। ਉਹ ਅਕਸਰ ਨਿਊਯਾਰਕ ਦੇ ਡੈਲਮੋਨਿਕੋ ਅਤੇ ਬਾਅਦ 'ਚ ਵਾਲਡੋਰਫ-ਐਸਕਟੋਰੀਆ ਹੋਟਲ 'ਚ ਇੱਕੋ ਟੇਬਲ 'ਤੇ ਆਪਣਾ ਡਿਨਰ ਲੈਂਦੇ ਸਨ। ਉਨ੍ਹਾਂ ਨੂੰ ਕੀਟਾਣੂਆਂ ਤੋਂ ਡਰ ਲੱਗਦਾ ਸੀ ਅਤੇ 18 ਨੈਪਕਿਨ ਦਾ ਪੈਕ ਆਪਣੇ ਨਾਲ ਰੱਖਦੇ ਸਨ। ਤਿੰਨ ਨੰਬਰ ਦੇ ਉਹ ਜ਼ਿਆਦਾ ਹੀ ਦੀਵਾਨੇ ਸਨ। ਜਦੋਂ ਉਹ ਛੋਟੇ ਸਨ ਤਾਂ ਉਹ ਮੋਤੀ ਨੂੰ ਦੇਖਣ ਤੋਂ ਵੀ ਘਬਰਾਉਂਦੇ ਸਨ ਅਤੇ ਇਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਦੌਰੇ ਤਕ ਪੈਣ ਲੱਗਦੇ ਸਨ।

ਭੂਚਾਲ ਲਿਆਉਣ ਵਾਲੀ ਮਸ਼ੀਨ ਬਣਾਉਣ ਦਾ ਦਾਅਵਾ

ਟੇਸਲਾ ਨੇ ਭਾਫ਼ ਨਾਲ ਚੱਲਣ ਵਾਲੇ ਇਲੈਕਟ੍ਰਿਕ ਜਨਰੇਟਰ ਇਲੈਕਟ੍ਰੋ-ਮਕੈਨੀਕਲ ਆਸਕੀਲੇਟਰ ਦਾ ਵਿਕਾਸ ਕੀਤਾ ਸੀ ਜੋ ਅਸਮਰੱਥ ਭਾਫ਼ ਦੇ ਇੰਜਣਾਂ ਨੂੰ ਬਦਲਣ ਦੇ ਬਦਲ ਵਜੋਂ ਦੇਖਿਆ ਜਾ ਰਿਹਾ ਸੀ। ਇਹ ਸਟੀਮ ਟਰਬਾਈਨਜ਼ ਸਾਹਮਣੇ ਨਹੀਂ ਟਿਕ ਸਕਿਆ। ਟੇਸਲਾ ਨੇ ਕਥਿਤ ਤੌਰ 'ਤੇ ਦੋਸਤਾਂ ਨੂੰ ਇਕ ਕਹਾਣੀ ਦੱਸੀ ਕਿ ਉਹ ਮੈਨਹੱਟਨ 'ਚ 46 ਈਸਟ ਹਿਊਸਟਨ ਸਟ੍ਰੀਟ 'ਚ ਆਪਣੀ ਪ੍ਰਯੋਗਸ਼ਾਲਾ 'ਚ ਥਰਥਰਾਉਣ ਵਾਲੇ ਆਸਕੀਲੇਟਰ 'ਤੇ ਕੰਮ ਕਰ ਰਹੇ ਸਨ।

ਪੂਰੀ ਧਰਤੀ ਨੂੰ ਕਰਨਾ ਚਾਹੁੰਦੇ ਸੀ ਪ੍ਰਕਾਸ਼ਮਾਨ

ਟੇਸਲਾ ਦਾ ਮੰਨਣਾ ਸੀ ਕਿ ਉਹ ਆਪਣੇ ਕੰਮ ਨਾਲ ਧਰਤੀ ਦੇ ਵਾਤਾਵਰਨ ਨੂੰ ਪ੍ਰਕਾਸ਼ਿਤ ਕਰ ਸਕਦੇ ਹਨ। ਉਨ੍ਹਾਂ ਦਾ ਮੰਨਣਾ ਸੀ ਕਿ ਹਨੇਰੇ ਨੂੰ ਦੂਰ ਕਰਨ ਅਤੇ ਪ੍ਰਕਾਸ਼ ਦਾ ਇਕ ਨਵਾਂ ਯੁਗ ਲਿਆਉਣ ਦੀ ਉਨ੍ਹਾਂ ਵਿਚ ਸਮਰਥਾ ਸੀ। ਉਨ੍ਹਾਂ ਕਿਹਾ ਕਿ ਧਰਤੀ ਦੇ ਉੱਪਰੀ ਹਵਾਮੰਡਲ 'ਚ ਗੈਸਾਂ ਹਾਈ ਫ੍ਰੀਕੁਐਂਸੀ ਵਾਲੀਆਂ ਬਿਜਲਈ ਧਾਰਾਵਾਂ ਲਿਜਾਣ 'ਚ ਸਮਰੱਥ ਹਨ। ਅਜਿਹੀਆਂ ਧਾਰਾਵਾਂ ਦਾ ਸਫ਼ਲ ਪ੍ਰਸਾਰਨ ਰਾਤ ਵੇਲੇ ਵੀ ਉਜਾਲਾ ਕਰ ਸਕਦਾ ਹੈ ਜੋ ਸ਼ਿਪਿੰਗ ਲੇਨ ਅਤੇ ਹਵਾਈ ਅੱਡਿਆਂ ਨੂੰ ਸੁਰੱਖਿਅਤ ਬਣਾਵੇਗਾ ਅਤੇ ਪੂਰੇ ਸ਼ਹਿਰਾਂ ਨੂੰ ਰੋਸ਼ਨ ਕਰੇਗਾ। ਟੇਸਲਾ ਦਾ ਇਹ ਪ੍ਰਯੋਗ ਕਦੀ ਪੂਰਾ ਨਹੀਂ ਹੋਇਆ ਅਤੇ ਇਸ ਦੀ ਸੰਭਾਵਨਾ ਵੀ ਗ਼ੈਰ-ਪ੍ਰਮਾਣਿਤ ਹੈ।

Posted By: Seema Anand