ਪ੍ਰੇਰਣਾ ਦਾ ਕਦੇ ਕੋਈ ਨਿਸ਼ਚਿਤ ਸਰੋਤ ਨਹੀਂ ਹੁੰਦਾ ਅਤੇ ਨਾ ਹੀ ਮਾਪਦੰਡ। ਇਹ ਕਿਤੋਂ ਵੀ ਮਿਲ ਸਕਦੀ ਹੈ। ਤੁਹਾਡਾ ਪੱਕਾ ਇਰਾਦਾ, ਜੋਸ਼ ਅਤੇ ਦ੍ਰਿੜਤਾ ਕਿਸੇ ਨੂੰ ਵੀ ਆਪਣੇ ਵੱਲ ਖਿੱਚ ਸਕਦੇ ਹਨ। ਕਿਸੇ ਦਾ ਰੋਲ ਮਾਡਲ ਬਣਨ ਲਈ ਕਿਸੇ ਖ਼ਾਸ ਯੋਗਤਾ ਦੀ ਵੀ ਜ਼ਰੂਰਤ ਨਹੀਂ ਹੁੰਦੀ। ਤੁਹਾਡੀ ਇੱਛਾ ਸ਼ਕਤੀ ਕਿਸੇ ਪ੍ਰਾਪਤੀ ਦੇ ਰਸਤੇ 'ਚ ਉਮਰ ਨੂੰ ਵੀ ਅੜਿੱਕਾ ਨਹੀਂ ਬਣਨ ਦਿੰਦੀ। ਮਨੁੱਖ ਉਹ ਪ੍ਰਾਪਤ ਕਰ ਸਕਦਾ ਹੈ ਜੋ ਉਹ ਚਾਹੁੰਦਾ ਹੈ। ਬਸ ਲੋੜ ਹੈ ਸਖ਼ਤ ਮਿਹਨਤ ਅਤੇ ਲਗਨ ਦੀ। ਹਰ ਇਕ ਦੇ ਦਿਲ 'ਚ ਇਹ ਇੱਛਾ ਪੈਦਾ ਹੁੰਦੀ ਹੈ ਕਿ ਉਹ ਜ਼ਿੰਦਗੀ 'ਚ ਅਜਿਹੀ ਮਿਸਾਲ ਕਾਇਮ ਕਰੇ ਜੋ ਦੂਜਿਆਂ ਲਈ ਪ੍ਰੇਰਣਾ ਬਣੇ। ਅਜਿਹਾ ਕਰਨ ਲਈ ਉਹ ਵੀ ਕਿਸੇ ਪ੍ਰੇਰਣਾ ਸਰੋਤ ਦੀ ਭਾਲ 'ਚ ਰਹਿੰਦਾ ਹੈ।

ਜੇ ਮਨ ਵਿਚ ਧਾਰ ਲਿਆ ਜਾਵੇ ਕਿ ਜੋ ਠਾਣ ਲਿਆ ਹੈ ਉਸ ਤੋਂ ਹੁਣ ਪਿੱਛੇ ਨਹੀਂ ਮੁੜਨਾ ਤਾਂ ਕੋਈ ਵੀ ਵਿਅਕਤੀ ਜਾਂ ਸਥਿਤੀ ਆਪੇ ਤੁਹਾਡਾ ਮਾਰਗ ਦਰਸ਼ਨ ਕਰਦੀ ਹੈ। ਜ਼ਿੰਦਗੀ 'ਚ ਬਹੁਤ ਸਾਰੇ ਲੋਕ ਸਾਨੂੰ ਹੈਰਾਨ ਕਰ ਦਿੰਦੇ ਹਨ ਕਿ ਇਸ ਉਮਰ 'ਚ ਇਹ ਪ੍ਰਾਪਤੀ! ਖ਼ਾਸ ਕਰ ਪੁਰਾਣੀ ਪੀੜ੍ਹੀ। ਸਮਾਜ ਉਸ ਸਮੇਂ ਉਨ੍ਹਾਂ ਨੂੰ ਇਕ ਖ਼ਾਸ ਉਮਰ ਦੇ ਹੋਣ ਕਰਕੇ, 'ਅਯੋਗ' ਸਮਝਣ ਲੱਗ ਪੈਂਦਾ ਹੈ ਪਰ ਉਹ ਕੋਈ ਚਮਤਕਾਰ ਕਰ ਕੇ ਸਭ ਨੂੰ ਹੈਰਾਨ ਕਰ ਦਿੰਦੇ ਹਨ। ਵਿਲੱਖਣ ਕੋਸ਼ਿਸ਼ ਹੀ ਉਨ੍ਹਾਂ ਦੇ 'ਪ੍ਰੇਰਣਾ ਸਰੋਤ' ਬਣਨ ਦਾ ਰਾਹ ਖੋਲ੍ਹ ਦਿੰਦੀ ਹੈ। ਪੁਰਾਣੀ ਪੀੜ੍ਹੀ ਜਿਸ ਨੂੰ ਅਸੀਂ ਕਦੇ ਗੰਭੀਰਤਾ ਨਾਲ ਨਹੀਂ ਲੈਂਦੇ ਅਜਿਹੇ ਦਿਸਹੱਦੇ ਸਿਰਜ ਦਿੰਦੀ ਹੈ ਜਿਨ੍ਹਾਂ ਤੋਂ ਪਾਰ ਜਾਣਾ ਸਾਡੇ ਲਈ ਚੁਣੌਤੀ ਬਣ ਜਾਂਦਾ ਹੈ।

ਕੋਵਿਡ-19 ਮਹਾਮਾਰੀ ਦੌਰਾਨ ਵਿਸ਼ਵ ਪੱਧਰ 'ਤੇ ਕੁਝ ਅਜਿਹੀ ਮਿਸਾਲਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਨੇ ਸਭ ਦਾ ਧਿਆਨ ਖਿੱਚਿਆ ਹੈ। ਉਨ੍ਹਾਂ ਵਿੱਚੋਂ ਇਕ ਮਿਸਾਲ ਯੂਕੇ ਦੀ ਹੈ। ਬਰਤਾਨਵੀ ਸਮਾਜ ਵਿਚ ਬੇਮਿਸਾਲ ਯੋਗਦਾਨ ਪਾਉਣ ਲਈ 20 ਤੋਂ ਵੱਧ ਬਰਤਾਨੀਆ ਵੱਸਦੇ ਭਾਰਤੀ ਮੂਲ ਦੇ ਸਿੱਖਾਂ ਨੂੰ 2020 ਦੀ ਬਰਥ ਡੇਅ ਆਨਰਜ਼ ਲਿਸਟ ਵਿਚ ਸ਼ਾਮਲ ਕੀਤਾ ਗਿਆ ਹੈ। ਬਰਤਾਨਵੀ ਮਹਾਰਾਣੀ ਦੇ ਜਨਮ ਦਿਨ 'ਤੇ ਇਹ ਸਨਮਾਨ ਸੂਚੀ ਉਂਝ ਉਨ੍ਹਾਂ ਦੇ ਸਰਕਾਰੀ ਤੌਰ 'ਤੇ ਮਨਾਏ ਜਾਂਦੇ ਜਨਮ ਦਿਨ 'ਤੇ ਇਸ ਵਰ੍ਹੇ ਜੂਨ ਵਿਚ ਜਾਰੀ ਕੀਤੀ ਜਾਣੀ ਸੀ ਪਰ ਇਹ ਹੁਣ ਜਾਰੀ ਕੀਤੀ ਗਈ ਹੈ ਤਾਂ ਕਿ ਉਨ੍ਹਾਂ ਲੋਕਾਂ ਦੇ ਯੋਗਦਾਨ ਨੂੰ ਮਾਨਤਾ ਦਿੱਤੀ ਜਾ ਸਕੇ ਜਿਨ੍ਹਾਂ ਕੋਵਿਡ-19 ਜਾਂ ਕਹਿ ਲਓ ਕੋਰੋਨਾ ਮਹਾਮਾਰੀ ਦੌਰਾਨ ਆਪਣੇ ਵਿੱਤੋਂ ਵਧ ਕੇ ਬੇਹੱਦ ਸ਼ਲਾਘਾਯੋਗ ਕਾਰਜ ਕੀਤੇ ਹਨ। ਉਪਰੋਕਤ ਮਾਣ-ਤਾਣ ਵਾਲੀ ਸੂਚੀ ਵਿਚ 1945 ਲੋਕ ਸ਼ਾਮਲ ਹਨ ਜਿਨ੍ਹਾਂ ਵਿੱਚੋਂ 13 ਫ਼ੀਸਦੀ (ਕਾਲੇ ਅਫਰੀਕੀ) ਏਸ਼ੀਅਨ ਤੇ ਨਸਲੀ ਘੱਟ ਗਿਣਤੀ ਪਿਛੋਕੜ ਵਾਲੇ ਹਨ।

ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖਦਿਆਂ 'ਕਿਰਤ ਕਰੋ, ਵੰਡ ਛਕੋ ਤੇ ਨਾਮ ਜੱਪੋ' ਦੇ ਸਿਧਾਂਤਾਂ ਨੂੰ ਇਸ ਦਾ ਮੂਲ ਆਧਾਰ ਬਣਾਇਆ ਸੀ। ਇਸ ਸਿਧਾਂਤ 'ਤੇ ਅਮਲ ਕਰਦਿਆਂ ਉਨ੍ਹਾਂ ਦੁਨੀਆ ਦੀਆਂ ਚਾਰ ਉਦਾਸੀਆਂ ਕਰਨ ਪਿੱਛੋਂ ਕਰਤਾਰਪੁਰ 'ਚ ਹੱਥੀ ਖੇਤੀ ਕੀਤੀ ਅਤੇ ਆਈ ਸੰਗਤ ਨੂੰ ਲੰਗਰ ਛਕਾਇਆ ਅਤੇ ਨਾਮ ਜੱਪਣ ਦਾ ਸੰਦੇਸ਼ ਦਿੱਤਾ। 'ਸਰਬੱਤ ਦਾ ਭਲਾ' ਦੀ ਭਾਵਨਾ ਸਿੱਖ ਧਰਮ ਦੇ ਮੂਲ ਸਿਧਾਂਤਾਂ 'ਤੇ ਪਹਿਰਾ ਦੇਣ ਵਾਲਿਆਂ ਦੇ ਮਨਾਂ 'ਚ ਆਪੇ ਪੈਦਾ ਹੋ ਜਾਂਦੀ ਹੈ। ਸਿੱੱਖ ਧਰਮ ਦੇ ਪੈਰੋਕਾਰਾਂ ਨੇ ਲੋਕਾਈ ਲਈ ਆਪਣੀਆਂ ਜਾਨਾਂ ਵਾਰਨ ਤੋਂ ਵੀ ਕਦੇ ਮੂੰਹ ਨਹੀਂ ਮੋੜਿਆ। ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣਾ ਸੀਸ ਵਾਰ ਦਿੱਤਾ। ਛੇਵੇਂ ਗੁਰੂ ਹਰਿਗੋਬਿੰਦ ਜੀ ਨੇ ਗਵਾਲੀਅਰ ਦੇ ਕਿਲ੍ਹੇ 'ਚੋਂ 52 ਪਹਾੜੀ ਰਾਜਿਆਂ ਨੂੰ ਆਜ਼ਾਦ ਕਰਾ ਕੇ ਅਨੂਠੀ ਮਿਸਾਲ ਕਾਇਮ ਕੀਤੀ।

ਗੁਰੂ ਗੋਬਿੰਦ ਸਿੰਘ ਜੀ ਨੇ ਸੇਵਾ ਦਾ ਪੁੰਜ ਭਾਈ ਘਨਈਆ ਜੀ ਨੂੰ ਜੰਗ ਦੌਰਾਨ ਸਿਪਾਹੀਆਂ ਨੂੰ ਪਾਣੀ ਪਿਲਾਉਣ ਦੀ ਸੇਵਾ ਲਾਈ। ਭਾਈ ਘਨਈਆ ਨੇ ਬਿਨਾਂ ਆਪਣੇ ਪਰਾਏ ਦਾ ਭੇਦ ਕੀਤਿਆਂ ਦੁਸ਼ਮਣ ਦੇ ਸਿਪਾਹੀਆਂ ਨੂੰ ਵੀ ਪਾਣੀ ਪਿਆਉਣ ਦੀ ਸੇਵਾ ਸ਼ੁਰੂ ਕਰ ਦਿੱਤੀ। ਇਸ ਦੀ ਸ਼ਿਕਾਇਤ ਮਿਲਣ 'ਤੇ ਗੁਰੂ ਜੀ ਨੇ ਜਦ ਭਾਈ ਘਨਈਆ ਜੀ ਤੋਂ ਪੁੱਛਿਆ ਤਾਂ ਉਨ੍ਹਾਂ ਦਾ ਜਵਾਬ ਸੀ,' ਮੈਨੂੰ ਸਾਰਿਆਂ 'ਚ ਤੁਹਾਡਾ ਹੀ ਰੂਪ ਦਿਖਾਈ ਦਿੰਦਾ ਹੈ।' ਤਦ ਗੁਰੂ ਜੀ ਨੇ ਪਾਣੀ ਪਿਲਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਜ਼ਖ਼ਮੀ ਸਿਪਾਹੀਆਂ ਨੂੰ ਮਲ੍ਹਮ ਪੱਟੀ ਕਰਨ ਦੀ ਸੇਵਾ ਵੀ ਸੌਂਪ ਦਿੱਤੀ। ਅਜਿਹੀ ਸਥਿਤੀ 'ਚ ਕੋਈ ਆਪਣਾ ਬੇਗਾਨਾ ਨਹੀਂ ਰਹਿ ਜਾਂਦਾ।

ਸਿੱਖ ਸਦਾ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ। ਇਸ ਸੰਕਟ ਦੌਰਾਨ ਵੀ ਉਸ ਦੀ ਇਹੀ ਅਰਦਾਸ ਹੈ-

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ।

ਜਿਤੁ ਦੁਆਰੇ ਉਬਰੈ ਤਿਤੈ ਲੈਹੁ ਉਬਾਰਿ।

ਹੇ ਪ੍ਰਭੂ ! ਵਿਕਾਰਾਂ ਵਿਚ ਸੜ ਰਹੇ ਸੰਸਾਰ ਨੂੰ ਆਪਣੀ ਮਿਹਰ ਕਰ ਕੇ ਬਚਾ ਲੈ। ਸਿੱਖ ਲਈ ਨਾ ਕੋਈ ਵੈਰੀ ਤੇ ਨਾ ਹੀ ਬੇਗਾਨਾ ਹੁੰਦਾ ਹੈ। ਉਹ ਸਭ ਦੀ ਭਲਾਈ ਲਈ ਕਾਰਜ ਕਰਦਾ ਹੈ।

ਸਿੱਖ ਸਿਪਾਹੀਆਂ ਦੀ ਸਵੈਇੱਛਾ ਅਤੇ ਕੁਰਬਾਨੀ ਦੀ ਅਹਿਮ ਮਿਸਾਲ 'ਸਾਰਾਗੜ੍ਹੀ' ਦੇ ਸਾਕੇ ਤੋਂ ਮਿਲਦੀ ਹੈ। ਸਾਰਾਗੜ੍ਹੀ ਦਾ ਯੁੱਧ ਸੰਸਾਰ ਦੇ ਯੁੱਧ-ਇਤਿਹਾਸ ਦੀ ਵਿਲੱਖਣ ਦਾਸਤਾਨ ਹੈ। ਗਿਣਾਤਮਕ ਅਤੇ ਗੁਣਾਤਮਕ ਪੱਖੋਂ ਇਹ ਸਿੰਘਾਂ ਦੀ ਸਵਾ-ਲੱਖੀ ਸੂਰਮਤਾਈ ਦੀ ਅਸਲੀ ਤਸਵੀਰ ਹੈ। ਗੁਰੂ ਦੇ ਸਿੰਘਾਂ ਦੀ ਰਣ 'ਚ ਜੂਝ ਮਰਨ ਦੀ ਵਿਲੱਖਣ ਗਾਥਾ ਸਾਰਾਗੜ੍ਹੀ ਦਾ ਸਾਕਾ ਹੈ। 1897 ਈ. ਨੂੰ ਸਾਰਾਗੜ੍ਹੀ ਦੀ ਚੌਕੀ ਵਿਚ ਹਜ਼ਾਰਾਂ ਦੁਸ਼ਮਣਾਂ ਦਾ ਮੁਕਾਬਲਾ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ ਅਤੇ ਆਪਣੇ ਆਖ਼ਰੀ ਸਮੇਂ ਤਕ ਦੁਸ਼ਮਣ ਨੂੰ ਇਕ ਇੰਚ ਵੀ ਧਰਤੀ 'ਤੇ ਪੈਰ ਨਾ ਰੱਖਣ ਦਿੱਤਾ। 36 ਸਿੱਖ ਰਜਮੈਂਟ ਨ ਸਮਾਨਾ ਰੇਂਜ ਮੁਹਿੰਮ ਵਿਚ ਆਪਣੀ ਬੇਮਿਸਾਲ ਬਹਾਦਰੀ ਦੇ ਜੌਹਰ ਦਿਖਾਉਣ ਵਾਲੇ 21 ਸ਼ਹੀਦ ਸਿੱਖਾਂ ਨੂੰ ਸਨਮਾਨ ਵਜੋਂ 'ਇੰਡੀਅਨ ਆਰਡਰ ਆਫ ਮੈਰਿਟ' ਤਗਮੇ ਦਿੱਤੇ ਗਏ।

ਦੁਨੀਆ ਦੇ ਕਿਸੇ ਵੀ ਕੋਨੇ ਵਿਚ ਕੋਈ ਵੀ ਕੁਦਰਤੀ ਆਫਤ ਆਉਣ 'ਤੇ ਸਿੱਖ ਉੱਥੇ ਪੀੜਤਾਂ ਦੀ ਮਦਦ ਲਈ ਲੰਗਰ ਲੈ ਕੇ ਪਹੁੰਚ ਜਾਂਦਾ ਹੈ। ਸਿੱਖ ਧਰਮ ਦੀ ਇਸ ਵਿਸ਼ੇਸ਼ ਰਵਾਇਤ ਨੂੰ ਸਿੱਖਾਂ ਨੇ ਸਦਾ ਕਾਇਮ ਰੱਖਿਆ ਹੈ।

ਅੱਜ ਜਦੋਂ ਪੂਰੀ ਦੁਨੀਆ ਕੋਰੋਨਾ ਮਹਾਮਾਰੀ ਦਾ ਸੰਤਾਪ ਹੰਢਾ ਰਹੀ ਹੈ ਤਾਂ ਸਿੱਖ ਕੌਮ ਦੇ ਯੋਧਿਆਂ ਨੇ ਮਨੁੱਖਤਾ ਦੀ ਭਲਾਈ ਲਈ ਜੋ ਕਾਰਜ ਕੀਤੇ ਹਨ ਉਨ੍ਹਾਂ ਨੇ ਤਪਦੇ ਹਿਰਦਿਆਂ ਨੂੰ ਠੰਢਕ ਪਹੁੰਚਾਈ ਹੈ। ਕੋਰੋਨਾ ਮਹਾਮਾਰੀ ਦੌਰਾਨ ਜਦੋਂ ਇੰਗਲੈਂਡ ਆਪਣੇ ਆਪ ਨੂੰ ਲਾਚਾਰ ਮਹਿਸੂਸ ਕਰ ਰਿਹਾ ਸੀ ਉਦੋਂ ਲੋਕ-ਕਾਰਜਾਂ ਨੂੰ ਸਮਰਪਿਤ ਸਿੱਖ ਕਰਮਯੋਗੀਆਂ ਨੇ ਆਪਣੀਆਂ ਨਿਰਸਵਾਰਥ ਸੇਵਾਵਾਂ ਪ੍ਰਦਾਨ ਕੀਤੀਆਂ। ਅਜਿਹੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੇ 20 ਸਿੱਖਾਂ ਨੂੰ ਬਰਤਾਨੀਆਂ ਸਰਕਾਰ ਵਲੋਂ ਸਨਮਾਨਿਤ ਕੀਤਾ ਗਿਆ ਹੈ। ਇਸ ਸੰਕਟ ਦੌਰਾਨ ਜਿੱਥੇ ਯੂਕੇ 'ਚ 42 ਹਜ਼ਾਰ ਤੋਂ ਵੱਧ ਲੋਕਾਂ ਦਾ ਜਾਨ ਨੁਕਸਾਨ ਹੋਇਆ ਉੱਥੇ ਹਜ਼ਾਰਾਂ ਲੋਕ ਹਾਲੇ ਵੀ ਇਸ ਦੀ ਲਪੇਟ 'ਚ ਹਨ। ਅਜਿਹੇ ਸੰਕਟ ਸਮੇਂ ਆਪਣੀ ਸਰਬੱਤ ਦੇ ਭਲੇ ਵਾਲੀ ਸੇਵਾ ਭਾਵਨਾ ਲਈ ਜਾਣੇ ਜਾਂਦੇ ਸਿੱਖ ਨਾਇਕ ਬਣ ਕੇ ਸਾਹਮਣੇ ਆਏ ਹਨ।

ਰਜਿੰਦਰ ਸਿੰਘ ਹਰਜ਼ਾਲੀ ਪੰਜਾਬ 'ਚੋਂ ਦੇਵੀਦਾਸਪੁਰ(ਅੰਮ੍ਰਿਤਸਰ) ਦਾ ਹੈ ਜਿਸ ਨੂੰ 'ਸਕਿਪਿੰਗ ਸਿੱਖ (ਰੱਸੀ ਟੱਪਣ ਵਾਲਾ ਸਿੱਖ) ਕਰ ਕੇ ਜਾਣਿਆ ਜਾਂਦਾ ਹੈ ਨੂੰ ਕੋਰੋਨਾ ਦੌਰਾਨ ਸਿਹਤ ਸੇਵਾਵਾਂ ਤੇ ਫਿਟਨੈੱਸ ਲਈ ਐਮਬੀਈ (ਮੈਂਬਰ ਆਫ਼ ਬ੍ਰਿਟਿਸ਼ ਐਂਪਾਇਰ) ਸਨਮਾਨ ਨਾਲ ਨਿਵਾਜਿਆ ਗਿਆ ਹੈ। ਉਸ ਨੇ ਆਪਣੀ ਰੱਸੀ ਟੱਪਦਿਆਂ ਦੀਆਂ ਵੀਡੀਓਜ਼ ਆਨਲਾਈਨ ਸ਼ੇਅਰ ਕੀਤੀਆਂ ਸਨ ਤਾਂ ਕਿ ਵਡੇਰੀ ਉਮਰ ਦੇ ਸਿੱਖ ਚੁਸਤ-ਦਰੁਸਤ ਰਹਿਣ। ਉਸ ਨੇ ਆਪਣੀਆਂ ਕੋਸ਼ਿਸ਼ਾਂ ਸਦਕਾ 1200 ਪੌਂਡ ਤੋਂ ਵੱਧ ਦੀ ਰਕਮ ਵੀ ਇਕੱਤਰ ਕੀਤੀ। ਉਸ ਦਾ ਕਹਿਣਾ ਸੀ,'ਮੈਂ ਇਸ ਦਾ ਮਾਣ ਦਾ ਹੱਕਦਾਰ ਮਹਿਸੂਸ ਨਹੀਂ ਕਰਦਾ ਕਿਉਂਕਿ ਮੈਂ ਤਾਂ ਇਕ ਬੇਗਗਜ਼ ਸੇਵਾਦਾਰ ਹਾਂ ਜੋ ਵਾਹਿਗੁਰੂ ਵੱਲੋਂ ਦਿੱਤਾ ਗਿਆ ਕਿਸੇ ਰੂਪ ਵਿਚ ਮੋੜਨਾ ਚਾਹੁੰਦਾ ਹਾਂ। ਮੈਂ ਗੁਰੂ ਨਾਨਕ ਦੇਵ ਜੀ ਦਾ ਪੁੱਤਰ ਹਾਂ ਤੇ ਮੇਰੇ ਧਰਮ ਦਾ ਮੁੱਖ ਸਿਧਾਂਤ ਦੂਜਿਆਂ ਦੀ ਸੇਵਾ ਕਰਨਾ ਹੈ। ਸੋ ਮੈਂ ਮਹਿਸੂਸ ਕਰਦਾ ਹਾਂ ਕਿ ਇਹ ਮੇਰਾ ਫਰਜ਼ ਹੈ ਤੇ ਇਹ ਫਰਜ਼ ਮੈਂ ਆਪਣੇ ਆਖ਼ਰੀ ਸਾਹ ਤਕ ਨਿਭਾਉਂਦਾ ਰਹਾਂਗਾ।' ਰਜਿੰਦਰ ਸਿੰਘ ਹਰਜ਼ਾਲੀ ਦਾ ਇਹ ਕਥਨ ਭਾਰਤ ਰਤਨ ਡਾ. ਅੰਬੇਦਕਰ ਦੇ ਸਿਧਾਂਤ (ਪੇ ਬੈਕ ਟੂ ਸੁਸਾਇਟੀ) ਦੇ ਅਨੁਸਾਰੀ ਹੈ। ਉਹ ਜਿਸ ਸਮਾਜ 'ਚ ਇਸ ਮੁਕਾਮ 'ਤੇ ਪਹੁੰਚੇ ਹਨ ਉਸ ਨੂੰ ਬਣਦਾ ਹਿੱਸਾ ਮੋੜਨ 'ਚ ਵਿਸ਼ਵਾਸ ਰੱਖਦੇ ਹਨ।

ਯਾਦਵਿੰਦਰ ਸਿੰਘ ਮੱਲ੍ਹੀ ਆਕਸਫੋਰਡ ਯੂਨੀਵਰਸਿਟੀ 'ਚ ਈਕੋਸਿਸਟਮ ਸਾਇੰਸ ਦੇ ਪ੍ਰੋਫੈਸਰ ਹਨ। ਉਨ੍ਹਾਂ ਨੂੰ ਸੀਬੀਈ ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਆਲਮੀ ਜਲਵਾਯੂ ਤਬਦੀਲੀ ਦੇ ਮੱਦੇਨਜ਼ਰ ਕੁਦਰਤੀ ਈਕੋਸਿਸਟਮ (ਵਾਤਾਵਰਨ ਪ੍ਰਣਾਲੀ) ਦੀ ਈਕਾਲੋਜੀ ਦੀ ਪ੍ਰਤੀਕਿਰਿਆ ਦੇ ਅਧਿਐਨ ਲਈ ਦਿੱਤਾ ਗਿਆ ਹੈ। ਮੱਲ੍ਹੀ ਹੁਰਾਂ ਦਾ ਕਹਿਣਾ ਹੈ ਕਿ ਉਹ ਬਰਤਾਨਵੀ ਸਿੱਖ ਭਾਈਚਾਰੇ ਦੇ ਮੈਂਬਰ ਹੋਣ ਨਾਤੇ ਇਹ ਉਮੀਦ ਕਰਦੇ ਹਨ ਕਿ ਉਨ੍ਹਾਂ ਦਾ ਭਾਈਚਾਰਾ ਇਸ ਮੁੱਦੇ 'ਤੇ ਮੁੱਢਲੇ ਮਸਲਿਆਂ ਨੂੰ ਨਜਿੱਠਣ ਲਈ ਯੂਕੇ ਤੇ ਕੌਮਾਂਤਰੀ ਪੱਧਰ ਤੇ ਅਹਿਮ ਯੋਗਦਾਨ ਪਾ ਸਕਦਾ ਹੈ।

ਇੰਝ ਹੀ ਮਨਜੀਤ ਕੌਰ ਗਿੱਲ ਨੂੰ ਬਿੰਟੀ ਚੈਰਿਟੀ ਸੰਸਥਾ ਸਥਾਪਤ ਕਰਨ ਲਈ ਐੱਮਬੀਈ ਮਿਲਿਆ ਹੈ। ਉਹ ਚਾਹੁੰਦੀ ਹੈ ਕਿ ਆਲਮੀ ਪੱਧਰ 'ਤੇ ਔਰਤਾਂ ਨੂੰ ਮਾਸਕ ਧਰਮ ਦੌਰਾਨ ਸਨਮਾਨ ਮਿਲੇ ਭਾਵ ਵਿਤਕਰੇ ਦਾ ਸ਼ਿਕਾਰ ਨਾ ਹੋਣਾ ਪਵੇ। (ਵਰਨਣਯੋਗ ਹੈ ਕਿ ਦੁਨੀਆ ਦੇ ਬਹੁਤ ਸਾਰੇ ਖਿੱਤਿਆਂ ਵਿਚ ਔਰਤਾਂ ਨੂੰ ਇਨ੍ਹਾਂ ਦਿਨਾਂ ਵਿਚ ਅਪਵਿੱਤਰ ਸਮਝਿਆ ਜਾਂਦਾ ਹੈ ਤੇ ਉਨ੍ਹਾਂ ਨੂੰ ਪੂਜਾ ਪਾਠ ਕਰਨ ਅਤੇ ਰਸੋਈ ਵਿਚ ਵੜਨ ਦੀ ਮਨਾਹੀ ਹੈ।) ਸੇਨਸਬਰੀ ਦੀ ਸੁਪਰਮਾਰਕੀਟ ਫੂਡ ਸਰਵਿਸਿਜ਼ ਸਹਾਇਕ ਰਾਣੀ ਕੌਰ ਨੂੰ ਵੀ ਐੱਮਬੀਈ ਹੋਣ ਦਾ ਮਾਣ ਮਿਲਿਆ। ਉਨ੍ਹਾਂ ਸਥਾਨਕ ਸਿੱਖ ਤੇ ਰਵਿਦਾਸੀਆ ਭਾਈਚਾਰੇ ਵੱਲੋਂ ਚਲਾਏ ਜਾਂਦੇ ਪ੍ਰਾਜੈਕਟਾਂ ਨੂੰ ਕੋਰੋਨਾ ਕਾਲ ਦੌਰਾਨ ਭੋਜਨ ਪ੍ਰਦਾਨ ਕਰਨ ਲਈ ਡੋਨੇਸ਼ਨ ਪ੍ਰਾਪਤ ਕਰ ਕੇ ਪ੍ਰਾਜੈਕਟ ਦੀ ਮਦਦ ਕੀਤੀ। ਇਹ ਪ੍ਰਾਜੈਕਟ ਭੋਜਨ ਤੋਂ ਵਿਰਵੇ ਲੋਕਾਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ।

ਸੰਦੀਪ ਸਿੰਘ ਦਹੇਲੇ ਨੂੰ ਪ੍ਰਾਰਥਨਾਵਾਂ ਲਈ ਆਨਲਾਈਨ ਪੋਰਟਲ ਸਥਾਪਤ ਕਰਨ ਲਈ ਐੱਮਬੀਈ ਪ੍ਰਦਾਨ ਕੀਤਾ ਗਿਆ ਕਿਉਂਕਿ ਗੁਰਦੁਆਰੇ ਬੰਦ ਸਨ। ਦਸ ਹੋਰ ਬਰਤਾਨੀਆ ਵੱਸਦੇ ਸਿੱਖਾਂ ਨੂੰ ਐੱਮਬੀਈ ਨਾਲ ਸਨਮਾਨਿਆ ਗਿਆ ਹੈ ਜਿਨ੍ਹਾਂ ਵਿਚ ਤਿੰਨ ਡਾਕਟਰ ਹਨ।

ਡਾ. ਸਰਬਜੀਤ ਕਲੇਰ ਸੈਂਡਵੈੱਲ ਤੇ ਵੈਸਟ ਬਰਮਿੰਘਮ ਐੱਨਐੱਚਐੱਸ (ਨੈਸ਼ਨਲ ਹੈਲਥ ਸਰਵਿਸਿਜ਼) ਟਰੱਸਟ ਦੇ ਡਿਪਟੀ ਮੈਡੀਕਲ ਡਾਇਰੈਕਟਰ ਹਨ ਜੋ ਕਲਿਨੀਕਲ ਲੀਡ ਐਕਿਊਟ ਮੈਡੀਸਨ ਦੇ ਮਾਹਿਰ ਹਨ।

ਡਾ. ਗੁਰਜਿੰਦਰ ਸਿੰਘ ਸੰਧੂ ਲੰਡਨ ਨਾਰਥ ਵੈੱਸਟ ਯੂਨੀਵਰਸਿਟੀ ਐੱਨਐੱਚਐੱਸ ਟਰੱਸਟ ਵਿਖੇ ਇਨਫੈਕਸ਼ੀਅਸ (ਲਾਗ ਦੀਆਂ ਬਿਮਾਰੀਆਂ) ਡਿਸੀਜ਼ਜ਼ ਦੇ ਕੰਸਲਟੈਂਟ ਹਨ।

ਇੰਝ ਹੀ ਡਾਕਟਰ ਕਾਰਟਰ ਸਿੰਘ ਨੌਟਿੰਘਮ ਸ਼ਾਇਰ ਵਿਖੇ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਇਨ੍ਹਾਂ ਡਾਕਟਰਾਂ ਦਾ ਕੋਰੋਨਾ ਮਹਾਮਾਰੀ ਦੌਰਾਨ ਨੈਸ਼ਨਲ ਹੈੱਲਥ ਸਰਵਿਸਿਜ਼ ਲਈ ਯੋਗਦਾਨ ਬੇਮਿਸਾਲ ਸੀ।

ਹਰਮਿੰਦਰ ਕੌਰ ਚਾਨਾ ਤੇ ਸਰਬਜੀਤ ਸਿੰਘ ਪੁਰੇਵਾਲ ਨੂੰ ਓਬੀਈ ਨਾਲ ਸਨਮਾਨਿਆ ਗਿਆ ਜਦ ਕਿ ਪੰਜ ਹੋਰ ਬਰਤਾਨਵੀ ਸਿੱਖਾਂ ਨੂੰ ਹੋਰ ਸਨਮਾਨ ਮਿਲੇ ਹਨ ਜਿਨ੍ਹਾਂ ਨੇ ਆਪਣੇ ਆਪਣੇ ਕਾਰਜ ਖੇਤਰਾਂ ਵਿਚ ਮਿਸਾਲੀ ਕੰਮ ਕੀਤੇ ਅਤੇ ਲੋਕ ਭਲਾਈ ਦੇ ਕਾਰਜਾਂ 'ਚ ਵੱਧ ਚੜ੍ਹ ਕੇ ਹਿੱਸਾ ਲਿਆ ਹੈ। ਲੋਕਾਈ ਦੇ ਭਲੇ ਲਈ ਘਾਲਣਾ ਘਾਲਣ ਵਾਲੀਆਂ ਇਹ ਸ਼ਖ਼ਸੀਅਤਾਂ ਸਮਾਜ ਦੇ ਹੋਰ ਲਈ ਵੀ ਪ੍ਰੇਰਨਾ ਦਾ ਕੰਮ ਕਰਨਗੀਆਂ।

ਸਿਟੀ ਸਿੱਖਸ ਦੇ ਜਸਵੀਰ ਸਿੰਘ ਓਬੀਈ ਨੇ ਕਿਹਾ,'ਕੋਰੋਨਾ ਦੌਰਾਨ ਸਿੱਖਾਂ ਨੇ ਹਰ ਲੋੜਵੰਦ ਦੀ ਵਿਤੋਂ ਵੱਧ ਕੇ ਮਦਦ ਕੀਤੀ। ਗੁਰਦੁਆਰਿਆਂ ਵਿਚ ਤਾਜ਼ਾ ਤੇ ਗਰਮ ਭੋਜਨ ਤਿਆਰ ਕਰ ਕੇ ਕਮਜ਼ੋਰ ਲੋਕਾਂ ਤਕ ਪਹੁੰਚਾਇਆ ਗਿਆ। ਸਿੱਖ ਜਥੇਬੰਦੀਆਂ ਨੇ ਅਣਗਿਣਤ ਕਾਰੋਬਾਰਾਂ ਲਈ ਕਰਜ਼ੇ ਤੇ ਸਲਾਹ ਦੇ ਕੇ ਵੀ ਲੋਕਾਂ ਦੀ ਇਮਦਾਦ ਕੀਤੀ। ਇਨ੍ਹਾਂ ਚੁਣੌਤੀਆਂ ਭਰੇ ਸਮਿਆਂ ਵਿਚ ਸਵੈਇੱਛੁਕ ਸੇਵਾ ਦਾ ਸਿਧਾਂਤ ਬਹੁਤ ਮਾਅਨੇ ਰੱਖਦਾ ਹੈ।'

ਨਾਨ-ਕੋਵਿਡ : ਇਨ੍ਹਾਂ ਨੂੰ ਵੀ ਮਿਲੇਗਾ ਸਨਮਾਨ

ਹਰਮਿੰਦਰ ਕੌਰ ਚੰਨਾ

ਆਰਕ ਬੋਲਟਨ ਅਕਾਦਮੀ ਦੀ ਪ੍ਰਿੰਸੀਪਲ ਹਨ। ਸਿੱਖਿਆ ਖੇਤਰ 'ਚ ਵਧੀਆ ਸੇਵਾਵਾਂ ਲਈ ਉਨ੍ਹਾਂ ਨੂੰ ਸਨਮਾਨਤ ਕੀਤਾ ਜਾਵੇਗਾ।

ਸਰਬਜੀਤ ਸਿੰਘ ਪੁਰੇਵਾਲ

ਸਪੈਸ਼ਲਿਸਟ ਪ੍ਰਿੰਸੀਪਲ ਇੰਸਪੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਸੁਰੱਖਿਆ ਤੇ ਸਾਈਬਰ ਸੁਰੱਖਿਆ ਦੇ ਖੇਤਰ 'ਚ ਸੇਵਾਵਾਂ ਲਈ ਹੋਈ ਹੈ ਚੋਣ।

ਅਮੋਲਕ ਸਿੰਘ ਧਾਰੀਵਾਲ

ਫਾਇਨਾਂਸ ਡਾਇਰੈਕਟਰ ਤੇ ਬੈਮ ਬਿਜ਼ਨੈੱਸ ਕਮਿਊਨਿਟੀ 'ਚ ਮੰਨਿਆ-ਪ੍ਰਮੰਨਿਆ ਨਾਂ ਹੈ। ਏਸ਼ੀਅਨ, ਬਲੈਕ ਤੇ ਘੱਟ ਗਿਣਤੀਆਂ ਦੀ ਮਦਦ ਲਈ ਹਮੇਸ਼ਾ ਅੱਗੇ ਰਹੇ।

ਪਰਮਿੰਦਰ ਸਿੰਘ ਪੁਰੇਵਾਲ

ਰੈੱਨਫ੍ਰਿਊ 'ਚ ਮਹਿਮਾਨ ਨਿਵਾਜ਼ੀ ਸੇਵਾਵਾਂ ਲਈ ਸਨਮਾਨਤ ਕੀਤਾ ਜਾਵੇਗਾ।

ਪ੍ਰਬੀਰ ਕੌਰ ਜਗਪਾਲ

ਪ੍ਰਬੀਰ ਕੌਰ ਜਗਪਾਲ ਫਾਰਮਾ ਲੈਕਚਰਾਰ ਹਨ। ਸਿਹਤ 'ਚ ਵਖਰੇਵਿਆਂ ਤੇ ਤਾਲੇਮਲ ਸੇਵਾਵਾਂ ਲਈ ਉਨ੍ਹਾਂ ਨੂੰ ਚੁਣਿਆ ਗਿਆ।

ਰਾਜਿੰਦਰ ਸਿੰਘ ਹਰਜ਼ਾਲ

ਸਕਿਪਿੰਗ ਸਿੱਖ ਦੇ ਨਾਂ ਨਾਲ ਜਾਣੇ ਜਾਂਦੇ ਹਨ। ਮੂਲ ਰੂਪ 'ਚ ਅੰਮ੍ਰਿਤਸਰ ਦੇ ਨਿਵਾਸੀ ਹਨ। ਰੱਸੀ ਟੱਪਣ ਤੇ ਕਸਰਤ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਈ ਤੇ ਕੋਰੋਨਾ ਕਾਲ 'ਚ ਲੋੜਵੰਦਾਂ ਲਈ 12 ਹਜ਼ਾਰ ਪਾਊਂਡ ਦਾ ਫੰਡ ਇਕੱਠਾ ਕੀਤਾ।

ਪ੍ਰੋ. ਯਾਦਵਿੰਦਰ ਸਿੰਘ ਮੱਲ੍ਹੀ

ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਹਨ। ਈਕੋ ਸਿਸਟਮ ਲਈ ਵਧੀਆ ਕੰਮ ਕਰਨ ਲਈ ਚੁਣਿਆ ਗਿਆ। ਇਨ੍ਹਾਂ ਦੀ ਖੋਜ ਨੇ ਇਹ ਸਮਝਣ 'ਚ ਮਦਦ ਕੀਤੀ ਕਿ ਇਸ ਨਾਜ਼ੁਕ ਹਾਲਾਤ 'ਚ ਕੀ ਤਬਦੀਲੀਆਂ ਹੋ ਰਹੀਆਂ ਹਨ।

ਡਾ. ਗੁਰਪ੍ਰੀਤ ਸਿੰਘ ਕੌਂਡਲ

2012 ਤੋਂ ਸਿੱਖਾਂ ਲਈ ਧਰਮ ਪ੍ਰਚਾਰਕ ਦੇ ਤੌਰ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਦਾ ਗਰੁੱਪ ਅੰਗਰੇਜ਼ੀ ਭਾਸ਼ਾ 'ਚ ਅਸਹਿਜ ਲੋਕਾਂ ਦੀ ਮਦਦ ਕਰਦਾ ਹੈ।

ਸੰਦੀਪ ਸਿੰਘ ਡੇਹਲੇ

ਲਾਕਡਾਊਨ 'ਚ ਗੁਰਦੁਆਰਾ ਬੰਦ ਹੋਣ 'ਤੇ ਅਰਦਾਸ ਲਈ ਆਨਲਾਈਨ ਪੋਰਟਲ ਚਲਾਇਆ ਤਾਂ ਜੋ ਸਿੱਖਾਂ ਦੇ ਨਿਤਨੇਮ 'ਚ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ।

ਡਾ. ਗੁਰਜਿੰਦਰ ਸੰਧੂ

ਇਨਫੈਕਡਿਟ ਮਰੀਜ਼ਾਂ ਦੇ ਮਾਹਿਰ ਡਾ. ਗੁਰਜਿੰਦਰ ਸੰਧੂ ਦੀ ਖੋਜ ਨੇ ਮੁਸ਼ਕਲ ਸਮੇਂ ਤੋਂ ਬਾਹਰ ਨਿਕਲਣ 'ਚ ਹਜ਼ਾਰਾਂ ਲੋਕਾਂ ਦੀ ਮਦਦ ਕੀਤੀ।

ਹਰਮੋਹਿੰਦਰ ਸਿੰਘ ਭਾਟੀਆ

75 ਸਾਲ ਦੇ ਭਾਟੀਆ ਨੇ ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦਾ ਜ਼ੂਮ 'ਤੇ ਅੰਤਿਮ ਸੰਸਕਾਰ ਕਰਵਾਇਆ ਅਤੇ ਵਰਚੂਅਲ ਪ੍ਰਾਰਥਨਾ ਕੀਤੀਆਂ।

ਸਰਬਜੀਤ ਕਲੇਰ

44 ਸਾਲਾ ਫਰੰਟਲਾਈਨ ਡਾ. ਨੇ ਵੈਸਟ ਮਿਡਲੈਂਡ 'ਚ ਸੈਂਕੜੇ ਕੋਰੋਨਾ ਮਰੀਜ਼ਾਂ ਨੂੰ ਠੀਕ ਕੀਤਾ। ਉਨ੍ਹਾਂ ਦੇ ਇਸ ਸਮਰਪਣ ਦੀ ਸਾਰਿਆਂ ਨੇ ਸ਼ਲਾਘਾ ਕੀਤੀ।

ਕਾਰਟਰ ਸਿੰਘ

ਕੋਰੋਨਾ ਕਾਲ 'ਚ ਲੋਕਾਂ ਦੀ ਮਾਨਸਿਕ ਸਿਹਤ ਦਾ ਖ਼ਿਆਲ ਰੱਖਣ 'ਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਇਕੱਲੇ ਹਨ।

ਮਨਜੀਤ ਕੌਰ ਗਿੱਲ

ਐੱਨਜੀਓ ਬਿੰਟੀ ਦੀ ਫਾਊਂਡਰ ਹਨ। ਵਿਕਾਸਸ਼ੀਲ ਦੇਸ਼ਾਂ 'ਚ ਮਾਸਿਕ ਧਰਮ ਵੇਲੇ ਔਰਤਾਂ ਦੀ ਸੁਰੱਖਿਆ ਲਈ ਕੰਮ ਕੀਤਾ ਤੇ ਸਨਮਾਨ ਦਿਵਾਇਆ।

ਜਤਿੰਦਰ ਸਿੰਘ ਹਰਚੋਵਾਲ

ਮਸ਼ਹੂਰ ਫਾਰਮਾਸਿਸਟ ਜਤਿੰਦਰ ਸਿੰਘ ਹਰਚੋਵਾਲ ਨੂੰ ਕੋਵਿਡ-19 ਦੇ ਦੌਰ 'ਚ ਫਾਰਮਾਸਿਊਟੀਕਲ ਪ੍ਰੋਫੈਸ਼ਨ ਦੀਆਂ ਸੇਵਾਵਾਂ ਲਈ ਚੁਣਿਆ ਗਿਆ।

ਬਲਜੀਤ ਕੌਰ ਸੰਧੂ

ਯੂਕੇ ਦੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਵਕੀਲ ਹਨ। ਮਾਈਗ੍ਰੇਟ ਤੇ ਰਿਫਿਊਜੀ ਬੱਚਿਆਂ ਦੇ ਅਧਿਕਾਰਾਂ ਲਈ ਜ਼ਿਕਰਯੋਗ ਕੰਮ ਕਰ ਰਹੀ ਹੈ।

ਨੀਤਾ ਅਵਨਾਸ਼ ਕੌਰ

ਬ੍ਰਿਟਿਸ਼ ਬਿਜ਼ਨੈੱਸ ਬੈਂਕ ਦੀ ਡਾਇਰੈਕਟਰ ਨੀਤਾ ਅਵਨਾਸ਼ ਕੌਰ ਨੇ ਲਘੂ ਵਪਾਰ ਲਈ ਲੋਕਲ ਕਮਿਊਨਿਟੀ ਨੂੰ ਵਿੱਤੀ ਸੇਵਾਵਾਂ ਮੁਹੱਈਆ ਕਰਵਾ ਕੇ ਉਨ੍ਹਾਂ ਦਾ ਪੱਧਰ ਉੱਚਾ ਚੁੱਕਣ 'ਚ ਮਦਦ ਕੀਤੀ।

ਰਾਣੀ ਕੌਰ

ਲਾਕਡਾਊਨ 'ਚ ਘਰ-ਘਰ ਭੋਜਨ ਪਹੁੰਚਾਉਣ 'ਚ ਮਦਦ ਪਹੁੰਚਾਈ। 200 ਲੋਕਾਂ ਦਾ ਖਾਣਾ ਰੋਜ਼ ਬਣਾ ਕੇ ਐਂਬੂਲੈਂਸ ਸੇਵਾ 'ਚ ਲੱਗੇ ਵਲੰਟੀਅਰਾਂ ਨੂੰ ਦਿੱਤਾ। ਬੈੱਡਫੋਰਡ ਹਸਪਤਾਲ ਲਈ ਮਾਸਕ ਬਣਾਏ। 110 ਦਿਨਾਂ 'ਚ 18,000 ਤੋਂ ਜ਼ਿਆਦਾ ਖਾਣੇ

ਦੇ ਪੈਕੇਟ ਤਿਆਰ ਕੀਤੇ।

ਮਨਵੀਰ ਕੌਰ ਹੋਥੀ

ਸੋਸ਼ਲ ਵਰਕਰ ਮਨਵੀਰ ਕੌਰ ਹੋਥੀ ਦੀ ਟੀਮ ਨੇ ਲਾਕਡਾਊਨ 'ਚ ਲੋਕਾਂ ਕੋਲ ਜਾ ਕੇ ਜ਼ਰੂਰਤ ਦਾ ਸਾਮਾਨ ਮੰਗਿਆ ਤੇ ਇਕੱਤਰ ਕਰ ਕੇ ਉਨ੍ਹਾਂ ਲੋਕਾਂ ਤਕ ਪਹੁੰਚਾਇਆ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਸੀ।

Posted By: Harjinder Sodhi